Punjab News: ਥਰਮਲ ਦੇ ਆਊਟਸੋਰਸ਼ਡ ਮੁਲਾਜ਼ਮਾਂ ਦਾ ਧਰਨਾ ਲਗਾਤਾਰ ਜਾਰੀ! ਠੇਕਾ ਮੁਲਾਜ਼ਮਾਂ ਨੂੰ ਵਿਭਾਗ ‘ਚ ਮਰਜ਼ ਕਰਨ ਤੋਂ ਟਾਲਾ ਵੱਟ ਰਹੀ ਹੈ ਮੈਨੇਜ਼ਮੈਂਟ

On: ਜੂਨ 13, 2026 9:37 ਬਾਃ ਦੁਃ

 

Punjab News: ਥਰਮਲ ਦੇ ਆਊਟਸੋਰਸ਼ਡ ਮੁਲਾਜ਼ਮਾਂ ਦਾ ਧਰਨਾ ਲਗਾਤਾਰ ਜਾਰੀ! ਠੇਕਾ ਮੁਲਾਜ਼ਮਾਂ ਨੂੰ ਵਿਭਾਗ ‘ਚ ਮਰਜ਼ ਕਰਨ ਤੋਂ ਟਾਲਾ ਵੱਟ ਰਹੀ ਹੈ ਮੈਨੇਜ਼ਮੈਂਟ

ਲਹਿਰਾ ਮੁਹੱਬਤ, 13 ਜੂਨ 2026- ਪਾਵਰਕਾਮ ਅਤੇ ਟ੍ਰਾਂਸਕੋ ਆਊਟਸੋਰਸ਼ਡ ਮੁਲਾਜ਼ਮ ਤਾਲਮੇਲ ਕਮੇਟੀ (ਪੰਜਾਬ) ਦੇ ਸੱਦੇ ਤੇ ਥਰਮਲ ਦੇ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੇ ਵਿਭਾਗ ਵਿੱਚ ਮਰਜ਼ ਕਰਨ ਦੀ ਮੰਗ ਨੂੰ ਲੈਕੇ ਪਰਿਵਾਰਾਂ ਸਮੇਤ ਧਰਨਾ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ।

ਇਸ ਸਮੇਂ ਹਾਜ਼ਿਰ ਆਗੂਆਂ ਜਗਸੀਰ ਸਿੰਘ ਭੰਗੂ,ਬਾਦਲ ਸਿੰਘ ਭੁੱਲਰ,ਲਛਮਣ ਸਿੰਘ ਰਾਮਪੁਰਾ,ਅੰਮ੍ਰਿਤਪਾਲ ਸਿੰਘ,ਨਾਇਬ ਸਿੰਘ,ਜਗਤਾਰ ਸੰਧੂ,ਹਰਦੀਪ ਤੱਗੜ,ਗੁਰਪ੍ਰੀਤ ਗੁਰੂਸਰ,ਲਖਰਾਜ ਸਿੰਘ,ਜਗਜੀਤ ਸੇਲਬਰਾਹ,ਕੁਲਵੰਤ ਬਾਲਿਆਂਵਾਲੀ ਨੇ ਕਿਹਾ ਕਿ ਸਮੁੱਚੇ ਪਾਵਰ ਕਾਰਪੋਰੇਸ਼ਨ ਹਜ਼ਾਰਾਂ ਆਊਟਸੋਰਸ਼ਡ ਠੇਕਾ ਮੁਲਾਜ਼ਮ ਪਿਛਲੇ ਲੰਬੇ ਅਰਸੇ ਤੋਂ ਲਗਾਤਾਰ ਨਿਗੂਣੀਆਂ ਤਨਖਾਹਾਂ ਤੇ ਵੱਖ-ਵੱਖ ਪੋਸਟਾਂ ਤੇ ਤਨਦੇਹੀ ਨਾਲ਼ ਸੇਵਾਵਾਂ ਦਿੰਦੇ ਆ ਰਹੇ ਹਨ ਅਤੇ ਵਿਭਾਗ ਵਿੱਚ ਪੱਕਾ ਕਰਨ ਅਤੇ ਗੁਜ਼ਾਰੇਯੋਗ ਤਨਖ਼ਾਹ ਨਿਸਚਿਤ ਕਰਨ ਦੀ ਮੰਗ ਨੂੰ ਲੈਕੇ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ।

ਪਰ ਪੰਜਾਬ ਸਰਕਾਰ ਅਤੇ ਵਿਭਾਗ ਦੀ ਮੈਨੇਜਮੈਂਟ ਵਿਭਾਗ ਦੇ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਪੱਕਾ ਕਰਨ ਤੋਂ ਲਗਾਤਾਰ ਟਾਲਾ ਵੱਟ ਰਹੀ ਹੈ। ਠੇਕਾ ਮੁਲਾਜ਼ਮਾਂ ਦੇ ਸੰਘਰਸ਼ ਦੇ ਦਬਾਅ ਸਦਕਾ ਬਿਜਲੀ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੀ ਅਗਵਾਈ ਵਿੱਚ ਪਾਵਰ ਕਾਰਪੋਰੇਸ਼ਨ ਦੀ ਮੈਨੇਜਮੈਂਟ ਵੱਲੋਂ 24 ਮਈ ਨੂੰ ਖੰਨਾ ਵਿਖੇ ਤਾਲਮੇਲ ਕਮੇਟੀ ਦੇ ਸੂਬਾਈ ਆਗੂਆਂ ਨਾਲ਼ ਕੀਤੀ ਪੈਨਲ ਮੀਟਿੰਗ ਵਿੱਚ ਚੋਣ ਜਾਬਤੇ ਉਪਰੰਤ ਵਿਭਾਗ ਦੇ ਆਊਟਸੋਰਸ਼ਡ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਫੈਸਲਾ ਕੀਤਾ ਗਿਆ ਸੀ।

ਪਰ ਹੁਣ ਪਾਵਰ ਕਾਰਪੋਰੇਸ਼ਨ ਦੀ ਮੈਨੇਜ਼ਮੈਂਟ ਮੀਟਿੰਗ ਵਿੱਚ ਕੀਤੇ ਲਿਖ਼ਤੀ ਫੈਸਲੇ ਤੋਂ ਭੱਜ ਰਹੀ ਹੈ। ਜਿਸਦੇ ਵਿਰੋਧ ਵਜੋਂ ਪਾਵਰ ਕਾਰਪੋਰੇਸ਼ਨ ਦੇ ਸਮੂਹ ਆਊਟਸੋਰਸ਼ਡ ਮੁਲਾਜ਼ਮਾਂ ਵੱਲੋੰ ਸਮੁੱਚੇ ਪੰਜਾਬ ਵਿੱਚ 09 ਜੂਨ ਤੋਂ ਆਪਣੇ-ਆਪਣੇ ਵਿਭਾਗਾਂ ਦੇ ਦਫਤਰਾਂ ਅੱਗੇ ਪਰਿਵਾਰਾਂ ਸਮੇਤ ਸੁਰੂ ਕੀਤਾ ਧਰਨਾ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਹੈ।

ਆਗੂਆਂ ਨੇ ਕਿਹਾ ਕਿ ਜਦ ਤੱਕ ਪਾਵਰ ਕਾਰਪੋਰੇਸ਼ਨ ਦੇ ਸਮੂਹ ਆਊਟਸੋਰਸ਼ਡ ਠੇਕਾ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਮਰਜ਼ ਕਰਨ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਜਾਂਦਾ ਤਦ ਤੱਕ ਧਰਨਾ ਲਗਾਤਾਰ ਜਾਰੀ ਰਹੇਗਾ।

ਅੱਜ ਦੇ ਧਰਨੇ ਵਿੱਚ ਭਰਾਤਰੀ ਹਮਾਇਤ ਵਜੋਂ ਬੀਕੇਯੂ ਡਕੌਂਦਾ ਧਨੇਰ ਗਰੁੱਪ ਤੋਂ ਜਿਲਾ ਆਗੂ ਅਮਰਜੀਤ ਸਿੰਘ ਹਨੀ,ਟੀ.ਐੱਸ.ਯੂ.ਭੰਗਲ ਤੋਂ ਚੰਦਰ ਸ਼ਰਮਾ,ਡੀ.ਟੀ.ਐੱਫ.ਤੋਂ ਸੂਬਾ ਜਰਨਲ ਸਕੱਤਰ ਮਾ. ਰੇਸ਼ਮ ਸਿੰਘ ਖੇਮੂਆਣਾ ਅਤੇ ਵਿੱਤ ਸਕੱਤਰ ਮਾ.ਜਸਵਿੰਦਰ ਸਿੰਘ ਬਠਿੰਡਾ,ਕਿਸਾਨ ਆਗੂ ਮੋਠੂ ਸਿੰਘ ਕੋਟੜਾ ਅਤੇ ਐੱਮ.ਈ.ਐੱਸ. ਵਰਕਰਜ਼ ਯੂਨੀਅਨ ਬਠਿੰਡਾ ਤੋਂ ਚੇਅਰਮੈਨ ਬਿੱਲੂ ਸਿੰਘ ਨੇ ਸੰਬੋਧਨ ਕੀਤਾ। ਧਰਨੇ ਉਪਰੰਤ ਠੇਕਾ ਮੁਲਾਜ਼ਮਾਂ ਨੇ ਪਿੰਡ ਲਹਿਰਾ ਮੁਹੱਬਤ,ਲਹਿਰਾ ਖ਼ਾਨਾ ਅਤੇ ਭੁੱਚੋ ਮੰਡੀ ਸ਼ਹਿਰ ਵਿਖੇ ਝੰਡਾ ਮਾਰਚ ਕੀਤਾ ਗਿਆ।

 

Join WhatsApp

Join Now

Leave a Comment