‘ਮੁਹੱਬਤ ਦੀ ਦੁਕਾਨ’ ਵਿੱਚ ਜ਼ਹਿਰ ਵੇਚਣ ਦਾ ਕੰਮ ਕਰ ਰਹੇ ਨੇ ਰਾਹੁਲ ਗਾਂਧੀ: ਨਾਇਬ ਸੈਣੀ
ਗਰੀਬ, ਕਿਸਾਨ ਅਤੇ ਦੇਸ਼ ਨੂੰ ਮਜ਼ਬੂਤ ਕਰਨ ਲਈ ਕੰਮ ਕਰ ਰਹੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਂਗਰਸ ਵਿਰੋਧ ਕਰ ਰਹੀ ਹੈ : ਮੁੱਖ ਮੰਤਰੀ
ਅਰਵਿੰਦ ਕੇਜਰੀਵਾਲ ਆਪਣੇ ਕਾਰਜਕਾਲ ਵਿੱਚ ਬਣਾਏ ਡਾਕਟਰਾਂ-ਇੰਜੀਨੀਅਰਾਂ ਦੀ ਸੂਚੀ ਜਾਰੀ ਕਰਨ, ਝੂਠ ਬੋਲ ਕੇ ਦੇਸ਼ ਨੂੰ ਗੁੰਮਰਾਹ ਨਾ ਕਰਨ
ਚੰਡੀਗੜ੍ਹ, 29 ਅਕਤੂਬਰ 2026- ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ 140 ਕਰੋੜ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਅਤੇ ਗਰੀਬ ਵਿਅਕਤੀ ਨੂੰ ਮਜ਼ਬੂਤ ਬਣਾਉਣ ਲਈ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਗਰੀਬਾਂ ਦੇ ਘਰਾਂ ਵਿੱਚ ਉੱਜਵਲਾ ਯੋਜਨਾ ਤਹਿਤ ਗੈਸ ਸਿਲੰਡਰ ਪਹੁੰਚਾਉਣ ਅਤੇ ਗਰੀਬਾਂ ਨੂੰ ਇਲਾਜ ਦੀ ਸਹੂਲਤ ਦੇਣ ਦਾ ਕੰਮ ਕੀਤਾ, ਪਰ ਕਾਂਗਰਸ ਇਹਨਾਂ ਯੋਜਨਾਵਾਂ ਦਾ ਵੀ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਗਰੀਬਾਂ ਦੇ ਹਿੱਤ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਵਿਰੋਧ ਕਿਉਂ ਕਰ ਰਹੀ ਹੈ।
ਹਰਿਆਣਾ ਨਿਵਾਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਦੁਨੀਆ ਦਾ ਨੰਬਰ ਇੱਕ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹਨ। ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਉਨ੍ਹਾਂ ਦੇ ਖਾਤਿਆਂ ਵਿੱਚ ਛੇ ਹਜ਼ਾਰ ਰੁਪਏ ਦੀ ਰਾਸ਼ੀ ਪਹੁੰਚਾਈ ਜਾ ਰਹੀ ਹੈ। ਇਸ ਦੇ ਬਾਵਜੂਦ ਕਾਂਗਰਸ ਪ੍ਰਧਾਨ ਮੰਤਰੀ ਖ਼ਿਲਾਫ਼ ਟਿੱਪਣੀਆਂ ਕਰਦੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਪਰਿਵਾਰ ਨੂੰ ਲੈ ਕੇ ਕੀਤੀ ਗਈ ਟਿੱਪਣੀ ਬਹੁਤ ਬਦਕਿਸਮਤੀਪੂਰਨ ਹੈ ਅਤੇ ਦੇਸ਼ ਦੇ ਲੋਕ ਕਾਂਗਰਸ ਨੂੰ ਇਸ ਲਈ ਮਾਫ਼ ਨਹੀਂ ਕਰਨਗੇ। ਮੁੱਖ ਮੰਤਰੀ ਨੇ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਬਿਆਨ ‘ਤੇ ਵੀ ਇਤਰਾਜ਼ ਜਤਾਇਆ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ‘ਮੁਹੱਬਤ ਦੀ ਦੁਕਾਨ’ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਰਾਹੁਲ ਗਾਂਧੀ ਮੁਹੱਬਤ ਦੀ ਦੁਕਾਨ ਖੋਲ੍ਹਣ ਦੀ ਗੱਲ ਕਰਦੇ ਹਨ, ਪਰ ਦੇਸ਼ ਅਤੇ ਪ੍ਰਦੇਸ਼ ਦੇ ਲੋਕਾਂ ਨੂੰ ਪਤਾ ਹੈ ਕਿ ਇਸ ਦੁਕਾਨ ਵਿੱਚ ਜ਼ਹਿਰ ਵਿਕ ਰਿਹਾ ਹੈ।
ਉਨ੍ਹਾਂ ਸਵਾਲ ਕੀਤਾ ਕਿ ਕੀ ਰਾਹੁਲ ਗਾਂਧੀ ਦੀ ਇਸ ਦੁਕਾਨ ਵਿੱਚ 1984 ਦੇ ਦੰਗਿਆਂ ਦੀ ਵੀ ਜਗ੍ਹਾ ਹੈ? ਕੀ ਹਰਿਆਣਾ ਵਿੱਚ ਕਾਂਗਰਸ ਦੇ ਸਮੇਂ ਲੋਕਾਂ ਦੇ ਘਰ ਅਤੇ ਦੁਕਾਨਾਂ ਸਾੜਨ ਅਤੇ ਦਲਿਤਾਂ ਦੀਆਂ ਬਸਤੀਆਂ ਸਾੜਨ ਦੀਆਂ ਘਟਨਾਵਾਂ ਨੂੰ ਵੀ ਇਸ ਦੁਕਾਨ ਵਿੱਚ ਸਜਾਇਆ ਜਾਵੇਗਾ? ਰਾਹੁਲ ਗਾਂਧੀ ਨੂੰ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕੀ ਇਹੋ ਉਨ੍ਹਾਂ ਦੀ ਮੁਹੱਬਤ ਦੀ ਦੁਕਾਨ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸ਼ਾਸਨਕਾਲ ਵਿੱਚ ਪਾਕਿਸਤਾਨ ਤੋਂ ਅੱਤਵਾਦੀ ਆਉਂਦੇ ਸਨ ਅਤੇ ਲੋਕਾਂ ਦੀ ਜਾਨ ਲੈ ਕੇ ਚਲੇ ਜਾਂਦੇ ਸਨ। ਉਸ ਸਮੇਂ ਅੱਤਵਾਦੀ ਘਟਨਾਵਾਂ ‘ਤੇ ਢੁਕਵਾਂ ਜਵਾਬ ਸਾਹਮਣੇ ਨਹੀਂ ਆਉਂਦਾ ਸੀ, ਜਦੋਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਅੱਤਵਾਦ ‘ਤੇ ਠੱਲ੍ਹ ਪਾਉਣ ਦਾ ਕੰਮ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਲਗਾਤਾਰ ਚੋਣ ਕਮਿਸ਼ਨ ਅਤੇ ਈ.ਵੀ.ਐੱਮ. ‘ਤੇ ਸਵਾਲ ਚੁੱਕਦੀ ਰਹੀ ਹੈ। ਹਾਲ ਹੀ ਵਿੱਚ ਬੈਲਟ ਪੇਪਰ ਨਾਲ ਹੋਈਆਂ ਚੋਣਾਂ ਦੇ ਨਤੀਜਿਆਂ ਵਿੱਚ ਕਾਂਗਰਸ ਦੀ ਸਥਿਤੀ ਕੀ ਰਹੀ, ਇਹ ਵੀ ਉਸ ਨੂੰ ਦੱਸਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਕਾਂਗਰਸ ਦੇ ਇਹਨਾਂ ਦੋਸ਼ਾਂ ਅਤੇ ਬਿਆਨਾਂ ਨੂੰ ਜਨਤਾ ਸਮਝ ਚੁੱਕੀ ਹੈ। ਮੁੱਖ ਮੰਤਰੀ ਨੇ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ ਦੀ ਸਰਕਾਰ ਦੌਰਾਨ ਦੰਗਿਆਂ ਅਤੇ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜ਼ਿਕਰ ਕਰਦਿਆਂ ਸਵਾਲ ਕੀਤਾ ਕਿ ਕੀ ਅਖਿਲੇਸ਼ ਯਾਦਵ ਵੀ ਰਾਹੁਲ ਗਾਂਧੀ ਦੀ ਮੁਹੱਬਤ ਦੀ ਦੁਕਾਨ ਵਿੱਚ ਸ਼ਾਮਲ ਹੋ ਕੇ ਇਹਨਾਂ ਘਟਨਾਵਾਂ ਦਾ ਜਵਾਬ ਦੇਣਗੇ?
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਇੰਡੀ ਗਠਜੋੜ ਦੇ ਨੇਤਾਵਾਂ ਨੂੰ ਦੇਸ਼ ਦੀ ਜਨਤਾ ਨੂੰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮੁਹੱਬਤ ਦੀ ਦੁਕਾਨ ਵਿੱਚ ਆਖਿਰ ਕੀ ਵਿਕ ਰਿਹਾ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਦਾਅਵਾ ਕਰਦੇ ਹਨ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਸਕੂਲਾਂ ਦੀ ਅਜਿਹੀ ਵਿਵਸਥਾ ਕੀਤੀ ਗਈ ਕਿ ਬੱਚੇ ਡਾਕਟਰ ਅਤੇ ਇੰਜੀਨੀਅਰ ਬਣ ਗਏ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੈ ਤਾਂ ਕੇਜਰੀਵਾਲ ਨੂੰ ਸੂਚੀ ਜਾਰੀ ਕਰਨੀ ਚਾਹੀਦੀ ਹੈ ਕਿ ਉਨ੍ਹਾਂ ਦੇ ਕਾਰਜਕਾਲ ਵਿੱਚ ਕਿੰਨੇ ਬੱਚੇ ਡਾਕਟਰ ਅਤੇ ਕਿੰਨੇ ਇੰਜੀਨੀਅਰ ਬਣੇ।
ਉਨ੍ਹਾਂ ਕਿਹਾ ਕਿ ਕੇਵਲ ਵੱਡੇ-ਵੱਡੇ ਦਾਅਵੇ ਕਰਨ ਅਤੇ ਝੂਠ ਬੋਲਣ ਨਾਲ ਕੰਮ ਨਹੀਂ ਚੱਲਦਾ। ਦੇਸ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੂੰ ਆਪਣੇ ਕਾਰਜਕਾਲ ਵਿੱਚ ਕੀਤੇ ਗਏ ਕੰਮਾਂ ਅਤੇ ਦਾਅਵਿਆਂ ਦਾ ਵੇਰਵਾ ਜਨਤਾ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਹੁਣ ਕੋਈ ਮੁੱਦਾ ਨਹੀਂ ਬਚਿਆ ਹੈ ਅਤੇ ਪੰਜਾਬ ਦੀ ਜਨਤਾ ਵੀ ਉਸ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਚੁੱਕੀ ਹੈ।
ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ‘ਤੇ ਚੁੱਕੇ ਸਵਾਲ
ਪੰਜਾਬ ਵਿੱਚ ਜਲਦ ਚੋਣਾਂ ਕਰਵਾਉਣ ਦੀ ਮੰਗ ਨਾਲ ਜੁੜੇ ਸਵਾਲ ‘ਤੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਗੰਭੀਰ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਬਦਲਾਅ ਚਾਹੁੰਦੇ ਹਨ ਅਤੇ ਸੂਬੇ ਨੂੰ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਪੰਜਾਬ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜ ਸਾਲ ਤੱਕ ਲੋਕਾਂ ਨੂੰ ਚੁਟਕਲੇ ਸੁਣਾ ਕੇ ਢਿੱਡ ਨਹੀਂ ਭਰਿਆ ਜਾ ਸਕਦਾ। ਨਸ਼ਾ ਖ਼ਤਮ ਕਰਨ ਨੂੰ ਲੈ ਕੇ ਕੀਤੇ ਗਏ ਦਾਅਵਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਦੇ ਸਮੇਂ ਹੁਣ ਪੰਜਾਬ ਦੇ ਲੋਕ ਇਹਨਾਂ ਦਾਅਵਿਆਂ ਦਾ ਹਿਸਾਬ ਮੰਗ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਖ਼ਿਲਾਫ਼ ਲੋਕਾਂ ਵਿੱਚ ਭਾਰੀ ਗੁੱਸਾ ਦਿਖਾਈ ਦੇ ਰਿਹਾ ਹੈ। ਕਾਂਗਰਸ ‘ਤੇ ਵੀ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਾਂਗਰਸ ਤੋਂ ਵੀ ਪਰੇਸ਼ਾਨ ਹਨ। ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ (ਖਣਨ) ਦੇ ਮੁੱਦੇ ‘ਤੇ ਮੁੱਖ ਮੰਤਰੀ ਨੇ ਕਾਂਗਰਸ ‘ਤੇ ਵੀ ਸਵਾਲ ਚੁੱਕੇ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਾਈਨਿੰਗ ਮਾਮਲੇ ਨੂੰ ਲੈ ਕੇ ਚੁੱਕੇ ਗਏ ਸਵਾਲ ‘ਤੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਚੰਨੀ ਦੇ ਕਾਰਜਕਾਲ ਵਿੱਚ ਮਾਈਨਿੰਗ ਦੇ ਮਾਮਲਿਆਂ ਦੀ ਸਥਿਤੀ ਕੀ ਸੀ, ਇਹ ਉਨ੍ਹਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਦੇ ਕੰਮਕਾਜ ਨੂੰ ਦੇਖ ਚੁੱਕੀ ਹੈ।
ਮੁੱਖ ਮੰਤਰੀ ਨੇ ਆਪਣੇ ਗੁਜਰਾਤ ਦੌਰੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਨੂੰ ਇੱਕ ਮਜ਼ਬੂਤ ਅਤੇ ਦਿਸ਼ਾ ਦੇਣ ਵਾਲੇ ਸੂਬੇ ਵਜੋਂ ਖੜ੍ਹਾ ਕੀਤਾ ਹੈ। ਗੁਜਰਾਤ ਦੌਰੇ ਦੌਰਾਨ ਉਦਯੋਗਾਂ ਨੂੰ ਹਰਿਆਣਾ ਵਿੱਚ ਨਿਵੇਸ਼ ਲਈ ਸੱਦਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਲਗਭਗ 50 ਹਜ਼ਾਰ ਕਰੋੜ ਰੁਪਏ ਦੇ ਨਿਵੇਸ਼ ਨਾਲ ਜੁੜੇ ਉਦਯੋਗਾਂ ਨੇ ਹਰਿਆਣਾ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਐੱਮ.ਓ.ਯੂ. ਹੋਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਗੁਜਰਾਤ ਦੇ ਉਦਯੋਗਾਂ ਨੇ ਹਰਿਆਣਾ ਵਿੱਚ ਨਿਵੇਸ਼ ਪ੍ਰਤੀ ਦਿਲਚਸਪੀ ਦਿਖਾਈ ਹੈ। ਸਰਕਾਰ ਨੇ ਉਦਯੋਗਪਤੀਆਂ ਨੂੰ ਹਰਿਆਣਾ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ ਹੈ।
















