Swati Maliwal Defamation Case: ਪੰਜਾਬ ਦੇ MLAs ਨੂੰ “ਭੇਡ-ਬੱਕਰੀ” ਕਹਿਣ ਦੇ ਮਾਮਲੇ ‘ਚ MP ਸਵਾਤੀ ਮਾਲੀਵਾਲ ਨੂੰ ਅਦਾਲਤ ਵੱਲੋਂ ਨੋਟਿਸ ਜਾਰੀ
‘ਆਪ’ ਮਹਿਲਾ ਵਿੰਗ ਦੀ ਪ੍ਰਧਾਨ ਅਤੇ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਦਾਇਰ ਕੀਤਾ ਗਿਆ ਹੈ ਮਾਨਹਾਨੀ ਦਾ ਕੇਸ
ਅਦਾਲਤ ਨੇ ਸਵਾਤੀ ਮਾਲੀਵਾਲ ਨੂੰ 10 ਜੂਨ 2026 ਲਈ ‘ਪ੍ਰੀ-ਕੌਗਨੀਜ਼ੈਂਸ’ ਨੋਟਿਸ ਜਾਰੀ ਕਰਦਿਆਂ ਪੇਸ਼ ਹੋਣ ਦੇ ਦਿੱਤੇ ਹੁਕਮ
ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਵਿਧਾਇਕਾਂ ਖ਼ਿਲਾਫ਼ ਕੀਤੀ ਗਈ ਟਿੱਪਣੀ ‘ਤੇ ਹੋਈ ਵੱਡੀ ਕਾਨੂੰਨੀ ਕਾਰਵਾਈ
ਮੋਗਾ, 28 ਮਈ 2026-
Swati Maliwal Defamation Case: ਰਾਜਸਭਾ ਮੈਂਬਰ ਸਵਾਤੀ ਮਾਲੀਵਾਲ ਵੱਲੋਂ ਸੋਸ਼ਲ ਮੀਡੀਆ ‘ਤੇ ਪੰਜਾਬ ਦੇ ਵਿਧਾਇਕਾਂ ਖ਼ਿਲਾਫ਼ ਕੀਤੀ ਗਈ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਉਨ੍ਹਾਂ ਦੀਆਂ ਕਾਨੂੰਨੀ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਸਵਾਤੀ ਮਾਲੀਵਾਲ ਵੱਲੋਂ ਵਿਧਾਇਕਾਂ ਨੂੰ “ਭੇਡ-ਬੱਕਰੀ” ਕਹੇ ਜਾਣ ਵਿਰੁੱਧ ਆਮ ਆਦਮੀ ਪਾਰਟੀ (AAP) ਮਹਿਲਾ ਵਿੰਗ ਦੀ ਪੰਜਾਬ ਪ੍ਰਧਾਨ ਅਤੇ ਮੋਗਾ ਤੋਂ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਮੋਗਾ ਦੀ ਅਦਾਲਤ ਵਿੱਚ ਦਾਇਰ ਕੀਤੇ ਗਏ ਮਾਨਹਾਨੀ ਦੇ ਕੇਸ ਵਿੱਚ ਅਦਾਲਤ ਨੇ ਇੱਕ ਵੱਡਾ ਹੁਕਮ ਸੁਣਾਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਅਮਨਦੀਪ ਕੌਰ ਅਰੋੜਾ ਵੱਲੋਂ ਇਹ ਮਾਨਹਾਨੀ ਪਟੀਸ਼ਨ ਲੰਘੀ 13 ਮਈ ਨੂੰ ਦਾਇਰ ਕੀਤੀ ਗਈ ਸੀ। ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਪਹਿਲੀ ਸੁਣਵਾਈ 19 ਮਈ ਨੂੰ ਹੋਈ ਸੀ, ਜਿਸ ਤੋਂ ਬਾਅਦ ਅਗਲੀ ਸੁਣਵਾਈ 25 ਮਈ ਨੂੰ ਨਿਰਧਾਰਿਤ ਕੀਤੀ ਗਈ ਸੀ।
ਸੁਣਵਾਈ ਦੌਰਾਨ ਸ਼ਿਕਾਇਤਕਰਤਾ ਪੱਖ ਦੇ ਵਕੀਲ ਨੇ ਅਦਾਲਤ ਤੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 223(1) ਦੇ ਤਹਿਤ ਨੋਟਿਸ ਜਾਰੀ ਕਰਨ ਦੀ ਮੰਗ ਕੀਤੀ ਸੀ।
ਮਾਮਲੇ ਦੀ ਗੰਭੀਰਤਾ ਨਾਲ ਸੁਣਵਾਈ ਕਰਦੇ ਹੋਏ ਜੇ.ਐਮ.ਆਈ.ਸੀ. (JMIC) ਅਸ਼ੀਮਾ ਸ਼ਰਮਾ ਦੀ ਮੋਗਾ ਅਦਾਲਤ ਨੇ ਸਵਾਤੀ ਮਾਲੀਵਾਲ ਨੂੰ 10 ਜੂਨ 2026 ਲਈ ‘ਪ੍ਰੀ-ਕੌਗਨੀਜ਼ੈਂਸ’ (Pre-Cognizance) ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਅਦਾਲਤ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਸਵਾਤੀ ਮਾਲੀਵਾਲ 10 ਜੂਨ ਨੂੰ ਖੁਦ ਜਾਂ ਆਪਣੇ ਵਕੀਲ ਦੇ ਮਾਧਿਅਮ ਰਾਹੀਂ ਅਦਾਲਤ ਵਿੱਚ ਪੇਸ਼ ਹੋ ਸਕਦੇ ਹਨ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 10 ਜੂਨ 2026 ਨੂੰ ਹੋਵੇਗੀ।






