Friday, April 19, 2024
No menu items!
HomeEducationTeacher's Perspective: ਜੇ ਅਧਿਆਪਕ ਚਾਹੇ ਤਾਂ ਘੱਟੋ-ਘੱਟ ਆਪਣੇ ਸਕੂਲ ਨੂੰ ਤਾਂ ਵਧੀਆ...

Teacher’s Perspective: ਜੇ ਅਧਿਆਪਕ ਚਾਹੇ ਤਾਂ ਘੱਟੋ-ਘੱਟ ਆਪਣੇ ਸਕੂਲ ਨੂੰ ਤਾਂ ਵਧੀਆ ਬਣਾ ਹੀ ਸਕਦੈ

 

Teacher’s Perspective: ਮੈਂ 1998 ਤੋਂ ਐੱਮਏ ਪੰਜਾਬੀ ਕਰਨ ਤੋਂ ਬਾਅਦ ਪ੍ਰਾਈਵੇਟ ਅਧਿਆਪਕ ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਸੀ। ਸਬੱਬ ਨਾਲ ਮੇਰਾ ਮੇਲ ਚੰਗੇ ਅਤੇ ਮਿਹਨਤੀ ਅਧਿਆਪਕਾਂ ਨਾਲ ਹੋਇਆ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਇਸੇ ਦੌਰਾਨ ਮੈਂ ਪੜ੍ਹਾਉਣ ਦੇ ਨਾਲ-ਨਾਲ ਅੱਗੇ ਹੋਰ ਪੜ੍ਹਾਈ ਕਰਨ ਦਾ ਨਿਸ਼ਚਾ ਕਰ ਲਿਆ। ਪੱਤਰ-ਵਿਹਾਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਰਾਹੀਂ ਬੀਐੱਡ, ਐੱਮਏ (ਪੋਲੀਟੀਕਲ ਸਾਇੰਸ) ਅਤੇ ਐੱਮਐੱਡ ਦੀ ਪ੍ਰੀਖਿਆ ਪਹਿਲੇ ਦਰਜੇ ਵਿਚ ਰਹਿ ਕੇ ਪਾਸ ਕੀਤੀ। ਇਸ ਦੀ ਬਦੌਲਤ ਸਾਲ 2008 ਵਿਚ ਮੇਰੀ ਨਿਯੁਕਤੀ ਸਰਕਾਰੀ ਪ੍ਰਾਇਮਰੀ ਸਕੂਲ ਮਲੂਕਾ (ਬਠਿੰਡਾ) ਵਿਖੇ ਬਤੌਰ ਈਟੀਟੀ ਅਧਿਆਪਕ ਵਜੋਂ ਹੋ ਗਈ ਜਿੱਥੇ ਮੈਂ ਅੱਜ ਤੱਕ ਆਪਣੀਆਂ ਸੇਵਾਵਾਂ ਨਿਭਾ ਰਿਹਾ ਹਾਂ। ਇਹ ਮੇਰੇ ਆਪਣੇ ਪਿੰਡ ਦਾ ਪ੍ਰਾਇਮਰੀ ਸਕੂਲ ਸੀ ਜਿੱਥੋਂ ਮੈਂ ਪ੍ਰਾਇਮਰੀ ਪੱਧਰ ਤੱਕ ਪੰਜਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ।

ਇਹ ਕੁਦਰਤੀ ਹੈ ਕਿ ਹਰ ਇਨਸਾਨ ਨੂੰ ਆਪਣੇ ਪਿੰਡ ਨਾਲ ਖ਼ਾਸ ਲਗਾਅ ਹੁੰਦਾ ਹੈ ਉਹ ਵੀ ਉੱਥੇ ਜਿੱਥੋਂ ਉਹ ਪੜਿ੍ਹਆ-ਲਿਖਿਆ ਹੋਵੇ। ਉਸ ਸਮੇਂ ਸਰਕਾਰੀ ਸਕੂਲਾਂ ਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਸੀ। ਕਹਿਣ ਦਾ ਭਾਵ ਇਹ ਹੈ ਕਿ ਸਕੂਲਾਂ ਦੀ ਦਿੱਖ ਸਾਧਾਰਨ ਜਿਹੀ ਸੀ। ਜੇ ਅਧਿਆਪਕ ਚਾਹੇ ਤਾਂ ਉਹ ਘੱਟੋ-ਘੱਟ ਆਪਣੇ ਸਕੂਲ ਨੂੰ ਤਾਂ ਵਧੀਆ ਬਣਾ ਹੀ ਸਕਦਾ ਹੈ ਪਰ ਲੋੜ ਲਗਨ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਹੁੰਦੀ ਹੈ। ਮੈਂ ਉਸ ਸਮੇਂ ਤੋਂ ਹੀ ਇਹ ਪ੍ਰਣ ਕਰ ਲਿਆ ਕਿ ਹੌਲੀ-ਹੌਲੀ ਸਮੇਂ ਦੇ ਅਨੁਸਾਰ ਇਸ ਵਿੱਦਿਅਕ ਸੰਸਥਾ ਦੀ ਕਾਇਆਕਲਪ ਕਰਾਂਗਾ। ਸਮਾਂ ਲੰਘਦਾ ਗਿਆ। ਪਹਿਲਾਂ ਪਿੰਡ ਦੀ ਪੰਚਾਇਤ ਦੇ ਸਹਿਯੋਗ ਨਾਲ 6 ਕਮਜ਼ੋਰ ਕਮਰਿਆਂ ਦੀ ਛੱਤਾਂ ਬਦਲਣ ਦਾ ਕੰਮ ਸ਼ੁਰੂ ਕੀਤਾ। ਸਾਲ 2015 ਵਿਚ ਸਿਕੰਦਰ ਸਿੰਘ ਮਲੂਕਾ ਜਿਹੜੇ ਕਿ ਉਸ ਸਮੇਂ ਪੰਜਾਬ ਸਰਕਾਰ ਵਿਚ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸਨ, ਨੂੰ ਪੁਰਜ਼ੋਰ ਬੇਨਤੀ ਕੀਤੀ। ਉਨ੍ਹਾਂ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਮੁੱਚੇ ਸਕੂਲ ਨੂੰ ਰੈਨੋਵੇਟ ਕੀਤਾ। ਜਿਸ ਦਿਨ ਇਹ ਕੰਮ ਸ਼ੁਰੂ ਹੋਇਆ ਉਸ ਦਿਨ ਸਾਡੇ ਸਕੂਲ ਦੇ ਅਧਿਆਪਕਾਂ ਅਤੇ ਬੱਚਿਆਂ ਵਿਚ ਅਥਾਹ ਖ਼ੁਸ਼ੀ ਦਾ ਮਾਹੌਲ ਸੀ। ਜਲਦੀ ਹੀ ਸਕੂਲ ਦੀ ਬਿਲਡਿੰਗ ਦਾ ਨਵੀਨੀਕਰਨ ਹੋ ਗਿਆ। ਮਈ 2017 ਵਿਚ ਮੈਂ ਪਿੰਡ ਦੇ ਹੀ ਬਾਹਰਲੇ ਮੁਲਕਾਂ ਵਿਚ ਵਸਦੇ ਪਰਵਾਸੀ ਵੀਰਾਂ ਨੂੰ ਸਕੂਲ ਦੀ ਬਿਹਤਰੀ ਲਈ ਸਹਿਯੋਗ ਦੇਣ ਦੀ ਬੇਨਤੀ ਕੀਤੀ। ਜਿਹੜੀ ਉਨ੍ਹਾਂ ਨੇ ਵਾਅਦੇ ਅਤੇ ਸਤਿਕਾਰ ਨਾਲ ਪ੍ਰਵਾਨ ਕਰ ਲਈ। ਬਾਅਦ ਵਿਚ ਮਲੂਕਾ ਐੱਨਆਰਆਈ ਵ੍ਹਟਸਐਪ ਗਰੁੱਪ ਬਣਾ ਕੇ ਲਗਾਤਾਰ ਯਤਨ ਸ਼ੁਰੂ ਦਿੱਤੇ। ਉਨ੍ਹਾਂ ਦੇ ਵਡਮੁੱਲੇ ਸਹਿਯੋਗ ਸਦਕਾ ਜਿੱਥੇ ਸੰਸਥਾ ਨੇ ਬਹੁਤ ਤਰੱਕੀ ਕੀਤੀ, ਉੱਥੇ ਮੇਰਾ ਨਾਂ ਮਿਹਨਤ ਕਰਨ ਵਾਲੇ ਅਧਿਆਪਕਾਂ ਵਿਚ ਗਿਣਿਆ ਜਾਣ ਲੱਗਾ।

ਬੱਚਿਆਂ ਦੀ ਪੜ੍ਹਾਈ ਨੂੰ ਬਿਹਤਰ ਬਣਾਉਣ ਲਈ ਸਮੁੱਚੇ ਸਕੂਲ ਵਿਚ ਹਰ ਜਮਾਤ ਵਿਚ ਐੱਲਈਡੀਜ਼, ਪ੍ਰਾਜੈਕਟਰ ਲਗਵਾਏ। ਇਸ ਤੋਂ ਬਾਅਦ ਬਾਲਾ ਵਰਕ, ਇੰਟਰਕਾਮ ਸਾਊਂਡ ਸਿਸਟਮ, ਸਾਰੀਆਂ ਜਮਾਤਾਂ ਲਈ ਫਰਨੀਚਰ (ਬੈਂਚ), ਸਮਾਰਟ ਲਾਇਬ੍ਰੇਰੀ, ਭਾਸ਼ਾ ਲੈਬ, ਕੰਪਿਊਟਰ ਲੈਬ, ਪ੍ਰੀ-ਪ੍ਰਾਇਮਰੀ ਸਮਾਰਟ ਰੂਮਜ਼, ਆਲੀਸ਼ਾਨ ਘਾਹ ਦੇ ਮੈਦਾਨ, ਖੇਡ ਦੇ ਮੈਦਾਨ, ਏਅਰ ਕੰਡੀਸ਼ਨ ਰੂਮ, ਸੀਸੀਟੀਵੀ ਕੈਮਰੇ, ਐਜੂਕੇਸ਼ਨ ਪਾਰਕ, ਝੂਲੇ, ਸਾਰੀਆਂ ਜਮਾਤਾਂ ਲਈ ਸਪੈਸ਼ਲ ਟੀਐੱਲਐੱਮ, ਟੱਚ ਪੈਨਲ, ਪੀਣ ਵਾਲੇ ਪਾਣੀ ਆਦਿ ਦਾ ਪ੍ਰਬੰਧ ਕੀਤਾ ਗਿਆ। ਇਹ ਕਾਰਜ ਆਪ ਖ਼ੁਦ ਅਤੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਕਰਵਾਇਆ।

ਇਸ ਤੋਂ ਇਲਾਵਾ ਕੋਰੋਨਾ ਦੀ ਭਿਆਨਕ ਬਿਮਾਰੀ ਅਤੇ ਲਾਕਡਾਊਨ ਦੌਰਾਨ ਬੱਚਿਆਂ ਦੀ ਪੜ੍ਹਾਈ ਵਿਚ ਕੋਈ ਰੁਕਾਵਟ ਨਹੀਂ ਆਉਣ ਦਿੱਤੀ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਵ੍ਹਟਸਐਪ, ਫੋਨ ਕਾਲ ਆਦਿ ਰਾਹੀਂ ਲਗਾਤਾਰ ਸੰਪਰਕ ਸੇਧਿਆ ਗਿਆ। ਆਪਣੀ ਮਿਹਨਤ ਜਾਰੀ ਰੱਖਦੇ ਹੋਏ 197 ਬੱਚਿਆਂ ਤੋਂ 337 ਬੱਚਿਆਂ ਦਾ ਕੁੱਲ 71% ਵਾਧਾ ਦਰਜ ਕੀਤਾ ਜੋ ਉਸ ਸਮੇਂ ਦੀ ਆਪਣੇ-ਆਪ ਵਿਚ ਇਕ ਵਿਲੱਖਣ ਪ੍ਰਾਪਤੀ ਸੀ। ਹੁਣ ਵੀ ਹਰ ਸਾਲ ਬਿਹਤਰ ਢੰਗ ਨਾਲ ਨਵਾਂ ਦਾਖ਼ਲਾ ਹੋ ਰਿਹਾ ਹੈ। ਹਰ ਸਾਲ 10% ਦਾ ਟੀਚਾ ਹਾਸਲ ਕੀਤਾ ਜਾਂਦਾ ਹੈ। ਕਮਜ਼ੋਰ ਅਤੇ ਲੋੜਵੰਦ ਬੱਚਿਆਂ ਲਈ ਵਿਸ਼ੇਸ਼ ਜਮਾਤਾਂ ਦਾ ਪ੍ਰਬੰਧ ਹੈ। ਇਸ ਵਿਚ ਸਮੂਹ ਸਕੂਲ ਸਟਾਫ ਭਰਪੂਰ ਸਹਿਯੋਗ ਕਰ ਰਿਹਾ ਹੈ। ਅੱਜ ਇਹ ਸੰਸਥਾ ਇਲਾਕੇ ਦੀ ਹੀ ਨਹੀਂ, ਪੰਜਾਬ ਭਰ ਦੇ ਬਿਹਤਰ ਸਕੂਲਾਂ ਵਿੱਚੋਂ ਇਕ ਕਰਕੇ ਜਾਣੀ ਜਾਂਦੀ ਹੈ। ਜਿੱਥੇ ਪਿੰਡ ਤੋਂ ਇਲਾਵਾ ਬਾਹਰਲਿਆਂ ਪਿੰਡਾਂ ਤੋਂ ਵੀ 75 ਕੁ ਬੱਚੇ ਪੜ੍ਹਦੇ ਹਨ।

ਬੱਚਿਆਂ ਦੇ ਆਉਣ-ਜਾਣ ਲਈ ਸਕੂਲ ਵੈਨ ਦਾ ਪ੍ਰਬੰਧ ਕੀਤਾ ਹੋਇਆ ਹੈ। ਇਸ ਸਕੂਲ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹੋਰਨਾਂ ਅਦਾਰਿਆਂ ਲਈ ਪ੍ਰੇਰਨਾਸ੍ਰੋਤ ਹੈ। ਇਹ ਫੁਲੀ ਏਸੀ ਅਤੇ ਫੁਲੀ ਸਮਾਰਟ ਸਕੂਲ ਹੈ। ਇੱਥੇ ਉਹ ਹਰ ਸਹੂਲਤ ਮੌਜੂਦ ਹੈ ਜਿਹੜੀ ਇਕ ਉੱਚ ਕੋਟੀ ਦੇ ਸਕੂਲ ਵਿਚ ਹੋਣੀ ਚਾਹੀਦੀ ਹੈ। ਸੋ, ਮੇਰਾ ਅੱਜ ਤੱਕ ਦਾ ਇਹ ਸਫ਼ਰ ਕਾਫ਼ੀ ਮਿਹਨਤ ’ਚੋਂ ਗੁਜ਼ਰਿਆ ਹੈ। ਸਮੇਂ-ਸਮੇਂ ’ਤੇ ਬਲਾਕ ਸਿੱਖਿਆ ਦਫ਼ਤਰ ਭਗਤਾ ਭਾਈ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਬਠਿੰਡਾ ਵੱਲੋਂ ਯੋਗ ਅਗਵਾਈ, ਸਨਮਾਨ ਅਤੇ ਅਸ਼ੀਰਵਾਦ ਮਿਲਦਾ ਰਿਹਾ ਹੈ। ਇਸ ਲਗਨ ਤੇ ਮਿਹਨਤ ਨੂੰ ਵੇਖਦਿਆਂ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੰਜ ਸਤੰਬਰ 2023 ਨੂੰ ‘ਅਧਿਆਪਕ ਦਿਵਸ’ ਮੌਕੇ ਮੁੱਖ ਮੰਤਰੀ ਪੰਜਾਬ ਤੇ ਸਿੱਖਿਆ ਮੰਤਰੀ ਪੰਜਾਬ ਵੱਲੋਂ ਰਾਜ ਪੱਧਰੀ ਸਮਾਗਮ ਦੌਰਾਨ ‘ਸਟੇਟ ਟੀਚਰ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਇਸ ਸਰਵੋਤਮ ਪ੍ਰਾਪਤੀ ਨਾਲ ਮਨ ਨੂੰ ਅਥਾਹ ਸਕੂਨ ਅਤੇ ਖ਼ੁਸ਼ੀ ਮਿਲੀ ਜਿਹੜੀ ਕਿ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਸਾਡੇ ਸਾਰਿਆਂ ਖ਼ਾਸ ਤੌਰ ’ਤੇ ਅਧਿਆਪਕ ਵਰਗ ਲਈ ਪ੍ਰੇਰਨਾਸ੍ਰੋਤ ਬਣੇਗੀ।

naidunia_image

-ਬੇਅੰਤ ਸਿੰਘ ਮਲੂਕਾ
ਮੋਬਾਈਲ : 98720-89538
(ਸਟੇਟ ਐਵਾਰਡੀ ਅਧਿਆਪਕ, ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਲੂਕਾ)

ਨੋਟ- ਇਹ ਲੇਖ ਪੰਜਾਬੀ ਜਾਗਰਣ ਦੇ ਸੰਪਾਦਕੀ ਪੰਨੇ ਤੋਂ ਲਿਆ ਗਿਆ ਹੈ। 

ਨੋਟ- ਅਦਾਰਾ ਪੰਜਾਬ ਨੈੱਟਵਰਕ ਦੇ Whatsapp ਗਰੁੱਪ ਨਾਲ ਜੁੜਨ ਲਈ ਇਸ ਲਿੰਕ Whatsapp  ‘ਤੇ ਕਲਿੱਕ ਕਰੋ… ਟੈਲੀਗ੍ਰਾਮ ‘ਤੇ ਜੁੜਨ ਲਈ ਇਸ ਲਿੰਕ ਟੈਲੀਗ੍ਰਾਮ ‘ਤੇ ਕਲਿੱਕ ਕਰੋ। 

Punjab, Punjab Latest News. Latest PunjabNews headlines. Breaking News. Punjab News Updates. Top Stories Google News/ Trending News.

Breaking News ਸਭ ਤੋਂ ਪਹਿਲਾਂ PunjabNetwork.com ‘ਤੇ! ਤਾਜ਼ਾ ਖਬਰਾਂ, Live ਅਪਡੇਟ ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ PunjabNetwork.com

(ਕੀ ਤੁਹਾਨੂੰ ਇਹ ਰਿਪੋਰਟ ਪਸੰਦ ਆਈ? PunjabNetwork.com ਇਕ ਗੈਰ-ਲਾਭਕਾਰੀ ਸੰਗਠਨ ਹੈ। ਸਾਡੀ ਪੱਤਰਕਾਰੀ ਨੂੰ ਸਰਕਾਰੀ ਅਤੇ ਕਾਰਪੋਰੇਟ ਦਬਾਅ ਤੋਂ ਮੁਕਤ ਰੱਖਣ ਲਈ ਸਾਡੀ ਆਰਥਿਕ ਮਦਦ ਕਰੋ।) 

RELATED ARTICLES
- Advertisment -

Most Popular

Recent Comments