Join WhatsApp

Join Now

Kinnaur Flash Flood: ਭਿਆਨਕ ਹੜ੍ਹ ਨੇ ਮਚਾਈ ਤਬਾਹੀ! ਕਈ ਹਾਈਵੇ ਬੰਦ- ITBP ਕੈਂਪ ਖ਼ਤਰੇ ‘ਚ (ਵੇਖੋ ਵੀਡੀਓ)

On: ਜੁਲਾਈ 19, 2026 8:21 ਬਾਃ ਦੁਃ
Kinnaur Flash Flood

 

Kinnaur Flash Flood Video: ਭਿਆਨਕ ਹੜ੍ਹ ਨੇ ਮਚਾਈ ਤਬਾਹੀ! ਕਈ ਹਾਈਵੇ ਬੰਦ- ITBP ਕੈਂਪ ਖ਼ਤਰੇ ‘ਚ (ਵੇਖੋ ਵੀਡੀਓ)

ਮੌਸਮ ਵਿਭਾਗ ਦਾ ਵੱਡਾ ਅਲਰਟ: 20-21 ਜੁਲਾਈ ਨੂੰ ਕਈ ਜ਼ਿਲ੍ਹਿਆਂ ‘ਚ ‘ਰੈੱਡ ਅਲਰਟ’, ਲੋਕਾਂ ਨੂੰ ਨਦੀ-ਨਾਲਿਆਂ ਤੋਂ ਦੂਰ ਰਹਿਣ ਦੀ ਸਲਾਹ

ਸ਼ਿਮਲਾ/ਕਿੰਨੌਰ, 19 ਜੁਲਾਈ 2026- ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਜ਼ਿਲ੍ਹੇ ਕਿੰਨੌਰ ਵਿੱਚ ਇੱਕ ਵਾਰ ਫਿਰ ਕੁਦਰਤ ਦਾ ਰੌਦਰ ਰੂਪ ਦੇਖਣ ਨੂੰ ਮਿਲਿਆ ਹੈ। ਜ਼ਿਲ੍ਹੇ ਦੀ ਖੂਬਸੂਰਤ ਸਾਂਗਲਾ ਵੈਲੀ ਦੇ ਮਸਤਰੰਗ ਨੇੜੇ ਗਰਾਗਾ ਨਾਲੇ ਵਿੱਚ ਅਚਾਨਕ ਭਿਆਨਕ ਹੜ੍ਹ (Flash Flood) ਆ ਗਿਆ। ਪਹਾੜਾਂ ਤੋਂ ਆਏ ਇਸ ਫਲੈਸ਼ ਫਲੱਡ ਦੇ ਨਾਲ ਭਾਰੀ ਮਾਤਰਾ ਵਿੱਚ ਮਿੱਟੀ, ਮਲਬਾ ਅਤੇ ਵੱਡੇ-ਵੱਡੇ ਪੱਥਰ ਵਹਿ ਕੇ ਹੇਠਾਂ ਆ ਗਏ। ਇਸ ਭਿਆਨਕ ਹੜ੍ਹ ਕਾਰਨ ਪ੍ਰਸਿੱਧ ਸਾਂਗਲਾ-ਛਿਤਕੁਲ ਮੁੱਖ ਮਾਰਗ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ।

ਇਸ ਦੇ ਨਾਲ ਹੀ ਨਾਲੇ ਦੇ ਨੇੜੇ ਸਥਿਤ ਆਈ.ਟੀ.ਬੀ.ਪੀ. (ITBP) ਕੈਂਪ ਦਾ ਰਿਹਾਇਸ਼ੀ ਏਰੀਆ ਵੀ ਖ਼ਤਰੇ ਵਿੱਚ ਆ ਗਿਆ ਹੈ। ਕਿੰਨੌਰ ਵਿੱਚ ਆਏ ਇਸ ਫਲੈਸ਼ ਫਲੱਡ ਦਾ ਇੱਕ ਬੇਹੱਦ ਡਰਾਉਣਾ ਵੀਡੀਓ ਵੀ ਸਾਹਮਣੇ ਆਇਆ ਹੈ। ਵੀਡੀਓ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਮਿੱਟੀ, ਵੱਡੇ ਪੱਥਰਾਂ ਅਤੇ ਦਰੱਖਤਾਂ ਦੇ ਮਲਬੇ ਨਾਲ ਭਰਿਆ ਕਾਲਾ ਪਾਣੀ ਬਹੁਤ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ।

ਪਾਣੀ ਦਾ ਇੰਨਾ ਜ਼ਿਆਦਾ ਤੇਜ਼ ਸੀ ਕਿ ਇਸ ਦੇ ਰਸਤੇ ਵਿੱਚ ਆਉਣ ਵਾਲੀ ਹਰ ਚੀਜ਼ ਤੂੜੀ ਵਾਂਗ ਉੱਡਦੀ ਦਿਖਾਈ ਦੇ ਰਹੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਸ਼ਾਮ ਕਰੀਬ 5 ਵਜੇ ਅਚਾਨਕ ਆਏ ਇਸ ਹੜ੍ਹ ਕਾਰਨ ਸੜਕ ‘ਤੇ ਮਲਬੇ ਦਾ ਢੇਰ ਲੱਗ ਗਿਆ। ਇਸ ਕਾਰਨ ਸੜਕ ਦੇ ਦੋਵਾਂ ਪਾਸਿਆਂ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਰਾਹਤ ਦੀ ਗੱਲ ਇਹ ਰਹੀ ਕਿ ਸੜਕ ਬੰਦ ਹੋਣ ਤੋਂ ਇਲਾਵਾ ਫਿਲਹਾਲ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। ਪ੍ਰਸ਼ਾਸਨ ਵੱਲੋਂ ਸੜਕ ਨੂੰ ਬਹਾਲ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਮੌਸਮ ਵਿਭਾਗ ਵੱਲੋਂ 22 ਜੁਲਾਈ ਤੱਕ ਭਾਰੀ ਮੀਂਹ ਦੀ ਚੇਤਾਵਨੀ, 20-21 ਨੂੰ ਰੈੱਡ ਅਲਰਟ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸਥਿਤੀ ਨਾਜ਼ੁਕ ਬਣੀ ਹੋਈ ਹੈ। ਭਾਰਤੀ ਮੌਸਮ ਵਿਗਿਆਨ ਵਿਭਾਗ (IMD) ਨੇ ਸੂਬੇ ਵਿੱਚ 22 ਜੁਲਾਈ ਤੱਕ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਵਿਭਾਗ ਨੇ 20 ਅਤੇ 21 ਜੁਲਾਈ ਲਈ ਸੂਬੇ ਦੇ ਕਈ ਹਿੱਸਿਆਂ ਵਿੱਚ ‘ਰੈੱਡ ਅਲਰਟ’ ਘੋਸ਼ਿਤ ਕੀਤਾ ਹੈ। ਕਾਂਗੜਾ, ਹਮੀਰਪੁਰ, ਚੰਬਾ, ਕੁੱਲੂ, ਸਿਰਮੌਰ, ਸੋਲਨ, ਊਨਾ ਅਤੇ ਬਿਲਾਸਪੁਰ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਕਾਰਨ ਇਨ੍ਹਾਂ ਖੇਤਰਾਂ ਵਿੱਚ ਹੜ੍ਹ ਅਤੇ ਢਿੱਗਾਂ ਡਿੱਗਣ (Landslides) ਦਾ ਖ਼ਤਰਾ ਕਾਫ਼ੀ ਵਧ ਗਿਆ ਹੈ।

ਜੇਕਰ ਅੱਜ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਅਨੁਸਾਰ ਕਾਂਗੜਾ, ਸ਼ਿਮਲਾ ਅਤੇ ਮੰਡੀ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਇਸੇ ਤਰ੍ਹਾਂ ਚੰਬਾ, ਕੁੱਲੂ, ਹਮੀਰਪੁਰ ਅਤੇ ਸਿਰਮੌਰ ਵਿੱਚ ਭਾਰੀ ਬਾਰਿਸ਼ ਅਤੇ ਊਨਾ, ਬਿਲਾਸਪੁਰ ਅਤੇ ਸੋਲਨ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਮੁਤਾਬਕ 20 ਅਤੇ 21 ਜੁਲਾਈ ਨੂੰ ਸਥਿਤੀ ਹੋਰ ਵੀ ਚਿੰਤਾਜਨਕ ਹੋ ਸਕਦੀ ਹੈ। ਚੰਬਾ, ਕਾਂਗੜਾ, ਮੰਡੀ ਅਤੇ ਸਿਰਮੌਰ ਵਿੱਚ ਬਹੁਤ ਭਾਰੀ ਤੋਂ ਅੱਤ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ।

ਇਸ ਤੋਂ ਇਲਾਵਾ ਕੁੱਲੂ, ਸ਼ਿਮਲਾ, ਹਮੀਰਪੁਰ, ਬਿਲਾਸਪੁਰ ਅਤੇ ਊਨਾ ਸਣੇ ਕਈ ਹੋਰ ਜ਼ਿਲ੍ਹਿਆਂ ਵਿੱਚ ਵੀ ਬੱਦਲਵਾਈ ਦੇ ਨਾਲ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ। ਕਿੰਨੌਰ ਅਤੇ ਲਾਹੌਲ-ਸਪੀਤੀ ਵਰਗੇ ਕਬਾਇਲੀ ਅਤੇ ਉੱਚਾਈ ਵਾਲੇ ਇਲਾਕਿਆਂ ਵਿੱਚ ਵੀ ਦਰਮਿਆਨੀ ਤੋਂ ਭਾਰੀ ਬਾਰਿਸ਼ ਦਾ ਅਨੁਮਾਨ ਹੈ। 22 ਜੁਲਾਈ ਨੂੰ ਵੀ ਕਾਂਗੜਾ, ਮੰਡੀ, ਸਿਰਮੌਰ ਅਤੇ ਸ਼ਿਮਲਾ ਵਿੱਚ ਭਾਰੀ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਦੀ ਉਮੀਦ ਹੈ।

ਖ਼ਰਾਬ ਮੌਸਮ ਨੂੰ ਦੇਖਦੇ ਹੋਏ ਸਥਾਨਕ ਪ੍ਰਸ਼ਾਸਨ ਅਤੇ ਮੌਸਮ ਵਿਭਾਗ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਦੀ-ਨਾਲਿਆਂ, ਖੱਡਾਂ ਅਤੇ ਢਿੱਗਾਂ ਡਿੱਗਣ ਵਾਲੇ ਸੰਵੇਦਨਸ਼ੀਲ ਇਲਾਕਿਆਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ। ਬਹੁਤ ਜ਼ਰੂਰੀ ਹੋਣ ‘ਤੇ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। ਇਸ ਤੋਂ ਇਲਾਵਾ, ਟ੍ਰੈਕਿੰਗ ਅਤੇ ਹੋਰ ਸਾਹਸੀ ਗਤੀਵਿਧੀਆਂ ‘ਤੇ ਫਿਲਹਾਲ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ। ਵਾਹਨ ਚਾਲਕਾਂ ਨੂੰ ਵੀ ਸੜਕਾਂ ‘ਤੇ ਸਾਵਧਾਨੀ ਨਾਲ ਗੱਡੀ ਚਲਾਉਣ ਅਤੇ ਪ੍ਰਸ਼ਾਸਨ ਦੀਆਂ ਟ੍ਰੈਫਿਕ ਐਡਵਾਈਜ਼ਰੀਆਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

 

Leave a Comment