ਮੰਗਲਵਾਰ, ਜੂਨ 2, 2026
Home Blog Page 84

Punjab Breaking: ਸਰਕਾਰੀ ਮੁਲਾਜ਼ਮਾਂ ਵੱਲੋਂ ’ਕੰਮ-ਛੋੜ ਹੜਤਾਲ’ ਦਾ ਐਲਾਨ

 

Punjab Breaking: ਸਰਕਾਰੀ ਮੁਲਾਜ਼ਮਾਂ ਵੱਲੋਂ ’ਕੰਮ-ਛੋੜ ਹੜਤਾਲ’ ਦਾ ਐਲਾਨ

ਸਫਾਈ ਕਰਮਚਾਰੀਆਂ ਨੇ ਬਜਾਇਆ ਸੰਘਰਸ਼ ਦਾ ਬਿਗੁਲ: 6 ਮਈ ਤੋਂ ਸੂਬਾ ਪੱਧਰੀ ’ਕੰਮ-ਛੋੜ ਹੜਤਾਲ’ ਦਾ ਐਲਾਨ

ਸਰਕਾਰ ਦੀਆਂ ‘ਚਾਲਾਂ’ ਨੂੰ ਰੋਕਣ ਲਈ ਬੀ ਤੇ ਸੀ ਟੀਮਾਂ ਤਿਆਰ

“ਹੱਕਾਂ ਦੀ ਲੜਾਈ ‘ਤੇ ਕੋਈ ਜਾਬਤਾ ਲਾਗੂ ਨਹੀਂ ਹੁੰਦਾ”

ਚੰਡੀਗੜ੍ਹ, 21 ਅਪ੍ਰੈਲ, 2026-

ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਲਗਾਤਾਰ ਕੀਤੀ ਜਾ ਰਹੀ ਅਣਦੇਖੀ ਤੋਂ ਖ਼ਫ਼ਾ ਹੋ ਕੇ ‘ਸਫਾਈ ਕਰਮਚਾਰੀ ਐਕਸ਼ਨ ਕਮੇਟੀ ਪੰਜਾਬ’ ਨੇ ਸਰਕਾਰ ਵਿਰੁੱਧ ਸੂਬਾ ਪੱਧਰੀ ਮੋਰਚਾ ਖੋਲ੍ਹ ਦਿੱਤਾ ਹੈ।

ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜੇਕਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ 6 ਮਈ ਤੋਂ ਪੂਰੇ ਪੰਜਾਬ ਵਿੱਚ ਸਫਾਈ ਸੇਵਾਵਾਂ ਠੱਪ ਕਰਕੇ ’ਕੰਮ-ਛੋੜ ਹੜਤਾਲ’ ਸ਼ੁਰੂ ਕੀਤੀ ਜਾਵੇਗੀ।

ਐਕਸ਼ਨ ਕਮੇਟੀ ਦੇ ਜਨਰਲ ਸਕੱਤਰ ਰਮੇਸ਼ ਗੈਚੰਡ ਅਤੇ ਮੁੱਖ ਸਲਾਹਕਾਰ ਕੁਲਦੀਪ ਸ਼ਰਮਾ ਨੇ ਸਖ਼ਤ ਲਹਿਜ਼ੇ ਵਿੱਚ ਕਿਹਾ ਕਿ ਸਰਕਾਰ ਨੇ ਸਫਾਈ ਸੇਵਕਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਕੇ ਉਨ੍ਹਾਂ ਨਾਲ ਧਰੋਹ ਕਮਾਇਆ ਹੈ।

ਯੂਨੀਅਨ ਨੇ ਖੁਲਾਸਾ ਕੀਤਾ ਕਿ ਸਰਕਾਰ ਵੱਲੋਂ ਸੰਘਰਸ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ ਬੀ ਅਤੇ ਸੀ ਟੀਮਾਂ ਦਾ ਗਠਨ ਵੀ ਕਰ ਦਿੱਤਾ ਗਿਆ ਹੈ, ਜੋ ਕਿਸੇ ਵੀ ਹੰਗਾਮੀ ਹਾਲਤ ਵਿੱਚ ਮੋਰਚਾ ਸੰਭਾਲਣ ਲਈ ਤਿਆਰ ਰਹਿਣਗੀਆਂ।

ਚੋਣ ਜਾਬਤੇ (Model Code of Conduct) ਦੇ ਸਵਾਲ ‘ਤੇ ਯੂਨੀਅਨ ਆਗੂ ਅਰੁਣ ਗਿੱਲ ਅਤੇ ਕੁਲਦੀਪ ਕਾਂਗੜਾ ਨੇ ਤਿੱਖਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਚੋਣ ਜਾਬਤਾ ਸਰਕਾਰਾਂ ਲਈ ਹੁੰਦਾ ਹੈ, ਆਪਣੇ ਹੱਕ ਮੰਗ ਰਹੇ ਮੁਲਾਜ਼ਮਾਂ ਲਈ ਨਹੀਂ।

ਉਨ੍ਹਾਂ ਸਪੱਸ਼ਟ ਕੀਤਾ, “ਜਦੋਂ ਸਰਕਾਰ ਸਾਲਾਂ ਤੱਕ ਸਾਡੇ ਹੱਕ ਰੋਕ ਕੇ ਬੈਠੀ ਰਹੀ, ਉਦੋਂ ਕੋਈ ਜਾਬਤਾ ਯਾਦ ਨਹੀਂ ਆਇਆ।” “ਸਾਡਾ ਸੰਘਰਸ਼ ਸਾਡੇ ਬੁਨਿਆਦੀ ਅਧਿਕਾਰਾਂ ਦੀ ਲੜਾਈ ਹੈ, ਜਿਸ ਨੂੰ ਕੋਈ ਵੀ ਕਾਨੂੰਨੀ ਓਟ ਲੈ ਕੇ ਦਬਾਇਆ ਨਹੀਂ ਜਾ ਸਕਦਾ।”

ਜਥੇਬੰਦੀ ਦੇ ਆਗੂਆਂ ਨੇ ਦੋਸ਼ ਲਾਇਆ ਕਿ ਸਰਕਾਰ ‘ਵੰਡੋ ਤੇ ਰਾਜ ਕਰੋ’ ਦੀ ਨੀਤੀ ਅਪਣਾ ਕੇ ਕਰਮਚਾਰੀਆਂ ਦੇ ਹੱਕਾਂ ਨਾਲ ਖਿਲਵਾੜ ਕਰ ਰਹੀ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ, 6 ਮਈ ਤੋਂ ਸ਼ੁਰੂ ਹੋਣ ਵਾਲੀ ਹੜਤਾਲ ਦੌਰਾਨ ਸੂਬੇ ਦੀਆਂ ਸਫਾਈ ਸੇਵਾਵਾਂ ਪੂਰੀ ਤਰ੍ਹਾਂ ਪ੍ਰਭਾਵਿਤ ਹੋਣਗੀਆਂ, ਜਿਸ ਦੀ ਜ਼ਿੰਮੇਵਾਰੀ ਸਿੱਧੀ ਸਰਕਾਰ ਦੀ ਹੋਵੇਗੀ।

ਇਹ ਲੜਾਈ ਹੁਣ ਸਿਰਫ਼ ਮੰਗਾਂ ਤੱਕ ਸੀਮਿਤ ਨਹੀਂ, ਸਗੋਂ ਸਫਾਈ ਸੇਵਕਾਂ ਦੀ ਇੱਜ਼ਤ ਅਤੇ ਹੋਂਦ ਦੀ ਲੜਾਈ ਬਣ ਚੁੱਕੀ ਹੈ। ਜੇਕਰ ਹੜਤਾਲ ਦੌਰਾਨ ਵੀ ਹੱਲ ਨਾ ਨਿਕਲਿਆ, ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਯੂਨੀਅਨ ਨੇ ਸਮੂਹ ਸਫਾਈ ਕਰਮਚਾਰੀਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਮੰਨਣ ਲਈ ਮਜਬੂਰ ਕੀਤਾ ਜਾ ਸਕੇ।

 

ਸ਼ਰਾਬ ਪੀ ਕੇ ਪੇਪਰ ਚੈੱਕ ਕਰਦੇ ਅਧਿਆਪਕ ਦੀ ਵੀਡੀਓ ਵਾਇਰਲ!

 

ਹੈਂ ਆ ਕੀ? ਸ਼ਰਾਬ ਪੀ ਕੇ ਪੇਪਰ ਚੈੱਕ ਕਰਦਾ ਫੜਿਆ ਗਿਆ ਅਧਿਆਪਕ

ਲਾਤੂਰ (ਮਹਾਰਾਸ਼ਟਰ), 21 ਅਪ੍ਰੈਲ, 2026

ਮਹਾਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਤੋਂ ਸਾਹਮਣੇ ਆਈ ਇੱਕ ਵੀਡੀਓ ਨੇ ਪੂਰੇ ਸਿੱਖਿਆ ਤੰਤਰ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਇੱਕ ਨਿੱਜੀ ਸਕੂਲ ਦੇ ਅਧਿਆਪਕ ਵੱਲੋਂ ਨਸ਼ੇ ਦੀ ਹਾਲਤ ਵਿੱਚ ਵਿਦਿਆਰਥੀਆਂ ਦੇ ਪੇਪਰ ਚੈੱਕ ਕਰਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਕਾਰਨ ਮਾਪਿਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਲਾਤੂਰ ਦੇ ਇੱਕ ਇੰਗਲਿਸ਼ ਮੀਡੀਅਮ ਸਕੂਲ ਵਿੱਚ ਕੰਮ ਕਰਦੇ ਅਧਿਆਪਕ ਅਜੈ ਕੋਕਣੇ ਦੀ ਵਾਇਰਲ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਪੂਰੀ ਤਰ੍ਹਾਂ ਨਸ਼ੇ ਵਿੱਚ ਧੁੱਤ ਹੈ। ਉਸ ਦੇ ਮੂੰਹ ਵਿੱਚ ਸਿਗਰੇਟ ਹੈ ਅਤੇ ਮੇਜ਼ ‘ਤੇ ਸ਼ਰਾਬ ਦੀ ਬੋਤਲ ਰੱਖੀ ਹੋਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਹਾਲਤ ਵਿੱਚ ਉਹ ਵਿਦਿਆਰਥੀਆਂ ਦੀਆਂ ਪ੍ਰੀਖਿਆ ਕਾਪੀਆਂ ਦੀ ਜਾਂਚ ਕਰ ਰਿਹਾ ਹੈ।

ਰਿਪੋਰਟਾਂ ਮੁਤਾਬਕ, ਉਕਤ ਅਧਿਆਪਕ ਨੇ ਆਪਣੀ ਇਸ ਗੈਰ-ਜ਼ਿੰਮੇਵਾਰਾਨਾ ਕਰਤੂਤ ਨੂੰ ਇੱਥੇ ਹੀ ਨਹੀਂ ਰੋਕਿਆ। ਉਸ ਨੇ ਆਪਣੇ ਕੁਝ ਦੋਸਤਾਂ ਨੂੰ ਵੀ, ਜੋ ਕਥਿਤ ਤੌਰ ‘ਤੇ ਨਸ਼ੇ ਵਿੱਚ ਸਨ, ਵਿਦਿਆਰਥੀਆਂ ਦੀਆਂ ਕਾਪੀਆਂ ‘ਤੇ ਲਾਲ ਪੈੱਨ ਚਲਾਉਣ ਅਤੇ ਨੰਬਰ ਦੇਣ ਲਈ ਦੇ ਦਿੱਤੀਆਂ।

ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਿੱਖਿਆ ਵਿਭਾਗ ਵਿੱਚ ਹੜਕੰਪ ਮਚ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸਬੰਧਤ ਅਧਿਆਪਕ ਨੂੰ ਤੁਰੰਤ ਪ੍ਰਭਾਵ ਨਾਲ ਸਕੂਲੋਂ ਕੱਢ ਦਿੱਤਾ ਗਿਆ ਹੈ। ਸਿੱਖਿਆ ਅਧਿਕਾਰੀ ਤ੍ਰਿਪਤੀ ਅੰਧਾਰੇ ਨੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਸਕੂਲ ਦੇ ਪ੍ਰਿੰਸੀਪਲ ਤੋਂ ਲਿਖਤੀ ਜਵਾਬ ਮੰਗਿਆ ਗਿਆ ਹੈ ਕਿ ਅਜਿਹੀ ਘਟਨਾ ਸਕੂਲ ਪ੍ਰਬੰਧਨ ਦੀ ਨੱਕ ਹੇਠ ਕਿਵੇਂ ਵਾਪਰੀ।

ਜ਼ਿਕਰਯੋਗ ਹੈ ਕਿ ਲਾਤੂਰ ਪੂਰੇ ਦੇਸ਼ ਵਿੱਚ ਆਪਣੇ ‘ਲਾਤੂਰ ਪੈਟਰਨ’ ਲਈ ਮਸ਼ਹੂਰ ਹੈ, ਜਿੱਥੋਂ ਦੇ ਵਿਦਿਆਰਥੀ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਵਿੱਚ ਮੱਲਾਂ ਮਾਰਦੇ ਹਨ। ਅਜਿਹੀ ਘਟਨਾ ਨੇ ਇਸ ਵਿਦਿਅਕ ਹੱਬ ਦੇ ਅਕਸ ਨੂੰ ਭਾਰੀ ਸੱਟ ਮਾਰੀ ਹੈ। ਮਾਪਿਆਂ ਦਾ ਕਹਿਣਾ ਹੈ ਕਿ ਜੇਕਰ ਅਧਿਆਪਕ ਹੀ ਨਸ਼ੇ ਵਿੱਚ ਬੱਚਿਆਂ ਦੇ ਭਵਿੱਖ ਦਾ ਫੈਸਲਾ ਕਰਨਗੇ, ਤਾਂ ਉਨ੍ਹਾਂ ਦੀ ਸਿੱਖਿਆ ਦਾ ਕੀ ਬਣੇਗਾ।

 

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਬਦਲਾਅ; ਪੜ੍ਹੋ ਤਾਜ਼ਾ ਰੇਟ!

 

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਚ ਬਦਲਾਅ; ਪੜ੍ਹੋ ਤਾਜ਼ਾ ਰੇਟ!

ਨਵੀਂ ਦਿੱਲੀ 21 ਅਪ੍ਰੈਲ, 2026

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਜਾਰੀ ਹਲਚਲ ਦੇ ਵਿਚਕਾਰ, ਅੱਜ ਭਾਰਤ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਕੁਝ ਸ਼ਹਿਰਾਂ ਵਿੱਚ ਤੇਲ ਦੀਆਂ ਕੀਮਤਾਂ ਸਥਿਰ ਹਨ, ਜਦੋਂ ਕਿ ਕੁਝ ਥਾਵਾਂ ‘ਤੇ ਮਾਮੂਲੀ ਵਾਧਾ ਜਾਂ ਕਟੌਤੀ ਦੇਖਣ ਨੂੰ ਮਿਲੀ ਹੈ।

ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਅੱਜ ਵੀ ਕੀਮਤਾਂ ਸਥਿਰ ਬਣੀਆ ਹੋਈਆਂ ਹਨ, ਜਦਕਿ ਮੁੰਬਈ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਹੈ।

  • ਨਵੀਂ ਦਿੱਲੀ: ਪੈਟਰੋਲ ₹94.77 | ਡੀਜ਼ਲ ₹87.67
  • ਮੁੰਬਈ: ਪੈਟਰੋਲ ₹103.54 | ਡੀਜ਼ਲ ₹90.03

ਇਨ੍ਹਾਂ ਸ਼ਹਿਰਾਂ ਵਿੱਚ ਵਧੀਆਂ ਕੀਮਤਾਂ

ਅੱਜ ਜੈਪੁਰ ਅਤੇ ਚੇਨਈ ਦੇ ਲੋਕਾਂ ਲਈ ਤੇਲ ਖਰੀਦਣਾ ਥੋੜ੍ਹਾ ਮਹਿੰਗਾ ਰਿਹਾ। ਇਨ੍ਹਾਂ ਸ਼ਹਿਰਾਂ ਵਿੱਚ ਕੀਮਤਾਂ ਵਿੱਚ ਸਭ ਤੋਂ ਵੱਧ ਉਛਾਲ ਦੇਖਿਆ ਗਿਆ।

  • ਜੈਪੁਰ: ਪੈਟਰੋਲ ₹104.94 (+0.58) | ਡੀਜ਼ਲ ₹90.41 (+0.53)
  • ਚੇਨਈ: ਪੈਟਰੋਲ ₹101.23 (+0.33) | ਡੀਜ਼ਲ ₹92.81 (+0.33)

ਜਦਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੀਆਂ ਰਾਜਧਾਨੀਆਂ ਵਿੱਚ ਗਾਹਕਾਂ ਨੂੰ ਥੋੜ੍ਹੀ ਰਾਹਤ ਮਿਲੀ ਹੈ, ਜਿੱਥੇ ਕੀਮਤਾਂ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ।

  • ਲਖਨਊ: ਪੈਟਰੋਲ ₹94.73 (-0.12) | ਡੀਜ਼ਲ ₹87.86 (-0.13)
  • ਪਟਨਾ: ਪੈਟਰੋਲ ₹105.23 (-0.37) | ਡੀਜ਼ਲ ₹91.49 (-0.35)

ਹੋਰ ਵੱਡੇ ਸ਼ਹਿਰਾਂ ਦਾ ਹਾਲ

ਹੈਦਰਾਬਾਦ ਵਿੱਚ ਦੇਸ਼ ਦਾ ਸਭ ਤੋਂ ਮਹਿੰਗਾ ਪੈਟਰੋਲ ਵਿਕ ਰਿਹਾ ਹੈ।

  • ਹੈਦਰਾਬਾਦ: ਪੈਟਰੋਲ ₹107.50 | ਡੀਜ਼ਲ ₹95.70
  • ਕੋਲਕਾਤਾ: ਪੈਟਰੋਲ ₹105.41 | ਡੀਜ਼ਲ ₹92.02
  • ਬੈਂਗਲੁਰੂ: ਪੈਟਰੋਲ ₹102.92 | ਡੀਜ਼ਲ ₹90.99

ਘਰ ਬੈਠੇ ਇੰਝ ਚੈੱਕ ਕਰੋ ਰੇਟ

ਤੁਸੀਂ ਇੱਕ ਐਸ.ਐਮ.ਐਸ (SMS) ਰਾਹੀਂ ਆਪਣੇ ਸ਼ਹਿਰ ਦੇ ਤਾਜ਼ਾ ਰੇਟ ਜਾਣ ਸਕਦੇ ਹੋ।

IOCL: ‘RSP <Space> Dealer Code’ ਲਿਖ ਕੇ 9224992249 ‘ਤੇ ਭੇਜੋ।

HPCL: ‘HPPRICE <Space> Dealer Code’ ਲਿਖ ਕੇ 9222201122 ‘ਤੇ ਭੇਜੋ।

BPCL: ‘RSP <Space> Dealer Code’ ਲਿਖ ਕੇ 9223112222 ‘ਤੇ ਭੇਜੋ।

 

Rain Alert: ਅਗਲੇ 72 ਘੰਟਿਆਂ ਦੌਰਾਨ ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ, ਅਲਰਟ ਜਾਰੀ

 

Rain Alert: ਅਗਲੇ 72 ਘੰਟਿਆਂ ਦੌਰਾਨ ਇਨ੍ਹਾਂ ਥਾਵਾਂ ‘ਤੇ ਪਵੇਗਾ ਭਾਰੀ ਮੀਂਹ, ਅਲਰਟ ਜਾਰੀ

ਦਿੱਲੀ ਸਣੇ ਉੱਤਰ ਭਾਰਤ ‘ਚ ਵਧੇਗਾ ਲੂ ਦਾ ਕਹਿਰ

ਨਵੀਂ ਦਿੱਲੀ, 21 ਅਪ੍ਰੈਲ, 2026

ਭਾਰਤੀ ਮੌਸਮ ਵਿਭਾਗ (IMD) ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਲਈ ਅਗਲੇ ਕੁਝ ਦਿਨਾਂ ਦੀ ਭਵਿੱਖਬਾਣੀ ਜਾਰੀ ਕੀਤੀ ਹੈ। ਜਿੱਥੇ ਉੱਤਰ-ਪੂਰਬੀ ਰਾਜਾਂ ਵਿੱਚ ਤੂਫ਼ਾਨੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਹੈ, ਉੱਥੇ ਹੀ ਦਿੱਲੀ ਅਤੇ ਗੁਆਂਢੀ ਰਾਜਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪਵੇਗਾ।

ਮੌਸਮ ਵਿਭਾਗ ਨੇ ਅਗਲੇ 72 ਘੰਟਿਆਂ ਲਈ ਅਸਾਮ, ਅਰੁਣਾਚਲ ਪ੍ਰਦੇਸ਼, ਮੇਘਾਲਿਆ ਅਤੇ ਨਾਗਾਲੈਂਡ ਵਿੱਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। 70 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ, ਜਿਸ ਨਾਲ ਦਰੱਖਤਾਂ ਦੇ ਉਖੜਨ ਦਾ ਖ਼ਤਰਾ ਹੈ। ਅਸਮਾਨੀ ਬਿਜਲੀ ਡਿੱਗਣ ਅਤੇ ਗੜੇਮਾਰੀ ਦੀ ਵੀ ਸੰਭਾਵਨਾ ਹੈ, ਜੋ ਖੜ੍ਹੀਆਂ ਫਸਲਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਉੱਤਰ ਭਾਰਤ ‘ਚ ਲੂ (Heatwave) ਦਾ ਅਲਰਟ

ਰਾਜਧਾਨੀ ਦਿੱਲੀ ਅਤੇ ਸਮੁੱਚੇ ਉੱਤਰ ਭਾਰਤ ਵਿੱਚ ਇਸ ਹਫ਼ਤੇ ਭਿਆਨਕ ਗਰਮੀ ਦਾ ਦੌਰ ਜਾਰੀ ਰਹੇਗਾ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਪਾਰ ਜਾਣ ਦਾ ਅਨੁਮਾਨ ਹੈ। ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਵਿੱਚ ਚਿਲਚਿਲਾਤੀ ਧੁੱਪ ਅਤੇ ਗਰਮ ਹਵਾਵਾਂ ਲੋਕਾਂ ਦੀਆਂ ਮੁਸ਼ਕਿਲਾਂ ਵਧਾਉਣਗੀਆਂ। ਦੁਪਹਿਰ ਵੇਲੇ ਬਾਹਰ ਨਿਕਲਣ ਵਾਲਿਆਂ ਲਈ ਹੀਟਵੇਵ ਦਾ ਖ਼ਤਰਾ ਵੱਧ ਗਿਆ ਹੈ।

ਪਹਾੜੀ ਰਾਜਾਂ ਵਿੱਚ ਬਰਫ਼ਬਾਰੀ ਤੇ ਮੀਂਹ

ਪੱਛਮੀ ਡਿਸਟਰਬੈਂਸ (Western Disturbance) ਦੇ ਸਰਗਰਮ ਹੋਣ ਨਾਲ ਪਹਾੜਾਂ ‘ਤੇ ਮੌਸਮ ਬਦਲੇਗਾ। 24 ਅਪ੍ਰੈਲ ਤੋਂ ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਜੰਮੂ-ਕਸ਼ਮੀਰ ਵਿੱਚ ਬਰਫ਼ਬਾਰੀ ਅਤੇ ਤੇਜ਼ ਮੀਂਹ ਦੀਆਂ ਗਤੀਵਿਧੀਆਂ ਦੁਬਾਰਾ ਸ਼ੁਰੂ ਹੋਣਗੀਆਂ। ਉੱਤਰਾਖੰਡ ਦੇ ਦੇਹਰਾਦੂਨ, ਨੈਨੀਤਾਲ ਅਤੇ ਚਮੋਲੀ ਵਿੱਚ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਜੰਮੂ-ਕਸ਼ਮੀਰ ਵਿੱਚ ਬਰਫ਼ਬਾਰੀ ਕਾਰਨ ਕਈ ਮਹੱਤਵਪੂਰਨ ਰਸਤੇ ਬੰਦ ਹੋਣ ਦੀ ਖ਼ਬਰ ਹੈ।

ਮਾਨਸੂਨ ਜੂਨ ਮਹੀਨੇ ਵਿੱਚ ਦੇ ਸਕਦਾ ਹੈ ਦਸਤਕ

ਮਹਾਰਾਸ਼ਟਰ ਅਤੇ ਗੁਜਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨਾਂ ਤੱਕ ਹਲਕੀ ਬਾਰਿਸ਼ ਹੋ ਸਕਦੀ ਹੈ, ਜਿਸ ਨਾਲ ਹੁੰਮਸ ਵਧੇਗੀ। ਮਾਨਸੂਨ ਜੂਨ ਦੇ ਮਹੀਨੇ ਵਿੱਚ ਦਸਤਕ ਦੇ ਸਕਦਾ ਹੈ, ਪਰ ਸ਼ੁਰੂਆਤੀ ਰਫ਼ਤਾਰ ਧੀਮੀ ਰਹਿਣ ਦੇ ਆਸਾਰ ਹਨ। ਜੂਨ ਵਿੱਚ ਉੱਤਰ-ਪੱਛਮੀ ਭਾਰਤ ਵਿੱਚ ਭਾਰੀ ਲੂ ਚੱਲਣ ਦੀ ਸੰਭਾਵਨਾ ਹੈ, ਜਦੋਂ ਕਿ ਬਿਹਾਰ ਅਤੇ ਉੱਤਰ-ਪੂਰਬ ਵਿੱਚ ਵਧੀਆ ਮੀਂਹ ਦੀ ਉਮੀਦ ਹੈ। ਤੇਜ਼ ਹਵਾਵਾਂ ਅਤੇ ਲੂ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਦੁਪਹਿਰ ਵੇਲੇ ਸਿੱਧੀ ਧੁੱਪ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

 

Breaking- 2 ਵਿਦਿਆਰਥੀਆਂ ਦੀ ਨਹਿਰ ‘ਚ ਡੁੱਬਣ ਕਾਰਨ ਮੌਤ! ਕਾਲਜ ਕੈਂਪਸ ‘ਚ ਪਸਰਿਆ ਮਾਤਮ

 

ਮੈਡੀਕਲ ਕਾਲਜ ਦੇ ਵਿਦਿਆਰਥੀਆਂ ਦੀ ਨਦੀ ‘ਚ ਡੁੱਬਣ ਕਾਰਨ ਮੌਤ, ਕਾਲਜ ਕੈਂਪਸ ‘ਚ ਪਸਰਿਆ ਮਾਤਮ

ਸਿਧਾਰਥਨਗਰ (UP) 21 ਅਪ੍ਰੈਲ, 2026- ਉੱਤਰ ਪ੍ਰਦੇਸ਼ ਦੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਸਥਿਤ ਮਾਧਵ ਪ੍ਰਸਾਦ ਮੈਡੀਕਲ ਕਾਲਜ ਵਿੱਚ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ, ਜਦੋਂ ਕਾਲਜ ਦੇ ਇੱਕ ਜੂਨੀਅਰ ਡਾਕਟਰ ਅਤੇ ਇੱਕ ਵਿਦਿਆਰਥੀ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ। ਇਹ ਹਾਦਸਾ ਸੋਮਵਾਰ ਦੁਪਹਿਰ ਕਰੀਬ 3:00 ਵਜੇ ਜੋਗਿਆ ਕੋਤਵਾਲੀ ਖੇਤਰ ਅਧੀਨ ਪੈਂਦੀ ਬੂੜੀ ਰਾਪਤੀ ਨਦੀ ਦੇ ਤੱਟ ‘ਤੇ ਵਾਪਰਿਆ।

ਜਾਣਕਾਰੀ ਅਨੁਸਾਰ, ਮੈਡੀਕਲ ਕਾਲਜ ਦੇ ਚਾਰ ਵਿਦਿਆਰਥੀ ਅਤੇ ਇੱਕ ਜੂਨੀਅਰ ਰੈਜ਼ੀਡੈਂਟ ਡਾਕਟਰ ਨਦੀ ਵਿੱਚ ਨਹਾਉਣ ਲਈ ਗਏ ਹੋਏ ਸਨ। ਨਹਾਉਂਦੇ ਸਮੇਂ ਇਨ੍ਹਾਂ ਵਿੱਚੋਂ ਬਸਤੀ ਜ਼ਿਲ੍ਹੇ ਦੇ ਨਿਵਾਸੀ ਜੂਨੀਅਰ ਡਾਕਟਰ ਸਤਿਅਮ ਨਾਇਕ ਅਤੇ ਮੈਡੀਕਲ ਕਾਲਜ ਦੇ ਸੈਕਿੰਡ ਈਅਰ ਦੇ ਵਿਦਿਆਰਥੀ ਸਚਿਨ ਡੂੰਘੇ ਪਾਣੀ ਵਿੱਚ ਚਲੇ ਗਏ ਅਤੇ ਡੁੱਬਣ ਲੱਗੇ। 22 ਸਾਲਾ ਸਚਿਨ ਰਾਜਸਥਾਨ ਦੇ ਸਵਾਈ ਮਾਧੋਪੁਰ ਦਾ ਰਹਿਣ ਵਾਲਾ ਸੀ।

ਬਚਾਉਣ ਦੀਆਂ ਕੋਸ਼ਿਸ਼ਾਂ ਰਹੀਆਂ ਨਾਕਾਮ

ਦੋਵਾਂ ਨੂੰ ਡੁੱਬਦਾ ਦੇਖ ਕੇ ਉਨ੍ਹਾਂ ਦੇ ਸਾਥੀਆਂ ਨੇ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਅਤੇ ਜ਼ੋਰ-ਜ਼ੋਰ ਨਾਲ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਆਲੇ-ਦੁਆਲੇ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਨਦੀ ਵਿੱਚ ਛਾਲਾਂ ਮਾਰ ਦਿੱਤੀਆਂ, ਪਰ ਪਾਣੀ ਡੂੰਘਾ ਹੋਣ ਕਾਰਨ ਉਨ੍ਹਾਂ ਦਾ ਕੁਝ ਪਤਾ ਨਹੀਂ ਲੱਗ ਸਕਿਆ।

ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਸਥਾਨਕ ਗੋਤਾਖੋਰਾਂ ਦੀ ਮਦਦ ਨਾਲ ਕਾਫੀ ਮੁਸ਼ੱਕਤ ਤੋਂ ਬਾਅਦ ਦੋਵਾਂ ਨੂੰ ਪਾਣੀ ਵਿੱਚੋਂ ਬਾਹਰ ਕੱਢਿਆ। ਉਨ੍ਹਾਂ ਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਅਪਰ ਪੁਲਿਸ ਸੁਪਰਡੈਂਟ ਪ੍ਰਸ਼ਾਂਤ ਕੁਮਾਰ ਪ੍ਰਸਾਦ ਨੇ ਦੱਸਿਆ ਕਿ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਮੈਡੀਕਲ ਕਾਲਜ ਦੇ ਵਿਦਿਆਰਥੀ ਅਕਸਰ ਇੱਥੇ ਨਹਾਉਣ ਲਈ ਆਉਂਦੇ ਰਹਿੰਦੇ ਹਨ, ਪਰ ਇਸ ਹਾਦਸੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

 

Punjab News- ਆਪਣੀ ਪੁੱਤਾਂ ਵਾਂਗ ਪਾਲੀ ਫਸਲ ਨੂੰ ਅੱਗ ਤੋਂ ਬਚਾਉਂਦਿਆਂ ਨੌਜਵਾਨ ਕਿਸਾਨ ਦੀ ਮੌਤ; ਪਿੰਡ ‘ਚ ਪਸਰਿਆ ਸੋਗ

 

ਆਪਣੀ ਪੁੱਤਾਂ ਵਾਂਗ ਪਾਲੀ ਫਸਲ ਬਚਾਉਂਦਿਆਂ ਨੌਜਵਾਨ ਕਿਸਾਨ ਦੀ ਮੌਤ; ਪਿੰਡ ‘ਚ ਪਸਰਿਆ ਸੋਗ

ਸ਼੍ਰੀ ਮਾਛੀਵਾੜਾ ਸਾਹਿਬ, 21 ਅਪ੍ਰੈਲ, 2026

ਬੇਟ ਇਲਾਕੇ ਦੇ ਪਿੰਡ ਸਲਾਣਾ ਬੇਟ ਵਿਖੇ ਬੇਹੱਦ ਮੰਦਭਾਗੀ ਘਟਨਾ ਵਾਪਰੀ, ਜਿੱਥੇ ਆਪਣੀ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਤੋਂ ਬਚਾਉਣ ਦੀ ਕੋਸ਼ਿਸ਼ ਕਰ ਰਹੇ 42 ਸਾਲਾ ਨੌਜਵਾਨ ਕਿਸਾਨ ਮਨਦੀਪ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸ ਖ਼ਬਰ ਨਾਲ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਜਾਣਕਾਰੀ ਅਨੁਸਾਰ, ਸਵੇਰੇ ਕਰੀਬ 8:30 ਵਜੇ ਸ਼ਾਟ ਸਰਕਟ ਕਾਰਨ ਖੇਤਾਂ ਵਿਚ ਖੜ੍ਹੇ ਨਾੜ ਨੂੰ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਲਪਟਾਂ ਤੇਜ਼ੀ ਨਾਲ ਮਨਦੀਪ ਸਿੰਘ ਦੀ ਕਣਕ ਦੀ ਫਸਲ ਵੱਲ ਵਧ ਰਹੀਆਂ ਸਨ। ਆਪਣੀ ਮਿਹਨਤ ਦੀ ਕਮਾਈ ਨੂੰ ਸੜਦਿਆਂ ਦੇਖ ਮਨਦੀਪ ਸਿੰਘ ਤੁਰੰਤ ਟਰੈਕਟਰ ਲੈ ਕੇ ਅੱਗ ਬੁਝਾਉਣ ਲਈ ਮੈਦਾਨ ਵਿਚ ਨਿੱਤਰ ਆਇਆ।

ਅੱਗ ਬੁਝਾਉਣ ਦੌਰਾਨ ਧੂੰਏਂ ਦੇ ਗੁਬਾਰ ਅਤੇ ਫਸਲ ਦੇ ਨੁਕਸਾਨ ਦੇ ਡਰ ਕਾਰਨ ਉਹ ਕਾਫੀ ਘਬਰਾਹਟ ਵਿਚ ਆ ਗਿਆ, ਜਿਸ ਕਾਰਨ ਉਸ ਨੂੰ ਮੌਕੇ ‘ਤੇ ਹੀ ਦਿਲ ਦਾ ਦੌਰਾ ਪੈ ਗਿਆ। ਪਿੰਡ ਵਾਸੀਆਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ

ਮ੍ਰਿਤਕ ਮਨਦੀਪ ਸਿੰਘ ਆਪਣੇ ਪਿੱਛੇ ਵਿਧਵਾ ਮਾਂ, ਪਤਨੀ ਅਤੇ ਦੋ ਛੋਟੇ ਬੱਚੇ ਛੱਡ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਸਦੇ ਪਿਤਾ ਦੀ ਵੀ ਡੇਢ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ। ਪਰਿਵਾਰ ਦਾ ਇਕਲੌਤਾ ਸਹਾਰਾ ਚਲੇ ਜਾਣ ਕਾਰਨ ਘਰ ਵਿਚ ਰੋ-ਰੋ ਕੇ ਬੁਰਾ ਹਾਲ ਹੈ।

ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭੱਟੀਆਂ ਨੇ ਮੌਕੇ ‘ਤੇ ਪਹੁੰਚ ਕੇ ਦੁੱਖ ਸਾਂਝਾ ਕੀਤਾ ਅਤੇ ਸਰਕਾਰ ਤੋਂ ਪੀੜਤ ਪਰਿਵਾਰ ਲਈ ਵੱਧ ਤੋਂ ਵੱਧ ਮੁਆਵਜ਼ੇ ਦੀ ਮੰਗ ਕੀਤੀ।

ਨਾਇਬ ਤਹਿਸੀਲਦਾਰ ਰਾਜੇਸ਼ ਕੁਮਾਰ ਅਹੂਜਾ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਧੂੰਏਂ ਕਾਰਨ ਹੋਈ ਘਬਰਾਹਟ ਸਦਕਾ ਕਿਸਾਨ ਦੀ ਮੌਤ ਹੋਈ ਹੈ।

ਪ੍ਰਸ਼ਾਸਨ ਵੱਲੋਂ ਇਸ ਦੀ ਮੁਕੰਮਲ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਭੇਜੀ ਜਾਵੇਗੀ ਤਾਂ ਜੋ ਪੀੜਤ ਪਰਿਵਾਰ ਦੀ ਮਦਦ ਕੀਤੀ ਜਾ ਸਕੇ। ਇਸ ਘਟਨਾ ਨੇ ਇੱਕ ਵਾਰ ਫਿਰ ਖੇਤਾਂ ਵਿਚ ਲੱਗਣ ਵਾਲੀ ਅੱਗ ਕਾਰਨ ਕਿਸਾਨਾਂ ਦੇ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਦੇ ਦਰਦ ਨੂੰ ਬਿਆਨ ਕਰ ਦਿੱਤਾ ਹੈ।

 

ਪੰਜਾਬ ‘ਚ AAP ਦੇ ਚੇਅਰਮੈਨ ਦੀ ਬਦਮਾਸ਼ੀ; ਡਿਊਟੀ ‘ਤੇ ਤੈਨਾਤ ਸਰਕਾਰੀ ਡਾਕਟਰ ਨੂੰ ਬੁਰੀ ਤਰ੍ਹਾਂ ਕੁੱਟਿਆ!

 

ਪੰਜਾਬ ‘ਚ AAP ਦੇ ਚੇਅਰਮੈਨ ਦੀ ਬਦਮਾਸ਼ੀ; ਡਿਊਟੀ ‘ਤੇ ਤੈਨਾਤ ਸਰਕਾਰੀ ਡਾਕਟਰ ਨੂੰ ਬੁਰੀ ਤਰ੍ਹਾਂ ਕੁੱਟਿਆ!

ਡਾਕਟਰ ਦੀ ਕੁੱਟਮਾਰ ਦੇ ਵਿਰੋਧ ‘ਚ ਸਰਕਾਰੀ ਹਸਪਤਾਲ ਦੀ ਓ.ਪੀ.ਡੀ. ਬੰਦ; ਡਾਕਟਰਾਂ ਵੱਲੋਂ ਸੂਬਾ ਪੱਧਰੀ ਹੜਤਾਲ ਦੀ ਚੇਤਾਵਨੀ

ਹਰਚੋਵਾਲ/ਸ੍ਰੀ ਹਰਗੋਬਿੰਦਪੁਰ, 21 ਅਪ੍ਰੈਲ 2026- ਕਸਬਾ ਹਰਚੋਵਾਲ ਦੇ ਸਰਕਾਰੀ ਹਸਪਤਾਲ ਵਿੱਚ ਤਾਇਨਾਤ ਮੈਡੀਕਲ ਸਪੈਸ਼ਲਿਸਟ ਡਾਕਟਰ ਕ੍ਰਿਸ਼ਨ ਕੁਮਾਰ ਦੀ ਬੇਰਹਿਮੀ ਨਾਲ ਕੀਤੀ ਗਈ ਕੁੱਟਮਾਰ ਦੇ ਰੋਸ ਵਜੋਂ ਹਸਪਤਾਲ ਦੀਆਂ ਓ.ਪੀ.ਡੀ. (OPD) ਸੇਵਾਵਾਂ ਮੁਕੰਮਲ ਤੌਰ ‘ਤੇ ਬੰਦ ਰਹੀਆਂ।

ਡਾਕਟਰਾਂ ਵੱਲੋਂ ਕੀਤੀ ਗਈ ਇਸ ਹੜਤਾਲ ਕਾਰਨ ਹਸਪਤਾਲ ਵਿੱਚ ਇਲਾਜ ਲਈ ਆਏ ਮਰੀਜ਼ਾਂ ਨੂੰ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।

ਪੀੜਤ ਡਾਕਟਰ ਕ੍ਰਿਸ਼ਨ ਕੁਮਾਰ ਅਨੁਸਾਰ, ਇਹ ਘਟਨਾ 18 ਅਪ੍ਰੈਲ (ਸ਼ਨੀਵਾਰ) ਸ਼ਾਮ ਦੀ ਹੈ। ਉਨ੍ਹਾਂ ਦੱਸਿਆ ਕਿ ਇੱਕ ਗਰਭਵਤੀ ਮਹਿਲਾ ਚੈੱਕਅਪ ਲਈ ਆਈ ਸੀ, ਜਿਸ ਨੂੰ ਉਨ੍ਹਾਂ ਨੇ ਉੱਪਰਲੀ ਮੰਜ਼ਿਲ ‘ਤੇ ਸਥਿਤ ਐਮਰਜੈਂਸੀ ਵਾਰਡ ਵਿੱਚ ਜਾਣ ਲਈ ਕਿਹਾ।

ਚੈੱਕਅਪ ਤੋਂ ਬਾਅਦ ਜਦੋਂ ਮਹਿਲਾ ਵਾਪਸ ਗਈ, ਤਾਂ ਕੁਝ ਦੇਰ ਬਾਅਦ ਉਸਦਾ ਪਤੀ, ਜੋ ਕਿ ਆਮ ਆਦਮੀ ਪਾਰਟੀ ਦਾ ਕਾਦੀਆਂ ਬਲਾਕ ਦਾ ਵਾਈਸ ਚੇਅਰਮੈਨ ਦੱਸਿਆ ਜਾ ਰਿਹਾ ਹੈ, ਹਸਪਤਾਲ ਪਹੁੰਚਿਆ।

ਮੁਲਜ਼ਮ ਨੇ ਡਾਕਟਰ ‘ਤੇ ਦੋਸ਼ ਲਾਇਆ ਕਿ ਉਸਦੀ ਪਤਨੀ ਨੂੰ ਵੀਲ-ਚੇਅਰ ਦੀ ਸਹੂਲਤ ਕਿਉਂ ਨਹੀਂ ਦਿੱਤੀ ਗਈ। ਡਾਕਟਰ ਅਨੁਸਾਰ, ਜਦੋਂ ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵੀਲ-ਚੇਅਰ ਮੁਹੱਈਆ ਕਰਵਾਉਣਾ ਵੱਖਰੇ ਸਟਾਫ ਦੀ ਜ਼ਿੰਮੇਵਾਰੀ ਹੈ, ਤਾਂ ਉਕਤ ਵਿਅਕਤੀ ਨੇ ਭੜਕ ਕੇ ਉਨ੍ਹਾਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਕਾਰਨ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

ਐਸ.ਐਮ.ਓ. ਮੈਡਮ ਹੇਮਾ ਲਲਤਾ ਦੀ ਅਗਵਾਈ ਵਿੱਚ ਹਸਪਤਾਲ ਦੇ ਸਮੂਹ ਡਾਕਟਰਾਂ ਨੇ ਇਸ ਘਟਨਾ ਦੀ ਸਖ਼ਤ ਨਿਖੇਧੀ ਕੀਤੀ ਹੈ। ਡਾਕਟਰਾਂ ਨੇ ਦੱਸਿਆ ਕਿ, ਡਾਕਟਰ ਕ੍ਰਿਸ਼ਨ ਕੁਮਾਰ ਦੀ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਥਾਣਾ ਸ੍ਰੀ ਹਰਗੋਬਿੰਦਪੁਰ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ। ਇਸ ਸਬੰਧੀ ਸਿਹਤ ਮੰਤਰੀ ਨੂੰ ਵੀ ਜਾਣੂ ਕਰਵਾਇਆ ਗਿਆ ਹੈ।

ਚੇਤਾਵਨੀ: ਜੇਕਰ ਪੁਲਿਸ ਨੇ ਮੁਲਜ਼ਮ ਵਿਰੁੱਧ ਤੁਰੰਤ ਪਰਚਾ ਦਰਜ ਨਾ ਕੀਤਾ, ਤਾਂ ਆਉਣ ਵਾਲੇ ਦਿਨਾਂ ਵਿੱਚ ਪੂਰੇ ਪੰਜਾਬ ਵਿੱਚ ਡਾਕਟਰ ਹੜਤਾਲ ਕਰਨਗੇ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਹਸਪਤਾਲ ਵਿੱਚ ਸਵੇਰ ਤੋਂ ਬੈਠੇ ਮਰੀਜ਼ ਸੁਖਵਿੰਦਰ ਸਿੰਘ, ਹਰਪ੍ਰੀਤ ਕੌਰ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਡਾਕਟਰਾਂ ਦੇ ਕਮਰੇ ਖਾਲੀ ਪਏ ਹਨ ਅਤੇ ਪਰਚੀਆਂ ਨਹੀਂ ਬਣ ਰਹੀਆਂ। ਇਲਾਜ ਨਾ ਮਿਲਣ ਕਾਰਨ ਮਰੀਜ਼ਾਂ ਨੂੰ ਬਿਨਾਂ ਦਵਾਈ ਲਏ ਵਾਪਸ ਮੁੜਨਾ ਪੈ ਰਿਹਾ ਹੈ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ, ਪਰ ਡਾਕਟਰਾਂ ਦੀ ਮੰਗ ਹੈ ਕਿ ਜਦੋਂ ਤੱਕ ਮੁਲਜ਼ਮ ਸਲਾਖਾਂ ਦੇ ਪਿੱਛੇ ਨਹੀਂ ਜਾਂਦਾ, ਸੰਘਰਸ਼ ਜਾਰੀ ਰਹੇਗਾ।

 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖਬਰੀ! 6ਵੇਂ ਪੇਅ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਲਈ ‘ਆਨਲਾਈਨ ਮੋਡੀਊਲ’ ਸ਼ੁਰੂ (ਪੜ੍ਹੋ ਪੱਤਰ)

 

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਲਈ ਖ਼ੁਸ਼ਖਬਰੀ! 6ਵੇਂ ਪੇਅ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਲਈ ‘ਆਨਲਾਈਨ ਮੋਡੀਊਲ’ ਸ਼ੁਰੂ (ਪੜ੍ਹੋ ਪੱਤਰ)

Punjab Network

ਚੰਡੀਗੜ੍ਹ, 20 ਅਪ੍ਰੈਲ, 2026- ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨੇ ਸੂਬੇ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡੀ ਰਾਹਤ ਦਿੰਦਿਆਂ 6ਵੇਂ ਪੰਜਾਬ ਪੇਅ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਲਈ iHRMS ਮੋਡੀਊਲ ਨੂੰ ਲਾਈਵ ਕਰ ਦਿੱਤਾ ਹੈ।

ਇਸ ਸਬੰਧੀ ਡਾਇਰੈਕਟੋਰੇਟ ਖ਼ਜ਼ਾਨਾ ਤੇ ਲੇਖਾ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ, ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਲਿਖਤੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ।

ਜਾਰੀ ਕੀਤੇ ਗਏ ਪੱਤਰ ਅਨੁਸਾਰ, ਹੁਣ 6ਵੇਂ ਪੇਅ ਕਮਿਸ਼ਨ ਦੇ ਬਕਾਏ ਦੇ ਬਿੱਲ iHRMS ਪੋਰਟਲ ਰਾਹੀਂ IFMS ਵਿੱਚ ਆਨਲਾਈਨ ਪੁਸ਼ ਕੀਤੇ ਜਾਣਗੇ। ਸਰਕਾਰ ਨੇ ਇਸ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇੱਕ ਵਿਸਤ੍ਰਿਤ ‘User Manual’ (ਯੂਜ਼ਰ ਮੈਨੂਅਲ) ਵੀ ਜਾਰੀ ਕੀਤਾ ਹੈ।

ਡੀ.ਡੀ.ਓ. (DDO) ਆਪਣੀ ਆਈ.ਡੀ. ਰਾਹੀਂ ‘Create Arrear Template’ ਆਪਸ਼ਨ ਦੀ ਵਰਤੋਂ ਕਰਕੇ ਲੋੜੀਂਦੇ ਟੈਂਪਲੇਟ ਮੈਪ ਕਰੇਗਾ, ਜਿਸ ਨਾਲ ਬਿੱਲ ਕਲਰਕ ਲਈ ਕੰਮ ਸੌਖਾ ਹੋ ਜਾਵੇਗਾ।

ਬਿੱਲ ਕਲਰਕ ਜਾਂ ਸਹਾਇਕ ਵੱਲੋਂ ਏਰੀਅਰ ਨਾਲ ਸਬੰਧਤ ‘Due-Drawn’ ਦਾ ਡਾਟਾ ਰਿਕਾਰਡ ਅਨੁਸਾਰ ਫੀਡ ਕੀਤਾ ਜਾਵੇਗਾ। ਇਸ ਤੋਂ ਬਾਅਦ ਕੈਲਕੂਲੇਸ਼ਨ ਸੀਟ ਦੀ ਚੈਕਿੰਗ ਅਤੇ ਵੈਰੀਫਿਕੇਸ਼ਨ DDO ਵੱਲੋਂ ਕੀਤੀ ਜਾਵੇਗੀ।

ਜੇਕਰ ਕਿਸੇ ਕਰਮਚਾਰੀ ਦੀ ਬਦਲੀ ਹੋ ਜਾਂਦੀ ਹੈ, ਤਾਂ ਉਸ ਦਾ ਅਗਲਾ ਬਿੱਲ ਆਟੋਮੈਟਿਕਲੀ ਨਵੇਂ DDO ਦਫ਼ਤਰ ਵਿੱਚ ਸ਼ੋਅ ਹੋਵੇਗਾ, ਜਿਸ ਨਾਲ ਡਾਟਾ ਬਾਰ-ਬਾਰ ਫੀਡ ਕਰਨ ਦੀ ਲੋੜ ਨਹੀਂ ਪਵੇਗੀ।

ਵੈਰੀਫਾਈਡ ਕੈਲਕੂਲੇਸ਼ਨ ਸੀਟ ਅਤੇ ਸਟੇਟਮੈਂਟ ਨੂੰ iHRMS ‘ਤੇ ਰੀਡੇਬਲ PDF ਫਾਰਮੈਟ ਵਿੱਚ ਅਪਲੋਡ ਕਰਨਾ ਲਾਜ਼ਮੀ ਹੋਵੇਗਾ ਤਾਂ ਜੋ ਭਵਿੱਖ ਵਿੱਚ ਰਿਕਾਰਡ ਸੁਰੱਖਿਅਤ ਰਹੇ।

ਵਿੱਤ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਮੁਲਾਜ਼ਮਾਂ ਦੀ ਤਨਖਾਹ ਵਿੱਚ ਪਹਿਲਾਂ ਕੋਈ ਸੋਧ (ACP ਜਾਂ Step-up) ਹੋਈ ਹੈ, ਉਨ੍ਹਾਂ ਦੇ ਵੇਰਵੇ ਬੇਹੱਦ ਧਿਆਨ ਨਾਲ ਭਰੇ ਜਾਣ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕਿਸੇ ਵੀ ਮੁਲਾਜ਼ਮ ਨੂੰ ਬਣਦੀ ਰਾਸ਼ੀ ਤੋਂ ਘੱਟ ਅਦਾਇਗੀ ਨਾ ਹੋਵੇ ਅਤੇ ਗਣਨਾ ਵਿੱਚ ਕੋਈ ਤਕਨੀਕੀ ਖ਼ਾਮੀ ਨਾ ਰਹੇ।

ਸਰਕਾਰ ਦੇ ਇਸ ਕਦਮ ਨਾਲ ਜਿੱਥੇ ਖ਼ਜ਼ਾਨਾ ਦਫ਼ਤਰਾਂ ਦਾ ਕੰਮ ਪਾਰਦਰਸ਼ੀ ਹੋਵੇਗਾ, ਉੱਥੇ ਹੀ ਮੁਲਾਜ਼ਮਾਂ ਨੂੰ ਲੰਬੇ ਸਮੇਂ ਤੋਂ ਉਡੀਕੇ ਜਾ ਰਹੇ ਬਕਾਏ ਦੀ ਅਦਾਇਗੀ ਜਲਦ ਮਿਲਣ ਦੀ ਉਮੀਦ ਬੱਝ ਗਈ ਹੈ।

 

Ferozepur News: AAP ਵਿਧਾਇਕ ਵੱਲੋਂ ਸਰਕਾਰੀ ਸਕੂਲ ਲੂੰਬੜੀ ਵਾਲਾ ਦੀ ਨਵੀਂ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦਾ ਉਦਘਾਟਨ

 

Ferozepur News: AAP ਵਿਧਾਇਕ ਵੱਲੋਂ ਸਰਕਾਰੀ ਸਕੂਲ ਲੂੰਬੜੀ ਵਾਲਾ ਦੀ ਨਵੀਂ ਸਾਇੰਸ ਲੈਬ ਅਤੇ ਕੰਪਿਊਟਰ ਲੈਬ ਦਾ ਉਦਘਾਟਨ

ਫਿਰੋਜ਼ਪੁਰ, 21 ਅਪ੍ਰੈਲ 2026-

Ferozepur News: ਸਿੱਖਿਆ ਕ੍ਰਾਂਤੀ ਤਹਿਤ ਸਰਕਾਰੀ ਸਕੂਲਾਂ ਨੂੰ ਮੌਜੂਦਾ ਸਰਕਾਰ ਵੱਲੋਂ ਗਰਾਂਟਾਂ ਦੇ ਕੇ ਸਮੇਂ ਦਾ ਹਾਣੀ ਬਣਾਇਆ ਜਾ ਰਿਹਾ ਹੈ, ਜਿਸ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੂੰਬੜੀ ਵਾਲਾ ਵਿਖੇ ਨਵੀਂ ਸਾਇੰਸ ਲੈਬ ਦਾ ਉਦਘਾਟਨ ਅੱਜ ਮਿਤੀ 21 ਅਪ੍ਰੈਲ 2026 ਨੂੰ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਐਡਵੋਕੇਟ ਰਜਨੀਸ਼ ਦਹੀਆ ਵੱਲੋਂ ਕੀਤਾ ਗਿਆ।

ਇਸ ਤੋਂ ਇਲਾਵਾ ਸਕੂਲ ਨੂੰ ਪ੍ਰਾਪਤ 2 ਨਵੇਂ ਪੈਨਲ ਅਤੇ ਕੰਪਿਊਟਰ ਲੈਬ ਦਾ ਵੀ ਉਦਘਾਟਨ ਕੀਤਾ ਗਿਆ। ਇਸ ਮੌਕੇ ਵਿਧਾਇਕ ਬੱਚਿਆਂ ਨਾਲ ਵੀ ਰੂਬਰੂ ਹੋਏ ਅਤੇ ਉਨ੍ਹਾਂ ਤੋਂ ਉਨ੍ਹਾਂ ਦੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਗੱਲਬਾਤ ਕੀਤੀ ਗਈ।

ਸੰਬੋਧਨ ਕਰਦਿਆਂ ਵਿਧਾਇਕ ਨੇ ਕਿਹਾ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਇਨ੍ਹਾਂ ਨੂੰ ਸਹੀ ਦਿਸ਼ਾ ਦੇਣਾ ਅਧਿਆਪਕ ਦਾ ਮੁਢਲਾ ਕਰਤੱਵ ਹੁੰਦਾ ਹੈ। ਉਨ੍ਹਾਂ ਨੇ ਬੱਚਿਆਂ ਦੀ ਪੜ੍ਹਾਈ ਦੇ ਮਿਆਰ ਅਤੇ ਸਕੂਲ ਵਿੱਚ ਵਧੀਆ ਅਨੁਸ਼ਾਸਨ ਕਰਕੇ ਸਕੂਲ ਮੁਖੀ ਸ਼੍ਰੀਮਤੀ ਨੀਲਮ ਧਵਨ ਦੀ ਪ੍ਰਸੰਸ਼ਾ ਕੀਤੀ। ਇਸ ਤੋਂ ਇਲਾਵਾ ਹਲਕਾ ਵਿਧਾਇਕ ਵੱਲੋਂ ਐੱਨ ਐੱਸ ਕਿਓਂ ਐੱਫ ਦੇ ਵਿਦਿਆਰਥੀਆਂ ਨੂੰ ਕਿੱਟਾਂ ਵੀ ਵੰਡੀਆਂ ਗਈਆਂ।

ਇਸ ਮੌਕੇ ਉਨ੍ਹਾਂ ਦੇ ਨਾਲ ਸਤਿੰਦਰ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ, ਵਿਕਾਸ ਸ਼ਰਮਾ ਜ਼ਿਲ੍ਹਾ ਕੋਆਰਡੀਨੇਟਰ ਸਿੱਖਿਆ ਕ੍ਰਾਂਤੀ, ਬਲਕਾਰ ਸਿੰਘ ਸਾਮਾ ਸਰਪੰਚ ਲੂੰਬੜੀਵਾਲਾ, ਸੁਖਵਿੰਦਰ ਸਿੰਘ ਪ੍ਰਧਾਨ ਕੋਆਪਰੇਟਿਵ ਸੋਸਾਇਟੀ, ਮਨਦੀਪ ਸਿੰਘ ਸਮਾਜ ਸੇਵੀ, ਹਰਮੀਤ ਕੌਰ ਚੇਅਰਮੈਨ, ਅਸ਼ੋਕ ਕੁਮਾਰ ਪੰਚਾਇਤ ਮੈਂਬਰ ਕਰਨਦੀਪ ਸਿੰਘ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਮੌਜੂਦ ਸਨ।

 

ਭਗਵੰਤ ਮਾਨ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕਾਂ ਨੇ ਕੀਤਾ ਸੂਬਾਈ ਰੈਲੀ ਦਾ ਐਲਾਨ

 

ਭਗਵੰਤ ਮਾਨ ਸਰਕਾਰ ਦੇ ਲਾਰਿਆਂ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕਾਂ ਨੇ ਕੀਤਾ ਸੂਬਾਈ ਰੈਲੀ ਦਾ ਐਲਾਨ

ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ 26 ਅਪ੍ਰੈਲ ਨੂੰ ਕੀਤਾ ਜਾਵੇਗਾ ਘਿਰਾਓ- ਗੁਰਪਿੰਦਰ ਸਿੰਘ

Punjab Network

ਗੁਰਦਾਸਪੁਰ, 20 ਅਪ੍ਰੈਲ, 2026-

ਪੰਜਾਬ ਦੇ ਹਜ਼ਾਰਾਂ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੇ ਝੂਠੇ ਵਾਅਦਿਆਂ ਅਤੇ ਲਗਾਤਾਰ ਹੋ ਰਹੀ ਅਣਦੇਖੀ ਵਿਰੁੱਧ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ।

ਕੰਪਿਊਟਰ ਟੀਚਰਜ਼ ਯੂਨੀਅਨ ਪੰਜਾਬ ਵੱਲੋਂ ਲਏ ਗਏ ਫੈਸਲੇ ਅਨੁਸਾਰ 26 ਅਪ੍ਰੈਲ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਦਾ ਘਿਰਾਓ ਕੀਤਾ ਜਾਵੇਗਾ।

ਪੰਜਾਬ ਦੇ 6640 ਕੰਪਿਊਟਰ ਅਧਿਆਪਕਾਂ ਨੂੰ 2.12.2010 ਵਿੱਚ ਰਾਜਪਾਲ ਦੀ ਪ੍ਰਵਾਨਗੀ ਨਾਲ ਪੰਜਾਬ ਸਰਕਾਰ ਵੱਲੋਂ ਜਾਰੀ ਰੈਗੂਲਰ ਨੋਟੀਫਿਕੇਸ਼ਨ ਅਤੇ 2011 ਵਿੱਚ ਰੈਗੂਲਰ ਨਿਯੁਕਤੀ ਪੱਤਰ ਮਿਲਣ ਦੇ ਬਾਵਜੂਦ, ਸੋਸਾਇਟੀ (PICTES) ਦੇ ਨਾਂ ‘ਤੇ ਗੁਮਰਾਹ ਕੀਤਾ ਜਾ ਰਿਹਾ ਹੈ।

ਮਾਣਯੋਗ ਹਾਈਕੋਰਟ ਵਿੱਚ ਕੰਪਿਊਟਰ ਅਧਿਆਪਕਾਂ ਦੇ ਹੱਕ ਵਿੱਚ ਫੈਸਲਾ ਆਉਣ ਦੇ ਬਾਵਜੂਦ ਪੰਜਾਬ ਸਰਕਾਰ ਉਸ ਨੂੰ ਲਾਗੂ ਕਰਨ ਦੀ ਥਾਂ ਸੁਪਰੀਮ ਕੋਰਟ ਚਲੀ ਗਈ ਹੈ ਅਤੇ ਕੰਪਿਊਟਰ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ।

ਇਸ ਸਬੰਧੀ ਅੱਜ ਕੰਪਿਊਟਰ ਟੀਚਰਜ਼ ਯੂਨੀਅਨ ਜ਼ਿਲ੍ਹਾ ਇਕਾਈ ਗੁਰਦਾਸਪੁਰ ਦੀ ਇੱਕ ਅਹਿਮ ਮੀਟਿੰਗ ਜ਼ਿਲ੍ਹਾ ਆਗੂ ਗੁਰਪਿੰਦਰ ਸਿੰਘ, ਰਵਿੰਦਰ ਸਿੰਘ ਬਲਾਕ ਪ੍ਰਧਾਨ ਗੁਰਦਾਸਪੁਰ, ਇੰਦਰਜੀਤ ਸਿੰਘ, ਗਗਨਦੀਪ ਸਿੰਘ, ਨਰਿੰਦਰ ਪਾਲ, ਤਰਸੇਮ ਸਿੰਘ, ਸਲਵਿੰਦਰ ਸਿੰਘ, ਆਦਿ ਦੀ ਅਗਵਾਈ ਵਿੱਚ ਸ੍ਰੀ ਗੁਰੂ ਨਾਨਕ ਪਾਰਕ ਜੇਲ੍ਹ ਰੋਡ ਗੁਰਦਾਸਪੁਰ ਵਿਖੇ ਹੋਈ।

ਜਿਸ ਵਿੱਚ ਆਗੂਆਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਸਿਰਫ਼ ਵੋਟਾਂ ਵੇਲੇ ਵਾਅਦੇ ਕਰਦੀ ਹੈ ਪਰ ਅਮਲੀ ਰੂਪ ਵਿੱਚ ਹਮੇਸ਼ਾ ਉਨ੍ਹਾਂ ਨੂੰ ਲਾਗੂ ਕਰਨ ਤੋਂ ਭੱਜ ਜਾਂਦੀ ਹੈ।

6640 ਕੰਪਿਊਟਰ ਅਧਿਆਪਕ ਪਿਛਲੇ 21 ਸਾਲਾਂ ਤੋਂ ਸਰਕਾਰੀ ਸਕੂਲਾਂ ਵਿੱਚ ਪੂਰੀ ਤਨਦੇਹੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ, ਪਰ ਰੈਗੂਲਰ ਨੋਟੀਫਿਕੇਸ਼ਨ ਅਤੇ ਨਿਯੁਕਤੀ ਪੱਤਰਾਂ ਨੂੰ ਅੱਜ ਤੱਕ ਕਿਸੇ ਵੀ ਸਰਕਾਰ ਨੇ ਇਨ-ਬਿਨ ਲਾਗੂ ਨਹੀਂ ਕੀਤਾ ਹੈ।

ਇਸ ਦੌਰਾਨ 112 ਕੰਪਿਊਟਰ ਅਧਿਆਪਕ ਇਸ ਦੁਨੀਆ ਤੋਂ ਰੁਖਸਤ ਹੋ ਗਏ ਹਨ ਅਤੇ 4 ਕੰਪਿਊਟਰ ਅਧਿਆਪਕ ਬਿਨਾਂ ਕੋਈ ਲਾਭ ਪ੍ਰਾਪਤ ਕੀਤੇ ਰਿਟਾਇਰ ਵੀ ਹੋ ਚੁੱਕੇ ਹਨ ਪਰ ਉਨ੍ਹਾਂ ਦੇ ਪਰਿਵਾਰ ਅੱਜ ਵੀ ਸਮਾਜਿਕ ਸੁਰੱਖਿਆ ਅਤੇ ਬਣਦੇ ਹੱਕਾਂ ਲਈ ਤਰਸ ਰਹੇ ਹਨ।

ਅਧਿਆਪਕਾਂ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ 2.12.2010 ਦਾ ਨੋਟੀਫਿਕੇਸ਼ਨ, ਚੋਣ ਮੈਨੀਫੈਸਟੋ ਵਿੱਚ ਕੀਤਾ ਵਾਅਦਾ ਅਤੇ 15 ਸਤੰਬਰ 2022 ਨੂੰ ਸਿੱਖਿਆ ਮੰਤਰੀ ਵੱਲੋਂ ਕੀਤਾ ਅਧਿਕਾਰਤ ਐਲਾਨ ਇਨ-ਬਿਨ ਲਾਗੂ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ‘ਤੇ ਸਤਿੰਦਰ ਪਾਲ ਸਿੰਘ, ਪਲਵਿੰਦਰ ਸਿੰਘ, ਪ੍ਰਦੀਪ ਕੁਮਾਰ, ਰਵਿੰਦਰ ਸਿੰਘ ਕਾਦੀਆਂ, ਦੀਪਕ ਕੁਮਾਰ, ਜਗਦੀਸ਼ ਸਿੰਘ, ਨਰੇਸ਼ ਕੁਮਾਰ, ਜਸਪਾਲ ਸਿੰਘ, ਨਵਜੋਧ ਸਿੰਘ, ਕਾਰਤਿਕ ਮਹਾਜਨ, ਧਰਮਿੰਦਰ ਸਿੰਘ, ਅਜੀਤ ਮਨਹਾਸ, ਸਤੀਸ਼ ਮਹਿਤਾ, ਸਤੀਸ਼ ਸ਼ਰਮਾ, ਅਨਿਲ ਕੁਮਾਰ, ਜਤਿੰਨ ਬਬੋਰੀਆ ਆਦਿ ਕੰਪਿਊਟਰ ਅਧਿਆਪਕ ਵੀ ਹਾਜ਼ਰ ਸਨ।