ਸ਼ੁੱਕਰਵਾਰ, ਮਾਰਚ 13, 2026
Home Blog Page 36

ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਜਥੇਬੰਦੀਆਂ ਵੱਲੋਂ AAP ਵਿਧਾਇਕ ਦੇ ਦਫ਼ਤਰ ਦਾ ਘਿਰਾਓ, ਸਰਕਾਰੀ ਜ਼ਮੀਨਾਂ ਵੇਚਣ ਅਤੇ ਪੁਲਿਸ ਜਬਰ ਵਿਰੁੱਧ ਦਿੱਤੀ ਚਿਤਾਵਨੀ

 

ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਜਥੇਬੰਦੀਆਂ ਵੱਲੋਂ AAP ਵਿਧਾਇਕ ਦੇ ਦਫ਼ਤਰ ਦਾ ਘਿਰਾਓ, ਸਰਕਾਰੀ ਜ਼ਮੀਨਾਂ ਵੇਚਣ ਅਤੇ ਪੁਲਿਸ ਜਬਰ ਵਿਰੁੱਧ ਦਿੱਤੀ ਚਿਤਾਵਨੀ

ਕਾਰਪੋਰੇਟ ਪੱਖੀ ਨੀਤੀਆਂ ਅਤੇ ਬਿਜਲੀ ਸੋਧ ਬਿੱਲ ਵਿਰੁੱਧ ਖੋਲ੍ਹਿਆ ਮੋਰਚਾ

Punjab Network

ਮੁਹਾਲੀ 22 ਫਰਵਰੀ 2026- ਸੰਯੁਕਤ ਕਿਸਾਨ ਮੋਰਚੇ ਤੇ ਟਰੇਡ ਜਥੇਬੰਦੀਆਂ ਦੇ ਸਾਂਝੇ ਸੱਦੇ ਮੁਤਾਬਕ ਅੱਜ ਮਿਤੀ 22 ਫਰਵਰੀ ਨੂੰ ਆਮ ਆਦਮੀ ਪਾਰਟੀ ਦੇ ਐਮ ਐਲ ਏ, ਕੁਲਵੰਤ ਸਿੰਘ ਮੁਹਾਲੀ ਦੇ ਦਫ਼ਤਰ ਅੱਗੇ ਸਮੂਹ ਲੋਕਾਂ ਦੀਆਂ ਪ੍ਰਮੁੱਖ ਮੰਗਾਂ ਦਾ ਹੱਲ ਕਰਵਾਉਣ ਲਈ ਦਿੱਤਾ ਗਿਆ।

ਜਿਸ ਵਿੱਚ ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਪੱਖੀ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ। ਬਿਜਲੀ ਸੋਧ ਬਿੱਲ 2025 ਨੂੰ ਪਾਰਲੀਮੈਂਟ ਵਿੱਚ ਪਾਸ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਖੇਤੀ ਤੇ ਕਬਜ਼ਾ ਕਰਨ ਲਈ ਬੀਜ ਬਿੱਲ ਲਿਆਂਦਾ ਜਾ ਰਿਹਾ ਹੈ ਅਤੇ ਖੇਤੀ ਸੈਕਟਰ ਦੇ ਨਾਲ ਨਾਲ ਡੇਅਰੀ ਖੇਤਰ ਨੂੰ ਬਰਬਾਦ ਕਰਕੇ ਮੁਕਤ ਵਪਾਰ ਸਮਝੌਤੇ ਰਾਹੀਂ ਵਿਦੇਸ਼ੀ ਅਤੇ ਕਾਰਪੋਰੇਟ ਘਰਾਣਿਆਂ ਦੇ ਸਪੁਰਦ ਕਰਨ ਲਈ ਤਤਪਰ ਹੈ।

ਸਰਕਾਰੀ ਵਿਭਾਗਾਂ ਦੀਆਂ ਜ਼ਮੀਨਾਂ ਵੇਚਣ ਦੇ ਫੈਸਲੇ ਕੀਤੇ ਜਾ ਰਹੇ ਹਨ। ਕਿਰਤ ਕਨੂੰਨਾਂ ਵਿੱਚ ਸੋਧਾਂ ਕਰਕੇ ਕਾਰਪੋਰੇਟ ਪੱਖੀ ਕਨੂੰਨ ਬਣਾਕੇ ਲਾਗੂ ਕੀਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰਨ ਲਈ ਪੁਲਿਸ ਜਬਰ ਦਾ ਸਹਾਰਾ ਲਿਆ ਜਾ ਰਿਹਾ ਹੈ।

ਪੰਜਾਬ ਸਰਕਾਰ ਦੇ ਜਾਬਰ ਕਦਮਾਂ ਨੂੰ ਮੋੜਨ ਲਈ, ਪ੍ਰਮੁੱਖ ਦਾ ਹੱਲ ਕਰਵਾਉਣ ਲਈ ਸੰਘਰਸ਼ ਸਾਂਝ ਨੂੰ ਸਾਕਾਰ ਕਰਨ ਲਈ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਬੁਲਾਰਿਆਂ ਵੱਲੋਂ ਹੋਕਾ ਦਿੱਤਾ ਗਿਆ ਧਰਨੇ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਦੀਪ ਮੁਸਾਹਿਬ, ਭਿੰਦਰ ਸਿੰਘ ਕਾਲਾ, ਜਸਪਾਲ ਸਿੰਘ ਲਾਂਡਰਾ, ਜਸਪਾਲ ਸਿੰਘ ਨਿਆਮੀਆਂ, ਕਮਲਜੀਤ ਲਾਡਰਾਂ, ਜਗਜੀਤ ਸਿੰਘ ਕਰਾਲਾ, ਕਿਰਪਾਲ ਸਿੰਘ ਸਿਆਉ, ਜਸਵੰੰਤ ਸਿੰਘ ਮਾਣਕ ਮਾਜਰਾ, ਮਾਸਟਰ ਯਸ਼ਪਾਲ, ਸੱਜਣ ਸਿੰਘ, ਦਰਸ਼ਨ ਸਿੰਘ ਦੁਰਾਲੀ, ਪਰਮਦੀਪ ਬੈਦਵਾਣ, ਪਰਮਜੀਤ ਖਰੜ, ਜਸਵਿੰਦਰ ਕੰਡਾਲਾ, ਗੁਰਪ੍ਰੀਤ ਸਿੰਘ ਪਲਹੇੜੀ, ਗੁਰਪ੍ਰੀਤ ਸਿੰਘ ਸੇਖਨ ਮਾਜਰਾ, ਮੁਲਾਜ਼ਮ ਜਥੇਬੰਦੀਆਂ ਵੱਲੋਂ ਟੀ ਐਸ ਯੂ ਵੱਲੋਂ ਲੱਖਾ ਸਿੰਘ , ਗੁਰਬਖਸ਼ ਸਿੰਘ, ਪੈਨਸ਼ਨਰਾਂ ਵੱਲੋਂ ਜਤਿੰਦਰ ਸਿੰਘ, ਸੀ ਐਚ ਬੀ ਕਾਮਿਆਂ ਵੱਲੋਂ ਜੋਰਾ ਸਿੰਘ, ਫੈਡਰੇਸ਼ਨ ਏਟਕ ਵੱਲੋਂ ਹਰਪ੍ਰੀਤ ਸਿੰਘ, ਸੀ ਟੀ ਯੂ ਤੋਂ ਇੰਦਰਜੀਤ ਸਿੰਘ, ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਕਾਮਰੇਡ ਵਿਜੈ ਸਿੰਘ ਨੇ ਸੰਬੋਧਨ ਕੀਤਾ ਅਤੇ ਮੰਗ ਕੀਤੀ ਕਿ ਲੋਕਾਂ ਵਿਰੋਧੀ ਕਾਨੂੰਨ ਵਾਪਸ ਲਏ ਜਾਣ ਨਹੀਂ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ।

 

ਕਿਸਾਨਾਂ ਨੇ ਬਿਜਲੀ-ਬੀਜ ਸੋਧ ਬਿੱਲ ਅਤੇ ਅਮਰੀਕਾ ਨਾਲ ਵਪਾਰ ਸਮਝੌਤੇ ਵਿਰੁੱਧ ਖੋਲ੍ਹਿਆ ਮੋਰਚਾ

 

ਕਿਸਾਨਾਂ ਦਾ ਹੱਲਾ; ਬਿਜਲੀ-ਬੀਜ ਸੋਧ ਬਿੱਲ ਅਤੇ ਅਮਰੀਕਾ ਨਾਲ ਵਪਾਰ ਸਮਝੌਤੇ ਵਿਰੁੱਧ ਖੋਲ੍ਹਿਆ ਮੋਰਚਾ

ਬਿਜਲੀ ਸੋਧ ਬਿੱਲ, ਬੀਜ ਬਿੱਲ ਅਤੇ ਅਮਰੀਕਾ ਨਾਲ ਵਪਾਰ ਸਮਝੌਤਾ ਰੱਦ ਕਰਨ ਦੀ ਮੰਗ; ਖੇਤੀ ਖੇਤਰ ਨੂੰ ਤਬਾਹੀ ਤੋਂ ਬਚਾਉਣ ਦਾ ਹੋਕਾ

Punjab Network

ਫਿਰੋਜ਼ਪੁਰ, 22 ਫ਼ਰਵਰੀ 2026: ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਅਤੇ ਮਜ਼ਦੂਰ ਵਿਰੋਧੀ ਬਿੱਲਾਂ ਅਤੇ ਸਮਝੌਤਿਆਂ ਦੇ ਖਿਲਾਫ਼ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਪੰਜਾਬ ਵਿੱਚ ਬੀਜੇਪੀ ਅਤੇ ਆਮ ਆਦਮੀ ਪਾਰਟੀ ਖਿਲਾਫ਼ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ।

ਜਿਸ ਨੂੰ ਲੈ ਕੇ ਅੱਜ ਫਿਰੋਜ਼ਪੁਰ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬੀਜੇਪੀ ਦੇ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਕੱਤਰ ਹੋਏ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ਼ ਰੱਜ ਕੇ ਨਾਹਰੇਬਾਜ਼ੀ ਕੀਤੀ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਅਵਤਾਰ ਸਿੰਘ ਮਹਿਮਾਂ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ ਲਿਆ ਕੇ ਪੰਜਾਬ ਅਤੇ ਦੇਸ਼ ਦੇ ਲੋਕਾਂ ਤੋਂ ਬਿਜਲੀ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦਿੱਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਬੀਜ ਬਿੱਲ ਅਤੇ ਅਮਰੀਕਾ ਨਾਲ ਕੀਤਾ ਟੈਕਸ ਮੁਕਤ ਵਪਾਰ ਸਮਝੌਤਾ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਪੰਜਾਬ ਸਮੇਤ ਪੂਰੇ ਭਾਰਤ ਦਾ ਖੇਤੀ ਖੇਤਰ ਤਬਾਹ ਹੋ ਜਾਵੇਗਾ।

ਕੇਂਦਰ ਸਰਕਾਰ ਵੱਲੋਂ ਮਗਨਰੇਗਾ ਵਰਗੇ ਥੋੜ੍ਹਾ ਬਹੁਤ ਲੋਕਾਂ ਨੂੰ ਰਾਹਤ ਦੇਣ ਵਾਲੇ ਕਾਨੂੰਨ ਖਤਮ ਕੀਤੇ ਜਾ ਰਹੇ ਹਨ ਅਤੇ ਚਾਰ ਲੇਬਰ ਕੋਡ ਲਿਆ ਕੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਹੱਕ ਖੋਹੇ ਜਾ ਰਹੇ ਹਨ।

ਆਗੂਆਂ ਨੇ ਮੰਗ ਕੀਤੀ ਕਿ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਿਆਂ ‘ਤੇ ਲੀਕ ਫੇਰੀ ਜਾਵੇ ਅਤੇ ਐੱਮ.ਐੱਸ.ਪੀ. ਦਾ ਗਰੰਟੀ ਕਾਨੂੰਨ ਬਣਾਇਆ ਜਾਵੇ, ਸਾਰੇ ਲੋਕ ਵਿਰੋਧੀ ਬਿੱਲ ਵਾਪਸ ਲਏ ਜਾਣ ਅਤੇ ਅਮਰੀਕਾ ਨਾਲ ਕੀਤਾ ਮੁਕਤ ਵਪਾਰ ਸਮਝੌਤਾ ਰੱਦ ਕੀਤਾ ਜਾਵੇ।

ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਦਲਵਿੰਦਰ ਸਿੰਘ ਸ਼ੇਰਖਾਂ, ਗੁਰਸੇਵਕ ਸਿੰਘ ਤਲਵੰਡੀ ਜੱਲੇਖਾ, ਬੀਕੇਯੂ ਡਾਕੌਦਾਂ ਦੇ ਜਾਗੀਰ ਸਿੰਘ ਖਹਿਰਾ, ਬੀਕੇਯੂ ਲੱਖੋਵਾਲ ਦੇ ਹਰਦਿਆਲ ਸਿੰਘ, ਸੁਖਮੰਦਰ ਸਿੰਘ ਸ਼ੂਸ਼ਕ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਬੁੱਟਰ ਦੇ ਗੁਰਮੀਤ ਸਿੰਘ ਪੋਜੋਕੇ, ਜਤਿੰਦਰ ਰੌਫੀ, ਕੁਲ ਹਿੰਦ ਕਿਸਾਨ ਸਭਾ ਦੇ ਗੁਰਦਿੱਤ ਸਿੰਘ, ਬੀਕੇਯੂ ਪੰਜਾਬ ਦੇ ਪ੍ਰਕਾਸ਼ ਸਿੰਘ, ਕਿਸਾਨ ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ, ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੇਵ ਸਿੰਘ ਆਰਾਈਆਂ ਵਾਲਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

 

ਕਿਸਾਨਾਂ ਨੇ ਅਮਰੀਕਾ-ਭਾਰਤ ਵਪਾਰ ਸਮਝੌਤੇ ਵਿਰੁੱਧ ਫੂਕਿਆ PM ਮੋਦੀ ਦਾ ਪੁਤਲਾ- ਭਗਵੰਤ ਮਾਨ ਸਰਕਾਰ ਨੂੰ ਵੀ ਲਿਆ ਲੰਮੇ ਹੱਥੀਂ

 

ਕਿਸਾਨਾਂ ਨੇ ਅਮਰੀਕਾ-ਭਾਰਤ ਵਪਾਰ ਸਮਝੌਤੇ ਵਿਰੁੱਧ ਫੂਕਿਆ PM ਮੋਦੀ ਦਾ ਪੁਤਲਾ- ਭਗਵੰਤ ਮਾਨ ਸਰਕਾਰ ਨੂੰ ਵੀ ਲਿਆ ਲੰਮੇ ਹੱਥੀਂ

ਪਿੰਡਾਂ-ਸ਼ਹਿਰਾਂ ਵਿੱਚ ਵੜਨ ‘ਤੇ ਰੋਕ ਲਗਾਉਣ ਅਤੇ ਸਵਾਲ-ਜਵਾਬ ਕਰਨ ਦੀ ਦਿੱਤੀ ਚਿਤਾਵਨੀ

ਫਿਰੋਜ਼ਪੁਰ: 22 ਫਰਵਰੀ 2026

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੇ ਸਾਰੇ ਹੀ ਜੋਨਾਂ ਦੇ ਸੈਂਕੜੇ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋਂ ਫਿਰੋਜ਼ਪੁਰ ਦੀ ਛਾਉਣੀ ਦਾਣਾ ਮੰਡੀ ਵਿਖੇ ਕੇ.ਐੱਮ.ਐੱਮ. ਦੇ ਸੱਦੇ ਤਹਿਤ ਦਿੱਲੀ ਅੰਦੋਲਨ-2 ਦੌਰਾਨ ਪੁਲਿਸ ਦੀ ਗੋਲੀ ਨਾਲ ਸ਼ਹੀਦ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਸਮੇਤ ਸਾਰੇ ਹੀ ਕਿਸਾਨੀ ਅੰਦੋਲਨ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਰੈਲੀ ਵਿੱਚ ਸ਼ਰਧਾਂਜਲੀ ਦਿੱਤੀ ਗਈ।

ਇਸ ਮੌਕੇ ਸਟੇਜ ਤੋਂ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਨੇ ਕਿਹਾ ਕਿ ਸ਼ਾਂਤਮਈ ਤਰੀਕੇ ਨਾਲ ਦਿੱਲੀ ਜਾ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਮੋਦੀ ਸਰਕਾਰ ਦੇ ਇਸ਼ਾਰੇ ‘ਤੇ ਹਰਿਆਣਾ ਸਰਕਾਰ ਵੱਲੋਂ ਭਾਰੀ ਬੈਰੀਕੇਡਿੰਗ ਕਰਕੇ ਜਿਸ ਤਰ੍ਹਾਂ ਬਾਰਡਰਾਂ ‘ਤੇ ਰੋਕ ਕੇ ਗੋਲੀਆਂ ਚਲਾ ਕੇ, ਡਰੋਨਾਂ ਰਾਹੀਂ ਹੰਝੂ ਗੈਸ ਦੇ ਗੋਲੇ ਦਾਗ ਕੇ ਉਸ ਸਮੇਂ ਕੋਹਰਾਮ ਮਚਾਇਆ ਸੀ ਤੇ ਲੋਕਤੰਤਰ ਦਾ ਗਲਾ ਘੁੱਟ ਕੇ ਆਪਣੇ ਹੀ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ‘ਤੇ ਅੱਤਿਆਚਾਰ ਕਰਕੇ ਕਾਰਪੋਰੇਟ ਘਰਾਣਿਆਂ ਪੱਖੀ ਹੋਣ ਦਾ ਸਬੂਤ ਦਿੱਤਾ ਸੀ।

ਅਮਰੀਕਾ-ਭਾਰਤ ਵਪਾਰ ਸਮਝੌਤੇ ਕਰਕੇ ਫਾਸ਼ੀਵਾਦੀ ਹਕੂਮਤ ਨੇ ਕਿਸਾਨਾਂ ਮਜ਼ਦੂਰਾਂ ਲਈ ਮੌਤ ਦਾ ਫੁਰਮਾਨ ਜਾਰੀ ਕਰ ਦਿੱਤਾ ਹੈ ਤੇ ਮੋਦੀ ਸਰਕਾਰ ਨੇ ਅਮਰੀਕੀ ਸਾਮਰਾਜ ਅੱਗੇ ਗੋਡੇ ਟੇਕ ਦਿੱਤੇ ਹਨ। ਕਿਸਾਨ ਆਗੂਆਂ ਧਰਮ ਸਿੰਘ ਸਿੱਧੂ, ਗੁਰਮੇਲ ਸਿੰਘ ਫੱਤੇਵਾਲਾ, ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਸ਼ਹੀਦਾਂ ਦੀ ਸ਼ਹਾਦਤ ਨੂੰ ਵਿਅਰਥ ਨਹੀਂ ਜਾਣ ਦਿੱਤਾ ਜਾਵੇਗਾ।

ਕਿਸਾਨ ਆਗੂਆਂ ਨੇ ਕਿਹਾ ਕਿ, ਭਗਵੰਤ ਮਾਨ ਸਰਕਾਰ ਵੱਲੋਂ, ਜਿਸ ਤਰ੍ਹਾਂ ਸ਼ੰਭੂ ਖਨੌਰੀ ਬਾਰਡਰ ਮੋਰਚਿਆਂ ਨੂੰ ਜ਼ਬਰਦਸਤੀ ਖਤਮ ਕਰਕੇ ਕਿਸਾਨਾਂ ਦੇ ਸਮਾਨ ਦੀ ਭੰਨਤੋੜ ਤੇ ਟਰਾਲੀਆਂ ਚੋਰੀ ਕੀਤੀਆਂ ਗਈਆਂ, ਉਸ ਦੀ ਭਰਪਾਈ ਵੀ ਕੀਤੀ ਜਾਵੇਗੀ ਤੇ ਆਪ ਸਰਕਾਰ ਵੱਲੋਂ ਜਿਸ ਤਰ੍ਹਾਂ ਪੰਜਾਬ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਆਪਣੇ ਜਮਹੂਰੀ ਹੱਕਾਂ ਲਈ ਕੀਤੇ ਜਾ ਰਹੇ ਧਰਨਿਆਂ ‘ਤੇ ਰੋਕਿਆ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਵੱਡੇ ਸੰਘਰਸ਼ ਕਰਕੇ ਇਹਨਾਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਵੜਨ ਤੋਂ ਵੀ ਰੋਕਿਆ ਜਾਵੇਗਾ ਤੇ ਸਵਾਲ ਜਵਾਬ ਵੀ ਕੀਤੇ ਜਾਣਗੇ।

ਸੁਰਜੀਤ ਸਿੰਘ ਫੌਜੀ, ਅਮਨਦੀਪ ਸਿੰਘ ਕੱਚਰਭੰਨ, ਰਣਜੀਤ ਸਿੰਘ ਖੱਚਰਵਾਲਾ, ਹਰਫੂਲ ਸਿੰਘ ਦੂਲੇਵਾਲਾ ਨੇ ਅੱਗੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਲੋਕ ਵਿਰੋਧੀ ਚਿਹਰਾ ਕੇਂਦਰ ਤੇ ਪੰਜਾਬ ਸਰਕਾਰ ਦਾ ਹੁਣ ਨੰਗਾ ਹੋ ਚੁੱਕਾ ਹੈ। ਇਹਨਾਂ ਸਰਕਾਰਾਂ ਵੱਲੋਂ ਲਿਆਂਦੇ ਜਾ ਰਹੇ ਲੋਕ ਵਿਰੋਧੀ ਬਿੱਲ ਬੀਜ ਐਕਟ 2025, ਬਿਜਲੀ ਸੋਧ ਬਿੱਲ 2025, ਮਨਰੇਗਾ ਨੂੰ ਖ਼ਤਮ ਕਰਨ, ਮਜ਼ਦੂਰਾਂ ਦੇ ਕਿਰਤ ਕਾਨੂੰਨਾਂ ਨੂੰ ਬਦਲ ਕੇ ਚਾਰ ਲੇਬਰ ਕੋਟ ਮਜ਼ਦੂਰ ਵਿਰੋਧੀ ਲਾਗੂ ਕਰਨ ਨੂੰ ਕਿਸੇ ਵੀ ਕੀਮਤ ਵਿੱਚ ਲਾਗੂ ਨਹੀਂ ਕਰਨ ਦਿੱਤਾ ਜਾਵੇਗਾ।

ਕਿਸਾਨਾਂ ਮਜ਼ਦੂਰਾਂ ਵੱਲੋਂ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਨਰਿੰਦਰਪਾਲ ਸਿੰਘ ਜਤਾਲਾ, ਗੁਰਮੇਲ ਸਿੰਘ ਜੀਆ ਬੱਗਾ, ਵੀਰ ਸਿੰਘ ਨਿਜਾਮਦੀਨ ਵਾਲਾ, ਗੁਰਨਾਮ ਸਿੰਘ ਅਲੀਕੇ, ਮੱਖਣ ਸਿੰਘ ਵਾੜਾ, ਰਸ਼ਪਾਲ ਸਿੰਘ ਗੱਟਾ ਬਾਦਸ਼ਾਹ, ਬਲਰਾਜ ਸਿੰਘ ਫੇਰੋਕੇ, ਗੁਰਬਖਸ਼ ਸਿੰਘ ਪੰਜਗਰਾਈਂ, ਗੁਰਭੇਜ ਸਿੰਘ, ਅਵਤਾਰ ਸਿੰਘ ਸਾਬੂਆਣਾ, ਲਖਵਿੰਦਰ ਸਿੰਘ ਵਸਤੀ ਨਾਮਦੇਵ, ਗੁਰਦਿਆਲ ਸਿੰਘ, ਅਮਰਜੀਤ ਸਿੰਘ, ਕੇਵਲ ਸਿੰਘ ਵਾਹਕਾ, ਅਵਤਾਰ ਸਿੰਘ ਬੱਗੇ ਵਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

 

ਭਗਵੰਤ ਮਾਨ ਸਰਕਾਰ ਖ਼ਿਲਾਫ਼ ਆਰ-ਪਾਰ ਦੀ ਲੜਾਈ ਦੀ ਤਿਆਰੀ; ਹੁਣ 7 ਮਾਰਚ ਨੂੰ ਟਰਾਂਸਪੋਰਟ ਮੰਤਰੀ ਦੇ ਹਲਕੇ ‘ਚ ਹੋਵੇਗੀ ਵਿਸ਼ਾਲ ਰੋਸ ਰੈਲੀ

 

ਟਰਾਂਸਪੋਰਟ ਮੰਤਰੀ ਪੰਜਾਬ ਦੇ ਵਿਧਾਨ ਸਭਾ ਹਲਕਾ ਪੱਟੀ ਵਿੱਚ 7 ਮਾਰਚ ਨੂੰ ਸੂਬਾ ਪੱਧਰੀ ਰੋਸ ਰੈਲੀ ਅਤੇ ਮੁਜ਼ਾਹਰਾ ਕਰਨਗੇ- ਪੰਜਾਬ ਦੇ ਰੋਡਵੇਜ਼ ਮੁਲਾਜ਼ਮ ਅਤੇ ਪੈਨਸ਼ਨਰ

ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਮੋਗਾ ਵਿਖੇ ਸੂਬਾ ਪੱਧਰੀ ਮੀਟਿੰਗ ਕਰਕੇ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ

ਭਗਵੰਤ ਮਾਨ ਸਰਕਾਰ ‘ਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ ਦੇ ਨਾਲ-ਨਾਲ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਨੂੰ ਤਬਾਹ ਕਰਨ ਦਾ ਦੋਸ਼ ਲਾਇਆ ਗਿਆ

Punjab Network

ਮੋਗਾ, 22 ਫਰਵਰੀ 2026- ਪੰਜਾਬ ਪੈਨਸ਼ਨਰਜ਼ ਯੂਨੀਅਨ ਸਬੰਧਤ ਏਟਕ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿਖੇ ਜਥੇਬੰਦੀ ਦੇ ਸੂਬਾ ਪ੍ਰਧਾਨ ਜਗਦੀਸ਼ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਟਰਾਂਸਪੋਰਟ ਮੁਲਾਜ਼ਮਾਂ ਦੀ ਕੌਮੀ ਨੇਤਾ ਕਾਮਰੇਡ ਐਚ ਵੀ ਅਨੰਤ ਸੱਬਾਰਾਓ, ਜਥੇਬੰਦੀ ਦੇ ਸੀਨੀਅਰ ਆਗੂ ਚਮਕੌਰ ਸਿੰਘ ਡਗਰੂ, ਜਥੇਬੰਦੀ ਦੇ ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਭੁੰਗਰਨੀ ਦੇ ਛੋਟੇ ਭਰਾ ਜਗਦੇਵ ਸਿੰਘ ਪੱਪਾ ਭੁੰਗਰਨੀ ਅਤੇ ਹੋਰ ਵੱਖ-ਵੱਖ ਸ਼ਖਸੀਅਤਾਂ ਨੂੰ ਯਾਦ ਕਰਦੇ ਹੋਏ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਟ ਕੀਤੀ ਗਈ।

ਜਥੇਬੰਦੀ ਦੇ ਸੂਬਾ ਚੇਅਰਮੈਨ ਕਾਮਰੇਡ ਗੁਰਦੀਪ ਸਿੰਘ ਮੋਤੀ ਨੇ ਆਪਣੇ ਸੰਬੋਧਨ ਵਿੱਚ ਕਾਮਰੇਡ ਐਚ ਵੀ ਅਨੰਤ ਸੁਬਾਰਾਓ ਵੱਲੋਂ ਦੇਸ਼ ਭਰ ਦੇ ਟਰਾਂਸਪੋਰਟ ਮੁਲਾਜ਼ਮਾਂ ਦੀ ਬਿਹਤਰੀ ਲਈ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਉਹਨਾਂ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕੌਮਾਂਤਰੀ ਪੱਧਰ ‘ਤੇ ਵਾਪਰ ਰਹੀਆਂ ਵੱਖ-ਵੱਖ ਘਟਨਾਵਾਂ ‘ਤੇ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਪ੍ਰਧਾਨ ਜਗਦੀਸ਼ ਸਿੰਘ ਚਾਹਲ ਨੇ ਪੰਜਾਬ ਦੇ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਵਿਸ਼ੇਸ਼ ਤੌਰ ‘ਤੇ ਟਰਾਂਸਪੋਰਟ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਭਗਵੰਤ ਮਾਨ ਸਰਕਾਰ ਵੱਲੋਂ ਅਪਣਾਈਆਂ ਜਾ ਰਹੀਆਂ ਨੀਤੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਵਰਕਿੰਗ ਚੇਅਰਮੈਨ ਅਵਤਾਰ ਸਿੰਘ ਗਗੜਾ, ਸੂਬਾਈ ਜਨਰਲ ਸਕੱਤਰ ਪ੍ਰੇਮ ਚਾਵਲਾ, ਸੂਬਾਈ ਆਗੂ ਸਵਰਨ ਸਿੰਘ ਹਠੂਰ, ਵਿੱਤ ਸਕੱਤਰ ਪ੍ਰਿਤਪਾਲ ਸਿੰਘ ਪੰਡੋਰੀ, ਪ੍ਰੈਸ ਸਕੱਤਰ ਕੁਲਵੰਤ ਸਿੰਘ ਚਾਨੀ ਅਤੇ ਭੁਪਿੰਦਰ ਸਿੰਘ ਸੇਖੋ, ਨਸੀਬ ਸਿੰਘ ਜੜੋਤ, ਹਰਜਿੰਦਰ ਸਿੰਘ ਸੀਲੋਂ, ਬੂਟਾ ਸਿੰਘ ਭੱਟੀ, ਸਵਰਨ ਸਿੰਘ ਤਰਨ ਤਾਰਨ, ਮੁਖਤਿਆਰ ਸਿੰਘ ਫਿਰੋਜ਼ਪੁਰ, ਅੰਗਰੇਜ਼ ਸਿੰਘ ਸ੍ਰੀ ਮੁਕਤਸਰ ਸਾਹਿਬ, ਨਿਰਵੈਰ ਸਿੰਘ ਅੰਮ੍ਰਿਤਸਰ, ਅਮਰੀਕ ਸਿੰਘ ਬਟਾਲਾ, ਗੁਰਦੀਪ ਸਿੰਘ ਪਠਾਨਕੋਟ , ਸਤਪਾਲ ਸਿੰਘ ਸਹਿਗਲ , ਗੁਰਮੀਤ ਸਿੰਘ ਚੰਡੀਗੜ੍ਹ ਅਤੇ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਗੁਰਜੰਟ ਸਿੰਘ ਕੋਕਰੀ ਨੇ ਪਿਛਲੇ ਸਮੇਂ ਦੌਰਾਨ ਹੋਏ ਵੱਖ-ਵੱਖ ਐਕਸ਼ਨਾਂ ਦਾ ਰੀਵਿਊ ਕਰਦੇ ਹੋਏ ਆਪਣੇ ਵਿਚਾਰ ਪੇਸ਼ ਕੀਤੇ ਅਤੇ ਭਗਵੰਤ ਮਾਨ ਸਰਕਾਰ ‘ਤੇ ਦੋਸ਼ ਲਾਇਆ ਕਿ ਮੀਡੀਏ ਵਿੱਚ ਫੋਕੀ ਇਸ਼ਤਿਹਾਰਬਾਜ਼ੀ ਕਰਕੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦਾ ਦੀਵਾਲਾ ਕੱਢ ਕੇ ਰੱਖ ਦਿੱਤਾ ਹੈ ਅਤੇ ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਕਰ ਦਿੱਤੀ ਹੈ।

ਪੰਜਾਬ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਦੀ ਸਰਕਾਰੀ ਟਰਾਂਸਪੋਰਟ ਦਾ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਹੈ। ਔਰਤਾਂ ਨੂੰ ਬੱਸਾਂ ਵਿੱਚ ਮੁਫ਼ਤ ਸਫ਼ਰ ਸਹੂਲਤ ਦੇਣ, ਰੈਲੀਆਂ ਵਾਸਤੇ ਸਰਕਾਰੀ ਬੱਸਾਂ ਭੇਜਣ ਅਤੇ ਹੋਰ ਵੱਖ-ਵੱਖ ਵਰਗਾਂ ਨੂੰ ਫ੍ਰੀ ਬੱਸ ਸਰਵਿਸ ਦੇਣ ‘ਤੇ ਪੰਜਾਬ ਸਰਕਾਰ ਵੱਲ ਪੰਜਾਬ ਰੋਡਵੇਜ਼ ਦੇ 1000 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਪੰਜਾਬ ਰੋਡਵੇਜ਼ ਦੀਆਂ ਬੱਸਾਂ ਦਾ ਫਲੀਟ 2407 ਤੋਂ ਘੱਟ ਕੇ ਸਿਰਫ਼ 1460 ਰਹਿ ਗਿਆ ਹੈ।

ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ 16 ਫੀਸਦੀ ਦੀ ਦਰ ਨਾਲ ਡੀ. ਏ. ਦੀਆਂ ਬਕਾਇਆ ਪਈਆਂ ਪੰਜ ਕਿਸਤਾਂ ਤੁਰੰਤ ਦਿੱਤੀਆਂ ਜਾਣ, ਤਨਖਾਹ ਕਮਿਸ਼ਨ ਦਾ ਬਣਦਾ ਬਕਾਇਆ ਤੁਰੰਤ ਦਿੱਤਾ ਜਾਵੇ, ਪੈਨਸ਼ਨਰਾਂ ਲਈ 2.59 ਦਾ ਗੁਣਾਂਕ ਤੁਰੰਤ ਲਾਗੂ ਕੀਤਾ ਜਾਵੇ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕੀਤੀ ਜਾਵੇ, ਪੰਜਾਬ ਦੇ ਸੱਤਵੇਂ ਤਨਖਾਹ ਕਮਿਸ਼ਨ ਦਾ ਤੁਰੰਤ ਗਠਨ ਕੀਤਾ ਜਾਵੇ, ਠੇਕਾ ਅਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਤੁਰੰਤ ਰੈਗੂਲਰ ਕੀਤਾ ਜਾਵੇ।

ਪੰਜਾਬ ਰੋਡਵੇਜ਼ ਦੇ ਇੰਸਪੈਕਟਰਾਂ ਦੇ ਤਨਖਾਹ ਸਕੇਲਾਂ ਸਬੰਧੀ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ 316 ਪਟੀਸ਼ਨਰਾਂ ਵਾਂਗ ਤੁਰੰਤ ਹੋਰਨਾਂ ‘ਤੇ ਵੀ ਲਾਗੂ ਕੀਤਾ ਜਾਵੇ ਅਤੇ ਹੁਣ ਇਸ ਫੈਸਲੇ ਨੂੰ ਹੋਰਨਾਂ ‘ਤੇ ਲਾਗੂ ਕਰਨ ਦੀ ਬਜਾਏ ਵਿੱਤ ਅਤੇ ਟਰਾਂਸਪੋਰਟ ਵਿਭਾਗ ਪੰਜਾਬ ਵੱਲੋਂ 40 ਸਾਲ ਤੋਂ ਵੱਧ ਪੁਰਾਣਾ ਕਲੇਮ ਕਹਿ ਕੇ ਰੱਦ ਕਰਨ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਨੂੰ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਦੱਸਿਆ ਗਿਆ।

ਇਹ ਮੰਗ ਵੀ ਕੀਤੀ ਗਈ ਕਿ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਮਕ ਅਵਸਥਾ ਵਿੱਚ ਪਏ ਮੈਡੀਕਲ ਪ੍ਰਤੀ ਪੂਰਤੀ ਬਿੱਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਵੱਖ-ਵੱਖ ਅਦਾਲਤੀ ਫੈਸਲੇ ਤੁਰੰਤ ਲਾਗੂ ਕੀਤੇ ਜਾਣ, ਮੁੱਖ ਮੰਤਰੀ ਪੰਜਾਬ ਸਰਕਾਰ ਵੱਲੋਂ ਤੁਰੰਤ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝੇ ਫਰੰਟ ਦੀ ਲੀਡਰਸ਼ਿਪ ਨਾਲ ਮੀਟਿੰਗ ਕਰਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਮਕ ਅਵਸਥਾ ਵਿੱਚ ਪਏ ਸਾਰੇ ਮਸਲੇ ਹੱਲ ਕੀਤੇ ਜਾਣ।

ਮੀਟਿੰਗ ਦੌਰਾਨ ਸੰਯੁਕਤ ਕਿਸਾਨ ਮੋਰਚਾ ਅਤੇ ਦੇਸ਼ ਦੀਆਂ 10 ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਸੱਦੇ ‘ਤੇ ਕੇਂਦਰੀ ਹੁਕਮਰਾਨ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ 12 ਫਰਵਰੀ ਨੂੰ ਹੋਈ ਚੋਣ ਵਿਆਪੀ ਹੜਤਾਲ ਅਤੇ ਵੱਖ-ਵੱਖ ਪੱਧਰ ‘ਤੇ ਹੋਈਆਂ ਰੈਲੀਆਂ ਵਿੱਚ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਸਾਥੀਆਂ ਵੱਲੋਂ ਕੀਤੀ ਗਈ ਸ਼ਮੂਲੀਅਤ ‘ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਵੱਲੋਂ ਭਗਵੰਤ ਮਾਨ ਸਰਕਾਰ ਦੀਆਂ ਟਰਾਂਸਪੋਰਟ ਦੇ ਸਰਕਾਰੀ ਅਦਾਰੇ ਨੂੰ ਬਿਲਕੁਲ ਤਬਾਹ ਕਰਨ ਦੀ ਨੀਤੀ ਤਹਿਤ ਪੰਜਾਬ ਰੋਡਵੇਜ਼ ਅਤੇ ਪੀ ਆਰ ਟੀ ਸੀ ਦੀਆਂ ਸਰਕਾਰੀ ਬੱਸਾਂ ਦੀ ਕੀਤੀ ਜਾ ਰਹੀ ਦੁਰਵਰਤੋਂ ਦੇ ਵਿਰੋਧ ਵਿੱਚ ਅਤੇ ਤੁਰੰਤ ਸਰਕਾਰੀ ਬੱਸਾਂ ਨਵੀਆਂ ਪਾਉਣ ਦੀ ਮੰਗ ਨੂੰ ਲੈ ਕੇ ਮਿਤੀ 24 ਫਰਵਰੀ ਨੂੰ ਰੋਪੜ ਅਤੇ 28 ਫਰਵਰੀ ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਰੋਡਵੇਜ਼ ਦੇ ਡੀਪੂਆਂ ਸਾਹਮਣੇ ਗੇਟ ਰੈਲੀਆਂ ਕਰਨ ਅਤੇ 7 ਮਾਰਚ ਨੂੰ ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਪੱਟੀ ਵਿਖੇ ਰਿਹਾਇਸ਼ ਸਾਹਮਣੇ ਵਿਸ਼ਾਲ ਸੂਬਾ ਪੱਧਰੀ ਰੋਸ ਰੈਲੀ ਕਰਨ ਤੋਂ ਬਾਅਦ ਪੱਟੀ ਸ਼ਹਿਰ ਵਿੱਚ ਰੋਸ ਮਾਰਚ ਕਰਨ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਨਿਰਣਾ ਲਿਆ ਗਿਆ।

ਇਸ ਦੇ ਨਾਲ ਹੀ ਪੰਜਾਬ ਮੁਲਾਜ਼ਿਮ ਅਤੇ ਪੈਨਸ਼ਨਰ ਸਾਂਝਾ ਫਰੰਟ ਵੱਲੋਂ ਬਜਟ ਸੈਸ਼ਨ ਦੌਰਾਨ ਉਲੀਕੇ ਜਾਣ ਵਾਲੇ ਸਾਰੇ ਐਕਸ਼ਨਾਂ ਨੂੰ ਵੀ ਸਫਲ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੈਨਸ਼ਨਰ ਆਗੂ ਮਨਜੀਤ ਸਿੰਘ ਮਨਸੂਰਾ, ਮਹਿੰਦਰ ਸਿੰਘ ਰੋਪੜ, ਸੋਮ ਨਾਥ ਅਰੋੜਾ ਫਰੀਦਕੋਟ , ਅਜਮੇਰ ਸਿੰਘ ਮੋਗਾ, ਦਲਜੀਤ ਸਿੰਘ ਜਗਰਾਉਂ, ਸੱਤ ਪਾਲ ਚੰਡੀਗੜ੍ਹ, ਸ਼ਿੰਦਰਪਾਲ ਸਿੰਘ ਮੋਗਾ, ਜਸਵਿੰਦਰ ਸਿੰਘ ਬਰਾੜ ਫਰੀਦਕੋਟ, ਹਰਨੇਕ ਸਿੰਘ ਸਾਹੋਕੇ, ਬਲਵਿੰਦਰ ਸਿੰਘ ਰੋਪੜ, ਅਜਮੇਰ ਸਿੰਘ ਅਖਾੜਾ ਮੋਗਾ, ਓਂਕਾਰ ਸਿੰਘ ਮੋਗਾ, ਓਮ ਪ੍ਰਕਾਸ਼, ਮਾਲਵਿੰਦਰ ਸਿੰਘ, ਗਮਦੂਰ ਸਿੰਘ, ਨਛੱਤਰ ਸਿੰਘ, ਪਵਿੱਤਰ ਸਿੰਘ ਲੁਧਿਆਣਾ, ਅਜੀਤ ਸਿੰਘ ਮੋਗਾ , ਹਰਭਜਨ ਸਿੰਘ ਮੋਗਾ ਅਤੇ ਚਮਕੌਰ ਸਿੰਘ ਮੋਗਾ ਆਦਿ ਹਾਜ਼ਰ ਸਨ।

 

BREAKING- ਅਕਾਲੀ ਦਲ ਦੇ ਹੱਕ ‘ਚ ਨਾਨਕਸਰ ਵਾਲੇ ਸੰਤਾਂ ਦਾ ਵੱਡਾ ਬਿਆਨ, ਸਮਰਥਨ ਦਾ ਕੀਤਾ ਐਲਾਨ

 

ਅਕਾਲੀ ਦਲ ਦੇ ਹੱਕ ‘ਚ ਨਾਨਕਸਰ ਵਾਲੇ ਸੰਤਾਂ ਦਾ ਵੱਡਾ ਬਿਆਨ, ਸਮਰਥਨ ਦਾ ਕੀਤਾ ਐਲਾਨ

ਅਕਾਲੀ ਦਲ ਦਾ ਸਮਰਥਨ ਕਰਨ ‘ਤੇ ਨਾਨਕਸਰ ਦੇ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਵਾਪਸ; ਭਗਵੰਤ ਮਾਨ ਸਰਕਾਰ ਘੇਰੀ

ਸੁਖਬੀਰ ਸਿੰਘ ਬਾਦਲ ਨੇ ਸਰਕਾਰ ਦੇ ਕਦਮ ਨੂੰ ਦੱਸਿਆ ‘ਸਿਆਸੀ ਬਦਲਾਖੋਰੀ’; ਸਿੱਧੂ ਮੂਸੇਵਾਲਾ ਕਾਂਡ ਦੀ ਦਿਵਾਈ ਯਾਦ

Punjab Network

ਚੰਡੀਗੜ੍ਹ 22 ਫਰਵਰੀ 2026: ਨਾਨਕਸਰ ਵਾਲੇ ਸੰਤਾਂ ਨੇ ਅਕਾਲੀ ਦਲ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਹੈ। ਹਾਲਾਂਕਿ ਅਕਾਲੀ ਦਲ ਸਮਰਥਨ ਕਰਨ ਤੋਂ ਬਾਅਦ ਨਾਨਕਸਰ ਵਾਲੇ ਸੰਤ ਬਾਬਾ ਘਾਲਾ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਹ ਦਾਅਵਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੀਤਾ ਗਿਆ ਹੈ।

ਸੁਖਬੀਰ ਬਾਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਸਿਆਸੀ ਬਦਲਾਖੋਰੀ ਦੇ ਗੰਭੀਰ ਇਲਜ਼ਾਮ ਲਗਾਏ ਹਨ। ਬਾਦਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਨਾਨਕਸਰ ਫੇਰੀ ਅਤੇ ਸੰਤ ਬਾਬਾ ਘਾਲਾ ਸਿੰਘ ਜੀ ਵੱਲੋਂ ਅਕਾਲੀ ਦਲ ਨੂੰ ਸਮਰਥਨ ਦੇਣ ਦੇ ਐਲਾਨ ਤੋਂ ਤੁਰੰਤ ਬਾਅਦ ਸਰਕਾਰ ਨੇ ਬਾਬਾ ਜੀ ਦੀ ਸੁਰੱਖਿਆ ਵਾਪਸ ਲੈ ਲਈ ਹੈ।

ਸਰਕਾਰ ਦੀ ਇਸ ਕਾਰਵਾਈ ਦੀ ਸਖ਼ਤ ਨਿੰਦਾ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ‘ਆਪ’ ਸਰਕਾਰ ਨੇ ਇੱਕ ਵਾਰ ਫਿਰ ਉਹੀ ਗ਼ਲਤੀ ਦੁਹਰਾਈ ਹੈ ਜੋ ਸਿੱਧੂ ਮੂਸੇਵਾਲਾ ਦੇ ਮਾਮਲੇ ਵਿੱਚ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਵਾਪਸ ਲੈਣ ਦੇ ਫੈਸਲੇ ਪਿੱਛੇ ਸਿਰਫ਼ ਸਿਆਸੀ ਰੰਜਿਸ਼ ਕੰਮ ਕਰ ਰਹੀ ਹੈ, ਜਿਸ ਦੇ ਨਤੀਜੇ ਘਾਤਕ ਹੋ ਸਕਦੇ ਹਨ।

ਸੁਖਬੀਰ ਬਾਦਲ ਨੇ ਮੁੱਖ ਮੰਤਰੀ ਅਤੇ DGP ਨੂੰ ਦਿੱਤੀ ਚਿਤਾਵਨੀ

ਅਕਾਲੀ ਦਲ ਦੇ ਪ੍ਰਧਾਨ ਨੇ ਸਿੱਧੇ ਤੌਰ ‘ਤੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਡੀਜੀਪੀ (DGP) ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ “ਜੇਕਰ ਨਾਨਕਸਰ ਵਿਖੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਸੰਤ ਬਾਬਾ ਘਾਲਾ ਸਿੰਘ ਜੀ ਨੂੰ ਕੋਈ ਖ਼ਤਰਾ ਪੈਦਾ ਹੁੰਦਾ ਹੈ, ਤਾਂ ਇਸ ਦੀ ਸਿੱਧੀ ਜ਼ਿੰਮੇਵਾਰੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਦੀ ਹੋਵੇਗੀ।”

ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆ ਤੇ ਇੱਕ ਬਿਆਨ ਜਾਰੀ ਕਰਦਿਆਂ ਲਿਖਿਆ ਕਿ ਇਹ ਬਹੁਤ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਗੱਲ ਹੈ ਕਿ, ਬੀਤੇ ਦਿਨੀਂ ਮੇਰੀ ਨਾਨਕਸਰ ਫੇਰੀ ਅਤੇ ਸੰਤ ਬਾਬਾ ਘਾਲਾ ਸਿੰਘ ਜੀ ਦੁਆਰਾ ਸ਼੍ਰੋਮਣੀ ਅਕਾਲੀ ਦਲ ਨੂੰ ਦਿੱਤੇ ਗਏ ਸਮਰਥਨ ਤੋਂ ਤੁਰੰਤ ਬਾਅਦ, ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਨ੍ਹਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ। ਮੈਂ ਇਸ ਕਾਰਵਾਈ ਦੀ ਸਖ਼ਤ ਸ਼ਬਦਾਂ ‘ਚ ਨਿੰਦਾ ਕਰਦਾ ਹਾਂ।

ਆਪ ਸਰਕਾਰ ਦਾ ਇਹ ਕਦਮ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਪਹਿਲਾਂ ਸਿੱਧੂ ਮੂਸੇਵਾਲਾ ਤੋਂ ਸੁਰੱਖਿਆ ਵਾਪਸ ਲਈ ਤੇ ਜਿਸਦੇ ਕਿ ਬੇਹੱਦ ਹੀ ਦੁਖਦਾਈ ਸਿੱਟੇ ਨਿਕਲੇ ਸਨ। ਮੈਂ ਇਹ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਜੇਕਰ ਨਾਨਕਸਰ ਵਿਖੇ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਜਾਂ ਸੰਤ ਬਾਬਾ ਘਾਲਾ ਸਿੰਘ ਜੀ ਨੂੰ ਕੋਈ ਖ਼ਤਰਾ ਪੈਦਾ ਹੁੰਦਾ ਹੈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਅਤੇ ਡੀਜੀਪੀ ਪੰਜਾਬ ਸਿੱਧੇ ਤੌਰ ‘ਤੇ ਇਸਦੇ ਜ਼ਿੰਮੇਵਾਰ ਹੋਣਗੇ।

 

Big News: ਪੁਲਿਸ ਥਾਣੇ ‘ਤੇ ਹਮਲੇ ਦਾ ਮਾਮਲਾ; ਬੱਬਰ ਖ਼ਾਲਸਾ ਦੇ 2 ਕਾਰਕੁੰਨ ਅਸਲੇ ਸਮੇਤ ਗ੍ਰਿਫ਼ਤਾਰ

 

ਪੁਲਿਸ ਥਾਣੇ ‘ਤੇ ਹਮਲੇ ਦਾ ਮਾਮਲਾ; ਬੱਬਰ ਖ਼ਾਲਸਾ ਦੇ 2 ਕਾਰਕੁੰਨ ਅਸਲੇ ਸਮੇਤ ਗ੍ਰਿਫ਼ਤਾਰ

ਨਾਲਾਗੜ੍ਹ ਪੁਲਿਸ ਸਟੇਸ਼ਨ ਧਮਾਕਾ: ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਸਬੰਧਤ ਦੋ ਮੁੱਖ ਦੋਸ਼ੀ ਪਿਸਤੌਲ ਸਮੇਤ ਗ੍ਰਿਫ਼ਤਾਰ

ਵਿਦੇਸ਼-ਅਧਾਰਤ ਮਾਸਟਰਮਾਈਂਡ ਗੋਪੀ ਨਵਾਸ਼ਹਿਰੀਆ ਅਤੇ ਜੱਸੀ ਕੁਲਾਮ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ ਗ੍ਰਿਫ਼ਤਾਰ ਕੀਤੇ ਦੋਸ਼ੀ : ਡੀ.ਜੀ.ਪੀ. ਗੌਰਵ ਯਾਦਵ

ਇਨ੍ਹਾਂ ਤਾਜ਼ਾ ਗ੍ਰਿਫ਼ਤਾਰੀਆਂ ਨਾਲ ਪੂਰੇ ਮਾਡਿਊਲ ਦਾ ਹੋਇਆ ਪਰਦਾਫਾਸ਼ ; ਕੁੱਲ ਗ੍ਰਿਫ਼ਤਾਰੀਆਂ ਦੀ ਗਿਣਤੀ ਅੱਠ ਤੱਕ ਪਹੁੰਚੀ

ਚੰਡੀਗੜ੍ਹ, 22 ਫਰਵਰੀ 2026-

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ’ਤੇ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਤਹਿਤ ਕਾਊਂਟਰ ਇੰਟੈਲੀਜੈਂਸ (ਸੀਆਈ) ਜਲੰਧਰ ਨੇ ਸੀਆਈ ਐਸ.ਏ.ਐਸ. ਨਗਰ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਸਟੇਸ਼ਨ ’ਤੇ ਆਰ.ਡੀ.ਐਕਸ.-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ.ਈ.ਡੀ.) ਧਮਾਕੇ ਵਿੱਚ ਸ਼ਾਮਲ ਦੋ ਮੁੱਖ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਸਾਂਝੀ ਕੀਤੀ ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਮਹਾਵੀਰ ਉਰਫ਼ ਕਾਕਾ ਅਤੇ ਮਨਪ੍ਰੀਤ ਉਰਫ਼ ਮਨੀ ਵਜੋਂ ਹੋਈ ਹੈ, ਦੋਵੇਂ ਐਸਬੀਐਸ ਨਗਰ ਦੇ ਰਹਿਣ ਵਾਲੇ ਹਨ। ਆਪ੍ਰੇਸ਼ਨ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ 9 ਐਮ.ਐਮ. ਗਲੌਕ ਪਿਸਤੌਲ ਅਤੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਜੁੜੇ ਵਿਦੇਸ਼ ਅਧਾਰਤ ਮਾਸਟਰਮਾਈਂਡ ਗੋਪੀ ਨਵਾਸ਼ਹਰੀਆ, ਜੱਸੀ ਕੁਲਾਮ ਅਤੇ ਸ਼ੁਸ਼ਾਂਤ ਚੋਪੜਾ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਹੇ ਸਨ।

ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਆਪਣੇ ਸਾਥੀਆਂ ਨਾਲ ਮਿਲ ਕੇ ਆਰ.ਡੀ.ਐਕਸ.-ਅਧਾਰਤ ਆਈਈਡੀ ਅਤੇ ਹੈਂਡ ਗ੍ਰਨੇਡ ਵਾਲੀਆਂ ਖੇਪਾਂ ਪ੍ਰਾਪਤ ਕੀਤੀਆਂ ਸਨ।

ਗ਼ੌਰਤਲਬ ਹੈ ਕਿ ਗ੍ਰਿਫ਼ਤਾਰ ਕੀਤੇ ਦੋਸ਼ੀਆਂ ਵੱਲੋਂ 1 ਜਨਵਰੀ, 2026 ਨੂੰ ਹਿਮਾਚਲ ਪ੍ਰਦੇਸ਼ ਦੇ ਨਾਲਾਗੜ੍ਹ ਪੁਲਿਸ ਥਾਣੇ ’ਤੇ ਧਮਾਕੇ ਲਈ ਵਰਤਿਆ ਇੱਕ ਆਈਈਡੀ (ਆਰਡੀਐਕਸ) ਵੀ ਇਨ੍ਹਾਂ ਖੇਪਾਂ ਵਿੱਚੋਂ ਹੀ ਸੀ।

ਡੀਜੀਪੀ ਨੇ ਦੱਸਿਆ ਕਿ ਉਨ੍ਹਾਂ ਦੇ ਛੇ ਮੁਲਜ਼ਮਾਂ ਨੂੰ ਪਹਿਲਾਂ ਹੀ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ, ਜੋ ਅੱਤਵਾਦੀ ਹਾਰਡਵੇਅਰ ਪ੍ਰਾਪਤ ਕਰਕੇ ਅੱਗੇ ਸਪਲਾਈ ਕਰ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਦੋਵਾਂ ਦੀ ਗ੍ਰਿਫ਼ਤਾਰੀ ਨਾਲ ਪੂਰੇ ਮਾਡਿਊਲ ਦਾ ਪਰਦਾਫਾਸ਼ ਹੋ ਗਿਆ ਹੈ।

ਇਸ ਸਬੰਧ ਵਿੱਚ ਬੀਐਨਐਸ ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮੋਹਾਲੀ ਦੇ ਪੁਲਿਸ ਸਟੇਸ਼ਨ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵਿਖੇ ਕੇਸ ਦਰਜ ਕੀਤਾ ਗਿਆ ਹੈ।

 

ਪੰਜਾਬ ਦੇ ਜ਼ਿਆਦਾਤਰ ਬੱਚਿਆਂ ‘ਚ ਵਧ ਰਹੀ ਹੈ ਗ਼ੁੱਸੇਖੋਰੀ; ਪੰਜਾਬੀ ਯੂਨੀਵਰਸਿਟੀ ਦੀ ਖੋਜ ‘ਚ ਹੋਏ ਵੱਡੇ ਖ਼ੁਲਾਸੇ

 

ਪੰਜਾਬ ਦੇ ਜ਼ਿਆਦਾਤਰ ਕਿਸ਼ੋਰਾਂ ਵਿੱਚ ਗੁੱਸੇ ਦਾ ਪੱਧਰ ਔਸਤ ਨਾਲ਼ੋਂ ਉੱਚਾ; ਪੰਜਾਬੀ ਯੂਨੀਵਰਸਿਟੀ ਵਿਖੇ ਹੋਇਆ ਅਧਿਐਨ

ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ 1200 ਵਿਦਿਆਰਥੀਆਂ ‘ਤੇ ਅਧਾਰਿਤ ਹੈ ਅਧਿਐਨ

ਸਮਾਜਿਕ ਪ੍ਰਸੰਗਿਕਤਾ ਵਾਲ਼ੀਆਂ ਖੋਜਾਂ ਨੂੰ ਹਮੇਸ਼ਾ ਹੀ ਉਤਸ਼ਾਹਿਤ ਕਰਦੀ ਹੈ ਪੰਜਾਬੀ ਯੂਨੀਵਰਸਿਟੀ: ਡਾ. ਜਗਦੀਪ ਸਿੰਘ

ਪਟਿਆਲਾ, 22 ਫਰਵਰੀ 2026

ਪੰਜਾਬੀ ਯੂਨੀਵਰਸਿਟੀ ਵਿਖੇ ਹੋਈ ਇੱਕ ਤਾਜ਼ਾ ਖੋਜ ਰਾਹੀਂ ਪੰਜਾਬ ਵਿਚਲੇ ਕਿਸ਼ੋਰ ਉਮਰ ਲੜਕੇ-ਲੜਕੀਆਂ ਵਿੱਚ ਵਧ ਰਹੀ ਗ਼ੁੱਸੇਖੋਰੀ ਵਾਲ਼ੀ ਪ੍ਰਵਿਰਤੀ (ਅਗਰੈਸ਼ਨ) ਅਤੇ ਇਸ ਦੇ ਕਾਰਨਾਂ ਬਾਰੇ ਵਿਸਥਾਰਪੂਰਵਕ ਅਧਿਐਨ ਕੀਤਾ ਗਿਆ ਹੈ।

ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਵਿਖੇ ਖੋਜਾਰਥੀ ਡਾ. ਤਾਜਪ੍ਰੀਤ ਕੌਰ ਵੱਲੋਂ ਇਹ ਖੋਜ-ਕਾਰਜ ਨਿਗਰਾਨ ਡਾ. ਕਵਿਤਾ ਮਿੱਤਲ (ਪ੍ਰਿੰਸੀਪਲ, ਦੇਸ਼ ਭਗਤ ਕਾਲਜ ਆਫ਼ ਐਜੂਕੇਸ਼ਨ, ਬਰੜਵਾਲ-ਧੂਰੀ) ਦੀ ਅਗਵਾਈ ਵਿੱਚ ਸੰਪੰਨ ਕੀਤਾ ਗਿਆ ਹੈ।

ਡਾ. ਕਵਿਤਾ ਮਿੱਤਲ ਨੇ ਦੱਸਿਆ ਕਿ ਅਧਿਐਨ ਰਾਹੀਂ ਪ੍ਰਾਪਤ ਅੰਕੜਿਆਂ ਦੇ ਵਿਸ਼ਲੇਸ਼ਣ ਅਨੁਸਾਰ ਜ਼ਿਆਦਾਤਰ ਕਿਸ਼ੋਰਾਂ ਵਿੱਚ ਗ਼ੁੱਸੇਖੋਰੀ ਵਾਲ਼ੀ ਪ੍ਰਵਿਰਤੀ ਦਾ ਪੱਧਰ ਔਸਤ ਨਾਲ਼ੋਂ ਉੱਚਾ ਵੇਖਿਆ ਗਿਆ ਹੈ।

ਉਨ੍ਹਾਂ ਦੱਸਿਆ ਕਿ ਇਹ ਵੀ ਸਾਹਮਣੇ ਆਇਆ ਕਿ ਲੜਕੀਆਂ ਦੇ ਮੁਕਾਬਲੇ ਲੜਕਿਆਂ ਵਿੱਚ ਅਤੇ ਸਾਇੰਸ ਵਿਸ਼ੇ ਦੇ ਮੁਕਾਬਲੇ ਆਰਟਸ ਸਟ੍ਰੀਮ ਦੇ ਵਿਦਿਆਰਥੀਆਂ ਵਿੱਚ ਗੁੱਸਾ ਜ਼ਿਆਦਾ ਹੈ।​ ਉਨ੍ਹਾਂ ਦੱਸਿਆ ਕਿ ਸੰਯੁਕਤ ਪਰਿਵਾਰਾਂ ਨਾਲ਼ੋਂ ਇਕਹਿਰੇ ਜਾਂ ਛੋਟੇ ਪਰਿਵਾਰਾਂ ਨਾਲ਼ ਸਬੰਧਤ ਬੱਚੇ ਵਧੇਰੇ ਗੁੱਸੇਖੋਰ ਵੇਖੇ ਗਏ।

ਉਨ੍ਹਾਂ ਕਿਹਾ ਕਿ ਅਧਿਐਨ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੱਚਿਆਂ ਵਿੱਚ ਭਾਵਨਾਤਮਕ ਬੁੱਧੀ (ਇਮੋਸ਼ਨਲ ਇੰਟੈਲੀਜੈਂਸ) ਦਾ ਪੱਧਰ ਵੀ ਔਸਤ ਨਾਲ਼ੋਂ ਘੱਟ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ। ਸਰਕਾਰੀ/ਪ੍ਰਾਈਵੇਟ ਸਕੂਲ ਜਾਂ ਸ਼ਹਿਰੀ/ਪੇਂਡੂ ਪਿਛੋਕੜ ਦਾ ਵਿਦਿਆਰਥੀਆਂ ਦੇ ਗੁੱਸੇ ‘ਤੇ ਕੋਈ ਖਾਸ ਫ਼ਰਕ ਵੇਖਣ ਨੂੰ ਨਹੀਂ ਮਿਲਿਆ।

ਖੋਜਾਰਥੀ ਡਾ. ਤਾਜਪ੍ਰੀਤ ਕੌਰ ਨੇ ਦੱਸਿਆ ਕਿ ​ਇਸ ਅਧਿਐਨ ਵਿੱਚ ਪੰਜਾਬ ਦੇ ਵੱਖ-ਵੱਖ ਸੀਨੀਅਰ ਸੈਕੰਡਰੀ ਸਕੂਲਾਂ ਦੇ 11ਵੀਂ ਜਮਾਤ ਦੇ 1200 ਵਿਦਿਆਰਥੀਆਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਵਿੱਚ 580 ਲੜਕੇ ਅਤੇ 620 ਲੜਕੀਆਂ ਸ਼ਾਮਿਲ ਸਨ।

ਉਨ੍ਹਾਂ ਦੱਸਿਆ ਕਿ ਖੋਜ ਦੌਰਾਨ ਸਬੰਧਤ ਵਿਦਿਆਰਥੀਆਂ ਦੀ ਸ਼ਖ਼ਸੀਅਤ, ਭਾਵਨਾਤਮਕ ਬੁੱਧੀ ਅਤੇ ਸਕੂਲ ਦੇ ਵਾਤਾਵਰਨ ਦੇ ਉਨ੍ਹਾਂ ਦੇ ਵਿਵਹਾਰ ‘ਤੇ ਪੈਣ ਵਾਲੇ ਪ੍ਰਭਾਵਾਂ ਨੂੰ ਬਾਰੀਕੀ ਨਾਲ਼ ਘੋਖਿਆ ਗਿਆ।

ਉਨ੍ਹਾਂ ਦੱਸਿਆ ਕਿ ਇਸ ਖੋਜ ਦੌਰਾਨ ਗ਼ੁੱਸੇਖੋਰੀ ਦੀ ਪ੍ਰਵਿਰਤੀ ਅਤੇ ਸ਼ਖ਼ਸੀਅਤ ਨੂੰ ਮਾਪਣ ਦੇ ਵਿਸ਼ੇਸ਼ ਮਿਆਰ ‘ਅਗਰੈਸ਼ਨ ਸਕੇਲ’ ਅਤੇ ਪ੍ਰਸਨੈਲਿਟੀ ਸਕੇਲ’ ਵੀ ਤਿਆਰ ਕੀਤੇ ਗਏ ਹਨ, ਜੋ ਭਵਿੱਖ ਵਿੱਚ ਹੋਰਨਾਂ ਖੋਜਾਰਥੀਆਂ ਲਈ ਮਦਦਗਾਰ ਹੋਣਗੇ।

​ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਖੋਜ ਦੀ ਸ਼ਲਾਘਾ ਕਰਦਿਆਂ ਖੋਜਾਰਥੀ ਅਤੇ ਨਿਗਰਾਨ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਕਿਸ਼ੋਰ ਅਵਸਥਾ ਵਿੱਚ ਬੱਚਿਆਂ ਦੇ ਵਿਵਹਾਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਨ੍ਹਾਂ ਨੂੰ ਸਹੀ ਦਿਸ਼ਾ ਦਿੱਤੀ ਜਾ ਸਕੇ।

ਇਸ ਲਈ ਅਜਿਹੇ ਖੋਜ ਕਾਰਜਾਂ ਦਾ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਸਮਾਜਿਕ ਪ੍ਰਸੰਗਿਕਤਾ ਵਾਲ਼ੀਆਂ ਖੋਜਾਂ ਨੂੰ ਹਮੇਸ਼ਾ ਹੀ ਉਤਸ਼ਾਹਿਤ ਕਰਦੀ ਹੈ।

 

ਪੰਜਾਬ ਦੇ 20000 ਸਰਕਾਰੀ ਸਕੂਲਾਂ ਬਾਰੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਫ਼ੈਸਲਾ

 

ਪੰਜਾਬ ਦੇ 20000 ਸਰਕਾਰੀ ਸਕੂਲਾਂ ਬਾਰੇ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਵੱਡਾ ਫ਼ੈਸਲਾ

ਪੰਜਾਬ ਦੇ ਸਕੂਲਾਂ ਦੀ ਹੋਵੇਗੀ ਕਾਇਆਕਲਪ; ਸਿੱਖਿਆ ਮੰਤਰੀ ਨੇ ਅਣਗਹਿਲੀ ਕਰਨ ਵਾਲਿਆਂ ਨੂੰ ਦਿੱਤੀ ਚਿਤਾਵਨੀ

ਹਰਜੋਤ ਸਿੰਘ ਬੈਂਸ ਨੇ ਸਕੂਲ ਦੀ ਮਾੜੀ ਹਾਲਤ ਬਾਰੇ ਨੋਟਿਸ ‘ਚ ਆਉਣ ਦੇ ਤੁਰੰਤ ਬਾਅਦ ਸਿੱਖਿਆ ਵਿਭਾਗ ਨੂੰ ਕਾਰਵਾਈ ਦੇ ਨਿਰਦੇਸ਼ ਦਿੱਤੇ

ਚੰਡੀਗੜ੍ਹ, 22 ਫਰਵਰੀ 2026- 

ਫਾਜ਼ਿਲਕਾ ਦੇ ਬਸਤੀ ਹਜ਼ੂਰ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਦੀ ਇਮਾਰਤ ਦੀ ਮਾੜੀ ਹਾਲਤ ਬਾਰੇ ਨੋਟਿਸ ‘ਚ ਆਉਣ ਦੇ ਤੁਰੰਤ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਸਕੂਲ ਦੀ ਇਮਾਰਤ ਦੀ ਨਵੇਂ ਸਿਰਿਓਂ ਉਸਾਰੀ ਕਰਨ ਦੇ ਹੁਕਮ ਦਿੱਤੇ ਹਨ।

ਸਿੱਖਿਆ ਮੰਤਰੀ ਨੇ ਤੁਰੰਤ ਕਾਰਵਾਈ ਕਰਦਿਆਂ ਸਕੂਲ ਸਿੱਖਿਆ ਵਿਭਾਗ ਨੂੰ ਇਸ ਸਬੰਧੀ ਲੋੜੀਂਦੇ ਕਦਮ ਚੁੱਕਣ ਕਰਨ ਦੇ ਨਿਰਦੇਸ਼ ਦਿੱਤੇ ਅਤੇ ਭਰੋਸਾ ਦਿੱਤਾ ਕਿ ਸਕੂਲ ਦੀ ਨਵੀਂ ਇਮਾਰਤ ਛੇ ਮਹੀਨਿਆਂ ਦੇ ਅੰਦਰ ਮੁਕੰਮਲ ਹੋ ਜਾਵੇਗੀ, ਜਿਸ ਦੀ ਉਹ ਨਿੱਜੀ ਤੌਰ ‘ਤੇ ਨਿਗਰਾਨੀ ਕਰਨਗੇ।

ਇਸ ਮਾਮਲੇ ਦਾ ਜ਼ਿਕਰ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਬਸਤੀ ਹਜ਼ੂਰ ਵਿੱਚ ਸਰਕਾਰੀ ਸਕੂਲ ਦੀ ਮਾੜੀ ਹਾਲਤ ਬਾਰੇ ਕੱਲ੍ਹ ਮੇਰੇ ਧਿਆਨ ਵਿੱਚ ਲਿਆਂਦਾ ਗਿਆ।

ਉਨ੍ਹਾਂ ਕਿਹਾ ਕਿ ਮੈਂ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਕਾਰਵਾਈ ਦੇ ਨਿਰਦੇਸ਼ ਦੇ ਦਿੱਤੇ ਹਨ ਅਤੇ ਮੈਂ ਖੁਦ ਜਾ ਕੇ ਸਕੂਲ ਦੀ ਸਥਿਤੀ ਦਾ ਨਿਰੀਖਣ ਕਰਾਂਗਾ।

ਉਨ੍ਹਾਂ ਕਿਹਾ ਕਿ ਇਸ ਸਕੂਲ ਕੋਲ ਅਗਲੇ 6 ਮਹੀਨਿਆਂ ਦੇ ਅੰਦਰ ਇੱਕ ਨਵੀਂ ਇਮਾਰਤ ਹੋਵੇਗੀ ਅਤੇ ਇਹ ਕੋਈ ਰਾਜਨੀਤਿਕ ਬਿਆਨ ਨਹੀਂ; ਸਗੋਂ ਮੇਰੀ ਨਿੱਜੀ ਗਰੰਟੀ ਹੈ।

ਸੂਬੇ ਦੇ ਸਕੂਲੀ ਬੁਨਿਆਦੀ ਢਾਂਚੇ ਵਿੱਚ ਵਿਆਪਕ ਸੁਧਾਰਾਂ ਬਾਰੇ ਗੱਲ ਕਰਦਿਆਂ ਸਿੱਖਿਆ ਮੰਤਰੀ ਨੇ ਕਿਹਾ ਕਿ ਪੰਜਾਬ ਵਿੱਚ ਲਗਭਗ 20,000 ਸਰਕਾਰੀ ਸਕੂਲ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਕੂਲ ਸਾਨੂੰ ਪਿਛਲੀਆਂ ਸਰਕਾਰਾਂ ਦੀ ਦਹਾਕਿਆਂ ਦੀ ਅਣਗਹਿਲੀ ਕਰਕੇ ਪੂਰੀ ਤਰ੍ਹਾਂ ਖਸਤਾ ਹਾਲਤ ਵਿੱਚ ਵਿਰਾਸਤ ‘ਚ ਮਿਲੇ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਸੈਂਕੜੇ ਅਜਿਹੇ ਸਕੂਲਾਂ ਦੀ ਨੁਹਾਰ ਬਦਲੀ ਹੈ ਅਤੇ ਇਹ ਕੰਮ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜਾਰੀ ਹੈ।

ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਸਾਰੇ 20,000 ਸਕੂਲਾਂ ਦੀ ਕਾਇਆਕਲਪ ਕਰਨ ਦੇ ਮਿਸ਼ਨ ‘ਤੇ ਹਾਂ ਅਤੇ ਸੂਬਾ ਸਰਕਾਰ ਪੂਰੀ ਵਚਨਬੱਧਤਾ ਅਤੇ ਪਾਰਦਰਸ਼ਤਾ ਨਾਲ ਇਸ ਟੀਚੇ ਵੱਲ ਲਗਾਤਾਰ ਅੱਗੇ ਵਧ ਰਹੀ ਹੈ।

ਸਿੱਖਿਆ ਸੁਧਾਰਾਂ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਿਰਫ਼ ਵੱਡੇ ਦਾਅਵਿਆਂ ਦਾ ਨਹੀਂ, ਬਲਕਿ ਜਵਾਬਦੇਹੀ ਅਤੇ ਨਿਰੰਤਰ ਕਾਰਵਾਈ ਦਾ ਸਫ਼ਰ ਹੈ ਅਤੇ ਸਿੱਖਿਆ ਮੇਰੇ ਲਈ ਕੋਈ ਰਾਜਨੀਤੀ ਨਹੀਂ; ਸਗੋਂ ਮੇਰਾ ਜਨੂੰਨ ਅਤੇ ਜ਼ਿੰਮੇਵਾਰੀ ਹੈ।

 

ਅਧਿਆਪਕਾਂ ‘ਤੇ ਜਬਰੀ ਥੋਪੇ TET ਖ਼ਿਲਾਫ਼ ‘ਹੱਲਾ-ਬੋਲ’ ਪ੍ਰਦਰਸ਼ਨ! ਹਜ਼ਾਰਾਂ ਟੀਚਰਾਂ ਨੇ ਸਰਕਾਰ ਨੂੰ ਲਲਕਾਰਿਆ

 

ਅਧਿਆਪਕਾਂ ‘ਤੇ ਜਬਰੀ ਥੋਪੇ TET ਖ਼ਿਲਾਫ਼ ‘ਹੱਲਾ-ਬੋਲ’ ਪ੍ਰਦਰਸ਼ਨ! ਹਜ਼ਾਰਾਂ ਟੀਚਰਾਂ ਨੇ ਸਰਕਾਰ ਨੂੰ ਲਲਕਾਰਿਆ

ਸੁਪਰੀਮ ਕੋਰਟ ਦੇ ਫੈਸਲੇ ਨੇ ਰਾਸ਼ਟਰ ਨਿਰਮਾਤਾਵਾਂ ਦੇ ਮਾਨ-ਸਨਮਾਨ ਨੂੰ ਲਾਈ ਸੱਟ; ਪੰਜਾਬ ਸਰਕਾਰ ਨੂੰ ਵਿਸ਼ੇਸ਼ ਇਜਲਾਸ ਬੁਲਾਉਣ ਦੀ ਚੇਤਾਵਨੀ

ਸ਼੍ਰੀ ਆਨੰਦਪੁਰ ਸਾਹਿਬ 22 ਫਰਵਰੀ 2026

ਅੱਜ ਸਾਂਝੇ ਅਧਿਆਪਕ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਅਤੇ ਭਰਾਤਰੀ ਅਧਿਆਪਕ ਜਥੇਬੰਦੀਆਂ ਵੱਲੋਂ ਸੁਪਰੀਮ ਕੋਰਟ ਦੇ ਅਧਿਆਪਕ ਯੋਗਤਾ ਟੈਸਟ (ਟੈੱਟ) ਸਭ ਅਧਿਆਪਕਾਂ ਲਈ ਜਰੂਰੀ ਹੋਣ ਸਬੰਧੀ 01.09.2025 ਨੂੰ ਆਏ ਫੈਸਲੇ ਵਿਰੁੱਧ ਰੋਸ ਰੈਲੀ ਉਪਰੰਤ ਸ਼ਹਿਰ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ ਦੀ ਅਗਵਾਈ ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਚਾਹਲ, ਸੁਰਿੰਦਰ ਕੁਮਾਰ ਪੁਆਰੀ, ਦਿਗਵਿਜੇ ਪਾਲ ਸ਼ਰਮਾ, ਸੁਰਿੰਦਰ ਕੰਬੋਜ, ਵਿਕਰਮ ਦੇਵ ਸਿੰਘ, ਕ੍ਰਿਸ਼ਨ ਸਿੰਘ ਦੁੱਗਾਂ, ਬਾਜ ਸਿੰਘ ਖਹਿਰਾ, ਹਰਵਿੰਦਰ ਸਿੰਘ ਬਿਲਗਾ, ਹਰਭਜਨ ਸਿੰਘ, ਪ੍ਰਗਟਜੀਤ ਸਿੰਘ ਕਿਸ਼ਨਪੁਰਾ, ਗੁਰਜੰਟ ਸਿੰਘ ਵਾਲੀਆ, ਗੁਰਿੰਦਰ ਸਿੰਘ ਸਿੱਧੂ, ਸੁਖਜਿੰਦਰ ਸਿੰਘ ਹਰੀਕਾ, ਪਤਵੰਤ ਸਿੰਘ ਨੇ ਕੀਤੀ।

ਵਿਸ਼ਾਲ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਗੁਰਬਿੰਦਰ ਸਿੰਘ ਸਸਕੌਰ, ਜਿੰਦਰ ਪਾਇਲਟ, ਰੇਸ਼ਮ ਸਿੰਘ ਖੇਮੂਆਣਾ, ਨਵਪ੍ਰੀਤ ਬੱਲੀ, ਮਹਿੰਦਰ ਸਿੰਘ ਕੋੜਿਆਂਵਾਲੀ, ਲਛਮਣ ਸਿੰਘ ਨਬੀਪੁਰ, ਰਵਿੰਦਰਜੀਤ ਸਿੰਘ ਪੰਨੂ, ਬਿਕਰਮਜੀਤ ਸਿੰਘ ਕੱਦੋਂ, ਜਗਜੀਤ ਸਿੰਘ, ਪਰਮਜੀਤ ਸਿੰਘ ਫਿਰੋਜ਼ਪੁਰ, ਵਰਿੰਦਰਜੀਤ ਸਿੰਘ ਬਜਾਜ, ਤੇਜਿੰਦਰ ਸਿੰਘ ਸ਼ਾਹ, ਮਨਪ੍ਰੀਤ ਸਿੰਘ ਕਾਹਲੋਂ

ਆਦਿ ਅਧਿਆਪਕ ਆਗੂਆਂ ਨੇ ਸੁਪਰੀਮ ਕੋਰਟ ਵੱਲੋਂ ਐਨਸੀਟੀਈ ਦੇ ਨੋਟੀਫਿਕੇਸ਼ਨਾਂ ਦੀ ਅਣਦੇਖੀ ਕਰਕੇ ਭਾਰਤੀ ਸੰਵਿਧਾਨ ਰਾਹੀਂ ਅਨੁਛੇਦ 142 ਤਹਿਤ ਮਿਲੀਆਂ ਸ਼ਕਤੀਆਂ ਦੀ ਦੁਰਵਰਤੋਂ ਕਰਦਿਆਂ ਟੈੱਟ ਲਾਗੂ ਹੋਣ ਤੋਂ ਪਹਿਲਾਂ ਭਰਤੀ ਨਿਯਮਾਂ ਅਨੁਸਾਰ ਨਿਯੁਕਤ ਸਮੁੱਚੇ ਅਧਿਆਪਕਾਂ ‘ਤੇ ਟੈੱਟ ਜਰੂਰੀ ਹੋਣ ਦਾ ਫੈਸਲਾ ਦੇ ਕੇ ਦੇਸ਼ ਭਰ ਦੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਨ ਸਨਮਾਨ ਨੂੰ ਸੱਟ ਮਾਰੀ ਹੈ।

ਸਿਰਫ ਜਿਨ੍ਹਾਂ ਦਾ ਸੇਵਾ ਮੁਕਤੀ ਵਿੱਚ ਪੰਜ ਸਾਲ ਤੋਂ ਘੱਟ ਸਮਾਂ ਰਹਿੰਦਾ ਹੈ, ਉਨ੍ਹਾਂ ਨੂੰ ਹੀ ਛੋਟ ਦਿੱਤੀ ਗਈ ਹੈ, ਪਰ ਉਹ ਪਦਉਨਤ ਨਹੀਂ ਹੋ ਸਕਣਗੇ। ਬਾਕੀ ਸਭ ਅਧਿਆਪਕਾਂ ਨੂੰ ਦੋ ਸਾਲ ਦੇ ਸਮੇਂ ਵਿੱਚ ਟੈੱਟ ਪਾਸ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਦੋ ਸਾਲ ਦੇ ਸਮੇਂ ਬਾਅਦ ਬਿਨਾਂ ਟੈਟ ਪਾਸ ਅਧਿਆਪਕਾਂ ਨੂੰ ਨੌਕਰੀ ਤੋਂ ਜਬਰੀ ਹਟਾ ਦਿੱਤਾ ਜਾਵੇਗਾ।

ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਨੇ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਨਵਉਦਾਰਵਾਦੀ ਨੀਤੀਆਂ ਦੇ ਤਹਿਤ ਸਰਕਾਰੀ ਸਿੱਖਿਆ ਖੇਤਰ ਨੂੰ ਖਤਮ ਕਰਨ ਵਾਲੇ ਫੈਸਲਿਆਂ ਨੂੰ ਹੀ ਅੱਗੇ ਵਧਾਉਣ ਦਾ ਕੰਮ ਕੀਤਾ ਹੈ। ਦੇਸ਼ ਦੀ ਸੰਸਦ ਵਿੱਚ ਵਿਰੋਧੀ ਧਿਰ ਵੱਲੋਂ ਇਸ ਫੈਸਲੇ ਦਾ ਸਖਤ ਵਿਰੋਧ ਕਰਨ ਅਤੇ ਦੇਸ਼ ਭਰ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਇਸ ਦੇ ਹੱਲ ਦਾ ਕੋਈ ਉਪਰਾਲਾ ਨਾ ਕਰਨਾ ਲੋਕਤੰਤਰ ਵਿੱਚ ਲੋਕਾਂ ਨਾਲ ਮਜ਼ਾਕ ਸਿੱਧ ਹੋ ਰਿਹਾ ਹੈ।

ਉਨ੍ਹਾਂ ਕਿਹਾ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ 14.09.2017 ਨੂੰ ਸੀ ਐਂਡ ਵੀ, ਟੀਚਿੰਗ ਫੈਲੋਜ਼ ਅਤੇ ਜਿਲਾ ਪ੍ਰੀਸ਼ਦ ਤੋਂ ਵਿਭਾਗ ਵਿੱਚ ਆਏ ਅਧਿਆਪਕਾਂ ਨੂੰ ਪਦਉਨਤੀ ਲਈ ਟੈੱਟ ਤੋਂ ਛੋਟ ਦੇਣ ਦਾ ਪੱਤਰ ਜਾਰੀ ਕੀਤਾ ਗਿਆ ਸੀ। ਪਰ ਸੁਪਰੀਮ ਕੋਰਟ ਦੇ ਇਸ ਫੈਸਲੇ ਉਪਰੰਤ ਹੋਈਆਂ ਪਦਉਨਤੀਆਂ ‘ਤੇ ਰੋਕ ਲਗਾ ਕੇ 07.02.2026 ਨੂੰ ਉਹ ਪੱਤਰ ਵੀ ਵਾਪਸ ਲੈ ਲਿਆ ਗਿਆ। ਵੱਖ-ਵੱਖ ਰਾਜਾਂ ਵੱਲੋਂ ਇਸ ਜਬਰੀ ਥੋਪੇ ਟੈੱਟ ਦੇ ਫੈਸਲੇ ਵਿਰੁੱਧ ਰਿਵਿਊ ਪਟੀਸ਼ਨਾਂ ਪਾਈਆਂ ਗਈਆਂ ਹਨ।

ਪਰ ਪੰਜਾਬ ਸਰਕਾਰ ਨੇ ਅਧਿਆਪਕਾਂ ਦੀ ਸੇਵਾ ਸੁਰੱਖਿਅਤ ਕਰਨ ਲਈ ਹੁਣ ਤੱਕ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਸਿਰਫ ਰੋਕੀਆਂ ਹੋਈਆਂ ਪਦਉਨਤੀਆਂ ਵਾਲੇ ਅਧਿਆਪਕਾਂ ਦਾ ਹੀ ਟੈੱਟ ਟੈਸਟ ਲੈਣ ਦਾ ਉਪਰਾਲਾ ਕੀਤਾ ਹੈ। ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਚਾਰ ਸਾਲ ਦੇ ਸਮੇਂ ਵਿੱਚ ਅਧਿਆਪਕਾਂ ਦੀਆਂ ਵਿੱਤੀ ਮੰਗਾਂ ਸਮੇਤ ਕੋਈ ਵੀ ਵਿਭਾਗੀ ਮਸਲਾ ਹੱਲ ਨਹੀਂ ਕੀਤਾ ਗਿਆ।

ਵਿਸ਼ਾਲ ਰੋਸ ਰੈਲੀ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਪ੍ਰਧਾਨ ਸਤੀਸ਼ ਰਾਣਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਜਰਮਨਜੀਤ ਸਿੰਘ, ਫੈਡਰੇਸ਼ਨ ਵਿਗਿਆਨਿਕ ਦੇ ਜਨਰਲ ਸਕੱਤਰ ਐਨ ਡੀ ਤਿਵਾੜੀ ,ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਕਨਵੀਨਰ ਜਸਵੀਰ ਤਲਵਾੜਾ, ਸੀ ਪੀ ਐਫ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਵੀ ਸੰਬੋਧਨ ਕੀਤਾ।

ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਕੇ ਇਸ ਜਬਰੀ ਥੋਪੇ ਟੈੱਟ ਵਿਰੁੱਧ ਬਿੱਲ / ਮਤਾ ਪਾਸ ਕਰਕੇ ਇਸ ਕੁਦਰਤੀ ਨਿਆਂ ਵਿਰੋਧੀ ਫੈਸਲੇ ਨੂੰ ਰੱਦ ਕੀਤਾ ਜਾਵੇ ਅਤੇ ਸੁਪਰੀਮ ਕੋਰਟ ਵਿੱਚ ਰਿਵਿਊ ਪਟੀਸ਼ਨ ਦਾਖਲ ਕੀਤੀ ਜਾਵੇ।

ਪੰਜਾਬ ਪੁਲਿਸ ਦੇ 2 ਮੁਲਾਜ਼ਮਾਂ ਦੀ ਮੌਤ ਮਾਮਲੇ ‘ਚ ਨਵਾਂ ਟਵਿਸਟ! ਚੈੱਕ ਪੋਸਟ ਦੇ ਅੰਦਰੋਂ ਮਿਲੀਆਂ ਸੀ ਲਾਸ਼ਾਂ, ਕਿਸੇ ਅਣਪਛਾਤੇ ਹਮਲਾਵਰ ਨੇ ਮਾਰੀਆਂ ਗੋਲੀਆਂ?

 

ਪੰਜਾਬ ਪੁਲਿਸ ਦੇ 2 ਮੁਲਾਜ਼ਮਾਂ ਦੀ ਮੌਤ ਮਾਮਲੇ ‘ਚ ਨਵਾਂ ਟਵਿਸਟ! ਚੈੱਕ ਪੋਸਟ ਦੇ ਅੰਦਰੋਂ ਮਿਲੀਆਂ ਸੀ ਲਾਸ਼ਾਂ, ਕਿਸੇ ਅਣਪਛਾਤੇ ਹਮਲਾਵਰ ਨੇ ਮਾਰੀਆਂ ਗੋਲੀਆਂ?

ਚੰਡੀਗੜ੍ਹ, 22 ਫਰਵਰੀ 2026

ਅੱਜ ਸਵੇਰੇ ਗੁਰਦਾਸਪੁਰ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਸੀ, ਜਿੱਥੇ ਦੋ ਪੁਲਿਸ ਮੁਲਾਜ਼ਮਾਂ ਵਿਚਾਲੇ ਗੋਲੀਬਾਰੀ ਕਾਰਨ ਦੋਵਾਂ ਦੀ ਮੌਤ ਹੋਣ ਦੀ ਸੂਚਨਾ ਸੀ। ਹਾਲਾਂਕਿ ਜਿਵੇਂ ਜਿਵੇਂ ਦਿਨ ਚੜ੍ਹਿਆ ਤਾਂ ਪਤਾ ਲੱਗਿਆ ਕਿ ਪੁਲਿਸ ਮੁਲਾਜ਼ਮਾਂ ਦੀ ਇਹ ਆਪਸੀ ਗੋਲੀਬਾਰੀ ਦੌਰਾਨ ਮੌਤ ਨਹੀਂ ਸੀ, ਬਲਕਿ ਇਹਨਾਂ ਨੂੰ ਕਿਸੇ ਅਣਪਛਾਤੇ ਹਮਲਾਵਰ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਦੋਵਾਂ ਮੁਲਾਜ਼ਮਾਂ ਦੀਆਂ ਲਾਸ਼ਾਂ ਚੈੱਕ ਪੋਸਟ ਦੇ ਅੰਦਰੋਂ ਮਿਲੀਆਂ। ਜਿਸ ਤੋਂ ਇਹ ਸ਼ੱਕ ਹੁੰਦਾ ਹੈ ਕਿ ਕਿਸੇ ਹੋਰ ਵਿਅਕਤੀ ਨੇ ਇਹਨਾਂ ਨੂੰ ਗੋਲੀਆਂ ਮਾਰੀਆਂ ਹੋ ਸਕਦੀਆਂ ਨੇ, ਹਾਲਾਂਕਿ ਪੁਲਿਸ ਇਸ ਮਾਮਲੇ ਦੀ ਬਰੀਕੀ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਹ ਘਟਨਾ ਕਿਵੇਂ ਵਾਪਰੀ?

ਐਸਐਸਪੀ ਗੁਰਦਾਸਪੁਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਵੱਲੋਂ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਵਾਨਾਂ ਦੀ ਮੌਤ ਕਿਵੇਂ ਹੋਈ ਅਤੇ ਕਿਸ ਨੇ ਉਹਨਾਂ ਨੂੰ ਗੋਲੀਆਂ ਮਾਰੀਆਂ?

ਸਵੇਰੇ ਪੁਲਿਸ ਸੂਤਰਾਂ ਨੇ ਦੱਸਿਆ ਸੀ ਕਿ ਡਿਊਟੀ ਦੌਰਾਨ ਦੋਵੇਂ ਮੁਲਾਜ਼ਮਾਂ ਨੇ ਆਪਸੀ ਗੋਲੀਬਾਰੀ ਦੌਰਾਨ ਇੱਕ ਦੂਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਕਿ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਪੁਲਿਸ ਮੁਲਾਜ਼ਮਾਂ ਨੂੰ ਹੀ ਕਿਸੇ ਹੋਰ ਬੰਦੇ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਹੈ। ਮ੍ਰਿਤਕਾਂ ਵਿੱਚ ਇੱਕ ਸਹਾਇਕ ਸਬ ਇੰਸਪੈਕਟਰ ਅਤੇ ਇੱਕ ਹੋਮਗਾਰਡ ਦਾ ਜਵਾਨ ਸ਼ਾਮਿਲ ਹੈ।