RBI New Loan Recovery Rules! ਵੱਡੀ ਰਾਹਤ: RBI ਨੇ ਲੋਨ ਰਿਕਵਰੀ ਏਜੰਟਾਂ ਲਈ ਜਾਰੀ ਕੀਤੇ ਸਖ਼ਤ ਨਿਯਮ, ਬੈਂਕਾਂ ਦੀ ਮਨਮਾਨੀ ‘ਤੇ ਲੱਗੇਗੀ ਲਗਾਮ
ਗਾਲੀ-ਗਲੋਚ, ਬਦਤਮੀਜ਼ੀ ਅਤੇ ਮਾਨਸਿਕ ਪਰੇਸ਼ਾਨੀ ਦੀਆਂ ਸ਼ਿਕਾਇਤਾਂ ਤੋਂ ਬਾਅਦ ਰਿਜ਼ਰਵ ਬੈਂਕ ਨੇ ਚੁੱਕਿਆ ਸਖ਼ਤ ਕਦਮ
1 ਅਕਤੂਬਰ 2026 ਤੋਂ ਲਾਗੂ ਹੋ ਸਕਦੇ ਹਨ ਨਵੇਂ ਨਿਯਮ; ਏਜੰਟ ਦੀ ਹਰ ਹਰਕਤ ਲਈ ਬੈਂਕ ਖੁਦ ਹੋਵੇਗਾ ਜ਼ਿੰਮੇਵਾਰ
ਸਵੇਰੇ 8 ਤੋਂ ਸ਼ਾਮ 7 ਵਜੇ ਤੱਕ ਹੀ ਕਰ ਸਕਣਗੇ ਫੋਨ; ਏਜੰਟਾਂ ਲਈ ਪੁਲਿਸ ਵੈਰੀਫਿਕੇਸ਼ਨ ਅਤੇ IIBF ਸਰਟੀਫਿਕੇਟ ਹੋਇਆ ਲਾਜ਼ਮੀ
ਮੁੰਬਈ/ਨਵੀਂ ਦਿੱਲੀ, 24 May 2026- ਰਿਜ਼ਰਵ ਬੈਂਕ ਆਫ਼ ਇੰਡੀਆ (RBI) ਵੱਲੋਂ ਬੈਂਕਾਂ ਅਤੇ NBFCs (ਗੈਰ-ਬੈਂਕਿੰਗ ਵਿੱਤੀ ਕੰਪਨੀਆਂ) ਤੋਂ ਲੋਨ (ਕਰਜ਼ਾ) ਲੈਣ ਵਾਲੇ ਲੋਕਾਂ ਲਈ ਇੱਕ ਬਹੁਤ ਹੀ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ।
ਪਿਛਲੇ ਕੁੱਝ ਸਮੇਂ ਤੋਂ ਲੋਨ ਰਿਕਵਰੀ ਦੇ ਨਾਂ ‘ਤੇ ਗਾਹਕਾਂ ਨਾਲ ਗਾਲੀ-ਗਲੋਚ, ਬਦਤਮੀਜ਼ੀ, ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਅਤੇ ਕੁੱਟਮਾਰ ਕਰਨ ਦੀਆਂ ਸ਼ਿਕਾਇਤਾਂ ਲਗਾਤਾਰ ਰਿਜ਼ਰਵ ਬੈਂਕ ਕੋਲ ਪਹੁੰਚ ਰਹੀਆਂ ਸਨ।
ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਆਰ.ਬੀ.ਆਈ. ਨੇ ਲੋਨ ਰਿਕਵਰੀ ਏਜੰਟਾਂ ਅਤੇ ਬੈਂਕ ਕਰਮਚਾਰੀਆਂ ਦੇ ਮਨਮਾਨੇ ਰਵੱਈਏ ‘ਤੇ ਲਗਾਮ ਲਗਾਉਣ ਲਈ ਸਖ਼ਤ ਨਿਯਮਾਂ ਦਾ ਇੱਕ ਨਵਾਂ ਡਰਾਫਟ ਜਾਰੀ ਕੀਤਾ ਹੈ।
1 ਅਕਤੂਬਰ 2026 ਤੋਂ ਲਾਗੂ ਹੋਣਗੇ ਨਵੇਂ ਨਿਯਮ
ਆਰ.ਬੀ.ਆਈ. ਦੇ ਲੋਨ ਰਿਕਵਰੀ ਨਾਲ ਜੁੜੇ ਇਹ ਨਵੇਂ ਨਿਯਮ 1 ਅਕਤੂਬਰ 2026 ਤੋਂ ਲਾਗੂ ਕੀਤੇ ਜਾ ਸਕਦੇ ਹਨ। ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਏਜੰਟ ਗਾਹਕਾਂ ਨੂੰ ਧਮਕੀਆਂ ਨਹੀਂ ਦੇ ਸਕਣਗੇ ਅਤੇ ਨਾ ਹੀ ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰ ਸਕਣਗੇ।
ਸਭ ਤੋਂ ਵੱਡੀ ਗੱਲ ਇਹ ਹੈ ਕਿ ਰਿਕਵਰੀ ਏਜੰਟਾਂ ਦੇ ਕਿਸੇ ਵੀ ਗਲਤ ਰਵੱਈਏ ਲਈ ਹੁਣ ਬੈਂਕ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ। ਬੈਂਕ ਇਹ ਕਹਿ ਕੇ ਪੱਲਾ ਨਹੀਂ ਝਾੜ ਸਕਣਗੇ ਕਿ ਇਹ ਕਿਸੇ ਥਰਡ ਪਾਰਟੀ (ਬਾਹਰੀ ਏਜੰਸੀ) ਦੀ ਗਲਤੀ ਹੈ। ਇਸ ਤੋਂ ਇਲਾਵਾ ਬੈਂਕਾਂ ਨੂੰ ਆਪਣੀ ਵੈੱਬਸਾਈਟ ਅਤੇ ਐਪ ‘ਤੇ ਰਜਿਸਟਰਡ ਰਿਕਵਰੀ ਏਜੰਸੀਆਂ ਦੇ ਨਾਂ ਅਪਲੋਡ ਕਰਨੇ ਹੋਣਗੇ।
ਨਵੇਂ ਨਿਯਮਾਂ ਅਨੁਸਾਰ ਏਜੰਟ ਨਾ ਸਿਰਫ਼ ਗਾਹਕ ਨੂੰ, ਸਗੋਂ ਉਸ ਦੇ ਗਾਰੰਟਰ, ਰਿਸ਼ਤੇਦਾਰਾਂ ਜਾਂ ਦੋਸਤਾਂ ਨੂੰ ਵੀ ਸਰੀਰਕ ਜਾਂ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਨਹੀਂ ਕਰ ਸਕਣਗੇ।
ਅਣਪਛਾਤੇ (ਗੁਮਨਾਮ) ਨੰਬਰਾਂ ਤੋਂ ਧਮਕੀ ਭਰੇ ਫੋਨ ਕਰਨਾ, ਬੇਇੱਜ਼ਤ ਕਰਨਾ ਅਤੇ ਸੋਸ਼ਲ ਮੀਡੀਆ ‘ਤੇ ਰਿਕਾਰਡਿੰਗ ਅਪਲੋਡ ਕਰਨ ਵਰਗੀਆਂ ਹਰਕਤਾਂ ਨੂੰ ‘ਗੈਰ-ਕਾਨੂੰਨੀ’ ਮੰਨਿਆ ਜਾਵੇਗਾ ਅਤੇ ਅਜਿਹਾ ਕਰਨ ‘ਤੇ ਬੈਂਕਾਂ ਵੱਲੋਂ ਸਖ਼ਤ ਲੀਗਲ ਐਕਸ਼ਨ ਲਿਆ ਜਾਵੇਗਾ।
ਅਕਸਰ ਬੈਂਕ ਕਿਸੇ ਵੀ ਆਮ ਇਨਸਾਨ ਨੂੰ ਰਿਕਵਰੀ ਏਜੰਟ ਬਣਾ ਕੇ ਭੇਜ ਦਿੰਦੇ ਹਨ, ਜਿਸ ਕਾਰਨ ਧਮਕੀਆਂ ਅਤੇ ਕੁੱਟਮਾਰ ਦੀਆਂ ਘਟਨਾਵਾਂ ਵਾਪਰਦੀਆਂ ਹਨ।
ਇਸ ਨੂੰ ਰੋਕਣ ਲਈ ਹੁਣ ਸਾਰੇ ਲੋਨ ਰਿਕਵਰੀ ਏਜੰਟਾਂ ਦੀ ਪੁਲਿਸ ਵੈਰੀਫਿਕੇਸ਼ਨ ਅਤੇ ਰਜਿਸਟ੍ਰੇਸ਼ਨ ਲਾਜ਼ਮੀ ਕੀਤੀ ਗਈ ਹੈ ਤਾਂ ਜੋ ਅਪਰਾਧਿਕ ਬਿਰਤੀ ਦੇ ਲੋਕ ਇਸ ਪੇਸ਼ੇ ਵਿੱਚ ਨਾ ਆ ਸਕਣ।
ਇਸ ਦੇ ਨਾਲ ਹੀ ਏਜੰਟਾਂ ਕੋਲ ਇੰਡੀਅਨ ਇੰਸਟੀਚਿਊਟ ਆਫ਼ ਬੈਂਕਿੰਗ ਐਂਡ ਫਾਈਨੈਂਸ (IIBF) ਦਾ ਮਾਨਤਾ ਪ੍ਰਾਪਤ ਸਰਟੀਫਿਕੇਟ ਹੋਣਾ ਵੀ ਲਾਜ਼ਮੀ ਹੋਵੇਗਾ।
ਘਰ ਜਾਣ ਤੋਂ 1 ਦਿਨ ਪਹਿਲਾਂ ਦੇਣੀ ਹੋਵੇਗੀ ਸੂਚਨਾ; ਤੈਅ ਹੋਇਆ ਫੋਨ ਦਾ ਸਮਾਂ
ਨਵੇਂ ਨਿਯਮਾਂ ਮੁਤਾਬਕ ਏਜੰਟ ਜਦੋਂ ਵੀ ਗਾਹਕ ਦੇ ਘਰ ਜਾਵੇਗਾ, ਉਸ ਨੂੰ ਆਪਣੀ ਏਜੰਸੀ ਦਾ ਆਈ.ਡੀ. ਕਾਰਡ, ਬੈਂਕ ਦਾ ਅਧਿਕਾਰਤ ਪੱਤਰ (Authorization Letter) ਅਤੇ ਨੋਟਿਸ ਦੀ ਕਾਪੀ ਦਿਖਾਉਣੀ ਹੋਵੇਗੀ। ਗਾਹਕ ਦੇ ਘਰ ਜਾਣ ਲਈ 1 ਦਿਨ ਪਹਿਲਾਂ ਅਗਾਂਊਂ ਸੂਚਨਾ ਦੇਣੀ ਪਵੇਗੀ।
ਇਸ ਤੋਂ ਇਲਾਵਾ, ਹੁਣ ਏਜੰਟ ਗਾਹਕ ਦੇ ਘਰ ਕਿਸੇ ਖੁਸ਼ੀ (ਵਿਆਹ-ਸ਼ਾਦੀ) ਜਾਂ ਗ਼ਮੀ (ਸ਼ੋਕ) ਦੇ ਮੌਕੇ ‘ਤੇ ਜਾ ਕੇ ਸਮਾਜਿਕ ਤੌਰ ‘ਤੇ ਅਪਮਾਨਿਤ ਨਹੀਂ ਕਰ ਸਕਣਗੇ।
ਆਰ.ਬੀ.ਆਈ. ਨੇ ਫੋਨ ਕਾਲਾਂ ਦਾ ਸਮਾਂ ਵੀ ਤੈਅ ਕਰ ਦਿੱਤਾ ਹੈ, ਜਿਸ ਤਹਿਤ ਹੁਣ ਏਜੰਟ ਗਾਹਕ ਨੂੰ ਸਿਰਫ਼ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਦੇ ਵਿਚਕਾਰ ਹੀ ਫੋਨ ਕਰ ਸਕਣਗੇ।






