ਪੰਜਾਬ ‘ਚ ਵੱਡਾ ਰੇਲ ਹਾਦਸਾ! ਯਾਤਰੀਆਂ ਨਾਲ ਭਰੀ ਟਰੇਨ ਨੂੰ ਲੱਗੀ ਭਿਆਨਕ ਅੱਗ, ਮਚੀ ਭਾਜੜ
ਦੀਵਾਲੀ ਤੋਂ ਠੀਕ ਪਹਿਲਾਂ ਵਾਪਰੀ ਘਟਨਾ: ਚੱਲਦੀ ਐਕਸਪ੍ਰੈਸ ‘ਚੋਂ ਉੱਠੇ ਧੂੰਏਂ ਦੇ ਗੁਬਾਰ, ਸਾਰੇ ਯਾਤਰੀ ਸੁਰੱਖਿਅਤ- ਸਰਾਏ ਬੰਜਾਰਾ ਸਟੇਸ਼ਨ ਨੇੜੇ ਰੇਲ ਹਾਦਸਾ: ਸੁਰੱਖਿਆ ਪ੍ਰਣਾਲੀ ਨੇ ਟਾਲਿਆ ਵੱਡਾ ਨੁਕਸਾਨ, ਕਰਮਭੂਮੀ ਐਕਸਪ੍ਰੈਸ ਦੀਆਂ ਬੋਗੀਆਂ ‘ਚ ਲੱਗੀ ਅੱਗ
ਚੰਡੀਗੜ੍ਹ, 6 ਨਵੰਬਰ 2026- ਦੀਵਾਲੀ ਦੇ ਤਿਉਹਾਰ ਤੋਂ ਠੀਕ ਪਹਿਲਾਂ ਪੰਜਾਬ ਦੇ ਰਾਜਪੁਰਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਤੋਂ ਨਿਊ ਜਲਪਾਈਗੁੜੀ ਵੱਲ ਜਾ ਰਹੀ ਗੱਡੀ ਸੰਖਿਆ 12508 ਕਰਮਭੂਮੀ ਐਕਸਪ੍ਰੈਸ ਟ੍ਰੇਨ ਦੇ ਚਾਰ ਡੱਬਿਆਂ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਟ੍ਰੇਨ ਰਾਜਪੁਰਾ ਦੇ ਨੇੜਲੇ ਇਲਾਕੇ ਸਰਾਏ ਬੰਜਾਰਾ ਕੋਲੋਂ ਲੰਘ ਰਹੀ ਸੀ। ਟ੍ਰੇਨ ਦੇ ਚੱਲਦਿਆਂ ਹੀ ਡੱਬਿਆਂ ਵਿੱਚੋਂ ਧੂੰਏਂ ਦੇ ਵਿਸ਼ਾਲ ਗੁਬਾਰ ਉੱਠਣੇ ਸ਼ੁਰੂ ਹੋ ਗਏ, ਜਿਸ ਕਾਰਨ ਪੂਰੀ ਟ੍ਰੇਨ ਵਿੱਚ ਹਾਹਾਕਾਰ ਮਚ ਗਈ।
ਘਟਨਾ ਦੇ ਸਮੇਂ ਟ੍ਰੇਨ ਆਪਣੀ ਪੂਰੀ ਰਫ਼ਤਾਰ ਨਾਲ ਪਟੜੀ ਉੱਤੇ ਦੌੜ ਰਹੀ ਸੀ। ਜਿਵੇਂ ਹੀ ਯਾਤਰੀਆਂ ਨੇ ਡੱਬਿਆਂ ਵਿੱਚੋਂ ਧੂੰਆਂ ਨਿਕਲਦਾ ਦੇਖਿਆ, ਉਨ੍ਹਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਆਪਣੀ ਜਾਨ ਬਚਾਉਣ ਲਈ ਲੋਕ ਇੱਧਰ-ਉੱਧਰ ਭੱਜਣ ਲੱਗੇ। ਯਾਤਰੀਆਂ ਨੇ ਮੁਸੀਬਤ ਨੂੰ ਦੇਖਦੇ ਹੋਏ ਤੁਰੰਤ ਟ੍ਰੇਨ ਦੀ ਐਮਰਜੈਂਸੀ ਚੇਨ ਖਿੱਚੀ, ਜਿਸ ਤੋਂ ਬਾਅਦ ਟ੍ਰੇਨ ਨੂੰ ਖੇਤਾਂ ਦੇ ਵਿਚਕਾਰੋਂ ਲੰਘਦੀ ਪਟੜੀ ਉੱਤੇ ਰੋਕਿਆ ਗਿਆ। ਟ੍ਰੇਨ ਦੇ ਰੁਕਦਿਆਂ ਹੀ ਸਾਰੇ ਯਾਤਰੀ ਘਬਰਾਹਟ ਵਿੱਚ ਆਪਣੇ ਸਾਮਾਨ ਸਮੇਤ ਬਾਹਰ ਵੱਲ ਭੱਜੇ।
ਸੋਸ਼ਲ ਮੀਡੀਆ ਉੱਤੇ ਇਸ ਘਟਨਾ ਨਾਲ ਸੰਬੰਧਿਤ ਕਈ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਟ੍ਰੇਨ ਦੇ ਡੱਬਿਆਂ ਵਿੱਚੋਂ ਧੂੰਆਂ ਉੱਠਦਾ ਦਿਸ ਰਿਹਾ ਹੈ ਅਤੇ ਆਲੇ-ਦੁਆਲੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋਈ ਨਜ਼ਰ ਆ ਰਹੀ ਹੈ। ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਉੱਤਰੀ ਰੇਲਵੇ ਦੇ ਮੁੱਖ ਜਨ ਸੰਪਰਕ ਅਧਿਕਾਰੀ (ਸੀ.ਪੀ.ਆਰ.ਓ.) ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਅੰਬਾਲਾ ਮੰਡਲ ਦੇ ਸਰਾਏ ਬੰਜਾਰਾ ਸਟੇਸ਼ਨ ਨੇੜੇ ਕਰਮਭੂਮੀ ਐਕਸਪ੍ਰੈਸ ਦੇ 4 ਡੱਬਿਆਂ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ।
ਰੇਲਵੇ ਦੀ ਸੁਰੱਖਿਆ ਪ੍ਰਣਾਲੀ ਦੇ ਸਮੇਂ ਸਿਰ ਸਰਗਰਮ ਹੋਣ ਕਾਰਨ ਟ੍ਰੇਨ ਨੂੰ ਤੁਰੰਤ ਰੋਕ ਲਿਆ ਗਿਆ, ਜਿਸ ਨਾਲ ਇੱਕ ਬਹੁਤ ਵੱਡਾ ਹਾਦਸਾ ਟਲ ਗਿਆ। ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਰੇਲਵੇ ਦੇ ਸਾਰੇ ਉੱਚ ਅਧਿਕਾਰੀ ਅਤੇ ਰਾਹਤ ਟੀਮਾਂ ਮੌਕੇ ਉੱਤੇ ਪਹੁੰਚ ਚੁੱਕੀਆਂ ਹਨ ਅਤੇ ਅੱਗ ਉੱਤੇ ਕਾਬੂ ਪਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ।
ਰੇਲਵੇ ਅਧਿਕਾਰੀਆਂ ਅਨੁਸਾਰ ਸਭ ਤੋਂ ਰਾਹਤ ਦੀ ਗੱਲ ਇਹ ਹੈ ਕਿ ਇਸ ਘਟਨਾ ਵਿੱਚ ਕਿਸੇ ਵੀ ਯਾਤਰੀ ਦੇ ਜ਼ਖਮੀ ਹੋਣ, ਜਾਨੀ ਨੁਕਸਾਨ ਜਾਂ ਹੋਰ ਵੱਡੇ ਆਰਥਿਕ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਰੇਲਵੇ ਪ੍ਰਸ਼ਾਸਨ ਵੱਲੋਂ ਹੁਣ ਅੱਗ ਲੱਗਣ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸ਼ੁਰੂਆਤੀ ਤੌਰ ਉੱਤੇ ਸ਼ਾਰਟ ਸਰਕਟ ਜਾਂ ਕਿਸੇ ਹੋਰ ਤਕਨੀਕੀ ਖਰਾਬੀ ਨੂੰ ਇਸ ਦਾ ਕਾਰਨ ਮੰਨਿਆ ਜਾ ਰਹਾ ਹੈ, ਪਰ ਪੂਰੀ ਜਾਂਚ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋ ਸਕੇਗੀ। ਪ੍ਰਸ਼ਾਸਨ ਵੱਲੋਂ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਪਹੁੰਚਾਉਣ ਲਈ ਵੀ ਢੁਕਵੇਂ ਪ੍ਰਬੰਧ ਕੀਤੇ ਜਾ ਰਹੇ ਹਨ।
















