ਪੰਜਾਬ ‘ਚ ਬਣਾਵਾਂਗੇ ਭਾਜਪਾ ਦੀ ਸਰਕਾਰ- ਨਵੇਂ ਬਣੇ ਪ੍ਰਧਾਨ ਕੇਵਲ ਢਿੱਲੋਂ ਦਾ ਪਹਿਲਾ ਵੱਡਾ ਐਲਾਨ

 

ਪੰਜਾਬ ‘ਚ ਬਣਾਵਾਂਗੇ ਭਾਜਪਾ ਦੀ ਸਰਕਾਰ- ਨਵੇਂ ਬਣੇ ਪ੍ਰਧਾਨ ਕੇਵਲ ਢਿੱਲੋਂ ਦਾ ਪਹਿਲਾ ਵੱਡਾ ਐਲਾਨ

ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੇ ਨਿਵਾਸ ਸਥਾਨ ‘ਤੇ ਪੱਤਰਕਾਰਾਂ ਨਾਲ ਕੀਤੀ ਗੱਲਬਾਤ; ‘ਬੜੇ ਹਨੂਮਾਨ ਮੰਦਿਰ’ ਵਿਖੇ ਟੇਕਿਆ ਮੱਥਾ

ਕੈਪਟਨ ਅਮਰਿੰਦਰ ਸਿੰਘ ਦੇ ਸਲਾਹ-ਮਸ਼ਵਰੇ ਵਾਲੇ ਬਿਆਨ ‘ਤੇ ਬੋਲੇ- ਭਾਜਪਾ ਦਾ ਆਪਣਾ ਜਥੇਬੰਦਕ ਸਿਸਟਮ, ਨਿਯੁਕਤੀ ਦਾ ਤਾਂ ਮੈਨੂੰ ਖ਼ੁਦ ਨੂੰ ਵੀ ਸਵੇਰੇ ਪਤਾ ਲੱਗਾ

ਕਿਸਾਨੀ ਮੁੱਦੇ ‘ਤੇ ਹਰਿਆਣਾ ਦੀ ਮਿਸਾਲ- ਜੇਕਰ ਸਾਡੀ ਸਰਕਾਰ ਆਈ ਤਾਂ ਮੱਕੀ ਤੇ ਦਾਲਾਂ ‘ਤੇ 100% ਖਰੀਦ ਦੀ ਗਾਰੰਟੀ ਅਤੇ MSP ਦਿਆਂਗੇ

ਅਕਾਲੀ ਦਲ ਨਾਲ ਗਠਜੋੜ ‘ਤੇ ਸਪੱਸ਼ਟੀਕਰਨ- ਭਾਜਪਾ ਸਾਰੀਆਂ 117 ਸੀਟਾਂ ‘ਤੇ ਇਕੱਲੇ ਚੋਣ ਲੜਨ ਲਈ ਤਿਆਰ

ਹੁਸ਼ਿਆਰਪੁਰ:

ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸ਼ਨੀਵਾਰ ਨੂੰ ਆਪਣੇ ਹੁਸ਼ਿਆਰਪੁਰ ਦੌਰੇ ਦੌਰਾਨ ਪਾਰਟੀ ਦੇ ਭਵਿੱਖੀ ਰਣਨੀਤੀ ਨੂੰ ਲੈ ਕੇ ਵੱਡੇ ਖ਼ੁਲਾਸੇ ਕੀਤੇ ਹਨ। ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਭਾਜਪਾ ਦਾ ਮੁੱਖ ਟੀਚਾ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਆਪਣੀ ਸਰਕਾਰ ਬਣਾਉਣਾ ਹੈ ਅਤੇ ਇਸ ਮਿਸ਼ਨ ਲਈ ਪਾਰਟੀ ਨੇ ਹੁਣੇ ਤੋਂ ਹੀ ਸੰਗਠਨਾਤਮਕ ਮਜ਼ਬੂਤੀ ਅਤੇ ਰਣਨੀਤੀ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

ਕੇਵਲ ਸਿੰਘ ਢਿੱਲੋਂ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਦੇ ਨਿਵਾਸ ਸਥਾਨ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ, ਜਿੱਥੇ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਵੀ ਮੌਜੂਦ ਸਨ। ਢਿੱਲੋਂ ਨੇ ਸਾਂਪਲਾ ਨੂੰ ਆਪਣਾ ਪਰਮ ਮਿੱਤਰ ਦੱਸਦਿਆਂ ਕਿਹਾ ਕਿ ਉਹ ਉਨ੍ਹਾਂ ਦੇ ਲੰਬੇ ਸਿਆਸੀ ਤਜਰਬੇ ਦਾ ਲਾਹਾ ਲੈ ਕੇ ਸੂਬੇ ਵਿੱਚ ਪਾਰਟੀ ਨੂੰ ਹੋਰ ਬੁਲੰਦੀਆਂ ‘ਤੇ ਲੈ ਕੇ ਜਾਣਗੇ। ਦੌਰੇ ਦੀ ਸ਼ੁਰੂਆਤ ਦੌਰਾਨ ਉਹ ਸਭ ਤੋਂ ਪਹਿਲਾਂ ਪ੍ਰਸਿੱਧ ‘ਬੜੇ ਹਨੂਮਾਨ ਮੰਦਿਰ’ ਵਿਖੇ ਨਤਮਸਤਕ ਹੋਏ ਅਤੇ ਪੰਜਾਬ ਦੀ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਲਈ ਅਰਦਾਸ ਕੀਤੀ।

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪ੍ਰਧਾਨਗੀ ਦੀ ਨਿਯੁਕਤੀ ਵੇਲੇ ਹਾਈਕਮਾਂਡ ਵੱਲੋਂ ਸੂਬੇ ਦੇ ਸੀਨੀਅਰ ਲੀਡਰਾਂ ਨਾਲ ਸਲਾਹ-ਮਸ਼ਵਰਾ ਨਾ ਕੀਤੇ ਜਾਣ ਦੇ ਦਿੱਤੇ ਬਿਆਨ ‘ਤੇ ਨਵੇਂ ਭਾਜਪਾ ਪ੍ਰਧਾਨ ਨੇ ਬੜੇ ਹੀ ਸਹਿਜ ਤਰੀਕੇ ਨਾਲ ਜਵਾਬ ਦਿੱਤਾ। ਉਨ੍ਹਾਂ ਕਿਹਾ, “ਕੈਪਟਨ ਅਮਰਿੰਦਰ ਸਿੰਘ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਆਗੂ ਹਨ ਅਤੇ ਮੇਰੇ ਵੱਡੇ ਭਰਾ ਵਰਗੇ ਹਨ।

ਉਨ੍ਹਾਂ ਨੇ ਖ਼ੁਦ ਟਵੀਟ ਕਰਕੇ ਮੈਨੂੰ ਸਭ ਤੋਂ ਪਹਿਲਾਂ ਮੁਬਾਰਕਬਾਦ ਦਿੱਤੀ ਹੈ। ਰਹੀ ਗੱਲ ਸਲਾਹ-ਮਸ਼ਵਰੇ ਦੀ, ਤਾਂ ਭਾਜਪਾ ਦਾ ਆਪਣਾ ਇੱਕ ਵੱਖਰਾ ਜਥੇਬੰਦਕ ਸਿਸਟਮ ਹੈ। ਇਸ ਨਿਯੁਕਤੀ ਬਾਰੇ ਤਾਂ ਖ਼ੁਦ ਮੈਨੂੰ ਵੀ ਪਹਿਲਾਂ ਪਤਾ ਨਹੀਂ ਸੀ; ਜਦੋਂ ਮੈਂ ਸਵੇਰੇ ਸਟੇਟ ਇਲੈਕਸ਼ਨ ਕਮਿਸ਼ਨ ਦੇ ਦਫ਼ਤਰ ਜਾ ਰਿਹਾ ਸੀ, ਉੱਥੇ ਜਾ ਕੇ ਹੀ ਮੈਨੂੰ ਪਤਾ ਲੱਗਾ ਕਿ ਪਾਰਟੀ ਨੇ ਮੈਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਹੈ।”

ਉਨ੍ਹਾਂ ਅੱਗੇ ਕਿਹਾ ਕਿ ਉਹ 35 ਸਾਲ ਕਾਂਗਰਸ ਵਿੱਚ ਰਹੇ ਹਨ, ਪਰ ਕਾਂਗਰਸ ਅਤੇ ਭਾਜਪਾ ਦੇ ਸੰਗਠਨ ਵਿੱਚ ਜ਼ਮੀਨ-ਆਸਮਾਨ ਦਾ ਫਰਕ ਹੈ। ਭਾਜਪਾ ਦੇ ਅਨੁਸ਼ਾਸਨ, ਸੰਸਕਾਰ ਅਤੇ ਕਾਰਜ ਪ੍ਰਣਾਲੀ ਦਾ ਕੋਈ ਮੁਕਾਬਲਾ ਨਹੀਂ ਹੈ।

ਮੌਜੂਦਾ ‘ਆਪ’ ਸਰਕਾਰ ਨੂੰ ਘੇਰਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਸਮੱਸਿਆ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਸੂਬੇ ਦੀ ਆਰਥਿਕ ਹਾਲਤ ਪੂਰੀ ਤਰ੍ਹਾਂ ਡਗਮਗਾ ਰਹੀ ਹੈ ਅਤੇ ਭਾਰੀ ਕਰਜ਼ਾ ਚੁੱਕਣ ਦੇ ਬਾਵਜੂਦ ਸਿੱਖਿਆ ਤੇ ਸਿਹਤ ਦੇ ਖੇਤਰ ਵਿੱਚ ਕੀਤੇ ਵਾਅਦੇ ਅਧੂਰੇ ਹਨ। ਦੂਜੇ ਪਾਸੇ ਕਾਂਗਰਸ ‘ਤੇ ਤਨਜ਼ ਕਸਦਿਆਂ ਉਨ੍ਹਾਂ ਕਿਹਾ ਕਿ ਉੱਥੇ ਅੰਦਰੂਨੀ ਕਲੇਸ਼ ਹਾਵੀ ਹੈ, ਜਦਕਿ ਭਾਜਪਾ ਵਿੱਚ ਕੋਈ ਗੁੱਟਬਾਜ਼ੀ ਨਹੀਂ ਹੈ। ਉਨ੍ਹਾਂ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਅਗਵਾਈ ਵਿੱਚ ਪਾਰਟੀ ਦਾ ਵੋਟ ਸ਼ੇਅਰ 8 ਫੀਸਦੀ ਤੋਂ ਵਧ ਕੇ 19 ਫੀਸਦੀ ਤੱਕ ਪਹੁੰਚਿਆ ਹੈ।

ਕਿਸਾਨੀ ਮੁੱਦਿਆਂ ‘ਤੇ ਗੱਲ ਕਰਦਿਆਂ ਢਿੱਲੋਂ ਨੇ ਹਰਿਆਣਾ ਸਰਕਾਰ ਦੀ ਮਿਸਾਲ ਦਿੱਤੀ, ਜਿੱਥੇ ਫਲਾਂ-ਸਬਜ਼ੀਆਂ ਸਮੇਤ 25 ਫਸਲਾਂ ‘ਤੇ ਐਮਐਸਪੀ (MSP) ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਿਰਫ਼ ਕਣਕ ਤੇ ਝੋਨੇ ‘ਤੇ ਹੀ ਐਮਐਸਪੀ ਮਿਲਦੀ ਹੈ ਅਤੇ ਉਹ ਵੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਂਦੀ ਹੈ। ਝੋਨਾ ਸਰਪਲਸ ਹੋਣ ਕਾਰਨ ਪੰਜਾਬ ਨੂੰ ਹੁਣ ਫਸਲੀ ਵਿਭਿੰਨਤਾ (ਡਾਇਵਰਸੀਫਿਕੇਸ਼ਨ) ਦੀ ਸਖ਼ਤ ਲੋੜ ਹੈ। ਉਨ੍ਹਾਂ ਵਾਅਦਾ ਕੀਤਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਆਉਂਦੀ ਹੈ, ਤਾਂ ਮੱਕੀ ਅਤੇ ਦਾਲਾਂ ਵਰਗੀਆਂ ਬਦਲਵੀਂ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਅਤੇ ਉਨ੍ਹਾਂ ‘ਤੇ ਐਮਐਸਪੀ ਦੇਣ ਦੇ ਨਾਲ-ਨਾਲ ਖਰੀਦ ਦੀ 100 ਫੀਸਦੀ ਗਾਰੰਟੀ ਦਿੱਤੀ ਜਾਵੇਗੀ।

ਅਕਾਲੀ ਦਲ ਨਾਲ ਮੁੜ ਗਠਜੋੜ ਹੋਣ ਦੀਆਂ ਚਰਚਾਵਾਂ ਨੂੰ ਵਿਰਾਮ ਦਿੰਦਿਆਂ ਢਿੱਲੋਂ ਨੇ ਸਾਫ਼ ਕਿਹਾ ਕਿ ਭਾਜਪਾ ਪੰਜਾਬ ਦੀਆਂ ਸਾਰੀਆਂ 117 ਵਿਧਾਨ ਸਭਾ ਸੀਟਾਂ ‘ਤੇ ਇਕੱਲੇ ਆਪਣੇ ਦਮ ‘ਤੇ ਚੋਣ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ, ਬਾਕੀ ਗਠਜੋੜ ਬਾਰੇ ਕੋਈ ਵੀ ਅੰਤਿਮ ਫੈਸਲਾ ਕੇਂਦਰੀ ਹਾਈਕਮਾਂਡ ਹੀ ਲਵੇਗੀ। ਉਨ੍ਹਾਂ ਪਾਰਟੀ ਦੇ ਵਧ ਰਹੇ ਜਨਾਧਾਰ ਦਾ ਅੰਕੜਾ ਪੇਸ਼ ਕਰਦਿਆਂ ਦੱਸਿਆ ਕਿ ਨਗਰ ਨਿਗਮਾਂ ਵਿੱਚ ਭਾਜਪਾ ਦੀਆਂ ਸੀਟਾਂ 2021 ਵਿੱਚ 49 ਸਨ, ਜੋ ਹੁਣ ਵਧ ਕੇ 169 ਹੋ ਗਈਆਂ ਹਨ, ਜੋ ਕਿ 200 ਫੀਸਦੀ ਤੋਂ ਵੀ ਵੱਧ ਦੀ ਸ਼ਾਨਦਾਰ ਗ੍ਰੋਥ ਨੂੰ ਦਰਸਾਉਂਦਾ ਹੈ।