Monday, May 20, 2024
No menu items!
HomeEducationMission Excellence: ਸਰਕਾਰੀ ਸਕੂਲਾਂ 'ਚ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ...

Mission Excellence: ਸਰਕਾਰੀ ਸਕੂਲਾਂ ‘ਚ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਲਈ ਵਰਦਾਨ ਬਣੇਗਾ ‘ਮਿਸ਼ਨ ਐਕਸੀਲੈਂਸ’

 

Mission Excellence: ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਸਕੂਲ ਪ੍ਰਿੰਸੀਪਲਾਂ ਤੇ ਅਧਿਆਪਕਾਂ ਨਾਲ ‘ਮੋਕ ਟੈਸਟਾਂ’ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਸਮੀਖਿਆ ਮੀਟਿੰਗ 

ਦਲਜੀਤ ਕੌਰ, ਸੰਗਰੂਰ

Mission Excellence: ਸਰਕਾਰੀ ਸਕੂਲਾਂ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਦੀ ਵਿਦਿਅਕ ਕਾਰਗੁਜ਼ਾਰੀ ਵਿੱਚ ਵੱਡੇ ਸੁਧਾਰਾਂ ਨੂੰ ਯਕੀਨੀ ਬਣਾਉਣ ਵਿੱਚ ‘ਮਿਸ਼ਨ ਐਕਸੀਲੈਂਸ’ ਵਰਦਾਨ ਸਾਬਤ ਹੋਵੇਗਾ ਅਤੇ ਇਹ ਤਾਂ ਹੀ ਸੰਭਵ ਹੈ ਜੇਕਰ ਇਨ੍ਹਾਂ ਵਿਦਿਆਰਥੀਆਂ ਨੂੰ ਅਗਲੇ ਕੁਝ ਹਫ਼ਤਿਆਂ ਤੱਕ ਅਧਿਆਪਕ ਤੇ ਮਾਪਿਆਂ ਵੱਲੋਂ ਪੜ੍ਹਾਈ ਲਈ ਹਰ ਪੱਖੋਂ ਉਸਾਰੂ ਮਾਹੌਲ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾਵੇ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ‘ਮਿਸ਼ਨ ਐਕਸੀਲੈਂਸ’ ਨੂੰ ਸਫਲਤਾ ਦਾ ਜਾਮਾ ਪਹਿਨਾਉਣ ਲਈ ਕਾਰਜਸ਼ੀਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਸਕੂਲ ਪ੍ਰਿੰਸੀਪਲਾਂ ਤੇ ਅਧਿਆਪਕਾਂ ਨਾਲ ‘ਮੋਕ ਟੈਸਟਾਂ’ ਵਿੱਚ ਬੱਚਿਆਂ ਦੀ ਕਾਰਗੁਜ਼ਾਰੀ ਬਾਰੇ ਸਮੀਖਿਆ ਮੀਟਿੰਗ ਦੌਰਾਨ ਕੀਤਾ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਮੋਕ ਟੈਸਟਾਂ ਦੌਰਾਨ ਵਿਦਿਆਰਥੀਆਂ ਦੀਆਂ ਵਿਸ਼ਾਵਾਰ ਖੂਬੀਆਂ ਤੇ ਕਮਜ਼ੋਰੀਆਂ ਉਭਰ ਕੇ ਸਾਹਮਣੇ ਆਈਆਂ ਹਨ ਜਿਸ ਤੋਂ ਸੇਧ ਲੈਂਦੇ ਹੋਏ ਇਨ੍ਹਾਂ ਵਿਦਿਆਰਥੀਆਂ ਦੀ ਨਿਰੰਤਰ ਹੱਲਾਸ਼ੇਰੀ ਦੀ ਜ਼ਰੂਰਤ ਹੈ ਤਾਂ ਜੋ ਫਾਈਨਲ ਪ੍ਰੀਖਿਆਵਾਂ ਵਿੱਚ ਵਿਦਿਆਰਥੀ ਇਨ੍ਹਾਂ ਗਲਤੀਆ ਦਾ ਦੁਹਰਾਅ ਨਾ ਕਰਨ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਬੋਰਡ ਪ੍ਰੀਖਿਆਵਾਂ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਦੇ ਨਾਮ ਮੈਰਿਟ ਸੂਚੀ ਵਿੱਚ ਦਰਜ ਕਰਵਾਉਣ ਦੇ ਉਦੇਸ਼ ਨਾਲ ਆਰੰਭੇ ਇਸ ਪ੍ਰੋਜੈਕਟ ਪ੍ਰਤੀ ਆਪਣੀ ਸਮਰਪਣ ਭਾਵਨਾ ਨੂੰ ਕੁਝ ਦਿਨ ਹੋਰ ਤੇਜ਼ ਕਰਨ ਦੀ ਲੋੜ ਹੈ ਤਾਂ ਜੋ ਇਹ ਵਿਦਿਆਰਥੀ ਆਪਣੇ ਸੁਨਹਿਰੀ ਭਵਿੱਖ ਨੂੰ ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਦੇ ਨਾਲ-ਨਾਲ ਅਧਿਆਪਕਾਂ ਦੀ ਸਰਵੋਤਮ ਸੇਧ ਨਾਲ ਸਾਕਾਰ ਕਰ ਸਕਣ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬੰਧਤ ਸਕੂਲ ਅਧਿਆਪਕ ਇਨ੍ਹਾਂ ਹੋਣਹਾਰ ਬੱਚਿਆਂ ਦੇ ਮਾਪਿਆਂ ਨਾਲ ਵੀ ਨਿਰੰਤਰ ਰਾਬਤਾ ਰੱਖਣ ਤਾਂ ਜੋ ਬੋਰਡ ਪ੍ਰੀਖਿਆਵਾਂ ਦਾ ਇਹ ਵਡਮੁੱਲਾ ਸਮਾਂ ਵਿਦਿਆਰਥੀ ਬੇਲੋੜੀਆਂ ਸਮਾਜਿਕ ਤੇ ਪਰਿਵਾਰਕ ਗਤੀਵਿਧੀਆਂ ਤੋਂ ਦੂਰ ਰਹਿ ਕੇ ਪੜ੍ਹਾਈ ਕਰ ਸਕਣ।

ਉਨ੍ਹਾਂ ਕਿਹਾ ਕਿ ਇਸ ਸਮੇਂ ਦੀ ਉਪਯੋਗੀ ਵਰਤੋਂ ਦੇ ਨਾਲ ਨਾਲ ਤਣਾਅ ਤੋਂ ਦੂਰ ਰੱਖਣ ਲਈ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਰਹਿਣ, ਕੌਂਸਲੰਗ ਤੇ ਫੀਡਬੈਕ ਲੈਣ ਜਿਹੀਆਂ ਗਤੀਵਿਧੀਆਂ ਵੀ ਜਾਰੀ ਰੱਖੀਆਂ ਜਾਣ ਤਾਂ ਜੋ ਉਹ ਹਰੇਕ ਤਰ੍ਹਾਂ ਦੇ ਡਰ ਜਾਂ ਚਿੰਤਾ ਤੋਂ ਮੁਕਤ ਰਹਿ ਸਕਣ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਮਨਾਂ ਵਿੱਚ ਇਹ ਅਹਿਸਾਸ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਮਿਹਨਤ ਤੇ ਲਗਨ ਸਾਡੇ ਲਈ ਵਿਸ਼ੇਸ਼ ਅਹਿਮੀਅਤ ਰੱਖਦੀ ਹੈ ਅਤੇ ਪ੍ਰੀਖਿਆਵਾਂ ਵਿੱਚ ਉਨ੍ਹਾਂ ਦੀ ਸਰਵੋਤਮ ਕਾਰਗੁਜ਼ਾਰੀ ‘ਮਿਸ਼ਨ ਐਕਸੀਲੈਂਸ’ ਦੇ ਯਤਨਾਂ ’ਤੇ ਸਫ਼ਲਤਾ ਦੀ ਮੋਹਰੀ ਲਗਾਏਗੀ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ, ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ, ਮਿਸ਼ਨ ਦੇ ਕੋਆਰਡੀਨੇਟਰ ਹਰਪ੍ਰੀਤ ਸਿੰਘ ਸਮੇਤ ਵੱਖ-ਵੱਖ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਤੇ ਅਧਿਆਪਕ ਵੀ ਹਾਜ਼ਰ ਸਨ।

 

RELATED ARTICLES
- Advertisment -

Most Popular

Recent Comments