ਆਂਗਣਵਾੜੀ ਵਰਕਰਾਂ ਨੂੰ ਸਰਪੰਚਾਂ ਦੇ ਘਰ ਜਾ ਕੇ ਕੰਮ ਕਰਨ ਲਈ ਮਜਬੂਰ ਕਰਨ ਦਾ ਦੋਸ਼; ‘ਸਰਵ ਆਂਗਣਵਾੜੀ ਯੂਨੀਅਨ’ ਵੱਲੋਂ ਕਲਮ-ਛੋੜ ਹੜਤਾਲ ਦੀ ਚੇਤਾਵਨੀ

 

ਆਂਗਣਵਾੜੀ ਵਰਕਰਾਂ ਨੂੰ ਸਰਪੰਚਾਂ ਦੇ ਘਰ ਜਾ ਕੇ ਕੰਮ ਕਰਨ ਲਈ ਮਜਬੂਰ ਕਰਨ ਦਾ ਦੋਸ਼; ‘ਸਰਵ ਆਂਗਣਵਾੜੀ ਯੂਨੀਅਨ’ ਵੱਲੋਂ ਕਲਮ-ਛੋੜ ਹੜਤਾਲ ਦੀ ਚੇਤਾਵਨੀ

‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਦੇ ਬਹਾਨੇ ਆਂਗਣਵਾੜੀ ਵਰਕਰਾਂ ਦਾ ਮਾਨਸਿਕ ਸ਼ੋਸ਼ਣ ਕਰਨ ਦੇ ਲੱਗੇ ਦੋਸ਼

ਸੱਤਾਧਾਰੀ ਪਾਰਟੀ ਦੇ ਸਰਪੰਚਾਂ, ਵਿਭਾਗ ਅਤੇ DC ਦਫ਼ਤਰਾਂ ਵੱਲੋਂ ਮਿਲ ਰਹੀਆਂ ਨੇ ਸਸਪੈਂਡ ਕਰਨ ਦੀਆਂ ਧਮਕੀਆਂ – ਬਰਿੰਦਰਜੀਤ ਕੌਰ ਛੀਨਾ

ਸੰਗਰੂਰ ਅਤੇ ਅੰਮ੍ਰਿਤਸਰ ਦੇ ਪਿੰਡਾਂ ਵਿੱਚ ਸਾਹਮਣੇ ਆਏ ਗੰਭੀਰ ਮਾਮਲੇ

ਜੇਕਰ ਨਜਾਇਜ਼ ਤੰਗ-ਪ੍ਰੇਸ਼ਾਨ ਕਰਨਾ ਬੰਦ ਨਾ ਹੋਇਆ, ਤਾਂ ਪੂਰੇ ਪੰਜਾਬ ਵਿੱਚ ਸਕੀਮ ਦਾ ਬਾਈਕਾਟ ਕਰਕੇ ਲਗਾਵਾਂਗੇ ਪੱਕੇ ਧਰਨੇ

ਅੰਮ੍ਰਿਤਸਰ, 2 ਜੂਨ 2026: ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਨੂੰ ਲੈ ਕੇ ਆਂਗਣਵਾੜੀ ਵਰਕਰਾਂ ਅਤੇ ਸੱਤਾਧਾਰੀ ਪਾਰਟੀ ਦੇ ਸਰਪੰਚਾਂ ਤੇ ਪ੍ਰਸ਼ਾਸਨ ਵਿਚਾਲੇ ਟਕਰਾਅ ਲਗਾਤਾਰ ਵਧਦਾ ਜਾ ਰਿਹਾ ਹੈ।

‘ਸਰਵ ਆਂਗਣਵਾੜੀ ਯੂਨੀਅਨ’ ਦੀ ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਸਰਕਾਰ ਅਤੇ ਵਿਭਾਗ ਉੱਤੇ ਵਰਕਰਾਂ ਨੂੰ ਨਜਾਇਜ਼ ਤੰਗ-ਪ੍ਰੇਸ਼ਾਨ ਕਰਨ ਅਤੇ ਉਨ੍ਹਾਂ ਦਾ ਨਿਰਾਦਰ ਕਰਨ ਦੇ ਗੰਭੀਰ ਦੋਸ਼ ਲਗਾਏ ਹਨ। ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਰਕਰਾਂ ‘ਤੇ ਸਿਆਸੀ ਅਤੇ ਪ੍ਰਸ਼ਾਸਨਿਕ ਦਬਾਅ ਪਾਉਣਾ ਬੰਦ ਨਾ ਕੀਤਾ ਗਿਆ, ਤਾਂ ਪੂਰੇ ਪੰਜਾਬ ਵਿੱਚ ‘ਕਲਮ-ਛੋੜ ਹੜਤਾਲ’ ਕਰਕੇ ਇਸ ਸਕੀਮ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ।

ਸੂਬਾ ਪ੍ਰਧਾਨ ਬਰਿੰਦਰਜੀਤ ਕੌਰ ਛੀਨਾ ਨੇ ਦੱਸਿਆ ਕਿ ਪੂਰੇ ਪੰਜਾਬ ਵਿੱਚੋਂ ਇਹ ਸ਼ਿਕਾਇਤਾਂ ਮਿਲ ਰਹੀਆਂ ਹਨ ਕਿ ਆਮ ਆਦਮੀ ਪਾਰਟੀ ਨਾਲ ਸਬੰਧਤ ਪਿੰਡਾਂ ਦੇ ਸਰਪੰਚ ਆਂਗਣਵਾੜੀ ਵਰਕਰਾਂ ‘ਤੇ ਇਹ ਦਬਾਅ ਪਾ ਰਹੇ ਹਨ ਕਿ ਉਹ ਆਪਣੇ ਸੈਂਟਰਾਂ ਦੀ ਬਜਾਏ, ਸਰਪੰਚਾਂ ਦੇ ਘਰਾਂ ਵਿੱਚ ਜਾ ਕੇ ਬੈਠਣ ਅਤੇ ਉੱਥੇ ਯੋਜਨਾ ਦੇ ਫਾਰਮ ਭਰਨ।

ਉਨ੍ਹਾਂ ਸਪੱਸ਼ਟ ਕੀਤਾ ਕਿ ਸਰਕਾਰ ਜਾਂ ਵਿਭਾਗ ਵੱਲੋਂ ਕੋਈ ਵੀ ਅਜਿਹਾ ਪੱਤਰ ਜਾਰੀ ਨਹੀਂ ਕੀਤਾ ਗਿਆ, ਜਿਸ ਵਿੱਚ ਵਰਕਰਾਂ ਨੂੰ ਸਰਪੰਚ ਦੇ ਘਰ ਡਿਊਟੀ ਕਰਨ ਲਈ ਕਿਹਾ ਗਿਆ ਹੋਵੇ। ਵਰਕਰਾਂ ਵੱਲੋਂ ਸਰਕਾਰੀ ਨਿਯਮਾਂ ਅਨੁਸਾਰ ਸੈਂਟਰਾਂ ਵਿੱਚ ਬੈਠ ਕੇ, ਇੱਥੋਂ ਤੱਕ ਕਿ ਛੁੱਟੀਆਂ ਦੇ ਦਿਨਾਂ ਵਿੱਚ ਵੀ ਅੱਤ ਦੀ ਗਰਮੀ ਦੇ ਬਾਵਜੂਦ ਤਨਦੇਹੀ ਨਾਲ ਕੰਮ ਕੀਤਾ ਜਾ ਰਿਹਾ ਹੈ, ਪਰ ਫਿਰ ਵੀ ਉਨ੍ਹਾਂ ਦੀ ਸ਼ਲਾਘਾ ਕਰਨ ਦੀ ਬਜਾਏ ਉਨ੍ਹਾਂ ਦਾ ਅਪਮਾਨ ਕੀਤਾ ਜਾ ਰਿਹਾ ਹੈ।

ਯੂਨੀਅਨ ਨੇ ਕੁਝ ਖ਼ਾਸ ਬਲਾਕਾਂ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਪ੍ਰਸ਼ਾਸਨਿਕ ਧੱਕੇਸ਼ਾਹੀ ਦੇ ਸਬੂਤ ਪੇਸ਼ ਕੀਤੇ। ਜ਼ਿਲ੍ਹਾ ਸੰਗਰੂਰ ਦੇ ਬਲਾਕ ਸ਼ੇਰਪੁਰ ਦੀ ਆਂਗਣਵਾੜੀ ਵਰਕਰ ਪਰਮਜੀਤ ਕੌਰ ‘ਤੇ ਇੱਕ ਪਿੰਡ ਦੀ ਸਰਪੰਚ ਵੱਲੋਂ ਲਗਾਤਾਰ ਤੰਜ ਕੱਸੇ ਜਾ ਰਹੇ ਹਨ ਕਿ “ਤੂੰ ਸਿਰਫ਼ ਇੱਕ ਮੁਲਾਜ਼ਮ ਹੈਂ ਅਤੇ ਤੈਨੂੰ ਮੇਰੇ ਘਰ ਆ ਕੇ ਹੀ ਫਾਰਮ ਭਰਨੇ ਪੈਣਗੇ।” ਇਸ ਦੇ ਨਾਲ ਹੀ ਸੀ.ਡੀ.ਪੀ.ਓ. (CDPO) ਵੱਲੋਂ ਵੀ ਵਰਕਰ ਨੂੰ ਸਸਪੈਂਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਵਰਕਰ ਅਤੇ ਸਰਪੰਚ ਦਾ ਆਪਸੀ ਪੁਰਾਣਾ ਝਗੜਾ ਅਤੇ ਅਦਾਲਤੀ ਕੇਸ ਚੱਲ ਰਿਹਾ ਹੈ, ਜਿਸ ਕਾਰਨ ਵਰਕਰ ਸੁਰੱਖਿਆ ਦੇ ਲਿਹਾਜ਼ ਨਾਲ ਸੈਂਟਰ ਵਿੱਚ ਬੈਠ ਕੇ ਕੰਮ ਕਰਨਾ ਚਾਹੁੰਦੀ ਹੈ।

ਜ਼ਿਲ੍ਹਾ ਅੰਮ੍ਰਿਤਸਰ (ਬਲਾਕ ਚਗਾਵਾਂ) ਦੀ ਵਰਕਰ ਜਗਪ੍ਰੀਤ ਕੌਰ ‘ਤੇ ਵੀ ਇੱਕ ਸਰਪੰਚ ਵੱਲੋਂ ਆਪਣੇ ਘਰ ਆ ਕੇ ਕੰਮ ਕਰਨ ਦਾ ਨਜਾਇਜ਼ ਦਬਾਅ ਬਣਾਇਆ ਜਾ ਰਿਹਾ ਹੈ, ਜਦਕਿ ਵਰਕਰ ਵੱਲੋਂ ਰੋਜ਼ਾਨਾ ਸੈਂਟਰ ‘ਚ ਡਿਊਟੀ ਦਿੰਦਿਆਂ ਦੀਆਂ ਤਸਵੀਰਾਂ ਗਰੁੱਪਾਂ ਵਿੱਚ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਇੱਥੇ ਵੀ ਧਿਰਾਂ ਵਿਚਾਲੇ ਪੁਰਾਣਾ ਪੁਲਿਸ ਕੇਸ (ਧਾਰਾ 326) ਚੱਲ ਰਿਹਾ ਹੈ।ਬਲਾਕ ਦੀ ਹਰਸ਼ਾ ਛੀਨਾ ਵਰਕਰ ਰਜਿੰਦਰ ਕੌਰ ਨੂੰ ਵਿਭਾਗ ਵੱਲੋਂ ਸੇਵਾਵਾਂ ਖ਼ਤਮ ਕਰਨ ਅਤੇ ਸਸਪੈਂਡ ਕਰਨ ਦੀਆਂ ਧਮਕੀਆਂ ਭਰੇ ਫੋਨ ਆ ਰਹੇ ਹਨ।

ਬਰਿੰਦਰਜੀਤ ਕੌਰ ਛੀਨਾ ਨੇ ਆਖਿਆ ਕਿ ਇੱਕ ਸਰਕਾਰੀ ਮੁਲਾਜ਼ਮ ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ ਹੁੰਦਾ, ਉਹ ਪੂਰੇ ਪਿੰਡ ਲਈ ਸਾਂਝਾ ਹੁੰਦਾ ਹੈ। ਨਿਯਮਾਂ ਮੁਤਾਬਕ ਪਿੰਡ ਵਿੱਚ ਤਾਇਨਾਤ 10 ਤੋਂ 30 ‘ਸਖੀਆਂ’ ਨੇ ਘਰ-ਘਰ ਜਾ ਕੇ ਫਾਰਮ ਭਰ ਕੇ ਲਿਆਉਣੇ ਹੁੰਦੇ ਹਨ ਅਤੇ ਆਂਗਣਵਾੜੀ ਵਰਕਰ ਨੇ ਉਨ੍ਹਾਂ ਫਾਰਮਾਂ ਨੂੰ ਸੈਂਟਰ ਵਿੱਚ ਬੈਠ ਕੇ ਆਨਲਾਈਨ ਕਰਨਾ ਹੁੰਦਾ ਹੈ। ਜੇਕਰ ਕਿਸੇ ਸਰਪੰਚ ਜਾਂ ਸਿਆਸੀ ਨੁਮਾਇੰਦੇ ਨੂੰ ਕੋਈ ਸ਼ੰਕਾ ਹੈ, ਤਾਂ ਉਹ ਆਂਗਣਵਾੜੀ ਸੈਂਟਰ ਵਿੱਚ ਆ ਕੇ ਬੈਠ ਸਕਦਾ ਹੈ, ਨਾ ਕਿ ਵਰਕਰ ਨੂੰ ਆਪਣੇ ਘਰ ਬੁਲਾ ਸਕਦਾ ਹੈ।

ਯੂਨੀਅਨ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਡੀ.ਸੀ. ਦਫ਼ਤਰਾਂ ਅਤੇ ਵਿਭਾਗ ਵੱਲੋਂ ਵਰਕਰਾਂ ਨੂੰ ਫੋਨ ਕਰਕੇ ਪ੍ਰੇਸ਼ਾਨ ਕਰਨਾ ਤੁਰੰਤ ਬੰਦ ਕੀਤਾ ਜਾਵੇ। ਜੇਕਰ ਸਰਕਾਰ ਆਪਣੀਆਂ ਇਨ੍ਹਾਂ ‘ਕੋਝੀਆਂ ਚਾਲਾਂ’ ਤੋਂ ਬਾਜ਼ ਨਾ ਆਈ, ਤਾਂ ਪੂਰੇ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਕਲਮ-ਛੋੜ ਹੜਤਾਲ ‘ਤੇ ਚਲੀਆਂ ਜਾਣਗੀਆਂ, ਜਿਸ ਤੋਂ ਬਾਅਦ ਪੂਰੇ ਸੂਬੇ ਵਿੱਚ ਇੱਕ ਵੀ ਫਾਰਮ ਆਨਲਾਈਨ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਡੀਸੀ ਦਫ਼ਤਰਾਂ ਅੱਗੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ।