Monday, April 22, 2024
No menu items!
HomeOpinionਬੋਲੀ ਛੱਡੇ ਗੋ਼ਲੀ…! ਪੜ੍ਹੋ ਕਮਲ ਬਠਿੰਡਾ ਦਾ ਵਿਸ਼ੇਸ਼ ਲੇਖ

ਬੋਲੀ ਛੱਡੇ ਗੋ਼ਲੀ…! ਪੜ੍ਹੋ ਕਮਲ ਬਠਿੰਡਾ ਦਾ ਵਿਸ਼ੇਸ਼ ਲੇਖ

 

ਬੋਲੀ ਛੱਡੇ ਗੋ਼ਲੀ…!

ਪਹਿਲਾਂ ਜਦੋਂ ਕਦੇ ਇਹ ਅਖਾਣ ਪੜ੍ਹਦੇ- ਸੁਣਦੇ ਸੀ ਤਾਂ ਦਿਮਾਗ ‘ਚ ਇਸ ਸਬੰਧੀ ਬੱਸ ਐਨਾ ਕੁ ਹੀ ਨਕਸ਼ਾ ਬਣਦਾ ਸੀ ਕਿ ਜਿਹੜਾ ਨੌਕਰ ਆਵਦੇ ਮਾਲਕ ਨੂੰ ਜੀ ਜੀ ਕਰਕੇ ਬੋਲਦੇ ਹਨ ਸ਼ਾਇਦ ਇਹ ਅਖਾਣ ਉਹਨਾਂ ਤੇ ਢੁੱਕਦੀ ਹੈ, ਪਰ ਇਹ ਅਖਾਣ ਕਿੱਡੀ ਵੱਡੀ ਸਚਾਈ ਅਤੇ ਕਿੰਨੇ ਡੂੰਘੇ ਅਰਥ ਸਮੋਈ ਬੈਠੀ ਐ,ਇਹ ਤਾਂ ਹੁਣ ਸਮਝ ਆਉਣ ਲੱਗੀ ਐ ਕਿ ਕਿਵੇਂ ਆਵਦੀ ਬੋਲੀ ਛੱਡਣ ਨਾਲ,ਆਵਦੀ ਹੋਂਦ,ਆਵਦੀ ਹੈਸੀਅਤ,ਆਵਦਾ ਸੱਭਿਆਚਾਰ,ਆਵਦੀ ਪਹਿਚਾਣ,ਆਵਦੀ ਕੌਮ ਅਤੇ ਵਿਕਾਸ ਦੇ ਸਭੇ ਰਾਹ ਤਬਾਹ ਹੋ ਜਾਂਦੇ ਹਨ।ਇਹ ਸਾਰਾ ਕੁੱਝ ਤਾਂ ਹੁਣ ਅਸੀਂ ਆਪਣੀਆਂ ਅੱਖਾਂ ਨਾਲ ਦੇਖ ਅਤੇ ਹੱਡੀਂ ਹੰਢਾ ਰਹੇ ਹਾਂ।

ਸਾਡੇ ਮੁਲਕ ਨੇ ਅੰਗਰੇਜ਼ੀ ਹਕੂਮਤ ਦੀ 200 ਸਾਲ ਸਿੱਧਿਆਂ ਹੀ ਗੁਲਾਮੀ ਝੱਲੀ ਐ, ਅਸਿੱਧਿਆਂ ਭਾਵੇਂ ਹੁਣ ਵੀ ਜਾਰੀ ਹੀ ਐ।ਇਸੇ ਕਰਕੇ ਮਾਨਸਿਕ ਤੌਰ ਤੇ ਅਸੀਂ ਉਹਨਾਂ ਨੂੰ ਆਪਣੇ ਤੋਂ ਸੁਪਰ ਸਮਝਿਆ ਹੋਇਆ ਐ ਅਤੇ ਉਥੋਂ ਦੀ ਹਾਕਮ ਜਮਾਤ ਨੂੰ ਵੀ ਲੋਕ ਪੱਖੀ ਹੋਣ ਦਾ ਭਰਮ ਪਾਲੀ ਬੈਠੇ ਹਾਂ,ਇਹੀ ਕਾਰਣ ਐ ਕਿ ਅਸੀਂ ਉਹਨਾਂ ਲਈ ਇਮਾਨਦਾਰ,ਸੁਲਝੇ ਹੋਏ,ਅਗਾਂਹ ਵਧੂ,ਸੱਭਿਅਕ ,ਬੁੱਧੀਮਾਨ,ਸੁਘੜ-ਸਿਆਣੇ ਅਤੇ ਹੋਰ ਪਤਾ ਨਹੀਂ ਕੀ ਕੀ ਤਖ਼ੱਲਸ ਵਰਤਦੇ ਹਾਂ, ਪਰ ਦੂਜੇ ਪਾਸੇ ਆਵਦੇ ਹੀ ਮੁਲਕ ਦੇ ਲੋਕਾਂ ਨੂੰ ਸਿਰੇ ਦੇ ਬੇਈਮਾਨ,ਅਣਪੜ੍,ਗੰਵਾਰ ,ਬੇਚੱਜੇ ,ਬੇਸੂੰਹੇ ਜਿਹੇ ਸ਼ਬਦਾਂ ਨਾਲ ਸੰਬੋਧਿਤ ਹੁੰਦੇ ਹਾਂ।ਅੰਗਰੇਜ਼ੀ ਬੋਲਦੇ ਬੰਦੇ ਅੱਗੇ ਅਸੀਂ ਲਿਫ਼ ਲਿਫ਼ ਜਾਂਦੇ ਹਾਂ, ਜੰਮਦੇ ਬੱਚਿਆਂ ਦੇ ਮੂੰਹ ਵਿੱਚ ਵੀ ਅੰਗਰੇਜ਼ੀ ਹੀ ਠੂਸਣ ਲੱਗ ਜਾਂਦੇ ਹਾਂ।

ਸਕੂਲ ਪੜ੍ਹਨੇ ਪਾਉਣ ਵੇਲੇ ਵੀ A for Apple ਪੜ੍ਹਾਉਣ ਵਾਲੇ ਸਕੂਲ ਦੀ ਹੀ ਚੋਣ ਕਰਦੇ ਹਾਂ ਨਾ ਕਿ ੳ -ਊਠ ਪੜ੍ਹਾਉਣ ਵਾਲੇ ਦੀ, ਜਿਹਨਾਂ ਸਕੂਲਾਂ ਵਿੱਚ ਜਿਥੇ ਪੰਜਾਬੀ ਬੋਲਣ ਤੇ ਬੱਚਿਆਂ ਨੂੰ ਜ਼ੁਰਮਾਨੇ ਕੀਤੇ ਜਾਂਦੇ ਹਨ ਉੱਥੇ ਮਾਪਿਆਂ ਨੂੰ ਵੀ ਘਰ ਵਿੱਚ ਬੱਚੇ ਨਾਲ ਪੰਜਾਬੀ ਵਿੱਚ ਗੱਲ-ਬਾਤ ਨਾ ਕਰਨ ਦੀ ਹਦਾਇਤ ਕੀਤੀ ਜਾਂਦੀ ਐ, ਅਸੀਂ ਉਹਨਾਂ ਸਕੂਲਾਂ ‘ਚ ਹੀ ਦਾਖਲਾ ਦਿਵਾਉਣ ਲਈ ਸਭ ਹੱਥ ਕੰਡੇ ਵਰਤਦੇ ਹਾਂ।ਇਹ ਸਭ ਗੁਲਾਮ ਮਾਨਸਿਕਤਾ ਕਰਕੇ ਹੀ ਤਾਂ ਹੈ,ਅੰਗਰੇਜ਼ੀ ਬੋਲਣ ਵਾਲੇ ਅੱਗੇ ਅਸੀਂ ਬੌਣੇ ਬੌਣੇ ਮਹਿਸੂਸ ਕਰਦੇ ਹਾਂ। ILETS ਦੀਆਂ ਜਗ੍ਹਾ- ਜਗ੍ਹਾ,ਧੜਾ-ਧੜ ਖੁਲੀਆਂ ਦੁਕਾਨਾਂ ਅਤੇ ਬੈਂਡਾਂ ਲਈ ਪਾਣੀ ਵਾਂਗੂੰ ਵਹਾਇਆ ਜਾਂਦਾ ਪੈਸਾ ਇਸੇ ਦੀ ਸ਼ਾਹਦੀ ਹੀ ਤਾਂ ਭਰਦੇ ਹਨ,ਅਸੀਂ ਆਪਣਾ ਸਮਾਂ ਤੇ ਭਰਪੂਰ ਸ਼ਕਤੀ ਇਸ ਤੇ ਹੀ ਖਪਤ ਕਰੀ ਜਾਂਦੇ ਹਾਂ।ਕਿਉਂਕਿ ਸਾਨੂੰ ਸਾਡੇ ਬੱਚੇ ਦਾ ਭਵਿੱਖ ਵੀ ਇਸੇ ਵਿੱਚ ਹੀ ਦਿਖਾਈ ਦਿੰਦਾ ਹੈ, ਸਾਡੇ ਮੁਲਕ ਦੇ ਹਾਕਮ ਵੀ ਇਸੇ ਨੂੰ ਹੀ ਉਤਸ਼ਾਹਤ ਕਰਨ ਲੱਗੇ ਹਨ ਅਤੇ ਆਵਦੇ ਮੁਲਕ ਵਿੱਚ ਹੀ ਨੌਜੁਆਨਾਂ ਨੂੰ ਰੁਜ਼ਗਾਰ ਮਿਲੇ,ਉਹਨਾਂ ਦੀ ਕਦਰ ਪਵੇ ਇਹ ਸਰਕਾਰਾਂ ਦੀ ਕੋਈ ਸਿਰਦਰਦੀ ਨਹੀਂ, ਇਸੇ ਕਰਕੇ ਅਸੀਂ ਬਦੇਸ਼ਾਂ ਵਿੱਚ ਭੇਜਣ ਲਈ ਹੀ ਸਾਡੇ ਬੱਚਿਆਂ ਦੀ ਪਨੀਰੀ ਤਿਆਰ ਕਰੀ ਜਾ ਰਹੇ ਹਾਂ, ਸਾਡੇ ਮੁਲਕ ‘ਚ ਤਾਂ ਸਾਨੂੰ ਨੌਜੁਆਨਾਂ ਲਈ ਹਨੇਰਾ ਹੀ ਹਨੇਰਾ ਦਿਖਾਈ ਦਿੰਦਾ ਹੈ ,ਭਾਵੇਂ ਬਦੇਸ਼ਾਂ ‘ਚ ਪਹੁੰਚ ਕੇ ਵੀ ਸਾਡੇ ਨੌਜੁਆਨ ਜੋ ਜ਼ਲਾਲਤ ਝੱਲਦੇ ਹਨ ਅਤੇ ਮਾਪੇ ਜੋ ਸੰਤਾਪ ਹੰਢਾਉਂਦੇ ਹਨ ,ਉਹ ਸਾਡੇ ਕਿਸੇ ਤੋਂ ਲੁਕੀ -ਛੁਪੀ ਨਹੀਂ।

ਮਾਨਸਿਕ ਗੁਲਾਮੀ ਤਾਂ ਇਥੋਂ ਤੱਕ ਘਰ ਕਰ ਚੁੱਕੀ ਹੈ ਕਿ ਬਾਹਰਲੇ ਮੁਲਕਾਂ ‘ਚ ਜਾਂਦੇ ਸਾਡੇ ਮੰਤਰੀ ਸੰਤਰੀ ਵੀ ਅੰਗਰੇਜ਼ੀ ਵਿੱਚ ਭਾਸ਼ਣ ਦੇਣ ‘ਚ ਬੜਾ ਮਾਣ ਮਹਿਸੂਸ ਕਰਦੇ ਹਨ ਅਤੇ ਇਸ ਲਈ ਸਦਾ ਲਟਾ ਪੀਂਘ ਹੁੰਦੇ ਰਹਿੰਦੇ ਹਨ,ਆਵਦੀ ਭਾਸ਼ਾ ‘ਚ ਗੱਲ-ਬਾਤ ਕਰਨ ‘ਚ ਤਾਂ ਉਹ ਆਪਣੀ ਹੱਤਕ ਸਮਝਦੇ ਹਨ,ਜਦੋਂ ਕਿ ਆਵਦੇ ਦੇਸ਼ ਦੀ ਭਾਸ਼ਾ ‘ਚ ਗੱਲ-ਬਾਤ ਕੀਤੀ ਜਾ ਸਕਦੀ ਐ ਅਤੇ ਕਰਨੀ ਚਾਹੀਦੀ ਵੀ ਐ,ਇਸ ਵਿੱਚ ਕੋਈ ਸਮੱਸਿਆ ਨਹੀਂ ਕਿਉਂਕਿ ਇਸ ਲਈ ਦੁਭਸ਼ਾਈਏ ਮੁਹੱਈਆ ਕਰਵਾਏ ਜਾ ਸਕਦੇ ਹੁੰਦੇ ਹਨ,ਵੈਸੇ ਅੱਜ ਕੱਲ ਤਾਂ ਸਿਸਟਮ ਹੀ ਇਸ ਤਰ੍ਹਾਂ ਦੇ ਆ ਗਏ ਕਿ ਬੋਲਣ ਵਾਲਾ ਜਿਸ ਮਰਜ਼ੀ ਭਾਸ਼ਾ ਵਿੱਚ ਗੱਲ ਕਰੇ ,ਪਰ ਸੁਣਨ ਵਾਲੇ ਨੂੰ ਉਸੇ ਭਾਸ਼ਾ ‘ਚ ਹੀ ਸੁਣਾਈ ਦਿੰਦਾ ਐ, ਜਿਸ ਵਿੱਚ ਉਹ ਚਾਹੁੰਦਾ ਹੈ,ਪਰ ਸਾਡੇ ਮੁਲਕ ਦੇ ਵਜ਼ੀਰਾਂ ਨੂੰ ਕਿਥੇ ਸ਼ਾਂਤੀ ਅੰਗਰੇਜ਼ੀ ਨੂੰ ਮੂੰਹ ਮਾਰੇ ਬਿਨਾਂ ? ਜਦੋਂ ਕਿ ਕਈ ਮੁਲਕ ਆਵਦੇ ਦੇਸ਼ ਦੀ ਭਾਸ਼ਾ ਵਿੱਚ ਹੀ ਗੱਲ-ਬਾਤ ਕਰਨ ‘ਚ ਆਪਣਾ ਮਾਣ ਮਹਿਸੂਸ ਕਰਦੇ ਹਨ ਅਤੇ ਇਸ ਤੋਂ ਵੀ ਅੱਗੇ ਆਵਦੇ ਦੇਸ਼ ‘ਚ ਖੇਤਰੀ ਭਾਸ਼ਾ ‘ਚ ਹੀ ਸਕੂਲਾਂ, ਕਾਲਜ਼ਾਂ ‘ਚ ਪੜ੍ਹਾਈ ਕਰਾਉਂਦੇ ਹਨ ਅਤੇ ਉੱਥੋਂ ਪੜ੍ਹਨ ਦੀ ਇੱਛਾ ਰੱਖਣ ਵਾਲੇ ਵੀ ਉਹਨਾਂ ਦੀ ਭਾਸ਼ਾ ਨੂੰ ਹੀ ਸਿੱਖ ਕੇ ਆਪਣੀ ਪੜ੍ਹਾਈ ਪੂਰੀ ਕਰਦੇ ਹਨ।

ਪਰ ਦੂਸਰੇ ਪਾਸੇ ਅਸੀਂ ਸਾਡੇ ਆਵਦੇ ਹੀ ਮੁਲਕ ਦੀਆਂ ਖੇਤਰੀ ਭਾਸ਼ਾਵਾਂ ਨਾਲ ਜਿਹੋ ਜਿਹਾ ਸਲੂਕ ਕਰਦੇ ਹਾਂ ਉਹ ਕਿਸੇ ਤੋਂ ਗੁੱਝਾ ਨਹੀਂ।ਅਸੀਂ ਸਾਡੇ ਹੀ ਦੇਸ਼ ਦੇ ਯੂ.ਪੀ.,ਬਿਹਾਰ ਜਾਂ ਹੋਰ ਪ੍ਰਾਂਤਾਂ ਤੋਂ ਕਿਰਤ ਕਰਨ ਲਈ ਪੰਜਾਬ ਆਏ ਕਿਰਤੀਆਂ ਦੀ ਬੋਲੀ ਦਾ ਮਜ਼ਾਕ ਉਡਾਉਂਦੇ ਹਾਂ,ਪੈਰ ਪੈਰ ਤੇ ਉਹਨਾਂ ਨੂੰ ਜ਼ਲੀਲ ਕਰਦੇ ਹਾਂ,ਉਹਨਾਂ ਦੀਆਂ ਸਾਂਗਾਂ ਲਾਹੁੰਦੇ ਹਾਂ ਕਿਉਂਕਿ ਉਹ ਗਰੀਬਾਂ ਦੀ ਬੋਲੀ ਹੈ, ਉਹਨਾਂ ਨੂੰ ਤਾਂ ਅਸੀਂ ਦੂਜੇ ਦਰਜੇ ਦੇ ਸ਼ਹਿਰੀ ਮੰਨਦੇ ਹਾਂ,ਉਹਨਾਂ ਦੀ ਭਾਸ਼ਾ ਨੂੰ ਵਧੀਆ ਕਿਵੇਂ ਮੰਨ ਲਈਏ ਭਲਾ ? ਪਰ ਸੱਤ ਸਮੁੰਦਰੋਂ ਪਾਰ ਵੱਸਦੇ ਅੰਗਰੇਜ਼ਾਂ ਦੀ ਭਾਸ਼ਾ ਨੂੰ,ਉੱਥੋਂ ਦੇ ਬਸ਼ੰਦਿਆਂ ਨੂੰ ਸਭ ਤੋਂ ਉੱਤਮ ਸਮਝਦੇ ਹਾਂ,ਅੰਗਰਜ਼ੀ ਬੋਲਣ ‘ਚ ਆਪਣੀ ਸ਼ਾਨ ਮਹਿਸੂਸ ਕਰਦੇ ਹਾਂ,ਉਹਨਾਂ ਦੇ ਪਹਿਰਾਵੇ ‘ਚ ਆਪਣੇ ਆਪ ਨੂੰ ਮਾਡਰਨ ਸਮਝਣ ਦਾ ਭਰਮ ਪਾਲਦੇ ਹਾਂ।ਇਹ ਮਾਨਸਿਕ ਗੁਲਾਮੀ ਹੀ ਤਾਂ ਹੈ।

ਮੈਂ ਬਹੁਤ ਵਾਰ ਮਹਿਕਮਾਨਾ ਮੀਟਿੰਗਾਂ ‘ਚ ਫੋਕੀ ਟੌਹਰ ਬਣਾਉਣ ਲਈ ਅੰਗਰੇਜ਼ੀ ਨੂੰ ਮੂੰਹ ਮਾਰਦਿਆਂ ਕਈਆਂ ਨੂੰ ਆਪਣੀ ਗੱਲ ਅਟਕ ਅਟਕ ਕੇ,ਕਦੇ ਅਧੂਰੀ ਤੇ ਕਦੇ ਤੱਥਾਂ ਵਿਹੂਣੀ ਰੱਖਦੇ ਹੋਏ ਮਜ਼ਾਕ ਦਾ ਪਾਤਰ ਬਣਦੇ ਤੱਕਿਆ ਐ। ਜਦੋਂ ਕਿ ਪੰਜਾਬੀ ਵਿੱਚ ਆਪਣੀਆਂ ਸਮੱਸਿਆਵਾਂ ਅਤੇ ਆਪਣੀ ਰਾਇ ਬੜੀ ਸਪਸ਼ਟਤਾ ਨਾਲ ਰੱਖੀ ਜਾ ਸਕਦੀ ਹੈ।ਕੋਈ ਬੰਦਸ਼ ਨਹੀਂ,ਪਰ ਨਹੀਂ ਅਸੀਂ ਤਾਂ ਅੰਗਰੇਜ਼ੀ ਬੋਲ ਕੇ ਦੂਜਿਆਂ ਤੇ ਆਪਣੀ ਧਾਂਕ ਜਮਾਉਣੀ ਹੁੰਦੀ ਐ,ਭਾਵੇਂ ਮਜ਼ਾਕ ਦੇ ਪਾਤਰ ਹੀ ਕਿਉਂ ਨਾ ਬਣੀਏ, ਕਈ ਵਾਰੀ ਤਾਂ ਮੀਟਿੰਗ ‘ਚ ਬਹੁਤ ਹੀ ਹਾਸੋ-ਹੀਣੀ ਹਾਲਤ ਬਣੀ ਦੇਖ ਕੇ ਕੋਈ ਨਾ ਕੋਈ ਬੋਲ ਹੀ ਪੈਂਦਾ, “ਮੈਡਮ ਪੰਜਾਬੀ ‘ਚ ਗੱਲ ਕਰ ਲਓ,ਸਭ ਸਮਝਦੇ ਹਨ।” ਵੈਸੇ ਵੀ ਕੀ ਸਰਕਾਰੀ ਤੇ ਕੀ ਗੈਰ ਸਰਕਾਰੀ ਸਭ ਥਾਂਵਾਂ ਤੇ ਅਤੇ ਦਫ਼ਤਰਾਂ ਵਿੱਚ ਵੀ ਹਰ ਕੰਮ-ਕਾਜ,ਪੱਤਰ-ਵਿਹਾਰ ਪੰਜਾਬੀ ਵਿੱਚ ਕਰਨ ਦੀਆਂ ਹਦਾਇਤਾਂ ਹਨ ਫਿਰ ਵੀ ਉਸ ਨੂੰ ਬੋਲਣ ‘ਚ,ਲਿਖਣ ‘ਚ ਆਪਣੀ ਹੇਠੀ ਸਮਝਦੇ ਹਾਂ ਕਿਉਂਕਿ ਅਸੀਂ ਅੰਗਰੇਜ਼ੀ ਭਾਸ਼ਾ ਨੂੰ ਮਨ ਹੀ ਮਨ ‘ਚ ਸਭ ਤੋਂ ਉਚੱਤਮ ਦਰਜ਼ਾ ਦੇਈ ਬੈਠੇ ਹਾਂ ਅਤੇ ਅੰਗਰੇਜ਼ੀ ਬੋਲਣ ਵਾਲੇ ਨੂੰ ਵੱਧ ਪੜ੍ਹਿਆ ਲਿਖਿਆ ਇਨਸਾਨ ਸਮਝਣ ਦਾ ਭਰਮ ਪਾਲੀ ਬੈਠੇ ਹਾਂ।ਅੰਗਰੇਜ਼ੀ ਬੋਲ ਕੇ ਆਪਣੇ ਆਪ ਨੂੰ ਹੋਰਾਂ ਤੋਂ ਉੱਚਾ ਹੋਣ ਦਾ ਦਿਖਾਵਾ ਕਰਨਾ ਚਾਹੁੰਦੇ ਹਾਂ, ਬੱਸ ਇਸੇ ਲਈ ਅਸੀਂ ਤਰਲੋਮੱਛੀ ਹੁੰਦੇ ਰਹਿੰਦੇ ਹਾਂ।ਇਹ ਸਭ ਗੁਲਾਮ ਮਾਨਸਿਕਤਾ ਦੀ ਨਿਸ਼ਾਨੀ ਹੀ ਤਾਂ ਹੈ।ਸਾਨੂੰ ਮਾਨਸਿਕ ਤੌਰ ‘ਤੇ ਗੁਲਾਮ ਕਰਨ ‘ਚ ਅੰਗਰਜ਼ੀ ਹਕੂਮਤ ਨੇ ਪੂਰਾ ਤਾਂਣ ਲਾਇਆ ਆਵਦੀ ਭਾਸ਼ਾ ਨੂੰ ਉਚਾਇਆ ਤੇ ਸਾਡੀਆਂ ਭਾਸ਼ਾਵਾਂ ਨੂੰ ਦੁਰਕਾਰਿਆ।

ਉਹਨਾਂ ਦੀਆਂ ਚਾਲਾਂ ਕਰਕੇ ਹੀ ਅੰਗਰੇਜ਼ੀ ਭਾਸ਼ਾ ਸਬੰਧੀ ਧਾਰਨਾਵਾਂ ਸਾਡੇ ਦਿਲੋਂ ਦਿਮਾਗ ਤੇ ਡੂੰਘੀਆਂ ਧੱਸੀਆਂ ਹੋਈਆਂ ਹਨ।ਹੁਣ ਹਾਲਾਤ ਇਹ ਹੈ ਕਿ ਸਾਡੀ ਹੁਣ ਵਾਲੀ ਪੀੜ੍ਹੀ ਨੂੰ ਕੋਈ ਵੀ ਭਾਸ਼ਾ ਚੱਜ ਨਾਲ ਨਹੀਂ ਆਉਂਦੀ।ਇਹ ਗੱਲ ਮੈਂ ਇੱਕ ਲਿਖੇ ਪੜ੍ਹੇ ਲਿਖੇ ਮਾਂ-ਬਾਪ ਦੇ ਮੂੰਹੋਂ ਡਾਕਟਰੀ ਕਰ ਰਹੇ ਪੁੱਤਰ ਬਾਰੇ ਸੁਣੀ ਜਿਸ ਨੇ ਪੰਜਾਬੀ ਦੀ ਇੱਕ ਲਿਖਤ ਆਪਣੇ ਬਾਪ ਨੂੰ ਫੜਵਾਉਂਦਿਆ ਕਿਹਾ,”ਪਾਪਾ ਮੈਂਨੂੰ ਸਮਝਾਓ ਇਸ ਵਿੱਚ ਕੀ ਲਿਖਿਆ,ਵੈਸੇ ਪਾਪਾ ਮੈਨੂੰ ਤਾਂ ਕੋਈ ਵੀ ਭਾਸ਼ਾ ਚੰਗੀ ਤਰ੍ਹਾਂ ਨਹੀਂ ਆਉਂਦੀ,ਜਿਸ ਵਿੱਚ ਮੈਂ ਖੁੱਲ ਕੇ ਗੱਲ-ਬਾਤ ਕਰ ਸਕਾਂ,ਜਿਸ ਵਿੱਚ ਲਿਖਿਆ ਸਾਰਾ ਕੁੱਝ ਮੈਂ ਚੰਗੀ ਤਰ੍ਹਾਂ ਸਮਝ ਸਕਾਂ ਜਾਂ ਕਿਸੇ ਨੂੰ ਸਮਝਾਂ ਸਕਾਂ।”ਇਹ ਹੈ ਤ੍ਰਾਸਦੀ ਸਾਡੇ ਪੰਜਾਬ ਦੀ ਅਤੇ ਪੰਜਾਬੀ ਦੀ। ਆਵਦੀ ਭਾਸ਼ਾ ਅਸੀਂ ਬੋਲਣੀ ਲਿਖਣੀ ਨਹੀਂ ਕਿਉਂਕਿ ਇਹਨੂੰ ਤਾਂ ਅਸੀਂ ਉਜੱਡ ਭਾਸ਼ਾ ਮੰਨੀ ਬੈਠੇ ਹਾਂ,ਅਖੌਤੀ ਸੱਭਿਅਕ ਸਮਝੀ ਬੈਠੇ ਅੰਗਰੇਜ਼ੀ ਭਾਸ਼ਾ ਨੂੰ ਸਿੱਖਣ ਸਿਖਾਉਣ ਤੇ ਹੀ ਸਾਰਾ ਤਾਣ ਲਗਾਈ ਜਾ ਰਹੇ ਹਾਂ,ਅਸੀਂ ਕਿਸੇ ਪਾਸੇ ਜੋਗੇ ਨਹੀਂ ਰਹਿੰਦੇ।ਭਾਵੇਂ ਅੰਗਰੇਜ਼ੀ ਦੇ ਚਾਰ ਅੱਖਰ ਬੋਲ ਕੇ ਆਵਦਾ ਦਬ-ਦਬਾ ਕਾਇਮ ਕਰਨ ਦਾ ਭਰਮ ਪਾਲੀ ਫਿਰਦੇ ਹਾਂ,ਪਰ ਇਸ ਨਾਲ ਸਾਡਾ ਪਾਰ-ਉਤਾਰਾ ਨਹੀਂ ਹੋਣ ਵਾਲਾ।ਆਵਦੀ ਭਾਸ਼ਾ ਤੇ ਪੂਰੀ ਪਕੜ ਨਾਲ ਹੀ ਸਾਡੇ ਵਿਕਾਸ ਦਾ ਰਾਹ ਖੁੱਲ ਸਕਦੈ,ਬੋਲੀ ਦੇ ਆਧਾਰ ਤੇ ਲੋਕਾਂ ਦਾ,ਦੇਸ਼ -ਪ੍ਰਦੇਸ਼ਾਂ ਦਾ ਵਰਗੀਕਰਣ ਕਰਨਾ ਕਿਸੇ ਪੱਖੋਂ ਵੀ ਉਚਿਤ ਨਹੀਂ ਹੈ।

ਬੋਲੀ ਤਾਂ ਵਿਚਾਰ-ਵਟਾਂਦਰੇ ਕਰਨ,ਹਾਵ-ਭਾਵ ਪ੍ਰਗਟ ਕਰਨ,ਸ਼ਬਦਾਂ ਦਾ ਆਦਾਨ ਪ੍ਰਦਾਨ ਕਰਨ,ਆਪਣੀ ਗੱਲ ਕਹਿਣ ਅਤੇ ਅਗਲੇ ਦੀ ਸੁਣਨ ਦਾ ਜ਼ਰੀਆ ਐ।ਕੋਈ ਆਵਦੀ ਗੱਲ, ਆਵਦੇ ਵਿਚਾਰ ਕਿਵੇਂ ਸਹਿਜਤਾ ਨਾਲ ਰੱਖ ਸਕਦੈ,ਸਮਝਾ ਸਕਦਾ ਐ, ਇਹੀ ਉਸ ਲਈ ਚੰਗਾ ਐ,ਇਸੇ ਨਾਲ ਹੀ ਉਹ ਤਰੱਕੀ ਕਰ ਸਕਦਾ ਐ,ਇਹੀ ਉਹਦੀ ਮਨ ਭਾਉਂਦੀ ਬੋਲੀ ਹੈ ਅਤੇ ਉਸ ਦੀ ਬੋਲੀ ਨੂੰ ਪੂਰਾ ਸਤਿਕਾਰ ਮਿਲਣਾ ਚਾਹੀਦਾ ਹੈ।

ਸੋ ਆਓ ਇਸ ਗੁਲਾਮ ਮਾਨਸਿਕਤਾ ਨੂੰ ਤਿਆਗੀਏ,ਹਰ ਬੋਲੀ ਦਾ ਸਤਿਕਾਰ ਕਰੀਏ, ਹਰ ਬੋਲੀ ਨੂੰ ਉਚਾਈਏ, ਨਾ ਕਿ ਸਾਰਾ ਦਿਨ ਅੰਗਰੇਜ਼ੀ ਭਾਸ਼ਾ ਦਾ ਹੀ ਰਾਗ ਅਲਾਪੀ ਜਾਈਏ।ਆਪਣੀ ਜਿਹੜੀ ਵੀ ਬੋਲੀ ਹੈ ਉਸ ਨੂੰ ਕਦੇ ਵੀ ਘਟੀਆ ਨਾ ਸਮਝੀਏ, ਨਾ ਹੀ ਕਿਸੇ ਹੋਰ ਬੋਲੀ ਤੋਂ ਆਪਣੀ ਬੋਲੀ ਨੂੰ ਉੱਚਤਮ ਸਮਝੀਏ।ਸਭੇ ਬੋਲੀਆਂ ਦਾ ਸਤਿਕਾਰ ਕਰੀਏ ਵੱਧ ਤੋਂ ਵੱਧ ਭਾਸ਼ਾਵਾਂ ਬੋਲਣੀਆਂ ਪੜ੍ਹਨੀਆਂ ਸਿੱਖੀਏ ।ਊਚ ਨੀਚ ਬੋਲੀਆਂ ਕਰਕੇ ਨਹੀਂ ,ਸਭ ਆਰਥਿਕ ਪਾੜੇ ਦੇ ਹੀ ਪੁਆੜੇ ਹਨ, ਇਸਨੂੰ ਮੇਟਣ ਲਈ ਯਤਨ ਜੁਟਾਈਏ ,ਬੋਲੀਆਂ ਤਾਂ ਸਭ ਪਿਆਰੀਆਂ ਹਨ,ਮਨੁੱਖਤਾ ਨੂੰ ਪਿਆਰ ਕਰਨਾ ਸਿੱਖੀਏ,ਫਿਰ ਇੱਕਲੀ ਅੰਗਰੇਜ਼ੀ ਨਹੀਂ ਸਭ ਭਾਸ਼ਾਵਾਂ ਚੰਗੀਆਂ ਲੱਗਣਗੀਆਂ,ਨਾ ਸਿਰਫ਼ ਬੋਲੀਆਂ ਸਗੋਂ ਸਭੇ ਪਹਿਰਾਵੇ, ਸਭੇ ਰੀਤੀ ਰਿਵਾਜ਼, ਤਿੱਥ ਤਿਉਹਾਰ ਪਿਆਰੇ ਲੱਗਣਗੇ,ਚਾਹੇ ਸਾਡੇ ਦੇਸ਼ ਦੇ ਹੋਣ ਤੇ ਚਾਹੇ ਪ੍ਰਦੇਸ਼ ਦੇ। ਗੁਲਾਮ ਮਾਨਸਿਕਤਾ ਤੋਂ ਬਾਹਰ ਆ ਕੇ,ਆਜ਼ਾਦ ਸੋਚੀਏ-ਸਮਝੀਏ,ਆਜ਼ਾਦ ਹੀ ਪੜ੍ਹੀਏ-ਲਿਖੀਏ,ਫਿਰ ਹੀ ਭਾਸ਼ਾਵਾਂ ਦਾ,ਖ਼ਿੱਤੇ ਦਾ,ਦੇਸ਼-ਬਦੇਸ਼ ਅਤੇ ਮਨੁੱਖਤਾ ਦੇ ਵਿਕਾਸ ਹੋਣ ਦੀ ਸ਼ਾਹਦੀ ਭਰੀ ਜਾ ਸਕਦੀ ਐ ਕਿਉਕਿ ਜਦੋਂ ਮਨੁੱਖ ਜੰਗਲਾਂ ਵਿੱਚ ਰਹਿੰਦਾ ਸੀ,ਅਜੇ ਬੋਲੀ ਦਾ ਵਿਕਾਸ ਵੀ ਨਹੀਂ ਹੋਇਆ ਸੀ,ਉਦੋਂ ਵੀ ਬਿਨ ਬੋਲਿਆਂ ਹੀ ਵਿਚਾਰਾਂ ਦਾ ਆਦਾਨ -ਪ੍ਰਦਾਨ ਹੁੰਦਾ ਸੀ,ਮਨੁੱਖ ਇੱਕ ਦੂਜੇ ਦੀ ਗੱਲ ਨੂੰ ,ਭਾਵਨਾ ਨੂੰ ਸਮਝਦੇ ਸੀ,ਉੱਥੋਂ ਵਿਕਸਤ ਹੁੰਦੇ ਹੋਏ ਹੀ ਅਸੀਂ ਇੱਥੋਂ ਤੱਕ ਪਹੁੰਚੇ ਹਾਂ।ਇਸ ਦਾ ਹੋਰ ਵਿਕਾਸ ਕਰਨ ਦੀ ਚਾਹਨਾ ਰੱਖਦੇ ਹੋਏ,ਆਪਣਾ ਬਣਦਾ ਹਾਂ-ਪੱਖੀ ਰੋਲ ਨਿਭਾਉਣ ਲਈ ਹਮੇਸ਼ਾ ਕੋਸ਼ਿਸ਼ਾਂ ਜੁਟਾਉਂਦੇ ਰਹੀਏ, ਇਸੇ ਵਿੱਚ ਹੀ ਮਨੁੱਖਤਾ ਦੀ ਭਲਾਈ ਐ।

ਕਮਲ ਬਠਿੰਡਾ
9463023100

 

RELATED ARTICLES
- Advertisment -

Most Popular

Recent Comments