Punjab News: ਇੱਕ ਪਾਸੇ ਔਰਤਾਂ ਨੂੰ ਮਾਣ-ਭੱਤਾ, ਦੂਜੇ ਪਾਸੇ ਵਿਆਹੁਤਾ ਧੀਆਂ ਲਈ ਨੌਕਰੀ ਦੇ ਦਰਵਾਜ਼ੇ ਬੰਦ!

On: ਜੂਨ 6, 2026 5:36 ਬਾਃ ਦੁਃ

 

Punjab News: 2004 ਤੋਂ ਸੰਘਰਸ਼ ਕਰ ਰਹੀ ਬੇਰੁਜ਼ਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਨੇ 3 ਜੂਨ ਤੋਂ ਵਿੱਢਿਆ ਅਣਮਿਥੇ ਸਮੇਂ ਲਈ ਮੋਰਚਾ- ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਵੱਲੋਂ ਲਾਈਆਂ 12% ਵਿਆਜ ਸਮੇਤ ਭੱਤੇ ਮੋੜਨ ਵਰਗੀਆਂ ਸ਼ਰਤਾਂ ਦਾ ਤਿੱਖਾ ਵਿਰੋਧ

ਪਟਿਆਲਾ, 6 ਜੂਨ 2026:

Punjab News: ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਮੁੱਖ ਦਫ਼ਤਰ ਪਟਿਆਲਾ ਦੇ ਸਾਹਮਣੇ ਵਿਭਾਗ ਨਾਲ ਸਬੰਧਿਤ ਮ੍ਰਿਤਕ ਕਰਮਚਾਰੀਆਂ ਦੇ ਵਾਰਿਸਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ 3 ਜੂਨ ਤੋਂ ਮੁੜ ਪੱਕਾ ਅਤੇ ਅਣਮਿਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਬੇਰੁਜ਼ਗਾਰ ਮ੍ਰਿਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਦੇ ਬੈਨਰ ਹੇਠ ਇਕੱਠੇ ਹੋਏ ਇਨ੍ਹਾਂ ਪਰਿਵਾਰਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।

ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਆਗੂ ਮਾਸਟਰ ਚਰਨਜੀਤ ਸਿੰਘ ਦਿਉਣ ਨੇ ਦੱਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਸਾਲ 2004 ਤੋਂ ਲਗਾਤਾਰ ਸੰਘਰਸ਼ ਕਰ ਰਹੀ ਹੈ, ਪਰ ਅਜੇ ਤੱਕ ਉਨ੍ਹਾਂ ਨੂੰ ਆਪਣੇ ਮਾਪਿਆਂ ਦੇ ਹੱਕ ਦੀ ਤਰਸ ਦੇ ਆਧਾਰ ‘ਤੇ ਨੌਕਰੀ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਔਰਤਾਂ ਨੂੰ ਮਾਣ-ਭੱਤਾ ਦੇਣ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ, ਪਰ ਦੂਜੇ ਪਾਸੇ ਵਿਆਹੁਤਾ ਲੜਕੀਆਂ ਲਈ ਨੌਕਰੀਆਂ ਦੇ ਦਰਵਾਜ਼ੇ ਬੰਦ ਕੀਤੇ ਜਾ ਰਹੇ ਹਨ।

ਆਗੂਆਂ ਨੇ ਦੱਸਿਆ ਕਿ 21 ਅਕਤੂਬਰ 2022 ਦੀ ਮੰਤਰੀ ਮੰਡਲ (ਕੈਬਨਿਟ) ਦੀ ਮੀਟਿੰਗ ਵਿੱਚ ਪੰਜਾਬ ਸਰਕਾਰ ਨੇ ਪਿਛਲੇ ਸਮੇਂ ਦੌਰਾਨ ਤਰਸ ਦੇ ਆਧਾਰ ‘ਤੇ ਨੌਕਰੀ ਲੈਣ ਤੋਂ ਵਾਂਝੇ ਰਹਿ ਗਏ ਪਰਿਵਾਰਾਂ ਦੇ ਧੀਆਂ-ਪੁੱਤਰਾਂ ਨੂੰ ਮੁੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਪਰ ਸਰਕਾਰ ਅਤੇ ਬਿਜਲੀ ਬੋਰਡ ਵੱਲੋਂ ਬਣਾਈ ਗਈ ਨਵੀਂ ਪਾਲਿਸੀ ਵਿੱਚ ਕਈ ਅਜਿਹੀਆਂ ਬੇਲੋੜੀਆਂ ਸ਼ਰਤਾਂ ਲਾ ਦਿੱਤੀਆਂ ਗਈਆਂ ਹਨ, ਜਿਨ੍ਹਾਂ ਕਰਕੇ ਨੌਕਰੀ ਮਿਲਣਾ ਅਸੰਭਵ ਹੋ ਗਿਆ ਹੈ। ਪਾਲਿਸੀ ਤਹਿਤ ਉਨ੍ਹਾਂ ਨੂੰ 20 ਸਾਲ ਪਹਿਲਾਂ ਮਿਲੇ ਸਾਰੇ ਭੱਤੇ (ਸੋਲੇਸ਼ੀਅਮ ਅਤੇ ਮਾਂ ਨੂੰ ਮਿਲੀ ਪੈਨਸ਼ਨ) 12 ਫੀਸਦੀ ਵਿਆਜ਼ ਸਮੇਤ ਮੋੜਨ ਲਈ ਕਿਹਾ ਜਾ ਰਿਹਾ ਹੈ, ਜੋ ਕਿ ਇਨ੍ਹਾਂ ਗ਼ਰੀਬ ਪਰਿਵਾਰਾਂ ਨਾਲ ਸਰਾਸਰ ਧੱਕਾ ਹੈ।

ਬੇਰੁਜ਼ਗਾਰ ਆਗੂਆਂ ਨੇ ਮੰਗ ਕੀਤੀ ਕਿ ਜਦੋਂ ਤੋਂ ਕਰਮਚਾਰੀ ਦੀ ਮੌਤ ਹੋਈ ਹੈ, ਜੇਕਰ ਉਸੇ ਤਰੀਕ ਤੋਂ ਕੇਸ ਵਿਚਾਰੇ ਜਾਣ ਤਾਂ ਅਨੇਕਾਂ ਮੁਸ਼ਕਿਲਾਂ ਦਾ ਹੱਲ ਆਪਣੇ-ਆਪ ਹੋ ਸਕਦਾ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਪਾਲਿਸੀ ਅਧੀਨ ਆਉਂਦੇ ਹਰ ਪਰਿਵਾਰ ਦੇ ਇੱਕ ਮੈਂਬਰ ਨੂੰ ਸੌਖੇ ਢੰਗ ਨਾਲ ਨੌਕਰੀ ਦਿੱਤੀ ਜਾਵੇ, ਨਹੀਂ ਤਾਂ ਇਸ ਸੰਘਰਸ਼ ਨੂੰ ਭਵਿੱਖ ਵਿੱਚ ਹੋਰ ਵਧੇਰੇ ਤਿੱਖਾ ਕੀਤਾ ਜਾਵੇਗਾ ਅਤੇ ਮੰਗਾਂ ਪੂਰੀਆਂ ਹੋਣ ਤੱਕ ਇਹ ਪੱਕਾ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਗੱਬਰ ਸਿੰਘ, ਗੁਰਤੇਜ ਸਿੰਘ ਫ਼ਤਿਹਗੜ੍ਹ ਸਾਹਿਬ, ਕੁਲਵਿੰਦਰ ਸਿੰਘ ਨਿਜ਼ਾਮਪੁਰ, ਰਛਪਾਲ ਸਿੰਘ, ਜਸਵਿੰਦਰ ਸਿੰਘ ਮੋਰਿੰਡਾ, ਸੈਂਬਰ ਸਿੰਘ, ਦਵਿੰਦਰ ਸਿੰਘ ਧੂਰੀ, ਰਾਜਵੀਰ ਸਿੰਘ, ਵਿਨੋਦ ਕੁਮਾਰ, ਕੁਲਦੀਪ ਕੌਰ ਰਾਮਗੜ੍ਹ ਸਰਦਾਰਾਂ ਅਤੇ ਸੁਨੀਤਾ ਕੌਰ ਈਲਵਾਲ ਸਮੇਤ ਵੱਡੀ ਗਿਣਤੀ ਵਿੱਚ ਮ੍ਰਿਤਕ ਆਸਰਿਤ ਪਰਿਵਾਰ ਹਾਜ਼ਰ ਸਨ।

 

Join WhatsApp

Join Now

Leave a Comment