Monsoon in Punjab: ਪੰਜਾਬ ਵਿੱਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ! IMD ਵੱਲੋਂ ਤੇਜ਼ ਤੂਫ਼ਾਨ ਦਾ ਚੇਤਾਵਨੀ
ਅਗਲੇ 48 ਘੰਟਿਆਂ ਦੌਰਾਨ ਮੌਸਮ ਵਿੱਚ ਆਵੇਗੀ ਵੱਡੀ ਤਬਦੀਲੀ; ਤਾਪਮਾਨ ਡਿੱਗਣ ਨਾਲ ਮਿਲੇਗੀ ਰਾਹਤ- ਉੱਤਰਾਖੰਡ ਦੇ ਦੇਹਰਾਦੂਨ ਵਿੱਚ ਮਾਨਸੂਨ ਦੀ ਆਮਦ, 1 ਤੇ 2 ਜੁਲਾਈ ਲਈ ‘ਓਰੇਂਜ ਅਲਰਟ’ ਜਾਰੀ
ਚੰਡੀਗੜ੍ਹ, 1 ਜੁਲਾਈ 2026-
Monsoon in Punjab: ਉੱਤਰ ਭਾਰਤ ਦੇ ਲੋਕਾਂ ਲਈ ਅੱਤ ਦੀ ਗਰਮੀ ਤੋਂ ਵੱਡੀ ਰਾਹਤ ਦੀ ਖ਼ਬਰ ਹੈ। ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਨੇ ਰਸਮੀ ਤੌਰ ‘ਤੇ ਦਸਤਕ ਦੇ ਦਿੱਤੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਤੋਂ ਲੈ ਕੇ 5 ਜੁਲਾਈ ਤੱਕ ਤਿੰਨਾਂ ਰਾਜਾਂ ਲਈ ਇੱਕ ਵੱਡੀ ਭਵਿੱਖਬਾਣੀ ਕੀਤੀ ਹੈ।
ਵਿਭਾਗ ਵੱਲੋਂ ਇਸ ਸਮੇਂ ਦੌਰਾਨ ਭਾਰੀ ਬਾਰਿਸ਼, ਗਰਜ-ਚਮਕ, ਆਸਮਾਨੀ ਬਿਜਲੀ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ (ਹਨ੍ਹੇਰੀ-ਤੂਫ਼ਾਨ) ਚੱਲਣ ਦਾ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। ਖ਼ਾਸ ਕਰਕੇ ਪੰਜਾਬ ਵਿੱਚ ਅਗਲੇ 48 ਘੰਟਿਆਂ ਦੌਰਾਨ ਮੌਸਮ ਵਿੱਚ ਬਹੁਤ ਵੱਡੀ ਤਬਦੀਲੀ ਦੇਖਣ ਨੂੰ ਮਿਲੇਗੀ।
ਮੌਸਮ ਵਿਭਾਗ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ (ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਹੁਸ਼ਿਆਰਪੁਰ, ਨਵਾਂਸ਼ਹਿਰ, ਲੁਧਿਆਣਾ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਸੰਗਰੂਰ ਅਤੇ ਪਟਿਆਲਾ) ਵਿੱਚ ਭਾਰੀ ਬਾਰਿਸ਼ ਅਤੇ ਤੇਜ਼ ਹਨ੍ਹੇਰੀ ਦਾ ਅਲਰਟ ਜਾਰੀ ਕੀਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ। ਪੰਜਾਬ ਦੇ ਪਠਾਨਕੋਟ, ਭਾਖੜਾ ਡੈਮ ਖੇਤਰ, ਸ੍ਰੀ ਅਨੰਦਪੁਰ ਸਾਹਿਬ ਅਤੇ ਗੁਰਦਾਸਪੁਰ ਵਿੱਚ ਬੱਦਲ ਵਰ੍ਹੇ। ਦੂਜੇ ਪਾਸੇ ਹਰਿਆਣਾ ਦੇ ਚਰਖੀ ਦਾਦਰੀ, ਭਿਵਾਨੀ, ਯਮੁਨਾਨਗਰ ਅਤੇ ਗੁਰੂਗ੍ਰਾਮ ਵਿੱਚ ਵੀ ਮੀਂਹ ਪੈਣ ਦੀਆਂ ਖ਼ਬਰਾਂ ਹਨ।
ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਸ਼ਾਮ ਨੂੰ ਕਈ ਥਾਵਾਂ ‘ਤੇ ਦਰਮਿਆਨੀ ਤੋਂ ਤੇਜ਼ ਬਾਰਿਸ਼ ਹੋਈ, ਜਿਸ ਨਾਲ ਪਹਾੜੀ ਇਲਾਕਿਆਂ ਵਿੱਚ ਮੌਸਮ ਬੇਹੱਦ ਸੁਹਾਵਣਾ ਹੋ ਗਿਆ ਅਤੇ ਤਾਪਮਾਨ ਵਿੱਚ ਗਿਰਾਵਟ ਆਉਣੀ ਸ਼ੁਰੂ ਹੋ ਗਈ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਵਿੱਚ 43.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਬਠਿੰਡਾ ਵਿੱਚ 43.2 ਡਿਗਰੀ, ਅਬੋਹਰ ਵਿੱਚ 40.5 ਡਿਗਰੀ, ਲੁਧਿਆਣਾ ਵਿੱਚ 38.8 ਡਿਗਰੀ, ਅੰਮ੍ਰਿਤਸਰ ਵਿੱਚ 37.2 ਡਿਗਰੀ ਅਤੇ ਹੁਸ਼ਿਆਰਪੁਰ ਵਿੱਚ 36.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ।
ਉੱਤਰਾਖੰਡ ਦੇ ਦੇਹਰਾਦੂਨ ‘ਚ ‘ਓਰੇਂਜ ਅਲਰਟ’
ਇਸ ਦੌਰਾਨ ਗੁਆਂਢੀ ਰਾਜ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਸਮੇਤ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਮਾਨਸੂਨ ਪਹੁੰਚ ਚੁੱਕਾ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਅਤੇ ਰਾਜ ਐਮਰਜੈਂਸੀ ਆਪ੍ਰੇਸ਼ਨ ਕੇਂਦਰ ਵੱਲੋਂ ਜਾਰੀ ਅਗਾਊਂ ਅਨੁਮਾਨ ਮੁਤਾਬਕ, ਦੇਹਰਾਦੂਨ ਜ਼ਿਲ੍ਹੇ ਵਿੱਚ 1 ਅਤੇ 2 ਜੁਲਾਈ ਨੂੰ ਬਹੁਤ ਭਾਰੀ ਬਾਰਿਸ਼ ਹੋਣ ਦਾ ਖਦਸ਼ਾ ਹੈ। ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਵਿੱਚ ‘ਓਰੇਂਜ ਅਲਰਟ’ ਜਾਰੀ ਕਰਕੇ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ।

















