BREAKING: “ਭ੍ਰਿਸ਼ਟਾਚਾਰ ਅਤੇ ਕੁਰਸੀ ਦੇ ਭੁੱਖਿਆਂ ਲਈ ਆਮ ਆਦਮੀ ਪਾਰਟੀ ‘ਚ ਕੋਈ ਥਾਂ ਨਹੀਂ”- ਕੁਲਦੀਪ ਧਾਲੀਵਾਲ ਦਾ ਵੱਡਾ ਬਿਆਨ
ਹਰਮੀਤ ਸਿੰਘ ਪਠਾਨਮਾਜਰਾ ਅਤੇ ਜੋੜਾਮਾਜਰਾ ਦੇ ਅਸਤੀਫ਼ੇ ‘ਤੇ ਬੋਲੇ ਧਾਲੀਵਾਲ – ‘ਆਪ’ ਨੀਤੀਆਂ ਅਤੇ ਬਦਲਾਅ ਦੀ ਪਾਰਟੀ, ਮੌਕਾਪ੍ਰਸਤਾਂ ਦੀ ਨਹੀਂ- “ਕੇਜਰੀਵਾਲ ਤੇ ਭਗਵੰਤ ਮਾਨ ਨੇ ਦੇਸ਼ ਅਤੇ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਚੁੱਕਿਆ ਸੀ ਝਾੜੂ”
Punjab Network
ਚੰਡੀਗੜ੍ਹ 1 ਨਵੰਬਰ 2026- ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ, ਸਾਬਕਾ ਮੰਤਰੀ, ਮੌਜੂਦਾ ਵਿਧਾਇਕ ਅਤੇ ਪਾਰਟੀ ਦੇ ਮੁੱਖ ਬੁਲਾਰੇ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਵਿਰੋਧੀਆਂ ਅਤੇ ਪਾਰਟੀ ਛੱਡ ਕੇ ਜਾਣ ਵਾਲੇ ਨੇਤਾਵਾਂ ‘ਤੇ ਤਿੱਖੇ ਨਿਸ਼ਾਨੇ ਸਾਧੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਬੁਨਿਆਦੀ ਸਿਧਾਂਤਾਂ, ਪਾਰਟੀ ਦੇ ਇਤਿਹਾਸਿਕ ਲਹਿਰ ਅਤੇ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਨੂੰ ਪ੍ਰਮੁੱਖਤਾ ਨਾਲ ਰੱਖਿਆ।
ਕੁਲਦੀਪ ਸਿੰਘ ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਸ਼ੁਰੂਆਤੀ ਦਿਨਾਂ ਨੂੰ ਚੇਤੇ ਕਰਦਿਆਂ ਦੱਸਿਆ ਕਿ ਲਗਭਗ 13-14 ਸਾਲ ਪਹਿਲਾਂ ਪਾਰਟੀ ਦਾ ਗਠਨ ਦੇਸ਼ ਅਤੇ ਪੰਜਾਬ ਦੀ ਗੰਧਲੀ ਰਾਜਨੀਤੀ ਨੂੰ ਸਾਫ਼ ਕਰਨ ਦੇ ਮੰਤਵ ਨਾਲ ਕੀਤਾ ਗਿਆ ਸੀ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀ ਜੋੜੀ ਨੇ ਪੰਜਾਬ ਅਤੇ ਦਿੱਲੀ ਦੀਆਂ ਗਲੀਆਂ-ਗਲੀਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ।
ਉਹਨਾਂ ਕਿਹਾ ਕਿ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਅੰਦਰ ਜੋ ਭ੍ਰਿਸ਼ਟਾਚਾਰ ਫੈਲਾਇਆ ਹੋਇਆ ਸੀ, ਉਸ ਦੇ ਬਦਲਾਅ ਵਜੋਂ ਹੀ ‘ਝਾੜੂ’ ਚੋਣ ਨਿਸ਼ਾਨ ਚੁਣਿਆ ਗਿਆ ਸੀ। ਝਾੜੂ ਲੈਣ ਦਾ ਮੁੱਖ ਮਕਸਦ ਦੇਸ਼ ਅਤੇ ਪੰਜਾਬ ਦੀ ਰਾਜਨੀਤੀ ਵਿੱਚੋਂ ਭ੍ਰਿਸ਼ਟਾਚਾਰ ਦਾ ਕੋੜ੍ਹ ਸਾਫ਼ ਕਰਨਾ ਸੀ।
ਧਾਲੀਵਾਲ ਨੇ ਆਮ ਆਦਮੀ ਪਾਰਟੀ ਦੇ ਸਫ਼ਰ ਦੀਆਂ ਸਫ਼ਲਤਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਾਰਟੀ ਨੇ ਸਭ ਤੋਂ ਪਹਿਲਾਂ ਪੰਜਾਬ ਵਿੱਚ ਲੋਕ ਸਭਾ ਚੋਣਾਂ ਲੜੀਆਂ, ਜਿਸ ਵਿੱਚ ਭਗਵੰਤ ਮਾਨ ਸਮੇਤ ਚਾਰ ਐੱਮ.ਪੀ. ਜਿੱਤ ਕੇ ਆਏ। ਇਸ ਤੋਂ ਬਾਅਦ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦੇ 20 ਦੇ ਕਰੀਬ ਵਿਧਾਇਕ ਜਿੱਤੇ ਅਤੇ ਪਾਰਟੀ ਮੁੱਖ ਵਿਰੋਧੀ ਧਿਰ ਵਜੋਂ ਉੱਭਰੀ। ਉਹਨਾਂ ਅੱਗੇ ਦੱਸਿਆ ਕਿ 2022 ਵਿੱਚ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਦੇ ਲੋਕਾਂ ਨੇ 92 ਸੀਟਾਂ ਦੀ ਹੂੰਝਾਫੇਰ ਜਿੱਤ ਦੇ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ।
ਪ੍ਰੈੱਸ ਕਾਨਫ਼ਰੰਸ ਦੌਰਾਨ ਧਾਲੀਵਾਲ ਨੇ ਖ਼ਾਸ ਤੌਰ ‘ਤੇ ਜ਼ੋਰ ਦੇ ਕੇ ਕਿਹਾ ਕਿ ਜਿੱਤਣ ਤੋਂ ਬਾਅਦ ਪਹਿਲੇ ਹੀ ਦਿਨ, ਜਦੋਂ ਅਜੇ ਮੰਤਰੀ ਮੰਡਲ ਦਾ ਗਠਨ ਵੀ ਨਹੀਂ ਸੀ ਹੋਇਆ, ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਦੀ ਮੀਟਿੰਗ ਵਿੱਚ ਸਾਫ਼ ਕਰ ਦਿੱਤਾ ਸੀ ਕਿ ਇਹ ਪਾਰਟੀ ਕੇਵਲ ਬਦਲਾਅ ਲਈ ਆਈ ਹੈ।
ਉਹਨਾਂ ਸਾਰਿਆਂ ਨੂੰ ਸਖ਼ਤ ਹਦਾਇਤ ਦਿੱਤੀ ਸੀ ਕਿ ਜਿਸ ਵੀ ਵਿਅਕਤੀ ਨੇ ਭ੍ਰਿਸ਼ਟਾਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੋਈ ਗ਼ਲਤ ਕੰਮ ਕੀਤਾ, ਉਸ ਵਿਰੁੱਧ ਪਾਰਟੀ ਬਿਨ੍ਹਾਂ ਕਿਸੇ ਲਿਹਾਜ਼ ਦੇ ਸਖ਼ਤ ਕਾਰਵਾਈ ਕਰੇਗੀ। ਧਾਲੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪਾਰਟੀ ਨੇ ਆਪਣੀ ਹੀ ਸਰਕਾਰ ਦੇ ਮੰਤਰੀਆਂ ਅਤੇ ਵਿਧਾਇਕਾਂ ‘ਤੇ ਦੋਸ਼ ਲੱਗਣ ‘ਤੇ ਉਹਨਾਂ ਵਿਰੁੱਧ ਕਾਰਵਾਈ ਕਰਦਿਆਂ ਜੇਲ੍ਹ ਭੇਜਿਆ ਅਤੇ ਚੇਤਾਵਨੀਆਂ ਦਿੱਤੀਆਂ।
ਪਠਾਨਮਾਜਰਾ ਅਤੇ ਜੋੜਾਮਾਜਰਾ ਦੇ ਅਸਤੀਫ਼ੇ ‘ਤੇ ਧਾਲੀਵਾਲ ਦਾ ਵੱਡਾ ਬਿਆਨ
ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਜ਼ਿਕਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਜਦੋਂ ਉਹਨਾਂ ‘ਤੇ ਸੰਗੀਨ ਦੋਸ਼ ਲੱਗੇ ਅਤੇ ਪੁਲਿਸ ਕਾਰਵਾਈ ਦੀ ਨੌਬਤ ਆਈ, ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਨੂੰ ਪਾਰਟੀ ਤੋਂ ਮੁਅੱਤਲ ਕਰਨ ਵਿੱਚ ਦੇਰੀ ਨਹੀਂ ਕੀਤੀ। ਪਾਰਟੀ ਵਿੱਚ ਅਜਿਹੇ ਗ਼ਲਤ ਅਨਸਰਾਂ ਲਈ ਕੋਈ ਥਾਂ ਨਹੀਂ ਹੈ।
ਬੀਤੇ ਕੱਲ੍ਹ ਆਮ ਆਦਮੀ ਪਾਰਟੀ ਵਲੋਂ ਆਉਂਦੀਆਂ ਚੋਣਾਂ ਲਈ 40 ਉਮੀਦਵਾਰਾਂ ਦੀ ਲਿਸਟ ਜਾਰੀ ਕੀਤੇ ਜਾਣ ਤੋਂ ਬਾਅਦ MLA ਹਰਮੀਤ ਸਿੰਘ ਪਠਾਨਮਾਜਰਾ ਅਤੇ MLA ਚੇਤਨ ਸਿੰਘ ਜੋੜਾਮਾਜਰਾ ਵੱਲੋਂ ਪਾਰਟੀ ਛੱਡਣ ਦੇ ਫ਼ੈਸਲੇ ‘ਤੇ ਬੋਲਦਿਆਂ ਧਾਲੀਵਾਲ ਨੇ ਕਿਹਾ ਕਿ ਅਜਿਹੇ ਆਗੂਆਂ ਦੇ ਜਾਣ ਨਾਲ ਪਾਰਟੀ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਹਨਾਂ ਕਿਹਾ ਕਿ ਜਿਹੜੇ ਲੋਕ ਸੱਤਾ ਦੇ ਭੁੱਖੇ ਅਤੇ ਕੁਰਸੀ ਦੇ ਲਾਲਚੀ ਹਨ, ਉਹ ਆਮ ਆਦਮੀ ਪਾਰਟੀ ਦੇ ਆਦਰਸ਼ਾਂ ਅਤੇ ਨੀਤੀਆਂ ‘ਤੇ ਕਦੇ ਨਹੀਂ ਚੱਲ ਸਕਦੇ। ਪਾਰਟੀ ਕੇਵਲ ਦੇਸ਼ ਅਤੇ ਪੰਜਾਬ ਦੀ ਸੇਵਾ ਲਈ ਵਚਨਬੱਧ ਹੈ।
















