Tuesday, May 21, 2024
No menu items!
HomeOpinionAmar Singh Chamkila! ਪੜ੍ਹੋ ਧਨੀ ਰਾਮ ਕਿਵੇਂ ਬਣਿਆ ਅਮਰ ਸਿੰਘ 'ਚਮਕੀਲਾ'?

Amar Singh Chamkila! ਪੜ੍ਹੋ ਧਨੀ ਰਾਮ ਕਿਵੇਂ ਬਣਿਆ ਅਮਰ ਸਿੰਘ ‘ਚਮਕੀਲਾ’?

 

ਅਮਰ ਸਿੰਘ ਚਮਕੀਲਾ (Amar Singh Chamkila 21 ਜੁਲਾਈ 1960 – 8 ਮਾਰਚ 1988) ਪੰਜਾਬੀ ਸੰਗੀਤ ਦਾ ਇੱਕ ਭਾਰਤੀ ਗਾਇਕ ਅਤੇ ਸੰਗੀਤਕਾਰ ਸੀ। ਚਮਕੀਲਾ ਅਤੇ ਉਸਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਉਹਨਾਂ ਦੇ ਬੈਂਡ ਦੇ ਦੋ ਮੈਂਬਰਾਂ ਸਮੇਤ ਇੱਕ ਕਤਲ ਵਿੱਚ ਮਾਰ ਦਿੱਤਾ ਗਿਆ ਸੀ ਜੋ ਅਜੇ ਤੱਕ ਅਣਸੁਲਝਿਆ ਹੋਇਆ ਹੈ।

ਅਮਰ ਸਿੰਘ ਚਮਕੀਲਾ ਨੂੰ ਪੰਜਾਬ ਦੇ ਸਭ ਤੋਂ ਵਧੀਆ ਲਾਈਵ ਸਟੇਜ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਪਿੰਡਾਂ ਦੇ ਦਰਸ਼ਕਾਂ ਵਿੱਚ ਬਹੁਤ ਮਸ਼ਹੂਰ ਹੈ। ਉਸਦੀ ਮਹੀਨੇ ਦੇ ਪ੍ਰੋਗਰਾਮਾਂ ਦੀ ਬੁਕਿੰਗ ਨਿਯਮਤ ਤੌਰ ‘ਤੇ ਮਹੀਨੇ ਦੇ ਦਿਨਾਂ ਦੀ ਗਿਣਤੀ ਨਾਲੋਂ ਵੱਧ ਹੁੰਦੀ ਸੀ। ਚਮਕੀਲਾ ਨੂੰ ਆਮ ਤੌਰ ‘ਤੇ ਹਰ ਸਮੇਂ ਦੇ ਮਹਾਨ ਅਤੇ ਪ੍ਰਭਾਵਸ਼ਾਲੀ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਉਸ ਦਾ ਸੰਗੀਤ ਪੰਜਾਬੀ ਪਿੰਡ ਦੀ ਜ਼ਿੰਦਗੀ ਤੋਂ ਬਹੁਤ ਪ੍ਰਭਾਵਿਤ ਸੀ ਜਿਸ ਵਿੱਚ ਉਹ ਵੱਡੇ ਹੋ ਕੇ ਘਿਰਿਆ ਹੋਇਆ ਸੀ। ਉਸਨੇ ਆਮ ਤੌਰ ‘ਤੇ ਵਿਆਹ ਤੋਂ ਬਾਹਰਲੇ ਸਬੰਧਾਂ, ਉਮਰ ਦੇ ਆਉਣ, ਸ਼ਰਾਬ ਪੀਣ, ਨਸ਼ਿਆਂ ਦੀ ਵਰਤੋਂ ਅਤੇ ਪੰਜਾਬੀ ਮਰਦਾਂ ਦੇ ਗਰਮ ਸੁਭਾਅ ਬਾਰੇ ਗੀਤ ਲਿਖੇ। ਉਸਦੇ ਆਲੋਚਕਾਂ ਦੇ ਨਾਲ ਉਸਦੇ ਸੰਗੀਤ ਨੂੰ ਅਸ਼ਲੀਲ ਕਰਨ, ਅਤੇ ਉਸਦੇ ਸਮਰਥਕਾਂ ਦੁਆਰਾ ਇਸਨੂੰ ਪੰਜਾਬੀ ਸੱਭਿਆਚਾਰ ਅਤੇ ਸਮਾਜ ਉੱਤੇ ਇੱਕ ਸੱਚੀ ਟਿੱਪਣੀ ਦੇ ਸਬੰਧ ਵਿੱਚ ਉਸਨੇ ਇੱਕ ਵਿਵਾਦਪੂਰਨ ਪ੍ਰਸਿੱਧੀ ਪ੍ਰਾਪਤ ਕੀਤੀ।

ਉਸਦੇ ਸਭ ਤੋਂ ਮਸ਼ਹੂਰ ਹਿੱਟ ਗੀਤਾਂ ਵਿੱਚ “ਪਹਿਲੇ ਲਲਕਾਰੇ ਨਾਲ” ਅਤੇ ਉਸਦੇ ਭਗਤੀ ਗੀਤ “ਬਾਬਾ ਤੇਰਾ ਨਨਕਾਣਾ” ਅਤੇ “ਤਲਵਾਰ ਮੈਂ ਕਲਗੀਧਰ ਦੀ” ਸ਼ਾਮਲ ਹਨ। ਹਾਲਾਂਕਿ ਉਸਨੇ ਇਸਨੂੰ ਕਦੇ ਖੁਦ ਰਿਕਾਰਡ ਨਹੀਂ ਕੀਤਾ, ਉਸਨੇ ਵਿਆਪਕ ਤੌਰ ‘ਤੇ ਪ੍ਰਸਿੱਧ “ਜੱਟ ਦੀ ਦੁਸ਼ਮਨੀ” ਲਿਖੀ ਜਿਸਨੂੰ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਦੁਆਰਾ ਰਿਕਾਰਡ ਕੀਤਾ ਗਿਆ ਹੈ। ਉਹ ਆਪਣੇ ਪਹਿਲੇ ਰਿਕਾਰਡ ਕੀਤੇ ਗੀਤ “ਟਕੂਏ ਤੇ ਟਕੂਆ” ਦੇ ਨਤੀਜੇ ਵਜੋਂ ਮਸ਼ਹੂਰ ਹੋਇਆ।

ਜੀਵਨ

ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਮਦਾਸੀਆ ਬਰਾਦਰੀ ’ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1960 ਨੂੰ ਹੋਇਆ। ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਨਾਂ ਮਾਪਿਆਂ ਨੇ ਧਨੀ ਰਾਮ ਰੱਖਿਆ। ਮਾਪਿਆਂ ਨੇ ਆਪਣੇ ‘ਧਨੀਏ’ ਨੂੰ ਅਫ਼ਸਰ ਲੱਗਿਆ ਵੇਖਣ ਲਈ ਗੁਜ਼ਰ ਖ਼ਾਨ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਾ ਦਿੱਤਾ।

ਘਰ ਦੀ ਮੰਦਹਾਲੀ ਕਾਰਨ ਧਨੀਏ ਨੂੰ ਪੜ੍ਹਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਪਰ ਘਰ ਦੀ ‘ਦਿਨ ’ਚ ਕਮਾ ਕੇ ਆਥਣੇ ਖਾਣ’ ਦੀ ਦਸ਼ਾ ਨੇ ਧਨੀ ਰਾਮ ਨੂੰ ਇਲੈਕਟ੍ਰੀਸ਼ਨ ਵੀ ਨਾ ਬਣਨ ਦਿੱਤਾ। ਆਪਣੇ ਘਰ ਦੀ ਹਾਲਤ ਦੇਖ ਕੇ ਧਨੀ ਰਾਮ ਲੁਧਿਆਣੇ ਕੱਪੜਾ ਫੈਕਟਰੀ ’ਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਅੰਦਰ ਜੋ ਸੰਗੀਤ ਦਾ ਜਵਾਲਾਮੁਖੀ ਦਹਿਕ ਰਿਹਾ ਸੀ, ਉਹ ਹੌਲੀ-ਹੌਲੀ ਫੱਟਣ ਲੱਗਾ।

“ਧਨੀ ਰਾਮ” ਹਾਰਮੋਨੀਅਮ, ਤੂੰਬੀ ਅਤੇ ਢੋਲਕੀ ਦਾ ਖਾਸਾ ਜਾਣੂ ਹੋ ਚੁੱਕਿਆ ਸੀ। ਫਿਰ ਇੱਕ ਦਿਨ ਇਸੇ ਸਿਦਕ ਦਾ ਸਤਾਇਆ ਧਨੀ ਰਾਮ ਘਰੋਂ ਫੈਕਟਰੀ ਤਾਂ ਗਿਆ ਪਰ ਰਸਤੇ ’ਚ ਉਸ ਦੇ ਕਦਮ ਆਪਣੇ ਆਪ ਉਸ ਸਮੇਂ ਦੇ ਪ੍ਰਸਿੱਧ ਫ਼ਨਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਹੋ ਤੁਰੇ। ਸਾਰਾ ਦਿਨ ਉਸ ਨੇ ਕੁਝ ਵੀ ਨਾ ਖਾਧਾ-ਪੀਤਾ ਤੇ ਆਪਣੀ ਗੀਤਾਂ ਦੀ ਕਾਪੀ ਛਿੰਦੇ ਨੂੰ ਦਿਖਾਉਣ ਦੀ ਉਡੀਕ ਕਰਨ ਲੱਗਾ।

ਜਦੋਂ ਸ਼ਾਮ ਨੂੰ ਸੁਰਿੰਦਰ ਛਿੰਦੇ ਨੇ ਧਨੀ ਰਾਮ ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ। ਧਨੀ ਰਾਮ ਨੇ ਸੁਰਿੰਦਰ ਛਿੰਦੇ ਕੋਲੋਂ ਸੰਗੀਤ ਦੀਆਂ ਬਾਰੀਕੀਆ ਸਿੱਖੀਆਂ ਤਾ ਉਸ ਦੀ ਲਗਨ ਦੇਖ ਕੇ ਛਿੰਦੇ ਨੇ ਧਨੀ ਰਾਮ ਨੂੰ ਆਪਣੇ ਸੰਗੀਤਕ ਗਰੁੱਪ ’ਚ ਢੋਲਕੀ, ਤੂੰਬੀ ਤੇ ਹਰਮੋਨੀਅਮ ਮਾਸਟਰ ਵਜੋਂ ਜਗ੍ਹਾ ਦਿੱਤੀ। ਹੌਲੀ-ਹੌਲੀ ਧਨੀ ਰਾਮ ਸੁਰਿੰਦਰ ਛਿੰਦੇ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲੈਣ ਲੱਗ ਪਿਆ।

ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜ੍ਹਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ। ਉਸ ਦੇ ਲਿਖੇ ਗੀਤਾਂ ਨੂੰ ਲਗਪਗ ਸਾਰੇ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਗਾਇਆ ਹੈ। ਕੇ.ਦੀਪ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਨਾਲ ਵੀ “ਧਨੀ ਰਾਮ” ਨੇ ਕੰਮ ਕੀਤਾ।

ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਧਨੀ ਰਾਮ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ, ਜਿਸ ਤੋਂ ਧਨੀ ਦੇ ਘਰ ਦੋ ਲੜਕੀਆਂ-ਅਮਨਦੀਪ ਤੇ ਕਮਲਦੀਪ ਪੈਦਾ ਹੋਈਆਂ। ਗੀਤਕਾਰੀ ਦੇ ਸਿਰ ’ਤੇ ਧਨੀ ਰਾਮ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਸ ਨੇ ਉਸਤਾਦ ਛਿੰਦੇ ਨਾਲ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਧਨੀ ਰਾਮ ਦਾ ਨਾਂ ‘ਅਮਰ ਸਿੰਘ ਚਮਕੀਲਾ’ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ ਰਾਮਲੀਲ੍ਹਾ ’ਚ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਨੇ ਰੱਖਿਆ।

ਚਮਕੀਲੇ ਨੇ 1979 ’ਚ ਸੁਰਿੰਦਰ ਛਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ਟਕੂਏ ਤੇ ਟਕੂਆ ਖੜਕੇ ਐਚ.ਐਮ.ਵੀ. ਕੰਪਨੀ ’ਚ ਸੰਗੀਤ ਸਮਰਾਟ ਚਰਨਜੀਤ ਆਹੂਜਾ ਦੇ ਸੰਗੀਤ ਹੇਠ ਕੱਢਿਆ। ਇਸ ਵਿੱਚ ਚਮਕੀਲੇ ਦੇ ਲਿਖੇ, ਕੰਪੋਜ਼ ਅਤੇ ਗਾਏ ਕੁੱਲ ਅੱਠ ਗੀਤ ਸਨ। ਇਹ ਐਲ.ਪੀ. ਗਰਮ ਜਲੇਬੀਆਂ ਵਾਂਗ ਵਿਕਿਆ। ਚਮਕੀਲਾ ਰਾਤੋ ਰਾਤ ਸਟਾਰ ਬਣ ਚੁੱਕਿਆ ਸੀ।

ਸੁਰਿੰਦਰ ਸੋਨੀਆ ਨਾਲ ਚਮਕੀਲੇ ਦੀ ਜੋੜੀ ਇੱਕ ਸਾਲ ਬਾਅਦ ਹੀ ਟੁੱਟ ਗਈ। ਇਸ ਤੋਂ ਬਾਅਦ ਚਮਕੀਲੇ ਨਾਲ ਨਵੀਂ ਗਾਇਕਾ ਮਿਸ ਊਸ਼ਾ ਆ ਰਲੀ ਪਰ ਉਸ ਦੀ ਪਤਲੀ ਤੇ ਕਮਜ਼ੋਰ ਆਵਾਜ਼ ਚਮਕੀਲੇ ਦੇ ਮੁਕਾਬਲੇ ਸੰਤੁਲਨ ਕਾਇਮ ਨਾ ਰੱਖ ਸਕੀ। ਸਾਲ 1980 ਵਿੱਚ ਚਮਕੀਲੇ ਦੇ ਸੰਪਰਕ ਵਿੱਚ ਆਈ ਫਰੀਦਕੋਟ ਦੀ ਜੰਮਪਲ ਅਮਰਜੋਤ ਜੋ ਕਿ ਉਸ ਸਮੇਂ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਾਲ ਗਾ ਰਹੀ ਸੀ।

ਅਮਰਜੋਤ ਸੰਗੀਤਕ ਸ਼ੌਕ ਕਾਰਨ ਆਪਣੇ ਪਰਿਵਾਰਕ ਜੀਵਨ ਨੂੰ ਛੱਡ ਚੁੱਕੀ ਸੀ। ਬਾਅਦ ’ਚ ਚਮੀਕਲੇ ਤੇ ਅਮਰਜੋਤ ਨੇ ਵਿਆਹ ਵੀ ਕਰਵਾ ਲਿਆ ਸੀ। ਇਸ ਗਾਇਕ ਜੋੜੀ ਦੇ ਸੁਮੇਲ ਨੇ ਪੰਜਾਬੀ ਦੋਗਾਣਾ ਗਾਇਕੀ ’ਚ ਬੁਲੰਦੀਆਂ ਨੂੰ ਛੂਹਿਆ। ਅਮਰਜੋਤ ਤੇ ਚਮਕੀਲੇ ਦੀਆਂ ਲਗਪਗ 10-12 ਟੇਪਾਂ ਮਾਰਕੀਟ ਵਿੱਚ ਆਈਆਂ।

ਚਮਕੀਲੇ ਦੇ ਅਖਾੜਿਆਂ ਨੂੰ ਲੋਕ ਤਿੰਨ-ਤਿੰਨ ਮਹੀਨੇ ਪਹਿਲਾਂ ਚਾਰ-ਚਾਰ ਹਜ਼ਾਰ ਰੁਪਏ ਦੇ ਕੇ ਲੁਧਿਆਣੇ ਮੋਗੇ ਵਾਲੇ ਵੈਦਾਂ ਦੇ ਚੁਬਾਰੇ ’ਚ ਪ੍ਰੋਗਰਾਮ ਬੁੱਕ ਕਰਵਾ ਜਾਂਦੇ ਸਨ। ਚਮਕੀਲੇ ਦੀ ਲੋਕਪ੍ਰਿਯਤਾ ਦਾ ਇੱਕ ਰੂਪ ਇਹ ਵੀ ਸੀ ਕਿ ਲੋਕ ਉਸ ਦੀਆਂ ਵਿਹਲੀਆਂ ਤਰੀਕਾਂ ਦੇਖ ਕੇ ਹੀ ਆਪਣੇ ਵਿਆਹਾਂ ਦੇ ਦਿਨ ਧਰਦੇ ਸਨ।

ਚਮਕੀਲੇ ਦੇ ਅਖਾੜਿਆਂ ਦੀ ਇੱਕ ਖਾਸ ਵਿਸ਼ੇਸ਼ਤਾ ਇਹ ਰਹੀ ਹੈ ਕਿ ਉਹ ਅੱਜ ਦੇ ਗੀਤਕਾਰਾਂ ਵਾਂਗ ਕਾਪੀ ਰਾਈਟ ਦੇ ਚੱਕਰਾਂ ’ਚ ਨਹੀਂ ਸੀ ਪੈਂਦਾ ਸਗੋਂ ਪਹਿਲਾਂ ਗਾਣਾ ਸਟੇਜ ’ਤੇ ਗਾ ਕੇ ਲੋਕਾਂ ਦੀ ਪ੍ਰਤਿਕਿਰਿਆ ਪਤਾ ਕਰਦਾ ਤੇ ਫੇਰ ਸੰਗੀਤ ਸਮਰਾਟ ਆਹੂਜਾ ਕੋਲ ਆ ਕੇ ਕਹਿੰਦਾ, ‘‘ਗੁਰੂ ਜੀ, ਆਹ ਗੀਤ ਆਪਾਂ ਟੇਪ ’ਚ ਪਾਉਣੈ, ਲੋਕਾਂ ਨੇ ਬੜਾ ਪਸੰਦ ਕੀਤੈ।’’

ਚਮਕੀਲੇ ਦੇ ਗੀਤਾਂ ਬਾਰੇ ਵਾਦ-ਵਿਵਾਦ ਹਮੇਸ਼ਾ ਛਿੜਦੇ ਰਹੇ ਹਨ। ਸਾਡੇ ਸੱਭਿਆਚਾਰ ਵਿੱਚ ਜੋ ਪਰਦੇ ਪਿੱਛੇ ਹੋ ਰਿਹਾ ਹੈ ਚਮਕੀਲੇ ਦੀ ਕਲਮ ਨੇ ਉਸ ਪੱਖ ਨੂੰ ਉਘਾੜਿਆ ਹੈ। ਉਸ ਦੇ ਗੀਤਾਂ ’ਤੇ ਅਸ਼ਲੀਲਤਾ ਦਾ ਧੱਬਾ ਅਸਲ ’ਚ ਉਸ ਦੀ ਪ੍ਰਸਿੱਧੀ ਦੇ ਕਾਰਨ ਹੀ ਲੱਗਿਆ ਜਦੋਂਕਿ ਉਸ ਸਮੇਂ ਦੇ ਹੋਰ ਗਾਇਕਾਂ ਨੇ ਵੀ ਦੋਗਾਣਾ ਗਾਇਕੀ ਨੂੰ ਅਪਣਾਇਆ ਹੋਇਆ ਸੀ।

ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖ਼ਰ ਚਮਕੀਲਾ ਗ਼ਲਤੀ ਕਿੱਥੇ ਕਰ ਗਿਆ? ਪੰਜਾਬੀ ਮੁਹਾਵਰਿਆਂ ਅਤੇ ਅਖਾਣਾਂ ਨੂੰ ਢੁਕਵੀਂ ਥਾਂ ’ਤੇ ਵਰਤਣਾ ਚਮਕੀਲੇ ਨੂੰ ਬਾਖ਼ੂਬੀ ਆਉਂਦਾ ਸੀ। ਉਸ ਦਾ ਗੱਲ ਕਹਿਣ ਦਾ ਅੰਦਾਜ ਸਿੱਧਾ ਤੇ ਸਪਸ਼ਟ ਸੀ, ਜਿਸ ਨੇ ਅਣਗਿਣਤ ਵਿਵਾਦਾਂ ਨੂੰ ਜਨਮ ਦਿੱਤਾ।

ਪੰਜਾਬੀ ਫ਼ਿਲਮਾਂ ’ਚ ਫ਼ਿਲਮਾਏ ਗਏ ਚਮਕੀਲੇ ਦੇ ਅਖਾੜੇ ਵੀ ਪਾਲੀਵੁੱਡ ਲਈ ਵਰਦਾਨ ਸਾਬਤ ਹੋਏ। ਸੰਨ 1987 ’ਚ ਆਈ ਫ਼ਿਲਮ “ਪਟੋਲਾ” ਦਾ ਗੀਤ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ ਫ਼ਿਲਮ ਹਿੱਟ ਹੋਣ ਦਾ ਬਹੁਤ ਵੱਡਾ ਕਾਰਨ ਬਣਿਆ। ਇਸੇ ਤਰ੍ਹਾਂ ਫ਼ਿਲਮ ‘ਦੁਪੱਟਾ’ ਦਾ ‘ਮੇਰਾ ਜੀ ਕਰਦਾ’ ਗਾਣਾ ਵੀ ਫ਼ਿਲਮ ਨੂੰ ਕਾਮਯਾਬ ਕਰ ਗਿਆ।

ਚਮਕੀਲੇ ਨੇ ਸਿਰਫ ਸਮਾਜਿਕ ਰਿਸ਼ਤਿਆਂ ਨੂੰ ਹੀ ਗਾਇਕੀ ਦਾ ਆਧਾਰ ਨਹੀਂ ਬਣਾਇਆ ਸਗੋਂ ਉਸ ਦੁਆਰਾ ਕੱਢੀਆਂ ਗਈਆਂ ਧਾਰਮਿਕ ਟੇਪਾਂ- ‘ਨਾਮ ਜਪ ਲੈ’ ਅਤੇ ‘ਬਾਬਾ ਤੇਰਾ ਨਨਕਾਣਾ’ ਰਾਹੀਂ ਚਮਕੀਲੇ ਨੇ ਉਨ੍ਹਾਂ ਲੋਕਾਂ ਦੇ ਮੂੰਹਾਂ ’ਤੇ ਜਿੰਦੇ ਲਾ ਦਿੱਤੇ ਜਿਹੜੇ ਕਹਿੰਦੇ ਸਨ ਕਿ ਚਮਕੀਲਾ ਸਿਰਫ਼ ਅਸ਼ਲੀਲ ਗੀਤ ਹੀ ਗਾ ਸਕਦਾ ਹੈ। ਚਮਕੀਲੇ ਨੇ ਧਾਰਮਿਕ ਟੇਪਾਂ ਦੀ ਸਾਰੀ ਕਮਾਈ ਧਾਰਮਿਕ ਸਥਾਨਾਂ ਨੂੰ ਦਾਨ ਵਜੋਂ ਦਿੱਤੀ। ਪੰਜਾਬ ’ਚ ਹੁਣ ਤਕ ਦਹਿਸ਼ਤਗਰਦੀ ਦਾ ਕਾਲਾ ਬੱਦਲ ਫਟ ਚੁੱਕਿਆ ਸੀ।

ਕਿਹਾ ਜਾਂਦਾ ਹੈ ਕਿ ਦਹਿਸ਼ਤਗਰਦਾਂ ਨੇ ਦਹਿਸ਼ਤ ਫੈਲਾਉਣ ਦੇ ਮਨਸੂਬੇ ਨੂੰ ਅੰਜ਼ਾਮ ਦਿੰਦਿਆਂ ਜਲੰਧਰ ਨੇੜਲੇ ਪਿੰਡ ਮਹਿਸਪੁਰ ਵਿਖੇ 8 ਮਾਰਚ 1988 ਨੂੰ ਰੱਖੇ ਵਿਆਹ ਦੇ ਸਾਹੇ ’ਤੇ ਅਖਾੜਾ ਲਾਉਣ ਆਏ ਚਮਕੀਲੇ ਤੇ ਮਾਂ ਬਣਨ ਵਾਲੀ ਅਮਰਜੋਤ ਨੂੰ ਗੱਡੀ ’ਚੋਂ ਉਤਰਨ ਸਮੇਂ ਹੀ ਗੋਲੀਆਂ ਨਾਲ ਭੁੰਨ ਦਿੱਤਾ ਪਰ ਚਮਕੀਲੇ-ਅਮਰਜੋਤ ਦੇ ਕਤਲ ਹੋਣ ਦਾ ਅਸਲ ਕਾਰਨ ਅਜੇ ਵੀ ਬੁਝਾਰਤ ਬਣਿਆ ਹੋਇਆ ਹੈ।

ਪਹਿਲਾਂ ਚਮਕੀਲੇ ਦੀ ਟੇਪ ਲਾਉਣ ਸਮੇਂ ਆਮ ਲੋਕਾਂ ਨੂੰ ਪਤਾ ਤਾਂ ਹੁੰਦਾ ਸੀ ਕਿ ਇਸ ਵਿੱਚ ਸਮਾਜਿਕ ਰਿਸ਼ਤਿਆਂ ਤੇ ਬੇਬਾਕ ਬੋਲ ਵੀ ਆਖੇ ਜਾ ਸਕਦੇ ਹਨ ਪਰ ਹੁਣ ਟੀ. ਵੀ. ’ਤੇ ਚੱਲ ਰਹੇ ‘ਸੱਭਿਆਚਾਰਕ ਗੀਤਾਂ’ ’ਚ ਇਹ ਨਹੀਂ ਪਤਾ ਲੱਗਦਾ ਕਦੋਂ ਕੋਈ ਅਜਿਹਾ ਦ੍ਰਿਸ਼ ਆ ਜਾਵੇ ਕਿ ਜਾਂ ਤਾਂ ਭੈਣ ਉਠ ਕੇ ਬਾਹਰ ਚਲੀ ਜਾਵੇ ਜਾਂ ਭਰਾ ਕੋਈ ਹੋਰ ਚੈਨਲ ਬਦਲ ਲਵੇ। ਚਮਕੀਲੇ ਦੇ ਅਖਾੜਿਆਂ ’ਚ ਗਾਏ ਗੀਤਾਂ ਨੂੰ ਚੋਰੀ ਕਰਕੇ ਕਈ ਕਲਾਕਾਰ ਆਪਣੀ ਪ੍ਰਸਿੱਧੀ ਖੱਟ ਰਹੇ ਹਨ।

ਨੋਟ- ਇਹ ਲੇਖ ਵਿਕੀਪੀਡੀਆ ਵੈੱਬਸਾਈਟ ਤੋਂ ਪ੍ਰਾਪਤ ਕੀਤਾ ਗਿਆ ਹੈ। ਧੰਨਵਾਦ ਸਹਿਤ

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

 

RELATED ARTICLES
- Advertisment -

Most Popular

Recent Comments