ਪੰਜਾਬ ‘ਚ ਵੱਡੀ ਵਾਰਦਾਤ; ਉੱਘੇ ਕਾਰੋਬਾਰੀ ਨੇ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
ਫਿਰੋਜ਼ਪੁਰ ਦੇ ਗੋਲਡਨ ਇਨਕਲੇਵ ’ਚ ਸਪੇਅਰ ਪਾਰਟਸ ਕਾਰੋਬਾਰੀ ਦੀ ਗੋਲੀ ਲੱਗਣ ਨਾਲ ਮੌਤ, ਪੁਲਸ ਵੱਲੋਂ ਜਾਂਚ ਜਾਰੀ
ਫ਼ਿਰੋਜ਼ਪੁਰ, 17 ਅਗਸਤ 2026
ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਇਨਕਲੇਵ ਇਲਾਕੇ ਵਿੱਚ ਇੱਕ ਸਪੇਅਰ ਪਾਰਟਸ ਕਾਰੋਬਾਰੀ ਦੀ ਮੌਤ ਹੋਣ ਦਾ ਦੁਖਦਾਈ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਮੌਕੇ ’ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਦੀ ਪਛਾਣ ਗੁਰਕ੍ਰਿਪਾਲ ਸਿੰਘ, ਉਮਰ ਕਰੀਬ 67-68 ਸਾਲ, ਵਾਸੀ ਕੋਠੀ ਨੰਬਰ 5, ਗੋਲਡਨ ਇਨਕਲੇਵ ਵਜੋਂ ਹੋਈ ਹੈ। ਉਹ ਸਪੇਅਰ ਪਾਰਟਸ ਦਾ ਕਾਰੋਬਾਰ ਕਰਦੇ ਸਨ। ਪੁਲਸ ਮੁਤਾਬਕ ਮੁੱਢਲੀ ਜਾਂਚ ਵਿੱਚ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ, ਹਾਲਾਂਕਿ ਘਟਨਾ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਰਿਸ਼ਤੇਦਾਰ ਬੰਟੀ ਨੇ ਦੱਸਿਆ ਕਿ ਗੁਰਕ੍ਰਿਪਾਲ ਸਿੰਘ ਪਿਛਲੇ ਕੁਝ ਸਮੇਂ ਤੋਂ ਪੀਜੀਆਈ ਚੰਡੀਗੜ੍ਹ ਤੋਂ ਦਿਮਾਗ ਨਾਲ ਸਬੰਧਤ ਦਵਾਈ ਲੈ ਰਹੇ ਸਨ। ਉਸ ਦੇ ਮੁਤਾਬਕ ਗੁਰਕ੍ਰਿਪਾਲ ਸਿੰਘ ਆਮ ਤੌਰ ’ਤੇ ਆਪਣੀ ਰੋਜ਼ਾਨਾ ਜ਼ਿੰਦਗੀ ਬਤੀਤ ਕਰ ਰਹੇ ਸਨ ਅਤੇ ਪਰਿਵਾਰ ਨੂੰ ਅਜਿਹਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਅਜਿਹਾ ਕਦਮ ਚੁੱਕ ਸਕਦੇ ਹਨ।
ਬੰਟੀ ਨੇ ਦੱਸਿਆ ਕਿ ਸਵੇਰੇ ਗੁਰਕ੍ਰਿਪਾਲ ਸਿੰਘ ਨੇ ਆਮ ਵਾਂਗ ਪਾਠ ਕੀਤਾ। ਇਸ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੇ ਗਏ। ਕੁਝ ਸਮੇਂ ਬਾਅਦ ਘਟਨਾ ਵਾਪਰਨ ਦੀ ਜਾਣਕਾਰੀ ਮਿਲੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਥਾਣਾ ਸਿਟੀ ਫਿਰੋਜ਼ਪੁਰ ਦੇ ਜਾਂਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਘਟਨਾ ਪਿੱਛੇ ਸੰਭਾਵਿਤ ਕਾਰਨਾਂ ਬਾਰੇ ਵੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਵਿੱਚ ਸੋਗ ਦੀ ਲਹਿਰ ਹੈ, ਜਦਕਿ ਗੋਲਡਨ ਇਨਕਲੇਵ ਇਲਾਕੇ ਵਿੱਚ ਵੀ ਮਾਹੌਲ ਗਮਗੀਨ ਬਣਿਆ ਹੋਇਆ ਹੈ।
















