ਪੰਜਾਬ ‘ਚ ਵੱਡੀ ਵਾਰਦਾਤ! ਪੁਲਿਸ ਚੌਕੀ ‘ਤੇ ਹਮਲਾ ਕਰਕੇ ਮੁਲਾਜ਼ਮ ਤੋਂ ਲੁੱਟਿਆ ਅਸਲਾ?- ਸੂਤਰ

File Photo

 

ਪੰਜਾਬ ‘ਚ ਵੱਡੀ ਵਾਰਦਾਤ! ਪੁਲਿਸ ਚੌਕੀ ‘ਤੇ ਹਮਲਾ ਕਰਕੇ ਮੁਲਾਜ਼ਮ ਤੋਂ ਲੁੱਟਿਆ ਅਸਲਾ?- ਸੂਤਰ

ਸ਼ੁੱਕਰਵਾਰ ਦੇਰ ਰਾਤ ਕਰੀਬ 1 ਵਜੇ ਦੋ ਅਣਪਛਾਤੇ ਬਦਮਾਸ਼ਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਮਾਮਲੇ ‘ਚ ਪੁਲਿਸ ਅਧਿਕਾਰੀਆਂ ਦੇ ਬਿਆਨਾਂ ‘ਚ ਵਖਰੇਵਾਂ; ਇਲਾਕੇ ‘ਚ ਨਾਕਾਬੰਦੀ ਕਰਕੇ ਜਾਂਚ ਸ਼ੁਰੂ

Punjab news:

ਤਰਨਤਾਰਨ ਅਧੀਨ ਪੈਂਦੀ ਇੱਕ ਸਰਹੱਦੀ ਪੁਲਿਸ ਚੌਂਕੀ ‘ਤੇ ਤਾਇਨਾਤ ਇੱਕ ਹੋਮਗਾਰਡ ਜਵਾਨ ‘ਤੇ ਦੋ ਅਣਪਛਾਤੇ ਬਦਮਾਸ਼ਾਂ ਵੱਲੋਂ ਕਥਿਤ ਤੌਰ ‘ਤੇ ਜਾਨਲੇਵਾ ਹਮਲਾ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬਦਮਾਸ਼ ਜਵਾਨ ‘ਤੇ ਹਮਲਾ ਕਰਕੇ ਉਸ ਦੀ ਸਰਕਾਰੀ ਰਾਈਫਲ ਅਤੇ 10 ਰੌਂਦ (ਕਾਰਤੂਸ) ਦੀ ਮੈਗਜ਼ੀਨ ਲੁੱਟ ਕੇ ਫ਼ਰਾਰ ਹੋ ਗਏ।

ਇਸ ਖ਼ੌਫਨਾਕ ਵਾਰਦਾਤ ਵਿੱਚ ਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਫ਼ਰੀਦਕੋਟ ਦੇ ਮੈਡੀਕਲ ਕਾਲਜ ਵਿੱਚ ਭਰਤੀ ਕਰਵਾਇਆ ਗਿਆ ਹੈ। ਘਟਨਾ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਵਿੱਚ ਹਾਈ-ਅਲਰਟ ਕਰਦਿਆਂ ਨਾਕਾਬੰਦੀ ਕਰ ਦਿੱਤੀ ਹੈ ਅਤੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਦੇਰ ਰਾਤ ਕਰੀਬ ਇੱਕ ਵਜੇ ਹੋਮਗਾਰਡ ਜਵਾਨ ‘ਤੇ ਇਕੱਲਾ ਡਿਊਟੀ ਦੇ ਰਿਹਾ ਸੀ। ਇਸੇ ਦੌਰਾਨ ਦੋ ਬਦਮਾਸ਼ ਉੱਥੇ ਪਹੁੰਚੇ ਅਤੇ ਉਨ੍ਹਾਂ ਨੇ ਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।

ਹਮਲਾਵਰਾਂ ਨੇ ਜਵਾਨ ਨੂੰ ਬੁਰੀ ਤਰ੍ਹਾਂ ਲਹੂ-ਲੁਹਾਨ ਕਰ ਦਿੱਤਾ, ਜਿਸ ਕਾਰਨ ਉਸ ਦੀ ਬਾਂਹ ‘ਤੇ ਡੂੰਘੇ ਜ਼ਖ਼ਮ ਆਏ ਹਨ। ਹਮਲਾਵਰ ਜਵਾਨ ਨੂੰ ਗੰਭੀਰ ਜ਼ਖ਼ਮੀ ਕਰਨ ਤੋਂ ਬਾਅਦ ਉਸ ਦਾ ਸਰਕਾਰੀ ਹਥਿਆਰ (ਰਾਈਫਲ) ਅਤੇ 10 ਰੌਂਦ ਮੈਗਜ਼ੀਨ ਖੋਹ ਕੇ ਮੌਕੇ ਤੋਂ ਰਫ਼ੂ-ਚੱਕਰ ਹੋ ਗਏ।

ਇਸ ਸੰਵੇਦਨਸ਼ੀਲ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਅਲੱਗ-ਅਲੱਗ ਬਿਆਨ ਸਾਹਮਣੇ ਆ ਰਹੇ ਹਨ। ਇੱਕ ਪਾਸੇ ਜਿੱਥੇ ਸੂਤਰਾਂ ਦਾ ਦਾਅਵਾ ਹੈ ਕਿ ਜਵਾਨ ‘ਤੇ ਹਮਲਾ ਕਰਕੇ ਹਥਿਆਰ ਲੁੱਟਿਆ ਗਿਆ ਹੈ।

ਉੱਥੇ ਹੀ ਦੂਜੇ ਪਾਸੇ ਇੱਕ ਡੀ.ਐੱਸ.ਪੀ. (DSP) ਰੈਂਕ ਦੇ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਹੋਮਗਾਰਡ ਜਵਾਨ ਕਿਸੇ ਅਣਪਛਾਤੇ ਵਾਹਨ ਦੀ ਲਪੇਟ ਵਿੱਚ ਆਉਣ (ਟੱਕਰ ਲੱਗਣ) ਕਾਰਨ ਜ਼ਖ਼ਮੀ ਹੋਇਆ ਹੈ ਅਤੇ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।

ਵਾਰਦਾਤ ਦੀ ਸੂਚਨਾ ਮਿਲਦੇ ਹੀ ਪੁਲਿਸ ਪੂਰੀ ਤਰ੍ਹਾਂ ਸਰਗਰਮ ਹੋ ਗਈ ਹੈ। ਵੱਖ-ਵੱਖ ਮੁੱਖ ਮਾਰਗਾਂ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਸਖ਼ਤ ਨਾਕਾਬੰਦੀ ਕਰਕੇ ਸ਼ੱਕੀ ਵਾਹਨਾਂ ਅਤੇ ਵਿਅਕਤੀਆਂ ਦੀ ਤਲਾਸ਼ੀ ਲਈ ਜਾ ਰਹੀ ਹੈ।

ਪੁਲਿਸ ਨੇ ਕੁੱਝ ਸ਼ੱਕੀ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਵੀ ਸ਼ੁਰੂ ਕਰ ਦਿੱਤੀ ਹੈ। ਅਸਲ ਸੱਚਾਈ ਕੀ ਹੈ, ਇਸ ਨੂੰ ਲੈ ਕੇ ਪੁਲਿਸ ਹਰ ਪਹਿਲੂ ਤੋਂ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।