ਮੰਗਲਵਾਰ, ਜੂਨ 2, 2026
Home Blog Page 82

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ DA ਦੇਣ ਬਾਰੇ ਇਤਿਹਾਸਿਕ ਫ਼ੈਸਲਾ; ਜਥੇਬੰਦੀਆਂ ਨੇ ਕੀਤਾ ਪੁਰਜ਼ੋਰ ਸਵਾਗਤ

 

ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ.ਏ ਦੇਣ ਬਾਰੇ ਇਤਿਹਾਸਿਕ ਫ਼ੈਸਲਾ; ਜਥੇਬੰਦੀਆਂ ਨੇ ਕੀਤਾ ਪੁਰਜ਼ੋਰ ਸਵਾਗਤ

ਭਗਵੰਤ ਮਾਨ ਸਰਕਾਰ ਅਦਾਲਤ ਦਾ ਫੈਸਲਾ ਸਹੀ ਦਿਸ਼ਾ ਵਿੱਚ ਤੁਰੰਤ ਲਾਗੂ ਕਰੇ

ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਡੀ ਏ ਅਤੇ ਪੁਰਾਣੀ ਪੈਨਸ਼ਨ ਸਕੀਮ ਨਹੀਂ ਤਾਂ ਵੋਟ ਨਹੀਂ, ਦੀ ਆਮ ਆਦਮੀ ਪਾਰਟੀ ਨੂੰ ਦਿੱਤੀ ਚਿਤਾਵਨੀ

ਲੁਧਿਆਣਾ, 21 ਅਪ੍ਰੈਲ 2026- ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਪਿਛਲੇ ਦਿਨੀਂ 8 ਅਪ੍ਰੈਲ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਡੀ.ਏ ਦੇਣ ਸਬੰਧੀ ਦਿੱਤੇ ਗਏ ਇਤਿਹਾਸਕ ਫੈਸਲੇ ਦਾ ਵੱਖ ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਵੱਲੋਂ ਪੁਰਜ਼ੋਰ ਸਵਾਗਤ ਕਰਦੇ ਹੋਏ ਭਗਵੰਤ ਮਾਨ ਸਰਕਾਰ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਅਦਾਲਤ ਦਾ ਫੈਸਲਾ ਤੁਰੰਤ ਸਹੀ ਦਿਸ਼ਾ ਵਿੱਚ ਲਾਗੂ ਕੀਤਾ ਜਾਵੇ।

ਇਹ ਮੰਗ ਅੱਜ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ1680 ਸੈਕਟਰ 22ਬੀ, ਚੰਡੀਗੜ੍ਹ ਦੀ ਸੂਬਾ ਪ੍ਰਧਾਨ ਰਣਜੀਤ ਸਿੰਘ ਰਾਣਵਾਂ ਦੀ ਪ੍ਰਧਾਨਗੀ ਹੇਠ ਵੱਖ ਵੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਮੀਟਿੰਗ ਦੌਰਾਨ ਕੀਤੀ ਗਈ।

ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ, ਜਨਰਲ ਸਕੱਤਰ ਸੁਰਿੰਦਰ ਕੁਮਾਰ ਪੁਆਰੀ, ਮੁੱਖ ਜਥੇਬੰਦਕ ਸਕੱਤਰ ਜਗਦੀਸ਼ ਸਿੰਘ ਚਾਹਲ, ਐਡੀਸ਼ਨਲ ਜਨਰਲ ਸਕੱਤਰ ਪ੍ਰੇਮ ਚਾਵਲਾ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਗੁਰਮੇਲ ਸਿੰਘ ਮੈਲਡੇ, ਸੂਬਾਈ ਆਗੂ ਸੁਖਦੇਵ ਸਿੰਘ ਸੁਰਤਾਪੁਰੀ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਮਨਜੀਤ ਸਿੰਘ ਗਿੱਲ, ਸੰਜੀਵ ਕੁਮਾਰ ਲੁਧਿਆਣਾ, ਜਗਮੇਲ ਸਿੰਘ ਪੱਖੋਵਾਲ, ਮੇਲਾ ਸਿੰਘ ਪੁੰਨਾਂਵਾਲ ਨੇ ਅਦਾਲਤ ਵੱਲੋਂ ਸਾਰੇ ਨੁਕਤਿਆਂ ਨੂੰ ਵਿਚਾਰਨ ਉਪਰੰਤ ਫੈਸਲਾ ਦਿੱਤਾ ਹੈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਮਿਲਣ ਵਾਲਾ ਡੀ ਏ ਕੋਈ ਤੋਹਫਾ ਜਾਂ ਦਾਨ ਨਹੀਂ ਹੈ ਬਲਕਿ ਸੰਵਿਧਾਨਕ ਹੱਕ ਹੈ। ਸਰਕਾਰ ਵਿੱਤੀ ਸਰੋਤਾਂ ਦੀ ਘਾਟ ਦੀ ਆੜ ਹੇਠ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਇਸ ਲਾਭ ਤੋਂ ਵੰਚਿਤ ਨਹੀਂ ਕਰ ਸਕਦੀ।

ਮਾਨਯੋਗ ਅਦਾਲਤ ਨੇ ਵਿੱਤ ਵਿਭਾਗ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਮਿਤੀ 1 ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਬਣਦਾ ਬਕਾਇਆ ਦੇਣ ਸਬੰਧੀ ਮਿਤੀ 18 ਫਰਵਰੀ 2025 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਨੂੰ ਗੈਰ ਤਰਕ ਸੰਗਤ ਕਰਾਰ ਦਿੰਦੇ ਹੋਏ ਰੱਦ ਕਰਨ ਦਾ ਫੈਸਲਾ ਦਿੱਤਾ ਅਤੇ ਕਿਹਾ ਕਿ 75 ਸਾਲ ਤੋਂ ਘੱਟ ਉਮਰ ਦੇ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨੂੰ ਵੀ 85 ਸਾਲ ਤੋਂ ਵੱਧ ਉਮਰ ਵਾਲੇ ਪੈਨਸ਼ਨਰਾਂ ਦੀ ਤਰਜ਼ ਤੇ ਬਣਦਾ ਸਾਰਾ ਬਕਾਇਆ 2 ਕਿਸ਼ਤਾਂ ਵਿੱਚ 30 ਜੂਨ 2026 ਤੋਂ ਪਹਿਲਾਂ ਅਦਾ ਕਰਨਾ ਯਕੀਨੀ ਬਣਾਇਆ ਜਾਵੇ।

ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਲੱਖਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਆਪਣਾ ਧੋਖਾ ਕਰਨਾ ਜਾਰੀ ਰੱਖਿਆ ਅਤੇ ਤੁਰੰਤ ਇਸ ਫੈਸਲੇ ਨੂੰ ਸਹੀ ਦਿਸ਼ਾ ਵਿੱਚ ਲਾਗੂ ਨਾ ਕੀਤਾ ਗਿਆ ਅਤੇ ਹੋਰ ਕਾਨੂੰਨੀ ਚਾਰਾਜੋਈਆਂ ਵਰਤਕੇ ਲਾਗੂ ਕਰਨ ਵਿੱਚ ਨਵੇਂ ਅੜਿੱਕੇ ਪੈਦਾ ਕੀਤੇ ਗਏ ਤਾਂ ਮੁਲਾਜ਼ਮ ਅਤੇ ਪੈਨਸ਼ਨਰ, ਆਮ ਆਦਮੀ ਪਾਰਟੀ ਨੂੰ ਆ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ ਡੀ ਏ ਨਹੀਂ ਤਾਂ ਵੋਟ ਨਹੀਂ, ਪੁਰਾਣੀ ਪੈਨਸ਼ਨ ਨਹੀਂ ਤਾਂ ਵੋਟ ਨਹੀਂ ਦਾ ਨਾਹਰਾ ਬੁਲੰਦ ਕਰਕੇ ਸਬਕ ਸਿਖਾਉਣ ਲਈ ਮਜਬੂਰ ਹੋਣਗੇ।

ਮੀਟਿੰਗ ਨੇ ਸਰਵ ਸੰਮਤੀ ਨਾਲ ਇੱਕ ਮਤਾ ਪਾਸ ਕਰਕੇ ਮਾਨੇਸਰ ਅਤੇ ਨੋਇਡਾ ਦੀਆਂ ਘਟਨਾਵਾਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਹਨਾਂ ਘਟਨਾਵਾਂ ਲਈ ਹਰਿਆਣਾ ਅਤੇ ਯੂ ਪੀ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਅਤੇ ਮਜ਼ਦੂਰਾਂ ਦੇ ਹੱਕ ਵਿੱਚ ਏਟਕ ਅਤੇ ਹੋਰ ਜਥੇਬੰਦੀਆਂ ਨਾਲ ਰਲਕੇ ਆਵਾਜ਼ ਬੁਲੰਦ ਕਰਨ ਦਾ ਨਿਰਣਾ ਲਿਆ। ਮੀਟਿੰਗ ਦੌਰਾਨ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਬੇ ਸਮੇਂ ਤੋਂ ਲਟਕ ਰਹੀਆਂ ਸਮੂਹ ਹੱਕੀ ਅਤੇ ਜ਼ਾਇਜ਼ ਮੰਗਾਂ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ, ਡੀ ਏ ਦੀਆਂ ਬਕਾਇਆ ਪਈਆਂ ਕਿਸ਼ਤਾਂ ਜਾਰੀ ਕਰਨਾ, ਪੁਰਾਣੀ ਪੈਨਸ਼ਨ ਸਕੀਮ ਤੁਰੰਤ ਲਾਗੂ ਕਰਨਾ, 15 ਜਨਵਰੀ 2015 ਅਤੇ 17 ਜੁਲਾਈ 2020 ਦੇ ਪੱਤਰ ਤੁਰੰਤ ਰੱਦ ਕਰਕੇ ਪੂਰੀਆਂ ਤਨਖਾਹਾਂ ਦੇਣਾ, ਪੈਨਸਨਰਾਂ 2.59 ਦਾ ਗੁਣਾਂਕ ਦੇਣਾ ਆਦਿ ਮੰਗਾਂ ਤੁਰੰਤ ਲਾਗੂ ਕੀਤੀਆਂ ਜਾਣ।

ਮੀਟਿੰਗ ਦੌਰਾਨ ਫੈਸਲਾ ਕੀਤਾ ਗਿਆ ਕਿ 1 ਮਈ ਨੂੰ ਕੌਮਾਂਤਰੀ ਮਜ਼ਦੂਰ ਦਿਹਾੜਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਪੰਜਾਬ ਅਤੇ ਕੇਂਦਰ ਸਰਕਾਰ ਵਿਰੋਧੀ ਦਿਵਸ ਵਜੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਤੋਂ ਇਲਾਵਾ 17 ਮਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੱਦੇ ਤੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਕੀਤੀ ਜਾ ਰਹੀ ਸੂਬਾਈ ਕਨਵੈਨਸ਼ਨ ਵਿੱਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ।

ਮੀਟਿੰਗ ਦੌਰਾਨ ਇਹ ਵੀ ਨਿਰਣਾ ਲਿਆ ਗਿਆ ਕਿ ਫੈਡਰੇਸ਼ਨ ਨਾਲ ਸਬੰਧਤ ਵੱਖ ਵੱਖ ਜਥੇਬੰਦੀਆਂ ਦੀਆਂ ਸੂਬਾ ਕਮੇਟੀਆਂ ਦੀਆਂ ਮੀਟਿੰਗਾਂ 15 ਜੂਨ ਤੱਕ ਕੀਤੀਆਂ ਜਾਣਗੀਆਂ ਅਤੇ ਇਹਨਾਂ ਮੀਟਿੰਗਾਂ ਨੂੰ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਫੈਡਰੇਸ਼ਨ ਦੇ ਵੱਖ ਵੱਖ ਸੂਬਾਈ ਆਗੂ ਉਚੇਚੇ ਤੌਰ ਤੇ ਸੰਬੋਧਨ ਕਰਨਗੇ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਪਾਵਰ ਕੌਮ ਦੇ ਪੈਨਸ਼ਨਰ ਆਗੂ ਕੇਵਲ ਸਿੰਘ ਬਨਵੈਤ, ਰਾਜ ਕੁਮਾਰ ਰੰਗਾ ਮਾਨਸਾ, ਜਸਪਾਲ ਸਿੰਘ ਗਡਹੇੜਾ ਫਤਿਹਗੜ ਸਾਹਿਬ, ਪੰਜਾਬ ਰੋਡਵੇਜ਼ ਮੁਲਾਜ਼ਮ ਆਗੂ ਮਨਪ੍ਰੀਤ ਸਿੰਘ ਗਰੇਵਾਲ ਅਤੇ ਰਣਧੀਰ ਸਿੰਘ ਧੀਰਾ ਆਦਿ ਆਗੂ ਹਾਜ਼ਰ ਸਨ।

 

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਘੇਰੀ ਭਗਵੰਤ ਮਾਨ ਸਰਕਾਰ; ਵਿਭਾਗ ‘ਚ ਪੱਕਾ ਕਰਨ ਦੀ ਕੀਤੀ ਮੰਗ

 

ਥਰਮਲ ਦੇ ਠੇਕਾ ਮੁਲਾਜ਼ਮਾਂ ਨੇ ਪਲਾਂਟ ਦੇ ਮੁੱਖ ਗੇਟ ‘ਤੇ ਦਿੱਤਾ ਧਰਨਾ, ਵਿਭਾਗ ਵਿੱਚ ਪੱਕਾ ਕਰਨ ਦੀ ਕੀਤੀ ਮੰਗ

ਲਹਿਰਾ ਮੁਹੱਬਤ,  21 ਅਪ੍ਰੈਲ 2026- 

ਪਾਵਰਕਾਮ ਅਤੇ ਟਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਦੇ ਬੈਨਰ ਹੇਠ ਗੁਰੂ ਹਰਿਗੋਬਿੰਦ ਥਰਮਲ ਪਲਾਂਟ ਦੇ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਪੱਕਾ ਕਰਨ ਦੀ ਮੰਗ ਨੂੰ ਲੈ ਕੇ ਪਲਾਂਟ ਦੇ ਮੁੱਖ ਗੇਟ ‘ਤੇ ਧਰਨਾ ਦਿੱਤਾ।

ਇਸ ਸਮੇਂ ਹਾਜ਼ਰ ਆਗੂਆਂ ਪ੍ਰਧਾਨ ਜਗਰੂਪ ਸਿੰਘ, ਜਰਨਲ ਸਕੱਤਰ ਜਗਸੀਰ ਸਿੰਘ ਭੰਗੂ, ਮੀਤ ਪ੍ਰਧਾਨ ਹਰਦੀਪ ਸਿੰਘ ਤੱਗੜ, ਵਿੱਤ ਸਕੱਤਰ ਲਛਮਣ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਪੱਕਾ ਕਰਨ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ‘ਆਪ ਸਰਕਾਰ’ ਵੀ ਪਿਛਲੀਆਂ ਸਰਕਾਰਾਂ ਦੀ ਤਰ੍ਹਾਂ ਹੀ ਠੇਕਾ ਮੁਲਾਜ਼ਮਾਂ ਨੂੰ ਲਾਰੇ-ਲੱਪਿਆਂ ਵਿੱਚ ਰੱਖ ਕੇ ਆਪਣਾ ਸਮਾਂ ਲੰਘਾ ਰਹੀ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਠੇਕਾ ਮੁਲਾਜ਼ਮਾਂ ਦੀ ਕਿਰਤ ਦੀ ਕੀਤੀ ਜਾ ਰਹੀ ਅੰਨ੍ਹੀ-ਲੁੱਟ ਨੂੰ ਬੰਦ ਕਰਨ ਦੇ ਐਲਾਨ ਮਗਰੋਂ ਵੀ ਠੇਕਾ ਮੁਲਾਜ਼ਮਾਂ ਨੂੰ ਠੇਕਾ ਪ੍ਰਣਾਲੀ ਦੀ ਚੱਕੀ ਵਿੱਚ ਪਿਸਣ ਲਈ ਮਜ਼ਬੂਰ ਕੀਤਾ ਹੋਇਆ ਹੈ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਨਿਗੁਣੀਆਂ ਤਨਖਾਹਾਂ ’ਤੇ ਤਨਦੇਹੀ ਨਾਲ ਸੇਵਾਵਾਂ ਦਿੰਦੇ ਆ ਰਹੇ ਆਊਟਸੋਰਸ਼ਡ ਅਤੇ ਇਨਲਿਸਟਮੈਂਟ ਠੇਕਾ ਮੁਲਾਜ਼ਮਾਂ ਨੂੰ ਵਿਭਾਗਾਂ ਵਿੱਚ ਮਰਜ਼ ਕਰਕੇ ਪੱਕਾ ਕਰਨ ਲਈ ‘ਆਪ ਸਰਕਾਰ’ ਵੱਲੋਂ ਆਪਣੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਅਜੇ ਤੱਕ ਕੋਈ ਵੀ ਨੀਤੀ ਨਹੀਂ ਬਣਾਈ।

ਜਿਸ ਦੇ ਵਿਰੋਧ ਵਜੋਂ “ਮੋਰਚੇ” ਦੇ ਬੈਨਰ ਹੇਠ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਵੱਲੋਂ ਮਜ਼ਦੂਰ ਦਿਵਸ ਮੌਕੇ 01 ਮਈ ਨੂੰ ਵਿੱਤ ਮੰਤਰੀ ਪੰਜਾਬ ਸਰਕਾਰ ਦੀ ਸੰਗਰੂਰ ਸਥਿਤ ਰਿਹਾਇਸ਼ ਦੇ ਸਾਹਮਣੇ ਪਰਿਵਾਰਾਂ-ਬੱਚਿਆਂ ਸਮੇਤ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ, ਹਾਜ਼ਰ ਆਗੂਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਮੂਹ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ।

ਸਮੂਹ ਸਰਕਾਰੀ ਵਿਭਾਗਾਂ ਦੇ ਠੇਕਾ ਮੁਲਾਜ਼ਮਾਂ ਨੂੰ ਪਹਿਲ ਅਤੇ ਤਜ਼ਰਬੇ ਦੇ ਆਧਾਰ ‘ਤੇ ਵਿਭਾਗਾਂ ਵਿੱਚ ਪੱਕਾ ਕੀਤਾ ਜਾਵੇ, ਘੱਟੋ-ਘੱਟ ਉਜਰਤਾਂ ਦੇ ਕਾਨੂੰਨ 1948/ਪੰਦਰਵੀਂ ਲੇਬਰ ਕਾਨਫ਼ਰੰਸ ਦੇ ਫਾਰਮੂਲੇ ਮੁਤਾਬਿਕ ਠੇਕਾ ਮੁਲਾਜ਼ਮਾਂ ਦੀ ਤਨਖ਼ਾਹ ਨਿਸ਼ਚਿਤ ਕੀਤੀ ਜਾਵੇ, ਸੇਵਾ ਕਾਲ ਦੌਰਾਨ ਮੌਤ/ਨਕਾਰਾ ਹੋਣ ‘ਤੇ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ, ਪੈਨਸ਼ਨ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ, ਠੇਕਾ ਮੁਲਾਜ਼ਮਾਂ ਦੇ ਸੇਵਾ ਮੁਕਤ ਹੋਣ ਉਪਰੰਤ ਪੈਨਸ਼ਨ ਅਤੇ ਗੁਜ਼ਾਰਾ ਫ਼ੰਡ ਦਿੱਤਾ ਜਾਵੇ।

 

ਗ਼ਦਰ ਪਾਰਟੀ ਦਾ 113ਵਾਂ ਸਥਾਪਨਾ ਦਿਵਸ ਮਨਾਇਆ

 

ਗ਼ਦਰ ਪਾਰਟੀ ਦਾ 113ਵਾਂ ਸਥਾਪਨਾ ਦਿਵਸ ਮਨਾਇਆ

Daljeet Kaur

ਸੰਗਰੂਰ, 21 ਅਪ੍ਰੈਲ 2026- ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਅੱਜ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਗ਼ਦਰ ਪਾਰਟੀ ਦਾ 113ਵਾਂ ਸਥਾਪਨਾ ਦਿਵਸ ਮਨਾਇਆ ਗਿਆ। ਇਸ ਮੌਕੇ ਮੰਚ ਦੇ ਸੂਬਾ ਪ੍ਰਧਾਨ ਬਲਬੀਰ ਲੌਂਗੋਵਾਲ ਵੱਲੋਂ ਪਰਚਾ ਪੜ੍ਹਿਆ ਗਿਆ ਜਿਸ ਵਿੱਚ ਗ਼ਦਰ ਪਾਰਟੀ ਦੇ ਹੋਂਦ ਵਿੱਚ ਆਉਣ ਲਈ ਜ਼ਿੰਮੇਵਾਰ ਉਸ ਸਮੇਂ ਦੇ ਪਦਾਰਥਕ ਹਾਲਤਾਂ ‘ਤੇ ਚਾਨਣਾ ਪਾਇਆ ਗਿਆ।

ਪਾਰਟੀ ਦੇ ਉਹਨਾਂ ਮੁੱਢਲੇ ਮੈਂਬਰਾਂ ਜਿਵੇਂ ਕਰਤਾਰ ਸਿੰਘ ਸਰਾਭਾ,ਬਾਬਾ ਸੋਹਣ ਸਿੰਘ ਭਕਨਾ,ਲਾਲਾ ਹਰਦਿਆਲ ਆਦਿ ਬਾਰੇ ਦੱਸਿਆ ਜਿਹਨਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਦੇ ਸਤਾਏ ਭਾਰਤੀ ਲੋਕਾਂ ਦੇ ਹਾਲਾਤ ਅਤੇ ਵਿਦੇਸ਼ਾਂ ਜਿਵੇਂ ਅਮਰੀਕਾ, ਕੈਨੇਡਾ,ਫਿਲਪਾਈਨ,ਮਨੀਲਾ ਆਦਿ ਵਿੱਚ ਵੀ ਭਾਰਤੀ ਲੋਕਾਂ ਦੀ ਅਪਮਾਨਜਨਕ ਹਾਲਤ ਤੋਂ ਤੰਗ ਆ ਕੇ ਭਾਰਤੀ ਲੋਕਾਂ ਨੂੰ ਇਸ ਨਰਕ ਭਰੀ ਜ਼ਿੰਦਗੀ ਤੋਂ ਹਥਿਆਰਬੰਦ ਬਗਾਵਤ ਰਾਹੀਂ ਅਜ਼ਾਦ ਕਰਵਾਉਣ ਦੇ ਮਕਸਦ ਨਾਲ ਅਮਰੀਕਾ ਵਿਖੇ ਗ਼ਦਰ ਪਾਰਟੀ ਦੀ ਸਥਾਪਨਾ ਕੀਤੀ।

ਪਰਚੇ ਵਿੱਚ ਚਾਨਣਾ ਪਾਇਆ ਗਿਆ ਕਿ ਇਹ ਪਾਰਟੀ ਇੱਕ ਧਰਮ ਨਿਰਪੱਖ ਪਾਰਟੀ ਸੀ ਅਤੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੇ ਇਸ ਲਹਿਰ ਤਹਿਤ ਫਾਂਸੀ ਦੇ ਰੱਸਿਆਂ ਨੂੰ ਚੁੰਮਿਆ ਅਤੇ ਉਮਰ ਕੈਦਾਂ ਕੱਟੀਆਂ ਅਤੇ ਕਾਲੇਪਾਣੀ ਦੀਆਂ ਸਜ਼ਾਵਾਂ ਕੱਟੀਆਂ। ਪਰਚੇ ਵਿੱਚ ਅੱਜ ਦੇ ਸਮੇਂ ਵਿੱਚ ਗ਼ਦਰ ਪਾਰਟੀ ਦੀ ਵਿਚਾਰਧਾਰਾ ਦੀ ਸਾਰਥਿਕਤਾ ‘ਤੇ ਵੀ ਚਾਨਣਾ ਪਾਇਆ ਗਿਆ।

ਇਸ ਤੋਂ ਬਾਅਦ ਮੰਚ ਦੇ ਸੂਬਾ ਜਨਰਲ ਸਕੱਤਰ ਰਾਕੇਸ਼ ਕੁਮਾਰ ਇਤਿਹਾਸਕਾਰ ਸੁਨਾਮ ਨੇ ਗ਼ਦਰ ਪਾਰਟੀ ਦੁਆਰਾ ਛਾਪੇ ਗਏ ਇਤਿਹਾਸ ‘ਤੇ ਚਾਨਣਾ ਪਾਉਂਦੇ ਹੋਏ ਗ਼ਦਰ ਅਖ਼ਬਾਰ ਦੀ ਛਪਾਈ, ਇਸ ਵਿੱਚ ਛਪੀਆਂ ਕੁਝ ਮਹੱਤਵਪੂਰਨ ਰਚਨਾਵਾਂ ਬਾਰੇ ਸਰੋਤਿਆਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਵੇਂ ਇਸ ਅਖ਼ਬਾਰ ਵਿੱਚ ਆਮ ਲੋਕਾਂ ਦੀ ਭਾਸ਼ਾ ਵਿੱਚ ਛਪੀਆਂ ਕਵਿਤਾਵਾਂ,ਲੇਖਾਂ ਨੇ ਭਾਰਤ ਦੇ ਲੋਕਾਂ ਵਿੱਚ ਗ਼ੁਲਾਮੀ ਵਿਰੁੱਧ ਚੇਤਨਾ ਦਾ ਵਿਕਾਸ ਕੀਤਾ ਅਤੇ ਉਹਨਾਂ ਵਿੱਚ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀ ਦਾ ਜਜ਼ਬਾ ਭਰਿਆ। ਕੁਝ ਮਹੱਤਵਪੂਰਨ ਕਵਿਤਾਵਾਂ ਨੂੰ ਸਟੇਜ ਤੋਂ ਸੁਣਾਇਆ ਵੀ ਗਿਆ। ਗ਼ਦਰੀਆਂ ਦੁਆਰਾ ਛਾਪੇ ਗਏ ਪਰਚਿਆਂ ਬਾਰੇ ਵੀ ਦੱਸਿਆ ਗਿਆ। ਅੰਗਰੇਜ਼ਾਂ ਦੁਆਰਾ ਗ਼ਦਰ ਪਾਰਟੀ ਦੇ ਸਾਹਿਤ ਦੀ ਸੈਂਸਰਸ਼ਿਪ ਬਾਰੇ ਅਤੇ ਉਪਰੰਤ ਗ਼ਦਰੀਆਂ ਦੁਆਰਾ ਭਾਰਤ ਵਿੱਚ ਛਾਪਾਖਾਨਾ ਸਥਾਪਿਤ ਕਰਕੇ ਐਲਾਨ-ਏ-ਜੰਗ, ਗ਼ਦਰ ਸੰਦੇਸ਼,ਤਿਲਕ, ਰਿਕਾਬ ਗੰਜ ਆਦਿ ਪਰਚੇ ਛਾਪੇ।

ਇਸ ਪਰਚੇ ਵਿੱਚ ਗ਼ਦਰੀਆਂ ਦੁਆਰਾ ਭਾਰਤ ਵਿੱਚ ਆ ਕੇ ਕੀਤੇ ਗਏ ਇਨਕਲਾਬੀ ਕਾਰਨਾਮਿਆਂ ‘ਤੇ ਅਤੇ ਉਹਨਾਂ ਦੁਆਰਾ ਭਾਰਤੀ ਫੌਜ ਨੂੰ ਗ਼ਦਰ ਲਈ ਤਿਆਰ ਕਰਨ ਬਾਰੇ ਵੀ ਚਾਨਣਾ ਪਾਇਆ। ਗ਼ਦਰੀਆਂ ਨੇ ਕਈ ਵਾਰ ਬਗਾਵਤ ਦੀਆਂ ਕੋਸ਼ਿਸ਼ਾਂ ਕੀਤੀਆਂ ਜਿਹਨਾਂ ਕਈ ਕੋਸ਼ਿਸ਼ਾਂ ਮੁਖ਼ਬਰਾਂ ਕਾਰਨ ਅਸਫਲ ਹੋ ਗਈਆਂ ਅਤੇ ਇਸ ਉਪਰੰਤ ਗ਼ਦਰੀਆਂ ਨੂੰ ਅੰਗਰੇਜ਼ਾਂ ਦੁਆਰਾ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ। ਬੁਲਾਰੇ ਦੁਆਰਾ ਦੱਸਿਆ ਗਿਆ ਕਿ ਜਿੰਨੀ ਵੱਡੀ ਗ਼ਦਰ ਪਾਰਟੀ ਦੀ ਲਹਿਰ ਸੀ, ਉਸ ਹਿਸਾਬ ਨਾਲ ਇਸ ਲਹਿਰ ਬਾਰੇ ਬਹੁਤ ਥੋੜ੍ਹਾ ਖੋਜੀ ਕੰਮ ਹੋਇਆ ਹੈ ਅਤੇ ਮੰਚ ਆਪਣੇ ਵਿਤ ਅਨੁਸਾਰ ਇਹ ਕੰਮ ਅੱਗੇ ਵਧਾਵੇਗਾ।

ਇਸ ਤੋਂ ਬਾਅਦ ਮੰਚ ਦੇ ਸੂਬਾ ਪ੍ਰੈੱਸ ਸਕੱਤਰ ਦੁਆਰਾ ਸਟੇਜ ਤੋਂ ਕੁਝ ਲੋਕ ਪੱਖੀ ਮਤੇ ਪੜ੍ਹੇ ਗਏ ਜਿਹਨਾਂ ਨੂੰ ਸਰੋਤਿਆਂ ਦੁਆਰਾ ਸਰਵ ਸੰਮਤੀ ਨਾਲ ਪਾਸ ਕੀਤਾ ਗਿਆ।

ਇਸ ਪ੍ਰੋਗਰਾਮ ਵਿੱਚ ਮੰਚ ਤੋਂ ਇਲਾਵਾ ਜ਼ਮਹੂਰੀ ਅਧਿਕਾਰ ਸਭਾ ਪੰਜਾਬ, ਬੀ.ਕੇ.ਯੂ. ਉਗਰਾਹਾਂ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ, ਤਰਕਸ਼ੀਲ ਸੁਸਾਇਟੀ ਪੰਜਾਬ,ਦੇਸ਼ ਭਗਤ ਯਾਦਗਾਰ ਲੌਂਗੋਵਾਲ, ਪੰਜਾਬ ਸਟੂਡੈਂਟਸ ਯੂਨੀਅਨ,ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜੇਸ਼ਨ,ਅਦਾਰਾ ਤਰਕਸ਼,ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂਆਂ ਅਤੇ ਕਾਰਕੁਨਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਲੋਕਾਂ ਨੇ ਭਾਗ ਲਿਆ। ਚਿੰਤਨ ਪ੍ਰਕਾਸ਼ਨ ਲੁਧਿਆਣਾ ਵੱਲੋਂ ਅਗਾਂਹਵਧੂ ਸਾਹਿਤ ਦੀ ਸਟਾਲ ਵੀ ਲਾਈ ਗਈ।

 

ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਦੇ ਵਿਰੋਧ ‘ਚ SDM ਧੂਰੀ ਖਿਲਾਫ਼ ਧਰਨਾ

 

 

ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਦੇ ਵਿਰੋਧ ‘ਚ SDM ਧੂਰੀ ਖਿਲਾਫ਼ ਧਰਨਾ

ਦਲਜੀਤ ਕੌਰ 

ਧੂਰੀ, 21 ਅਪ੍ਰੈਲ 2026-

ਅਧਿਆਪਕਾਂ ਦੀਆਂ ਗ਼ੈਰ ਵਿੱਦਿਅਕ ਡਿਊਟੀਆਂ ਲਾਉਣ ਦੇ ਵਿਰੋਧ ਵਿੱਚ ਅੱਜ ਅਧਿਆਪਕਾਂ ਵੱਲੋਂ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.)ਪੰਜਾਬ ਜ਼ਿਲ੍ਹਾ ਸੰਗਰੂਰ ਦੀ ਅਗਵਾਈ ਅਤੇ ਹੋਰ ਭਰਾਤਰੀ ਅਧਿਆਪਕ, ਮੁਲਾਜ਼ਮ,ਮਜ਼ਦੂਰ,ਕਿਸਾਨ ਅਤੇ ਜਨਤਕ ਜ਼ਮਹੂਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਕਮ ਐੱਸ.ਡੀ.ਐੱਮ. ਧੂਰੀ ਖਿਲਾਫ਼ ਧਰਨਾ ਦਿੱਤਾ ਗਿਆ।

ਸੰਬੋਧਨ ਕਰਦਿਆਂ ਡੀ.ਟੀ.ਐੱਫ. ਸੰਗਰੂਰ ਦੇ ਪ੍ਰਧਾਨ ਦਾਤਾ ਸਿੰਘ ਨਮੋਲ, ਸੀਨੀਅਰ ਆਗੂ ਬਲਬੀਰ ਲੌਂਗੋਵਾਲ,ਹਰਭਗਵਾਨ ਗੁਰਨੇ,ਗਗਨਦੀਪ ਧੂਰੀ, ਬੀ.ਕੇ.ਯੂ .ਉਗਰਾਹਾਂ ਦੇ ਮਹਿੰਦਰ ਸਿੰਘ ,ਗੁਰਚਰਨ ਖੋਖਰ, 6505 ਅਧਿਆਪਕ ਯੂਨੀਅਨ ਦੇ ਸੰਸਾਰ ਸਿੰਘ, 1158 ਅਸਿਸਟੈਂਟ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਯੂਨੀਅਨ ਦੇ ਨਿਰਭੈ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਬਲਜੀਤ ਨਮੋਲ,ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜੁਝਾਰ ਲੌਂਗੋਵਾਲ,ਪੈਨਸ਼ਨਰ ਯੂਨੀਅਨ ਦੇ ਚਰਨਜੀਤ ਕੈਂਥ (ਸਮਾਜ ਸੇਵੀ), ਮਿਸਰਾ ਸਿੰਘ,ਡਾ.ਅਮਰਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਸਿਹਤ ਕ੍ਰਾਂਤੀ ਦਾ ਨਾਅਰਾ ਲਾ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੱਖ-ਵੱਖ ਤਰ੍ਹਾਂ ਦੇ ਗ਼ੈਰ ਵਿੱਦਿਅਕ ਕੰਮਾਂ ਜਿਵੇਂ ਸਾਰਾ ਸਾਲ ਚੱਲਣ ਵਾਲੀ ਬੀ.ਐੱਲ.ਓ. ਡਿਊਟੀ, ਸਿਹਤ ਬੀਮਾ ਕਾਰਡ, ਨਸ਼ਿਆਂ ਦਾ ਸਰਵੇਖਣ, ਜਨਗਣਨਾ ਆਦਿ ਡਿਊਟੀਆਂ ਲਈ ਵੱਡੀ ਗਿਣਤੀ ਵਿੱਚ ਅਧਿਆਪਕਾਂ ਨੂੰ ਲਗਾਤਾਰ ਸਕੂਲੋਂ ਬਾਹਰ ਕੱਢਿਆ ਹੋਇਆ ਹੈ।

ਅਜਿਹੇ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸਮਾਜ ਦੇ ਹਾਸ਼ੀਏ ‘ਤੇ ਧੱਕੇ ਵਰਗ ਦੇ ਬੱਚਿਆਂ ਦੀ ਪੜ੍ਹਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਦੁਆਰਾ ਵਿਦਿਆਰਥੀਆਂ ਤੋਂ ਉਹਨਾਂ ਦਾ ਸਿੱਖਿਆ ਦਾ ਮੌਲਿਕ ਅਧਿਕਾਰ ਖੋਹਿਆ ਜਾ ਰਿਹਾ ਹੈ। ਅਜਿਹੇ ਵਿੱਚ ਪੰਜਾਬ ਸਰਕਾਰ ਦੀ ਅਖੌਤੀ ‘ਸਿੱਖਿਆ ਕ੍ਰਾਂਤੀ’ ਦੀ ਪੋਲ ਖੁੱਲ੍ਹ ਰਹੀ ਹੈ ਅਤੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚੋਂ ਹਟਾਉਣ ਲਈ ਮਜ਼ਬੂਰ ਹਨ ਜਿਸ ਨਾਲ ਸਿੱਖਿਆ ਦੇ ਨਿੱਜੀਕਰਨ ਨੂੰ ਹੁਲਾਰਾ ਮਿਲ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਉਹ ਉਕਤ ਐੱਸ.ਡੀ.ਐੱਮ. ਦੇ ਦਫ਼ਤਰ ਦੇ ਬਾਹਰ ਧਰਨਾ ਇਸ ਲਈ ਲਾ ਰਹੇ ਹਨ ਕਿਉਂਕਿ ਇਸ ਨੇ ਦੋ ਕਦਮ ਅੱਗੇ ਜਾ ਕੇ ਜਨਤਕ ਸਿੱਖਿਆ ਦਾ ਨੁਕਸਾਨ ਕੀਤਾ ਹੈ ਅਤੇ ਸਕੱਤਰ ਸਕੂਲ ਸਿੱਖਿਆ ਅਤੇ ਡੀਸੀ ਸੰਗਰੂਰ ਦੇ ਹੁਕਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਨਿਯਮਾਂ ਅਨੁਸਾਰ ਅਧਿਆਪਕ ਦੀ ਬੀ.ਐੱਲ.ਓ. ਡਿਊਟੀ ਨਹੀਂ ਕੱਟੀ ਬਲਕਿ ਇਸ ਮਸਲੇ ਉੱਤੇ ਜਥੇਬੰਦੀ ਦੀ ਗੱਲ ਸੁਣਨ ਨੂੰ ਵੀ ਇਹ ਅਧਿਕਾਰੀ ਤਿਆਰ ਨਹੀਂ ਸੀ।

ਇਸ ਨੇ ਅਧਿਆਪਕ ਨੂੰ ’ਕਾਰਨ ਦੱਸੋ ਨੋਟਿਸ’ ਕੱਢ ਕੇ ਉਸਦੀ ਜਾਇਜ਼ ਗੱਲ ਸੁਣਨ ਦੀ ਬਜਾਏ ਉਸ ‘ਤੇ ਮਾਨਸਿਕ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ। ਬੁਲਾਰਿਆਂ ਨੇ ਮੰਗ ਕੀਤੀ ਕਿ ਉਕਤ ਗ਼ੈਰ ਵਿੱਦਿਅਕ ਕੰਮਾਂ ਲਈ ਸਰਕਾਰ ਪੰਜਾਬ ਦੇ ਲੱਖਾਂ ਦੀ ਗਿਣਤੀ ਵਿੱਚ ਬੇਰੁਜਗਾਰ ਬੈਠੇ ਨੌਜਵਾਨ ਭਰਤੀ ਕਰੇ। ਅਧਿਆਪਕਾਂ ਨੂੰ ਉਹਨਾਂ ਦਾ ਬੱਚਿਆਂ ਨੂੰ ਪੜ੍ਹਾਉਣ ਦਾ ਅਸਲੀ ਕੰਮ ਕਰਨ ਦਿੱਤਾ ਜਾਵੇ।

ਉਹਨਾਂ ਕਿਹਾ ਕਿ ਜੇਕਰ ਸਰਕਾਰ ਅਤੇ ਸਥਾਨਕ ਪ੍ਰਸ਼ਾਸ਼ਨ ਜਨਤਕ ਸਿੱਖਿਆ ਨੂੰ ਬਰਬਾਦ ਕਰਨ ਦੀ ਇਸ ਨੀਤੀ ਤੋਂ ਬਾਜ ਨਹੀਂ ਆਉਂਦਾ ਤਾਂ ਆਉਂਦੇ ਦਿਨਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਇਸ ਹਲਕੇ ਵਿੱਚ ਅਧਿਆਪਕ ਅਖੌਤੀ ਸਿੱਖਿਆ ਕ੍ਰਾਂਤੀ ਦੀ ਪੋਲ ਖੋਲ੍ਹਣਗੇ ਅਤੇ ਆਮ ਲੋਕਾਂ ਤੱਕ ਪਹੁੰਚ ਕਰ ਕੇ ਸਰਕਾਰ ਦੀ ਅਸਲੀਅਤ ਤੋਂ ਜਾਣੂ ਕਰਵਾਉਣਗੇ। ਧਰਨੇ ਵਿੱਚ ਉਕਤ ਤੋਂ ਇਲਾਵਾ ਸੁਖਜਿੰਦਰ ਸੰਗਰੂਰ,ਜਸਬੀਰ ਨਮੋਲ,ਯਾਦਵਿੰਦਰ ਧੂਰੀ,ਪਵਨ ਸੰਗਰੂਰ,ਸੁਖਪਾਲ ਧੂਰੀ, ਮਹਿੰਦਰ ਪ੍ਰਤਾਪ, ਰਾਜਵੀਰ ਨਾਗਰਾ,ਜਗਦੀਪ ਸੰਗਰੂਰ,ਸਤਵੀਰ ਭੁਪਾਲ,ਵਿਨੋਦ ਮੂਣਕ ਸਮੇਤ ਵੱਡੀ ਗਿਣਤੀ ਵਿੱਚ ਉਕਤ ਜਥੇਬੰਦੀਆਂ ਦੇ ਆਗੂ ਤੇ ਕਾਰਕੁਨ ਸ਼ਾਮਿਲ ਹੋਏ।

 

ਬੁੱਧੀਜੀਵੀ ਸੱਤਿਅਮ ਵਰਮਾ ਦੀ ਗ੍ਰਿਫਤਾਰੀ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ: ਲੋਕ-ਪੱਖੀ ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ

 

ਬੁੱਧੀਜੀਵੀ ਸੱਤਿਅਮ ਵਰਮਾ ਦੀ ਗ੍ਰਿਫਤਾਰੀ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਦਾ ਘਾਣ: ਲੋਕ-ਪੱਖੀ ਜਥੇਬੰਦੀਆਂ ਵੱਲੋਂ ਸਖ਼ਤ ਨਿਖੇਧੀ

ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਬਦਨਾਮ ਕਰਨ ਤੇ ਜਨ ਚੇਤਨਾ ਪ੍ਰਕਾਸ਼ਨ ਦੇ ਪੁਸਤਕ ਕੇਂਦਰ ‘ਤੇ ਛਾਪੇ ਦੀ ਨਿਖੇਧੀ

ਸੰਗਰੂਰ, 21 ਅਪ੍ਰੈਲ 2026-

ਸੰਗਰੂਰ ਦੀਆਂ ਜਨਤਕ, ਜ਼ਮਹੂਰੀ,ਤਰਕਸ਼ੀਲ ਅਤੇ ਲੋਕ-ਪੱਖੀ ਜਥੇਬੰਦੀਆਂ ਵੱਲੋਂ ਉੱਘੇ ਬੁੱਧੀਜੀਵੀ,ਪੱਤਰਕਾਰ ਅਤੇ “ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਸੰਪੂਰਨ ਉਪਲੱਬਧ ਦਸਤਾਵੇਜ” ਦੇ ਸੰਪਾਦਕ ਸੱਤਿਅਮ ਵਰਮਾ ਦੀ ਗ੍ਰਿਫਤਾਰੀ, ਨੋਇਡਾ ਵਿਖੇ ਚੱਲ ਰਹੇ ਮਜ਼ਦੂਰਾਂ ਦੇ ਹੱਕੀ ਸੰਘਰਸ਼ ਨੂੰ ਬਦਨਾਮ ਕਰਕੇ ਕੁਚਲਣ,ਮਜ਼ਦੂਰਾਂ ਤੇ ਆਗੂਆਂ ਦੀਆਂ ਨਾਜਾਇਜ਼ ਗ੍ਰਿਫਤਾਰੀਆਂ ਅਤੇ ਜਨ ਚੇਤਨਾ ਪ੍ਰਕਾਸ਼ਨ ਦੇ ਪੁਸਤਕ ਕੇਂਦਰ ‘ਤੇ ਪੁਲਿਸ ਦੇ ਛਾਪੇ ਦੀ ਸਖ਼ਤ ਨਿੰਦਾ ਕੀਤੀ ਹੈ।

ਪ੍ਰੈੱਸ ਦੇ ਨਾਂ ਸਾਂਝਾ ਬਿਆਨ ਜਾਰੀ ਕਰਦਿਆਂ ਦੇਸ਼ ਭਗਤ ਯਾਦਗਾਰ ਲੌਂਗੋਵਾਲ ਦੇ ਸੀਨੀਅਰ ਆਗੂ ਚਰਨਜੀਤ ਪਟਵਾਰੀ,ਲਖਵੀਰ ਲੌਂਗੋਵਾਲ, ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਦੇ ਬਲਬੀਰ ਲੌਂਗੋਵਾਲ,ਰਾਕੇਸ਼ ਕੁਮਾਰ,ਡੇਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਦਾਤਾ ਨਮੋਲ, ਸੁਖਜਿੰਦਰ ਸੰਗਰੂਰ, ਜਸਵੀਰ ਨਮੋਲ,ਤਰਕਸ਼ੀਲ ਸੁਸਾਈਟੀ ਪੰਜਾਬ ਦੇ ਜੁਝਾਰ ਲੌਂਗੋਵਾਲ, ਪਰਮਵੇਦ, ਸੀਤਾ ਰਾਮ, ਗੁਰਦੀਪ ਲਹਿਰਾ, ਸੁਰਿੰਦਰ ਉੱਪਲੀ, ਜਮਹੂਰੀ ਅਧਿਕਾਰ ਸਭਾ ਦੇ ਸਵਰਨਜੀਤ ਸਿੰਘ, ਜਗਜੀਤ ਭੁਟਾਲ, ਮਨਧੀਰ ਸਿੰਘ ਰਾਜੋਮਾਜਰਾ, ਵੈਸਾਖਾ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਸਾਮਰਾਜੀ ਪ੍ਰਬੰਧ ਦੀ ਸੇਵਾ ਲਈ,ਕਾਰਪੋਰੇਟ ਸੈਕਟਰ ਦੇ ਮੁਨਾਫ਼ੇ ਲਈ ਮਜ਼ਦੂਰਾਂ ‘ਤੇ ਜ਼ਬਰ ਲਗਾਤਾਰ ਜਾਰੀ ਹੈ।

ਇੱਥੋਂ ਤੱਕ ਕਿ ਸਰਕਾਰ ਮਜ਼ਦੂਰ ਜਮਾਤ, ਛੋਟੀ ਕਿਸਾਨੀ,ਛੋਟੀ ਦੁਕਾਨਦਾਰੀ, ਦਲਿਤਾਂ ਅਤੇ ਆਦਿਵਾਸੀਆਂ ਨੂੰ ਉਹਨਾਂ ਦੀ ਲੁੱਟ, ਉਜਾੜੇ ਲਈ ਸਰਕਾਰ ਦੀਆਂ ਮਾਰੂ ਨੀਤੀਆਂ ਬਾਰੇ ਜਾਣਕਾਰੀ ਦੇਣ ਜਾਂ ਕਲਮ ਚਲਾਉਣ ਵਾਲੇ ਬੁੱਧੀਜੀਵੀਆਂ, ਲੇਖਕਾਂ, ਤਰਕਸ਼ੀਲਾਂ ਅਤੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ,ਜੋ ਉਹਨਾਂ ਦੇ ਦੁੱਖਾਂ ਦੀ ਬਾਤ ਪਾਉਦੇ ਹਨ, ਨੂੰ ਵੀ ਜੇਲ੍ਹਾਂ ਅੰਦਰ ਬੰਦ ਕਰਨਾ ਚਾਹੁੰਦੀ ਹੈ ਤਾਂ ਕਿ ਦੱਬੇ ਕੁਚਲੇ ਵਰਗਾਂ ਵਿੱਚ ਚੇਤਨਾ ਦਾ ਵਿਕਾਸ ਨਾ ਹੋ ਸਕੇ।

ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਸ਼ਰੇਆਮ ਕਿਹਾ ਜਾਂਦਾ ਹੈ ਕਿ ਸਰਕਾਰ ਨੂੰ ਖਤਰਾ ਸੰਘਰਸ਼ ਕਰਨ ਵਾਲਿਆਂ ਤੋਂ ਘੱਟ ਹੈ ਬਲਕਿ ਸੰਘਰਸ਼ ਦੇ ਹਾਮੀ ਬੁੱਧੀਜੀਵੀਆਂ ਤੋਂ ਜ਼ਿਆਦਾ ਹੈ। ਸਰਕਾਰ ਦੁਆਰਾ ‘ਸ਼ਹਿਰੀ ਨਕਸਲੀ’ ਵਰਗੇ ਫਰਜ਼ੀ ਬਿਰਤਾਂਤ ਘੜ ਕੇ ਲੋਕ-ਪੱਖੀ ਬੁੱਧੀਜੀਵੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਲੰਮੇ ਸਮੇਂ ਲਈ ਜੇਲ੍ਹਾਂ ਵਿੱਚ ਬੰਦ ਰੱਖਿਆ ਜਾ ਰਿਹਾ ਹੈ।

ਇਹ ਵਰਤਾਰਾ ਇਸ ਸਰਕਾਰ ਦੇ ਫਾਸੀਵਾਦੀ ਚਰਿੱਤਰ ਨੂੰ ਨੰਗਾ ਕਰਦਾ ਹੈ ਜੋ ਕਿ ਪਿਛਲੇ ਇੱਕ ਦਹਾਕੇ ਤੋਂ ਲਗਾਤਾਰ ਜਾਰੀ ਹੈ। ਮੌਜੂਦਾ ਸਮੇਂ ਵਿੱਚ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਮਜਦੂਰਾਂ ਵੱਲੋਂ ਆਪਣੀ ਲੁੱਟ ਖ਼ਿਲਾਫ਼ ਚਲਾਇਆ ਜਾ ਰਿਹਾ ਸੰਘਰਸ਼ ਉਹਨਾਂ ਦਾ ਲੋਕਤੰਤਰੀ ਹੱਕ ਹੈ ਜਿਸ ਨੂੰ ਦਬਾਇਆ ਨਹੀਂ ਜਾ ਸਕਦਾ।

ਮਜਦੂਰਾਂ ਦੀ ਤਾਕਤ ਨੂੰ ਘਟਾ ਕੇ ਦੇਖਣ ਦਾ ਭਰਮ ਸਰਕਾਰ ਨੂੰ ਨਹੀਂ ਪਾਲਣਾ ਚਾਹੀਦਾ। ਇਸ ਜ਼ਬਰ ਵਿਰੁੱਧ ਜਲਦ ਹੀ ਮੁਲਕ ਦੇ ਕੋਨੇ ਕੋਨੇ ਵਿੱਚ ਇਨਸਾਫ਼ ਪਸੰਦ ਲੋਕਾਂ ਦੁਆਰਾ ਸੰਘਰਸ਼ ਦੇਖਣ ਨੂੰ ਮਿਲਣਗੇ। ਆਗੂਆਂ ਨੇ ਮੰਗ ਕੀਤੀ ਕਿ ਸੰਘਰਸ਼ਸ਼ੀਲ ਮਜ਼ਦੂਰਾਂ ਦੀਆਂ ਮੰਗਾਂ ਮੰਨੀਆਂ ਜਾਣ, ਲੋਕ ਪੱਖੀ ਅਦਾਰਿਆਂ ਅਤੇ ਬੁੱਧੀਜੀਵੀਆਂ ਨੂੰ ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ ਅਤੇ ਗ੍ਰਿਫਤਾਰ ਕੀਤੇ ਮਜ਼ਦੂਰਾਂ,ਆਗੂਆਂ ਤੇ ਬੁੱਧੀਜੀਵੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ।

 

ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਅਤੇ ਮੁਲਾਜ਼ਮਾਂ ਨਾਲ ਅਹਿਮ ਮੀਟਿੰਗ, ਜਾਣੋ ਮੰਗਾਂ ਮੰਨਣ ਬਾਰੇ ਕੀ ਮਿਲਿਆ ਭਰੋਸਾ?

 

ਪੰਜਾਬ ਸਰਕਾਰ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਅਤੇ ਮੁਲਾਜ਼ਮਾਂ ਨਾਲ ਅਹਿਮ ਮੀਟਿੰਗ, ਜਾਣੋ ਮੰਗਾਂ ਮੰਨਣ ਬਾਰੇ ਕੀ ਮਿਲਿਆ ਭਰੋਸਾ?

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗਾਂ, ਜਾਇਜ਼ ਮੰਗਾਂ ‘ਤੇ ਜਲਦੀ ਕਾਰਵਾਈ ਦਾ ਦਿੱਤਾ ਭਰੋਸਾ

ਮੁਲਾਜ਼ਮਾਂ ਦੀ ਭਲਾਈ ਭਗਵੰਤ ਮਾਨ ਸਰਕਾਰ ਦੀ ਪ੍ਰਮੁੱਖ ਤਰਜੀਹ: ਹਰਪਾਲ ਸਿੰਘ ਚੀਮਾ

ਭਗਵੰਤ ਮਾਨ ਸਰਕਾਰ ਮੁਲਾਜ਼ਮਾਂ ਦੀ ਭਲਾਈ ਅਤੇ ਵਿੱਤੀ ਸੁਰੱਖਿਆ ਲਈ ਵਚਨਬੱਧ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 21 ਅਪ੍ਰੈਲ 2026- ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇੱਥੇ ਮੁਲਾਜ਼ਮ ਅਤੇ ਵਰਕਰ ਯੂਨੀਅਨਾਂ ਦੇ ਵਫ਼ਦਾਂ ਨਾਲ ਲੜੀਵਾਰ ਮੀਟਿੰਗਾਂ ਕੀਤੀਆਂ, ਜਿੱਥੇ ਉਨ੍ਹਾਂ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਵਿਸਥਾਰ ਨਾਲ ਸੁਣਿਆ ਅਤੇ ਜਾਇਜ਼ ਮਸਲਿਆਂ ਦੇ ਜਲਦ ਹੱਲ ਦਾ ਭਰੋਸਾ ਦਿੱਤਾ। ਮੁਲਾਜ਼ਮਾਂ ਦੀ ਭਲਾਈ ਪ੍ਰਤੀ ਭਗਵੰਤ ਮਾਨ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਉਨ੍ਹਾਂ ਨੇ ਵਿਭਾਗਾਂ ਨੂੰ ਤੁਰੰਤ ਕਾਰਵਾਈ ਕਰਨ ਅਤੇ ਵਿੱਤੀ ਪ੍ਰਵਾਨਗੀ ਦੀ ਲੋੜ ਵਾਲੇ ਮਾਮਲਿਆਂ ਵਿੱਚ ਤਜਵੀਜ਼ਾਂ ਭੇਜਣ ਦੇ ਨਿਰਦੇਸ਼ ਦਿੱਤੇ।

ਇਨ੍ਹਾਂ ਮੀਟਿੰਗਾਂ ਦੌਰਾਨ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ, ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਅਤੇ ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਦੇ ਵਫ਼ਦਾਂ ਨਾਲ ਵਿਸਤ੍ਰਿਤ ਗੱਲਬਾਤ ਕੀਤੀ। ਇਸ ਤੋਂ ਇਲਾਵਾ, ਓਵਰਏਜ ਬੇਰੁਜ਼ਗਾਰ ਅਧਿਆਪਕ ਯੂਨੀਅਨ ਅਤੇ ਪੰਜਾਬ ਨੰਬਰਦਾਰ ਯੂਨੀਅਨ ਦੇ ਨੁਮਾਇੰਦਿਆਂ ਨਾਲ ਵੀ ਵਿਆਪਕ ਵਿਚਾਰ-ਵਟਾਂਦਰਾ ਕੀਤਾ।

ਵਿੱਤ ਮੰਤਰੀ ਨੇ ਗੱਲਬਾਤ ਦੌਰਾਨ ਯੂਨੀਅਨ ਆਗੂਆਂ ਵੱਲੋਂ ਉਠਾਏ ਗਏ ਮਸਲਿਆਂ ਅਤੇ ਮੰਗਾਂ ਨੂੰ ਧੀਰਜ, ਹਮਦਰਦੀ ਅਤੇ ਪੂਰੇ ਧਿਆਨ ਨਾਲ ਸੁਣਿਆ। ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਉਜਾਗਰ ਕੀਤੀਆਂ ਗਈਆਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਫੈਸਲਾਕੁੰਨ ਪ੍ਰਸ਼ਾਸਨਿਕ ਕਦਮ ਚੁੱਕੇ।

ਮੁਲਾਜ਼ਮਾਂ ਦੇ ਮੁੱਦਿਆਂ ਪ੍ਰਤੀ ਹਮਦਰਦੀ ਅਤੇ ਵਿਹਾਰਕ ਪਹੁੰਚ ਅਪਣਾਉਂਦਿਆਂ, ਉਨ੍ਹਾਂ ਨੇ ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਦੇ ਅਧਿਕਾਰੀਆਂ ਨੂੰ ਯੂਨੀਅਨਾਂ ਵੱਲੋਂ ਉਠਾਈਆਂ ਗਈਆਂ ਸਾਰੀਆਂ ਜਾਇਜ਼ ਅਤੇ ਤਰਕਸੰਗਤ ਮੰਗਾਂ ਨੂੰ ਪੂਰਾ ਕਰਨ ਲਈ ਤੁਰੰਤ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਇਸ ਤੋਂ ਇਲਾਵਾ, ਜਿਨ੍ਹਾਂ ਮਾਮਲਿਆਂ ਵਿੱਚ ਵਿਸ਼ੇਸ਼ ਵਿੱਤੀ ਪ੍ਰਵਾਨਗੀਆਂ ਦੀ ਲੋੜ ਹੈ, ਉਨ੍ਹਾਂ ਲਈ ਵਿੱਤ ਮੰਤਰੀ ਨੇ ਸਬੰਧਤ ਪ੍ਰਸ਼ਾਸਨਿਕ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤੁਰੰਤ ਵਿਚਾਰ ਅਤੇ ਮਨਜ਼ੂਰੀ ਨੂੰ ਯਕੀਨੀ ਬਣਾਉਣ ਲਈ ਵਿੱਤ ਵਿਭਾਗ ਨੂੰ ਵਿਸਤ੍ਰਿਤ ਤਜਵੀਜ਼ਾਂ ਤਿਆਰ ਕਰਕੇ ਭੇਜਣ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਯੂਨੀਅਨ ਨੁਮਾਇੰਦਿਆਂ ਨਾਲ ਸਰਗਰਮੀ ਨਾਲ ਰਾਬਤਾ ਕਾਇਮ ਕਰਕੇ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਦਫ਼ਤਰੀ ਪ੍ਰਕਿਰਿਆਵਾਂ ਵਿੱਚ ਤੇਜ਼ੀ ਲਿਆ ਕੇ, ਭਗਵੰਤ ਮਾਨ ਸਰਕਾਰ ਦਾ ਉਦੇਸ਼ ਸੂਬੇ ਦੇ ਸਾਰੇ ਮੁਲਾਜ਼ਮਾਂ ਅਤੇ ਕੰਮਕਾਜੀ ਸਮੂਹਾਂ ਦੀ ਭਲਾਈ, ਵਿੱਤੀ ਸੁਰੱਖਿਆ ਅਤੇ ਪੇਸ਼ੇਵਰ ਸੰਤੁਸ਼ਟੀ ਨੂੰ ਯਕੀਨੀ ਬਣਾਉਣਾ ਹੈ।”

ਇਨ੍ਹਾਂ ਮੀਟਿੰਗਾਂ ਦੌਰਾਨ ਆਰਟ ਐਂਡ ਕਰਾਫਟ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਹਰਜਿੰਦਰ ਸਿੰਘ ਅਤੇ ਹਰਪ੍ਰੀਤ ਸਿੰਘ, ਲਾਲ ਝੰਡਾ ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਤੋਂ ਜਸਮੇਲ ਕੌਰ ਬੀਰਕਲਾਂ, ਖੁਸ਼ਪ੍ਰੀਤ ਕੌਰ ਅਤੇ ਦੇਵ ਰਾਜ ਵਰਮਾ, ਡੈਮੋਕ੍ਰੇਟਿਕ ਮਿਡ ਡੇ ਮੀਲ ਕੁੱਕ ਫਰੰਟ ਤੋਂ ਹਰਜਿੰਦਰ ਕੌਰ, ਸਿਮਰਜੀਤ ਕੌਰ, ਮੁਕੇਸ਼ ਰਾਣੀ ਅਤੇ ਜ਼ੈਲ ਕੌਰ, ਓਵਰਏਜ ਬੇਰੁਜ਼ਗਾਰ ਅਧਿਆਪਕ ਯੂਨੀਅਨ ਤੋਂ ਰਮਨ ਕੁਮਾਰ ਮਲੋਟ ਅਤੇ ਲਲਿਤਾ, ਅਤੇ ਪੰਜਾਬ ਨੰਬਰਦਾਰ ਯੂਨੀਅਨ ਤੋਂ ਗੁਰਪਾਲ ਸਿੰਘ ਸਮਰਾ, ਰਛਪਾਲ ਸਿੰਘ, ਸੁਰਜੀਤ ਸਿੰਘ ਅਤੇ ਗੁਰਦਰਸ਼ਨ ਸਿੰਘ ਨੇ ਆਪਣੇ ਮਸਲੇ ਅਤੇ ਮੰਗਾਂ ਉਠਾਈਆਂ।

 

 

ਪੰਜਾਬ ਦੇ ਸਕੂਲਾਂ ਦਾ ਬਦਲਿਆ ਜਾਵੇ ਸਮਾਂ- ਮਾਪਿਆਂ ਨੇ ਕੀਤੀ ਮੰਗ

 

ਪੰਜਾਬ ਦੇ ਸਕੂਲਾਂ ਦਾ ਬਦਲਿਆ ਜਾਵੇ ਸਮਾਂ- ਮਾਪਿਆਂ ਨੇ ਕੀਤੀ ਮੰਗ

ਬੱਚਿਆਂ ਦੀ ਸਿਹਤ ‘ਤੇ ਮੰਡਰਾਇਆ ਖ਼ਤਰਾ

Punjab Network

ਚੰਡੀਗੜ੍ਹ, 21 ਅਪ੍ਰੈਲ 2026-

ਪੰਜਾਬ ਵਿੱਚ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਚੱਲਦਿਆਂ ਸਕੂਲੀ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਜਾਵੇ।

ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ, ਸਕੂਲਾਂ ਦਾ ਸਮਾਂ ਬਦਲ ਕੇ ਸਵੇਰ ਦਾ ਕੀਤਾ ਜਾਵੇ ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ।

ਗਰਮੀ ਨੇ ਅਪ੍ਰੈਲ ਮਹੀਨੇ ਵਿੱਚ ਹੀ, ਜੁਲਾਈ ਵਰਗਾ ਕਹਿਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਸੂਬੇ ਦੇ ਕਈ ਹਿੱਸਿਆਂ ਵਿੱਚ ਪਾਰਾ 38 ਤੋਂ 40 ਡਿਗਰੀ ਸੈਲਸੀਅਸ ਤੱਕ ਪਹੁੰਚਣ ਕਾਰਨ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।

ਇਸ ਭਿਆਨਕ ਗਰਮੀ ਨੇ ਸਕੂਲੀ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਚਿੰਤਾ ਵਿੱਚ ਭਾਰੀ ਵਾਧਾ ਕਰ ਦਿੱਤਾ ਹੈ। ਦੁਪਹਿਰ ਵੇਲੇ ਜਦੋਂ ਸਕੂਲਾਂ ਦੀ ਛੁੱਟੀ ਹੁੰਦੀ ਹੈ, ਉਸ ਸਮੇਂ ਸੂਰਜ ਦੀ ਤਪਸ਼ ਆਪਣੇ ਸਿਖਰ ‘ਤੇ ਹੁੰਦੀ ਹੈ।

ਲਗਭਗ 40 ਡਿਗਰੀ ਦੇ ਤਾਪਮਾਨ ਵਿੱਚ ਬੱਚਿਆਂ ਨੂੰ ਸਕੂਲ ਜਾਂ ਟਿਊਸ਼ਨ ਤੋਂ ਲੈ ਕੇ ਆਉਣਾ ਮਾਪਿਆਂ ਲਈ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਸੜਕਾਂ ‘ਤੇ ਅਕਸਰ ਔਰਤਾਂ ਆਪਣੇ ਬੱਚਿਆਂ ਨੂੰ ਤੇਜ਼ ਧੁੱਪ ਅਤੇ ਲੂ (Heatwave) ਤੋਂ ਬਚਾਉਣ ਲਈ ਉਨ੍ਹਾਂ ਦੇ ਸਿਰ ਅਤੇ ਚਿਹਰੇ ਕੱਪੜਿਆਂ ਨਾਲ ਢੱਕ ਕੇ ਜਾਂ ਛਤਰੀਆਂ ਦੀ ਵਰਤੋਂ ਕਰਦੀਆਂ ਦੇਖੀਆਂ ਜਾ ਸਕਦੀਆਂ ਹਨ।

ਵਧ ਰਹੀ ਗਰਮੀ ਅਤੇ ਬੱਚਿਆਂ ਵਿੱਚ ਡੀਹਾਈਡ੍ਰੇਸ਼ਨ (ਪਾਣੀ ਦੀ ਕਮੀ) ਅਤੇ ਲੂ ਲੱਗਣ ਦੇ ਖ਼ਤਰੇ ਨੂੰ ਦੇਖਦੇ ਹੋਏ, ਮਾਪਿਆਂ ਅਤੇ ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ, ਸਕੂਲਾਂ ਦਾ ਸਮਾਂ ਬਦਲ ਕੇ ਸਵੇਰ ਦਾ ਕੀਤਾ ਜਾਵੇ ਤਾਂ ਜੋ ਬੱਚੇ ਦੁਪਹਿਰ ਦੀ ਤਪਸ਼ ਤੋਂ ਬਚ ਸਕਣ।

ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ‘ਤੇ ਗਰਮੀ ਦਾ ਅਸਰ ਬਹੁਤ ਜਲਦੀ ਹੁੰਦਾ ਹੈ। ਉਨ੍ਹਾਂ ਨੇ ਮਾਪਿਆਂ ਨੂੰ ਸਲਾਹ ਦਿੱਤੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪਾਣੀ, ਨਿੰਬੂ ਪਾਣੀ ਅਤੇ ਓ.ਆਰ.ਐੱਸ. (ORS) ਦਾ ਘੋਲ ਦਿੰਦੇ ਰਹਿਣ।

ਬਾਹਰ ਨਿਕਲਣ ਵੇਲੇ ਸਿਰ ਢੱਕ ਕੇ ਰੱਖਣਾ ਬੇਹੱਦ ਜ਼ਰੂਰੀ ਹੈ। ਹੁਣ ਸਭ ਦੀਆਂ ਨਜ਼ਰਾਂ ਸਿੱਖਿਆ ਵਿਭਾਗ ਦੇ ਅਗਲੇ ਫੈਸਲੇ ‘ਤੇ ਟਿਕੀਆਂ ਹੋਈਆਂ ਹਨ ਕਿ ਕੀ ਸਰਕਾਰ ਬੱਚਿਆਂ ਨੂੰ ਰਾਹਤ ਦੇਣ ਲਈ ਕੋਈ ਨਵਾਂ ਹੁਕਮ ਜਾਰੀ ਕਰਦੀ ਹੈ ਜਾਂ ਨਹੀਂ?

 

ਵੱਡੀ ਖ਼ਬਰ: 30000 ਰੁਪਏ ਰਿਸ਼ਵਤ ਲੈਂਦਾ SHO ਗ੍ਰਿਫ਼ਤਾਰ

 

ਵੱਡੀ ਖ਼ਬਰ: 30,000 ਰੁਪਏ ਰਿਸ਼ਵਤ ਲੈਂਦਾ SHO ਗ੍ਰਿਫ਼ਤਾਰ

Punjab Network

ਲੁਧਿਆਣਾ/ਚੰਡੀਗੜ੍ਹ, 21 ਅਪ੍ਰੈਲ 2026- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਥਾਣਾ ਡਿਵੀਜ਼ਨ ਨੰਬਰ 4 ਲੁਧਿਆਣਾ ਵਿਖੇ ਐਸ.ਐਚ.ਓ. ਵਜੋਂ ਤਾਇਨਾਤ ਇੰਸਪੈਕਟਰ ਗੁਰਜੀਤ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ।

ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਮੁਲਜ਼ਮ ਨੂੰ ਨੂਰਵਾਲਾ ਰੋਡ ਲੁਧਿਆਣਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਪੁੱਤਰ ਨੂੰ ਡਿਵੀਜ਼ਨ ਨੰਬਰ 4 ਲੁਧਿਆਣਾ ਵਿਖੇ ਦਰਜ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਜਦੋਂ ਉਹ ਆਪਣੇ ਪੁੱਤਰ ਨੂੰ ਥਾਣਾ ਡਿਵੀਜ਼ਨ ਨੰਬਰ 4 ਲੁਧਿਆਣਾ ਮਿਲਣ ਗਈ ਤਾਂ ਉਸਦੇ ਪੁੱਤਰ ਨੇ ਦੱਸਿਆ ਕਿ ਪੁਲਿਸ ਨੇ ਉਸਨੂੰ ਬੇਰਹਿਮੀ ਨਾਲ ਕੁੱਟਿਆ ਹੈ ਅਤੇ ਉਸਦੀ ਸੋਨੇ ਦੀ ਅੰਗੂਠੀ ਅਤੇ ਚਾਂਦੀ ਦਾ ਬਰੇਸਲੇਟ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

ਇਸ ਸਬੰਧੀ ਮੁਲਜ਼ਮ ਇੰਸਪੈਕਟਰ ਨੇ ਸੋਨੇ ਦੀ ਅੰਗੂਠੀ ਅਤੇ ਚਾਂਦੀ ਦਾ ਬਰੇਸਲੇਟ ਵਾਪਸ ਕਰਨ ਲਈ 35,000 ਰੁਪਏ ਦੀ ਰਿਸ਼ਵਤ ਮੰਗੀ, ਪਰ ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਦੀ ਪੂਰੀ ਗੱਲਬਾਤ ਰਿਕਾਰਡ ਕਰ ਲਈ।

ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ, ਇਸ ਲਈ ਉਸ ਨੇ ਵਿਜੀਲੈਂਸ ਬਿਊਰੋ, ਲੁਧਿਆਣਾ ਨਾਲ ਸੰਪਰਕ ਕੀਤਾ।

ਉਸਦੀ ਸ਼ਿਕਾਇਤ ‘ਤੇ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਜਿਸ ਦੌਰਾਨ ਮੁਲਜ਼ਮ ਇੰਸਪੈਕਟਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਸਬੰਧੀ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਥਾਣਾ ਲੁਧਿਆਣਾ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

 

BIG BREAKING: ਆਂਗਣਵਾੜੀ ਵਰਕਰਾਂ ਦੀ ਵੱਡੀ ਜਿੱਤ; ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ, 37,247 ਰੁਪਏ ਪ੍ਰਤੀ ਮਹੀਨਾ ਤਨਖਾਹ ਦੇਣ ‘ਤੇ ਮੰਗਿਆ ਜਵਾਬ

 

BIG BREAKING: ਆਂਗਣਵਾੜੀ ਵਰਕਰਾਂ ਦੀ ਵੱਡੀ ਜਿੱਤ; ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ, 37,247 ਰੁਪਏ ਤਨਖਾਹ ਦੇਣ ‘ਤੇ ਮੰਗਿਆ ਜਵਾਬ

ਪੰਜਾਬ ਨੈੱਟਵਰਕ

ਚੰਡੀਗੜ੍ਹ, 21 ਅਪ੍ਰੈਲ 2026-

ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਇਤਿਹਾਸਕ ਖ਼ਬਰ ਸਾਹਮਣੇ ਆਈ ਹੈ। ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਵੱਲੋਂ ਦਰਜਾ-3 ਅਤੇ ਦਰਜਾ-4 ਮੁਲਾਜ਼ਮ ਬਣਾਉਣ ਲਈ ਪਾਈ ਗਈ ਰਿਟ ਪਟੀਸ਼ਨ ‘ਤੇ ਹਾਈਕੋਰਟ ਨੇ ਵੱਡਾ ਫ਼ੈਸਲਾ ਸੁਣਾਉਂਦਿਆਂ ਪੰਜਾਬ ਸਰਕਾਰ ਅਤੇ ਵਿਭਾਗ ਦੇ ਡਾਇਰੈਕਟਰ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ।

ਸਰਵ ਆਂਗਣਵਾੜੀ ਵਰਕਰ ਹੈਲਪਰ ਯੂਨੀਅਨ ਦੀ ਸੂਬਾ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਜਰਾਤ ਹਾਈਕੋਰਟ ਦੀ ਤਰਜ਼ ‘ਤੇ 9 ਅਪ੍ਰੈਲ 2025 ਨੂੰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ। ਅਦਾਲਤ ਨੇ ਹੁਣ ਪੰਜਾਬ ਸਰਕਾਰ ਤੋਂ 3 ਮਹੀਨਿਆਂ ਦੇ ਅੰਦਰ ਜਵਾਬ ਮੰਗਿਆ ਹੈ ਕਿ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਘੱਟੋ-ਘੱਟ ਉਜਰਤ ਦੇ ਦਾਇਰੇ ਵਿੱਚ ਲਿਆ ਕੇ, ਤੈਅ ਕੀਤੀ ਗਈ ਰਾਸ਼ੀ 37,247 ਰੁਪਏ ਕਦੋਂ ਤੱਕ ਦਿੱਤੀ ਜਾਵੇਗੀ।

50 ਸਾਲਾਂ ਦਾ ਇੰਤਜ਼ਾਰ ਹੋਵੇਗਾ ਖ਼ਤਮ?

ਮੈਡਮ ਛੀਨਾ ਨੇ ਕਿਹਾ ਕਿ ICDS ਸਕੀਮ ਨੂੰ ਚੱਲਦਿਆਂ 50 ਸਾਲ ਹੋ ਚੁੱਕੇ ਹਨ, ਪਰ ਹੁਣ ਤੱਕ ਸਰਕਾਰਾਂ ਨੇ ਵਰਕਰਾਂ ਨਾਲ ‘ਮਤਰੇਈ ਮਾਂ’ ਵਰਗਾ ਸਲੂਕ ਕੀਤਾ ਹੈ। ਲੰਬੇ ਸਮੇਂ ਤੋਂ ਮੰਗਾਂ ਨਾ ਮੰਨੇ ਜਾਣ ਕਾਰਨ ਯੂਨੀਅਨ ਨੂੰ ਮਜਬੂਰਨ ਹਾਈਕੋਰਟ ਦਾ ਦਰਵਾਜ਼ਾ ਖੜਕਾਉਣਾ ਪਿਆ। ਹੁਣ ਅਦਾਲਤ ਦਾ ਰੁਖ਼ ਸਪੱਸ਼ਟ ਤੌਰ ‘ਤੇ ਯੂਨੀਅਨ ਦੇ ਹੱਕ ਵਿੱਚ ਨਜ਼ਰ ਆ ਰਿਹਾ ਹੈ, ਜਿਸ ਨਾਲ ਪੂਰੇ ਪੰਜਾਬ ਵਿੱਚ ਖੁਸ਼ੀ ਦੀ ਲਹਿਰ ਹੈ।

ਜਵਾਬ ਨਾ ਮਿਲਿਆ ਤਾਂ ਪਾਵਾਂਗੇ ‘ਕੰਟੈਂਪਟ’

ਮੈਡਮ ਛੀਨਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ, ਉਹ ਵਿਭਾਗ ਦੇ ਫ਼ੈਸਲੇ ਲਈ 3 ਮਹੀਨੇ ਉਡੀਕ ਕਰਨਗੇ। ਜੇਕਰ ਸਰਕਾਰ ਨੇ ਜਵਾਬ ਨਾ ਦਿੱਤਾ, ਤਾਂ ਉਹ ਕੰਟੈਂਪਟ (Contempt of Court) ਪਾ ਕੇ ਅਦਾਲਤੀ ਕਾਰਵਾਈ ਨੂੰ ਅੱਗੇ ਵਧਾਉਣਗੇ। ਜਦੋਂ ਤੱਕ ਸੈਂਟਰ ਅਤੇ ਸਟੇਟ ਸਰਕਾਰ ਬਣਦਾ ਹੱਕ ਨਹੀਂ ਦੇ ਦਿੰਦੀ, ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ।

 

 

 

Punjab News: ਸਕੂਲੀ ਬੱਚਿਆਂ ਨਾਲ ਭਰੇ ਵਾਹਨ ਨੂੰ ਕਾਰ ਨੇ ਮਾਰੀ ਟੱਕਰ; 15 ਬੱਚੇ ਜ਼ਖ਼ਮੀ, 5 ਦੀ ਹਾਲਤ ਗੰਭੀਰ

 

ਸਕੂਲੀ ਬੱਚਿਆਂ ਨਾਲ ਭਰੇ ਵਾਹਨ ਨੂੰ ਕਾਰ ਨੇ ਮਾਰੀ ਟੱਕਰ; 15 ਬੱਚੇ ਜ਼ਖ਼ਮੀ, 5 ਦੀ ਹਾਲਤ ਗੰਭੀਰ

ਮਾਛੀਵਾੜਾ ਸਾਹਿਤ/ਲੁਧਿਆਣਾ 21 ਅਪ੍ਰੈਲ, 2026-

ਮਾਛੀਵਾੜਾ ਦੇ ਨਜ਼ਦੀਕੀ ਪਿੰਡ ਭੁਪਾਣੇ ਕੋਲ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦੀ ਖ਼ਬਰ ਹੈ। ਇੱਕ ਤੇਜ਼ ਰਫ਼ਤਾਰ ਕਾਰ ਨੇ ਸਰਕਾਰੀ ਸਕੂਲ ਜਾ ਰਹੇ ਬੱਚਿਆਂ ਨਾਲ ਭਰੇ ਜੁਗਾੜੀ ਵਾਹਨ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਰੀਬ 10 ਤੋਂ 15 ਬੱਚੇ ਜ਼ਖ਼ਮੀ ਹੋ ਗਏ।

ਹਾਦਸੇ ਤੋਂ ਤੁਰੰਤ ਬਾਅਦ ਕਾਰ ਚਾਲਕ ਮੌਕੇ ਤੋਂ ਫ਼ਰਾਰ ਹੋਣ ਵਿੱਚ ਸਫ਼ਲ ਰਿਹਾ। ਜਾਣਕਾਰੀ ਅਨੁਸਾਰ, ਬੰਧੋਵਾਲ ਬੰਨ੍ਹ ਤੋਂ ਪਿੰਡ ਭੁਪਾਣੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਨ ਵਾਲੇ ਕਰੀਬ 20-25 ਬੱਚੇ ਇੱਕ ਜੁਗਾੜੀ ਰੇਹੜੇ ‘ਤੇ ਸਵਾਰ ਹੋ ਕੇ ਸਕੂਲ ਜਾ ਰਹੇ ਸਨ।

ਜਦੋਂ ਇਹ ਰੇਹੜਾ ਭੁਪਾਣੇ ਪਿੰਡ ਦੇ ਮੋੜ ਨੇੜੇ ਪਹੁੰਚਿਆ, ਤਾਂ ਪਿੱਛੋਂ ਆ ਰਹੀ ਇੱਕ ਬੇਕਾਬੂ ਤੇਜ਼ ਰਫ਼ਤਾਰ ਕਾਰ ਨੇ ਇਸ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਰੇਹੜਾ ਪਲਟ ਗਿਆ ਅਤੇ ਮਾਸੂਮ ਬੱਚੇ ਸੜਕ ‘ਤੇ ਜਾ ਗਿਰੇ। ਰਾਹਗੀਰਾਂ ਅਤੇ ਮਜ਼ਦੂਰਾਂ ਨੇ ਤੁਰੰਤ ਬੱਚਿਆਂ ਨੂੰ ਸੰਭਾਲਿਆ ਅਤੇ ਹਸਪਤਾਲ ਪਹੁੰਚਾਇਆ।

ਹਸਪਤਾਲ ਦੇ ਡਾਕਟਰਾਂ ਅਨੁਸਾਰ, ਦਾਖਲ ਕੀਤੇ ਗਏ ਬੱਚਿਆਂ ਵਿੱਚੋਂ 4-5 ਦੀ ਹਾਲਤ ਗੰਭੀਰ ਬਣੀ ਹੋਈ ਹੈ। ਕੁਝ ਬੱਚਿਆਂ ਦੇ ਪੱਟ ਅਤੇ ਗੋਡਿਆਂ ਦੀਆਂ ਹੱਡੀਆਂ ਟੁੱਟ ਗਈਆਂ ਹਨ।

ਕਈ ਬੱਚਿਆਂ ਦੇ ਸਿਰ ਅਤੇ ਛਾਤੀ ‘ਤੇ ਅੰਦਰੂਨੀ ਸੱਟਾਂ ਲੱਗੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ 24 ਘੰਟਿਆਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਹੈ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਬੱਚਿਆਂ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪੀੜਤ ਬੱਚੀ ਦੇ ਪਿਤਾ ਜੁਗਿੰਦਰ ਨੇ ਦੱਸਿਆ ਕਿ ਕਾਰ ਚਾਲਕ ਦੀ ਘੋਰ ਲਾਪਰਵਾਹੀ ਨੇ ਕਈ ਮਾਸੂਮਾਂ ਦੀ ਜਾਨ ਜੋਖ਼ਮ ਵਿੱਚ ਪਾ ਦਿੱਤੀ ਹੈ। ਮਾਪਿਆਂ ਨੇ ਦੋਸ਼ੀ ਚਾਲਕ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਮੌਕੇ ‘ਤੇ ਪਹੁੰਚੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਫ਼ਰਾਰ ਕਾਰ ਚਾਲਕ ਦੀ ਭਾਲ ਲਈ ਇਲਾਕੇ ਦੇ ਸੀਸੀਟੀਵੀ (CCTV) ਫੁਟੇਜ ਖੰਗਾਲੇ ਜਾ ਰਹੇ ਹਨ।

ਇਸ ਹਾਦਸੇ ਨੇ ਇੱਕ ਵਾਰ ਫਿਰ ਸੜਕੀ ਸੁਰੱਖਿਆ ਅਤੇ ਖ਼ਾਸ ਕਰਕੇ ਗਰੀਬ ਪਰਿਵਾਰਾਂ ਦੇ ਬੱਚਿਆਂ ਲਈ ਸਕੂਲੀ ਆਵਾਜਾਈ ਦੇ ਅਸੁਰੱਖਿਅਤ ਸਾਧਨਾਂ (ਜੁਗਾੜੀ ਰੇਹੜੇ) ‘ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਪ੍ਰਸ਼ਾਸਨ ਵੱਲੋਂ ਅਜਿਹੇ ਵਾਹਨਾਂ ‘ਤੇ ਰੋਕ ਨਾ ਲਗਾਉਣਾ ਅਤੇ ਤੇਜ਼ ਰਫ਼ਤਾਰ ਵਾਹਨਾਂ ‘ਤੇ ਸ਼ਿਕੰਜਾ ਨਾ ਕੱਸਣਾ ਅਜਿਹੇ ਹਾਦਸਿਆਂ ਦਾ ਮੁੱਖ ਕਾਰਨ ਬਣ ਰਿਹਾ ਹੈ।