ਸ਼ਰਧਾਂਜਲੀ ਸਮਾਗਮ ‘ਤੇ ਵਿਸ਼ੇਸ਼: ਅਜਾਇਬ ਸਿੰਘ ਚੱਕ ਸਿੰਘਾ
ਕਮਿਊਨਿਸਟ ਇਨਕਲਾਬੀ ਲਹਿਰ ਦੇ ਕਾਫਲੇ ‘ਚੋਂ ਵਿਛੜੇ ਪੇਸ਼ਾਵਰ ਇਨਕਲਾਬੀ, ਅਜਾਇਬ ਸਿੰਘ ਚੱਕ ਸਿੰਘਾ ਦਾ ਜਨਮ 1950 ਵਿਚ ਬਲਦਾਂ ਦੇ ਸ਼ੁਕੀਨ ਕਿਸਾਨ ਸ. ਮਲੂਕ ਸਿੰਘ ਦੇ ਘਰ ਮਾਤਾ ਭਾਗ ਕੌਰ ਦੀ ਕੁੱਖੋਂ ਹੋਇਆ। ਉਹਨਾਂ ਨੂੰ ਆਪਣੀ ਸਭ ਤੋਂ ਵੱਡੀ ਭੈਣ ਦੇ ਚਾਰ ਭਰਾਵਾਂ ਵਿਚੋਂ ਗਭਲਾ ਹੋਣ ਦਾ ਮਾਣ ਹਾਸਲ ਸੀ।
ਉਹ ਕਿਰਤੀ ਲੋਕਾਂ ਦੀ ਜ਼ਿੰਦਗੀ ਵਿਚ ਖੁਸ਼ਹਾਲੀ ਲਿਆਉਣ ਵਾਲਾ ਨਵਾਂ ਸਮਾਜ/ ਰਾਜ ਉਸਾਰਨ ਲਈ ਵੀਹਵੀਂ ਸਦੀ ਦੇ ਸੱਠਵੇਂ ਦਹਾਕੇ ਦੇ ਆਖਰੀ ਸਾਲਾਂ ਚ ਜਦੋਂ ਉਹ ਹਾਲੇ ਪ੍ਰੈਪ ਦਾ ਵਿਦਿਆਰਥੀ ਸੀ, ” ਔਖ਼ੇ ਪਾਲਣੇ ਬੋਲ –” ਕਹਾਵਤ ਨੂੰ ਸੱਚ ਕਰ ਦਿਖਾਉਂਦਿਆਂ ਕਿ ਕਮਿਊਨਿਸਟ ਇਨਕਲਾਬੀ ਕਿਸ ਮਿੱਟੀ ਦੇ ਬਣੇ ਹੁੰਦੇ ਹਨ। ਉਹ 56/57 ਵਰ੍ਹੇ ਪਹਿਲਾਂ ਕੁੱਲਵਕਤੀ ਕਾਰਕੁੰਨ ਵੱਜੋਂ ਗੁਪਤਵਾਸ ਹੋਕੇ ਕੰਮ ਕਰਨ ਲੱਗ ਪਿਆ ਸੀ।
ਕੁੱਲੇਵਾਲੀਏ ਬਾਈ ਕਰਤਾਰ ਦੀ ਸੰਗਤ ਵਿਚ ਗ਼ਦਰੀ ਬਾਬਾ ਬੂਝਾ ਸਿੰਘ ਅਤੇ ਨੂਰਮਹਿਲ ਵਾਲੇ ਕਾਮਰੇਡ ਗੰਧਰਵਸੈਨ ਕੋਛੜ ਅਤੇ ਸੁਰਿੰਦਰ ਕੁਮਾਰੀ ਕੋਛੜ ਵਲੋਂ ਨਕਸਲੀ ਲਹਿਰ ਦੀ ਗੁੜ੍ਹਤੀ ਪ੍ਰਾਪਤ ਕਰਕੇ ਬਹੁਤ ਹੀ ਰਿਜ਼ਰਵ ਸੁਭਾਅ ਦਾ ਮਾਲਿਕ ਅਜਾਇਬ ਸਿੰਘ ਸੱਤਰਵਿਆਂ ਵਿਚ ਪਹਿਲਾਂ ਕੰਢੀ ਦੇ ਪਹਾੜੀ ਖੇਤਰ ਨੂੰ ਲੋਕ ਯੁੱਧ ਲਈ ਪ੍ਰਭਾਵਿਤ ਖੇਤਰ ਵਜੋਂ ਵਿਕਸਿਤ ਕਰਨ ਵਿਚ ਆਪਣੇ ਦੂਸਰੇ ਸਾਥੀਆਂ ਨਾਲ਼ ਜੁੜ ਗਿਆ ਸੀ।
ਉਸ ਦੌਰ ਅੰਦਰ ਲਹਿਰ ਵਿੱਚ ਵਿਅਕਤੀ ਗਤ ਮਾਅਰਕੇ ਬਾਜ਼ ਕਾਰਵਾਈਆਂ ਦਾ ਇਕ ਰੁਝਾਨ ਵੀ ਉਠ ਖੜ੍ਹਿਆ ਤੇ ਲੋਕਾਂ ਨੂੰ ਸੰਘਰਸ਼ਾਂ ਦੇ ਲਮਕਵੇਂ ਅਮਲ ਵਿਚੋਂ ਲੰਘਾ ਕੇ ਤਿਆਰ ਕਰਨ ਦੇ ਰਾਹ ਤੋਂ ਇਨਕਲਾਬੀਆਂ ਦੇ ਇਕ ਹਿੱਸੇ ਦੀ ਟੇਕ ਹਿੱਲ ਕੇ ਦਸਤਵਾਦੀ ਕਾਰਵਾਈਆਂ ਵਲ ਚਲੀ ਗਈ ।ਜਨਤਕ ਜਥੇਬੰਦੀਆਂ ਦੇ ਸੰਘਰਸ਼ਾਂ ਦੇ ਅਮਲ ਨਿਹਚਾ ਕਮਜ਼ੋਰ ਪੈ ਗਈ ਸੀ।
ਅਜਾਇਬ ਵੀ ਇਸ ਪ੍ਰਭਾਵ ਅਧੀਨ 1971 ਚ ਗ੍ਰਿਫਤਾਰ ਇਕ ਸਮੇਂ ਹੋਏ ਇਕ ਪੁਲਿਸ ਮੁਕਾਬਲੇ ਵਿਚ ਤਿੰਨ ਉਂਗਲ੍ਹੀਆਂ ਗਵਾ ਚੁੱਕਿਆ ਸੀ। ਸਾਲ ਭਰ ਜੇਲ੍ਹ ਕਟ ਕੇ ਜ਼ਮਾਨਤ ਤੇ ਆਉਣ ਉਪਰੰਤ ਲੋਕਾਂ ਦੇ ਲੱਖੀ ਜੰਗਲ਼ ਵਿਚ ਅਜਿਹਾ ਰਮਿਆਂ ਕਿ ਮੁੜ ਸਰਕਾਰੀ ਸੂਹੀਆਂ ਦੀ ਪਕੜ ਤੋਂ ਤਾਂ ਉਮਰ ਭਰ ਅਭਿੱਜ ਰਿਹਾ।
ਅਜਾਇਬ ਸਿੰਘ ਚੱਕ ਸਿੰਘਾ ਭਾਰਤ ਅੰਦਰ ਮਜ਼ਦੂਰਾਂ ਕਿਸਾਨਾਂ ਦੀ ਪੁਗਤ ਵਾਲ਼ਾ ਰਾਜ ਕਾਇਮ ਕਰਨ ਲਈ ਇਸ ਲੁਟੇਰੇ ਢਾਂਚੇ ਦੀ ਇਨਕਲਾਬੀ ਤਬਦੀਲੀ ਦੇ ਵਿਚਾਰ ਨੂੰ ਪ੍ਰਣਾਇਆ ਹੋਇਆ ਸੀ।ਉਸ ਦਾ ਵਿਸ਼ਵਾਸ ਸੀ ਕਿ ਕਿਸਾਨਾਂ, ਸਨਅਤੀ ਮਜ਼ਦੂਰਾਂ ਖੇਤ ਮਜ਼ਦੂਰਾਂ ਛੋਟੇ ਵਪਾਰੀਆਂ, ਕਾਰੋਬਾਰੀਆਂ ਮੁਲਾਜ਼ਮਾਂ ਤੇ ਕੌਮੀ ਸਰਮਾਏਦਾਰਾਂ ਦੇ ਸਾਂਝੇ ਮੋਰਚੇ ਚ ਜੁੜਨ ਵਾਲ਼ੀ ਤਾਕ਼ਤ ਲਮਕਵੇਂ ਸੰਘਰਸ਼ ਰਾਹੀਂ ਹੀ ਲੁਟੇਰੇ ਰਾਜ ਨੂੰ ਮੂਲੋਂ ਬਦਲ ਸਕਦੀ ਹੈ।
ਲੋਕ ਪੁਗਤ ਵਾਲ਼ਾ ਖਰਾ ਲੋਕ ਜਮਹੂਰੀ ਰਾਜ ਉਸਾਰ ਸਕਦੀ ਹੈ। ਉਹਨਾਂ ਦਾ ਵਿਸ਼ਵਾਸ ਸੀ ਕਿ ਕਿ ਲੋਕਾਂ ਦੀ ਮੁਕਤੀ ਲਈ ਖਰੀ ਇਨਕਲਾਬੀ ਤਬਦੀਲੀ ਪਾਰਲੀਮੈਂਟ ਸੰਸਥਾਵਾਂ ਤੋਂ ਬਾਹਰ, ਲੋਕਾਂ ਦੇ ਲਮਕਵੇਂ ਜਮਾਤੀ ਸੰਘਰਸ਼ਾਂ ਚ ਉਸਰਨ ਵਾਲ਼ੀ ਤਾਕ਼ਤ ਰਾਹੀਂ ਹੀ ਹੋਣ ਤੇ ਉਹਦਾ ਦ੍ਰਿੜ ਭਰੋਸਾ ਆਖ਼ਰੀ ਸਾਹਾਂ ਤੱਕ ਕਾਇਮ ਰਿਹਾ।ਉਸ ਦਾ ਵਿਸ਼ਵਾਸ ਸੀ ਕਿ ਲੋਕਾਂ ਦੇ ਦੁੱਖਾਂ ਦਾ ਅੰਤ ਇਸ ਲੁਟੇਰੇ ਤੇ ਜਾਬਰ ਢਾਂਚੇ ਨੂੰ ਮੁੱਢੋਂ ਬਦਲਣ ਨਾਲ ਹੀ ਹੋਣਾ ਹੈ।
ਜ਼ਿੰਦਗੀ ਭਰ ਗੁਪਤਵਾਸ ਰਹਿ ਕੇ ਹਮੇਸ਼ਾ ਲੋਕ ਹਿਤਾਂ ਨੂੰ ਪ੍ਰਣਾਇਆ ਇਹ ਯੋਧਾ ਪਿਛਲੇ ਦਿਨੀਂ ਮਾਲਵਾ ਖ਼ੇਤਰ ਵਿਚ ਕਿਸੀ ਅਣਦੱਸੀ ਥਾਂ ਤੇ ਵੀਰਗਤੀ ਨੂੰ ਪ੍ਰਾਪਤ ਹੋਇਆ।ਉਸ ਦੇ ਮਿਸਾਲੀ ਜੀਵਨ ਅਤੇ ਕਾਰਗੁਜ਼ਾਰੀ ਸਬੰਧੀ ਵਿਚਾਰਾਂ ਕਰਨ ਲਈ ” ਸੂਹੀ ਸਲਾਮ ਇਕਤਰਤਾ ” ਹਿੱਤ ਉਸ ਦੇ ਪਿਆਰੇ 19 ਜੁਲਾਈ 2026 ਨੂੰ ਸਵੇਰੇ 11ਵਜੇ,ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਦੇ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿਚ ਸਿਰ ਜੋੜ ਬੈਠਣਗੇ।
ਪੇਸ਼ਕਸ਼
ਦੀਦਾਰ ਸਿੰਘ ਸ਼ੇਤਰਾ
ਕੌਲਗੜ੍ਹ ਨਵਾਂਸ਼ਹਿਰ ਵਾਲ੍ਹੇ
















