ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ; ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ‘ਚ ਪੰਜਾਬੀ (ਗੁਰਮੁਖੀ) ਬੋਰਡ ਲਗਾਉਣ ਦੇ ਹੁਕਮ
ਪੰਜਾਬੀ ਭਾਸ਼ਾ ਦੀ ਪ੍ਰਮੁੱਖਤਾ ਲਈ ਫ਼ਾਜ਼ਿਲਕਾ ਪ੍ਰਸ਼ਾਸਨ ਦਾ ਵੱਡਾ ਫੈਸਲਾ: ਸਾਈਨ ਬੋਰਡਾਂ ‘ਤੇ ਸਭ ਤੋਂ ਉੱਪਰ ਲਿਖਣੀ ਪਵੇਗੀ ਗੁਰਮੁਖੀ
ਫ਼ਾਜ਼ਿਲਕਾ ਜ਼ਿਲ੍ਹੇ ‘ਚ ਸਾਰੇ ਦੁਕਾਨਦਾਰਾਂ ਤੇ ਵਪਾਰਕ ਅਦਾਰਿਆਂ ਲਈ ਨਵੇਂ ਨਿਰਦੇਸ਼: ਬੋਰਡਾਂ ‘ਤੇ ਪੰਜਾਬੀ ਲਿਖਣਾ ਹੋਇਆ ਜ਼ਰੂਰੀ
ਮਾਂ-ਬੋਲੀ ਦੀ ਪ੍ਰਮੁੱਖਤਾ ਲਈ ਫ਼ਾਜ਼ਿਲਕਾ ਪ੍ਰਸ਼ਾਸਨ ਦਾ ਵੱਡਾ ਕਦਮ: ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਲਈ ਪੰਜਾਬੀ (ਗੁਰਮੁਖੀ ਲਿੱਪੀ) ‘ਚ ਬੋਰਡ ਲਿਖਣਾ ਲਾਜ਼ਮੀ
ਫ਼ਾਜ਼ਿਲਕਾ, 16 ਸਤੰਬਰ 2026- ਪੰਜਾਬ ਸਰਕਾਰ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਪ੍ਰਸ਼ਾਸਨਿਕ ਅਤੇ ਵਪਾਰਕ ਖੇਤਰਾਂ ਵਿੱਚ ਬਣਦਾ ਮਾਣ-ਸਤਿਕਾਰ ਦੇਣ ਲਈ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਵਿੱਚ ਵੱਡਾ ਫੈਸਲਾ ਲਿਆ ਗਿਆ ਹੈ। ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਇੰਨ-ਬਿੰਨ ਪਾਲਣਾ ਕਰਦਿਆਂ ਹੋਇਆਂ ਡਿਪਟੀ ਕਮਿਸ਼ਨਰ (DC) ਫ਼ਾਜ਼ਿਲਕਾ ਨੇ ਜ਼ਿਲ੍ਹੇ ਦੀ ਹੱਦ ਅੰਦਰ ਆਉਂਦੇ ਸਮੂਹ ਸਰਕਾਰੀ, ਅਰਧ-ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਸਾਈਨ ਬੋਰਡ ਅਤੇ ਨੇਮ ਪਲੇਟਾਂ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਵਿੱਚ ਲਿਖਣ ਦੇ ਸਖ਼ਤ ਹੁਕਮ ਜਾਰੀ ਕੀਤੇ ਹਨ।
ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਫੈਸਲਾ ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ (ਸਿੱਖਿਆ ਸੈੱਲ) ਵੱਲੋਂ ਪ੍ਰਾਪਤ ਹੋਈਆਂ ਵਿਸ਼ੇਸ਼ ਹਦਾਇਤਾਂ ਦੇ ਆਧਾਰ ‘ਤੇ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਤੇ ਅਰਧ-ਸਰਕਾਰੀ ਦਫ਼ਤਰਾਂ, ਵਿਭਾਗਾਂ, ਅਦਾਰਿਆਂ, ਵਿਦਿਅਕ ਸੰਸਥਾਵਾਂ, ਬੋਰਡਾਂ ਅਤੇ ਨਿਗਮਾਂ ਦੇ ਮੁੱਖ ਬੋਰਡ ਅਤੇ ਅਧਿਕਾਰੀਆਂ ਦੀਆਂ ਨੇਮ ਪਲੇਟਾਂ ਪੰਜਾਬੀ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ। ਇਸ ਤੋਂ ਇਲਾਵਾ, ਗੈਰ-ਸਰਕਾਰੀ ਸੰਸਥਾਵਾਂ, ਪਬਲਿਕ ਤੇ ਪ੍ਰਾਈਵੇਟ ਦੁਕਾਨਾਂ, ਸ਼ੋਅਰੂਮਾਂ ਅਤੇ ਵਪਾਰਿਕ ਅਦਾਰਿਆਂ ਦੇ ਨਾਮ ਵੀ ਪੰਜਾਬੀ ਵਿੱਚ ਲਿਖਣੇ ਯਕੀਨੀ ਬਣਾਏ ਜਾਣਗੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਇਨ੍ਹਾਂ ਹਦਾਇਤਾਂ ਵਿੱਚ ਸੜਕਾਂ ਦੇ ਨਾਮ, ਨਾਮ ਪੱਟੀਆਂ, ਮੀਲ ਪੱਥਰ ਅਤੇ ਦਿਸ਼ਾ-ਸੂਚਕ ਸਾਈਨ ਬੋਰਡਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਸਾਰੇ ਬੋਰਡਾਂ ‘ਤੇ ਸਭ ਤੋਂ ਪਹਿਲਾਂ ਅਤੇ ਪ੍ਰਮੁੱਖਤਾ ਨਾਲ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਦਾ ਪ੍ਰਯੋਗ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਇਹ ਸਪੱਸ਼ਟ ਕੀਤਾ ਹੈ ਕਿ ਜੇਕਰ ਕਿਸੇ ਅਦਾਰੇ, ਦੁਕਾਨਦਾਰ ਜਾਂ ਸੰਸਥਾ ਵੱਲੋਂ ਪੰਜਾਬੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ (ਜਿਵੇਂ ਕਿ ਅੰਗਰੇਜ਼ੀ ਜਾਂ ਹਿੰਦੀ) ਵਿੱਚ ਜਾਣਕਾਰੀ ਲਿਖਣਾ ਜ਼ਰੂਰੀ ਸਮਝਿਆ ਜਾਂਦਾ ਹੈ, ਤਾਂ ਉਸ ਭਾਸ਼ਾ ਨੂੰ ਪੰਜਾਬੀ ਭਾਸ਼ਾ (ਗੁਰਮੁੱਖੀ ਲਿੱਪੀ) ਦੇ ਹੇਠਾਂ ਲਿਖਿਆ ਜਾ ਸਕਦਾ ਹੈ, ਪਰ ਸਭ ਤੋਂ ਉੱਪਰ ਪੰਜਾਬੀ ਦਾ ਹੋਣਾ ਲਾਜ਼ਮੀ ਹੋਵੇਗਾ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਵਿਭਾਗੀ ਮੁਖੀਆਂ, ਸਾਖਾਵਾਂ ਦੇ ਇੰਚਾਰਜਾਂ ਅਤੇ ਫ਼ਾਜ਼ਿਲਕਾ ਸਦਰ ਦਫ਼ਤਰ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਇਨ੍ਹਾਂ ਹਦਾਇਤਾਂ ਦੀ ਪੂਰੀ ਗੰਭੀਰਤਾ ਨਾਲ ਇੰਨ੍ਹ-ਬਿੰਨ ਪਾਲਣਾ ਕਰਵਾਈ ਜਾਵੇ। ਉਨ੍ਹਾਂ ਨੇ ਵਪਾਰ ਮੰਡਲਾਂ, ਦੁਕਾਨਦਾਰਾਂ ਅਤੇ ਨਿੱਜੀ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਮਾਂ-ਬੋਲੀ ਪੰਜਾਬੀ ਦੇ ਪ੍ਰਸਾਰ ਅਤੇ ਸਤਿਕਾਰ ਲਈ ਪ੍ਰਸ਼ਾਸਨ ਦਾ ਪੂਰਾ ਸਹਿਯੋਗ ਕਰਨ ਅਤੇ ਆਪਣੇ ਬੋਰਡ ਤੁਰੰਤ ਬਦਲ ਕੇ ਪੰਜਾਬੀ ਭਾਸ਼ਾ ਵਿੱਚ ਕਰਵਾਉਣ। ਪ੍ਰਸ਼ਾਸਨ ਵੱਲੋਂ ਇਹ ਵੀ ਸੰਕੇਤ ਦਿੱਤੇ ਗਏ ਹਨ ਕਿ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਆਉਣ ਵਾਲੇ ਦਿਨਾਂ ਵਿੱਚ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।
















