Join WhatsApp

Join Now

ਪੰਜਾਬ ਸਰਕਾਰ ਨੇ ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ! ਬੀਮਾ ਕਵਰ, ਪੈਡਿੰਗ ਬਕਾਏ ਅਤੇ ਭਰਤੀ ਬਾਰੇ ਲਏ ਗਏ ਵੱਡੇ ਫ਼ੈਸਲੇ!

On: ਜੁਲਾਈ 22, 2026 9:03 ਬਾਃ ਦੁਃ

 

ਪੰਜਾਬ ਸਰਕਾਰ ਨੇ ਆਂਗਨਵਾੜੀ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ! ਬੀਮਾ ਕਵਰ, ਪੈਡਿੰਗ ਬਕਾਏ ਅਤੇ ਭਰਤੀ ਬਾਰੇ ਲਏ ਗਏ ਵੱਡੇ ਫ਼ੈਸਲੇ!

ਆਂਗਨਵਾੜੀ ਯੂਨੀਅਨ ਦੀ ਵਿਭਾਗ ਨਾਲ ਅਹਿਮ ਬੈਠਕ: 30 ਲੱਖ ਤੱਕ ਦਾ ਬੀਮਾ ਕਵਰ, ਪੈਂਡਿੰਗ ਬਕਾਏ ਅਤੇ ਭਰਤੀ ਪ੍ਰਕਿਰਿਆ ਸਮੇਂ ਸਿਰ ਮੁਕੰਮਲ ਕਰਨ ਦਾ ਮਿਲਿਆ ਭਰੋਸਾ

ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀਆਂ ਮੰਗਾਂ ‘ਤੇ ਸਰਕਾਰ ਮਿਹਰਬਾਨ: HCM ਫੰਡਾਂ ਸਮੇਤ ਕਈ ਅਹਿਮ ਮਸਲਿਆਂ ‘ਤੇ ਬਣੀ ਸਹਿਮਤੀ

ਚੰਡੀਗੜ੍ਹ, 22 ਜੁਲਾਈ 2026- ਅੱਜ ਡਾਇਰੈਕਟੋਰੇਟ ਚੰਡੀਗੜ੍ਹ ਵਿਖੇ ਆਂਗਨਵਾੜੀ ਜਥੇਬੰਦੀਆਂ ਅਤੇ ਵਿਭਾਗੀ ਅਧਿਕਾਰੀਆਂ ਵਿਚਕਾਰ ਇੱਕ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਅਹਿਮ ਮੀਟਿੰਗ ਹੋਈ। ਇਸ ਬੈਠਕ ਵਿੱਚ ਇਨਸ਼ੋਰੈਂਸ ਬੀਮਾ ਪਾਲਿਸੀ, ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੇ ਲੰਮੇ ਸਮੇਂ ਤੋਂ ਲਮਕਦੇ ਆ ਰਹੇ ਮਸਲਿਆਂ ਅਤੇ ਹੋਰ ਭੱਖਦੀਆਂ ਮੰਗਾਂ ਉੱਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ।

ਮੀਟਿੰਗ ਦੌਰਾਨ ਡਿਪਟੀ ਡਾਇਰੈਕਟਰ ਕੁਲਵਿੰਦਰ ਸਿੰਘ ਦੀ ਵਿਸ਼ੇਸ਼ ਹਾਜ਼ਰੀ ਵਿੱਚ ਵੱਖ-ਵੱਖ ਪ੍ਰਮੁੱਖ ਬੈਂਕਾਂ ਨਾਲ ਗੱਲਬਾਤ ਕੀਤੀ ਗਈ। ਇਸ ਪ੍ਰਕਿਰਿਆ ਵਿੱਚ ਐਕਸਿਸ ਬੈਂਕ, ਪੰਜਾਬ ਨੈਸ਼ਨਲ ਬੈਂਕ (PNB) ਅਤੇ ਕੈਨਰਾ ਬੈਂਕ ਨੇ ਹਿੱਸਾ ਲਿਆ। ਵੱਖ-ਵੱਖ ਬੈਂਕਾਂ ਦੀਆਂ ਪੇਸ਼ਕਸ਼ਾਂ ‘ਤੇ ਚਰਚਾ ਕਰਨ ਤੋਂ ਬਾਅਦ, ਸਰਵ ਸੰਮਤੀ ਨਾਲ ਪੰਜਾਬ ਨੈਸ਼ਨਲ ਬੈਂਕ ਦੀ ਬੀਮਾ ਪਾਲਿਸੀ ਨੂੰ ਪ੍ਰਵਾਨਗੀ ਦਿੱਤੀ ਗਈ।

ਪੰਜਾਬ ਨੈਸ਼ਨਲ ਬੈਂਕ ਵੱਲੋਂ ਆਂਗਨਵਾੜੀ ਵਰਕਰਾਂ ਲਈ 30 ਲੱਖ ਰੁਪਏ ਅਤੇ ਹੈਲਪਰਾਂ ਲਈ 10 ਲੱਖ ਰੁਪਏ ਦੀ ਬੀਮਾ ਕਵਰੇਜ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਬੈਂਕ ਵੱਲੋਂ ਹੋਰ ਵੀ ਕਈ ਆਕਰਸ਼ਕ ਸਹੂਲਤਾਂ ਦਿੱਤੀਆਂ ਜਾਣਗੀਆਂ, ਜਿਵੇਂ ਕਿ ਦੋ ਮਹੀਨੇ ਦੀ ਤਨਖਾਹ ਅਡਵਾਂਸ ਲੈਂਡ ਦੀ ਸੁਵਿਧਾ, 30,000 ਰੁਪਏ ਸਾਲਾਨਾ ਮੈਡੀਕਲ ਸਹੂਲਤ, ਦੋ ਬੱਚਿਆਂ ਦੀ ਪੜ੍ਹਾਈ ਲਈ 5-5 ਲੱਖ ਰੁਪਏ, ਦੋ ਬੱਚੀਆਂ ਦੇ ਵਿਆਹ ਲਈ 25 ਸਾਲ ਦੀ ਉਮਰ ਤੱਕ 10 ਲੱਖ ਰੁਪਏ ਦੀ ਸਹਾਇਤਾ।

ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਪੰਜਾਬ ਦੀ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਵੱਲੋਂ ਤਿੰਨਾਂ ਡਿਪਟੀ ਡਾਇਰੈਕਟਰ ਸਾਹਿਬਾਨ ਨਾਲ ਵੱਖਰੀਆਂ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ 600 ਰੁਪਏ (ਵਰਕਰ) ਅਤੇ 300 ਰੁਪਏ (ਹੈਲਪਰ) ਦੀ ਬਕਾਇਆ ਰਾਸ਼ੀ ਦਾ ਮੁੱਦਾ ਗੰਭੀਰਤਾ ਨਾਲ ਚੁੱਕਿਆ ਗਿਆ, ਜੋ ਕਿ ਕਾਫੀ ਸਮੇਂ ਤੋਂ ਪੈਂਡਿੰਗ ਸੀ। ਵਿਭਾਗ ਨੇ ਤੁਰੰਤ ਕਾਰਵਾਈ ਕਰਦਿਆਂ 6 ਮਹੀਨਿਆਂ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਹੈ ਅਤੇ ਇਸ ਸਬੰਧੀ ਅਧਿਕਾਰਤ ਚਿੱਠੀ ਵੀ ਸੌਂਪ ਦਿੱਤੀ ਗਈ ਹੈ। ਇਹ ਰਾਸ਼ੀ ਜਲਦ ਹੀ ਹੈਲਪਰਾਂ ਅਤੇ ਵਰਕਰਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕਰ ਦਿੱਤੀ ਜਾਵੇਗੀ।

ਭਰਤੀ ਪ੍ਰਕਿਰਿਆ ਅਤੇ ਪ੍ਰਮੋਸ਼ਨਾਂ ‘ਤੇ ਦਿੱਤਾ ਭਰੋਸਾ

ਮੈਡਮ ਛੀਨਾ ਨੇ ਦੱਸਿਆ ਕਿ ਵਿਭਾਗ ਵੱਲੋਂ ਚੱਲ ਰਹੀ ਭਰਤੀ ਪ੍ਰਕਿਰਿਆ ਨੂੰ 31 ਜੁਲਾਈ ਤੱਕ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਸੁਪਰਵਾਈਜ਼ਰਾਂ ਦੀ ਭਰਤੀ ਇਕ ਮਹੀਨੇ ਦੇ ਅੰਦਰ ਪੂਰੀ ਕੀਤੀ ਜਾਵੇਗੀ। ਸੁਪਰਵਾਈਜ਼ਰ ਤੋਂ ਸੀ.ਡੀ.ਪੀ.ਓ. (CDPO) ਦੀਆਂ ਪ੍ਰਮੋਸ਼ਨਾਂ ਦੀ ਪ੍ਰਕਿਰਿਆ ਵੀ ਜਲਦ ਮੁਕੰਮਲ ਹੋਣ ਜਾ ਰਹੀ ਹੈ। ਮੈਡਮ ਛੀਨਾ ਵੱਲੋਂ ਵਰਕਰਾਂ ਅਤੇ ਹੈਲਪਰਾਂ ਦੀਆਂ ਤਨਖਾਹਾਂ ਹਰ ਮਹੀਨੇ ਸਮੇਂ ਸਿਰ ਜਾਰੀ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ।

ਵਿਭਾਗ ਨਾਲ ਹੋਈ ਗੱਲਬਾਤ ਅਨੁਸਾਰ, ਰਹਿੰਦੇ ਹੋਏ ਹੋਰ ਸਾਰੇ ਬਕਾਏ ਜਿਵੇਂ ਕਿ ਮੋਬਾਈਲ ਭੱਤਾ, ਸੀ.ਬੀ.ਈ. (CBE), ਬਾਲਣ ਦਾ ਖਰਚਾ, ਵਰਦੀ ਭੱਤਾ, ਫਲੈਕਸੀ ਫੰਡ, ਕਿਰਾਇਆ ਅਤੇ MMMDSY ਦੇ ਫਾਰਮ ਆਨਲਾਈਨ ਕਰਨ ਦਾ ਮਿਹਨਤਾਨਾ ਅਗਸਤ ਮਹੀਨੇ ਵਿੱਚ ਜਾਰੀ ਕਰ ਦਿੱਤਾ ਜਾਵੇਗਾ।

ਜਥੇਬੰਦੀ ਦੀ ਇੱਕ ਹੋਰ ਵੱਡੀ ਸਫਲਤਾ ਇਹ ਰਹੀ ਕਿ 3 ਤੋਂ 6 ਸਾਲ ਦੇ ਬੱਚਿਆਂ ਲਈ HCM (Hot Cooked Meal) ਦਾ ਪੈਸਾ ਲਗਭਗ 7.89 ਰੁਪਏ ਪ੍ਰਤੀ ਲਾਭਪਾਤਰੀ ਸਿੱਧਾ ਵਰਕਰ ਦੇ ਖਾਤੇ ਵਿੱਚ ਪਾਇਆ ਜਾਵੇਗਾ, ਤਾਂ ਜੋ ਐੱਚ.ਸੀ.ਐੱਮ. ਤਿਆਰ ਕਰਨ ਲਈ ਲੋੜੀਂਦੀ ਸਮੱਗਰੀ ਖਰੀਦਣ ਵਿੱਚ ਕੋਈ ਦਿੱਕਤ ਨਾ ਆਵੇ।

ਇਸ ਅਹਿਮ ਮੀਟਿੰਗ ਵਿੱਚ ਸਰਵ ਆਂਗਨਵਾੜੀ ਵਰਕਰ ਹੈਲਪਰ ਯੂਨੀਅਨ ਦੀ ਪੰਜਾਬ ਪ੍ਰਧਾਨ ਮੈਡਮ ਬਰਿੰਦਰਜੀਤ ਕੌਰ ਛੀਨਾ ਨਾਲ ਮੀਤ ਪ੍ਰਧਾਨ ਸਤਵਿੰਦਰ ਕੌਰ ਅਤੇ ਕੈਸ਼ੀਅਰ ਹਰਪ੍ਰੀਤ ਕੌਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਵਿਭਾਗ ਨੇ ਸਾਰੇ ਭੱਖਦੇ ਮਸਲਿਆਂ ਨੂੰ ਜਲਦੀ ਹੱਲ ਕਰਨ ਦਾ ਪੂਰਨ ਭਰੋਸਾ ਦਿਵਾਇਆ ਹੈ।

 

Leave a Comment