ਵੱਡੀ ਖ਼ਬਰ: Punjab ‘ਚ ਕਰੋੜਾਂ ਦੀ ਜਾਇਦਾਦ ਖ਼ਾਤਰ ਭਰਾ ਨੇ ਕੀਤਾ ਭਰਾ ਦਾ ਕਤਲ- 22 ਮਈ ਤੋਂ ਲਾਪਤਾ 66 ਸਾਲਾ NRI ਸੁਨੀਲ ਸ਼ਰਮਾ ਦੀ ਹਰੀਕੇ ਨਹਿਰ ‘ਚੋਂ ਲਾਸ਼ ਬਰਾਮਦ! ਪਹਿਲਾਂ ਨੀਂਦ ਦੀਆਂ ਗੋਲੀਆਂ ਦਿੱਤੀਆਂ, ਫਿਰ ਬੇਸਬਾਲ ਬੈਟ ਨਾਲ ਸਿਰ ‘ਤੇ ਵਾਰ ਕਰਕੇ ਉਤਾਰਿਆ ਮੌਤ ਦੇ ਘਾਟ
ਅੰਮ੍ਰਿਤਸਰ (Punjab), 6 ਜੂਨ 2026:

ਅੰਮ੍ਰਿਤਸਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਾਪਤਾ ਚੱਲ ਰਹੇ ਇੱਕ ਐਨਆਰਆਈ (NRI) ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਸਕੇ ਭਰਾ ਵੱਲੋਂ ਹੀ ਜਾਇਦਾਦ ਦੇ ਲਾਲਚ ਵਿੱਚ ਆਪਣੇ NRI ਭਰਾ ਦਾ ਬੇਰਹਿਮੀ ਨਾਲ ਕਤਲ ਕਰਕੇ ਲਾਸ਼ ਨੂੰ ਨਹਿਰ ਵਿੱਚ ਸੁੱਟਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਨੀਲ ਸ਼ਰਮਾ (66) ਵਜੋਂ ਹੋਈ ਹੈ, ਜੋ ਕਿ ਆਸਟ੍ਰੇਲੀਆ ਦਾ ਨਾਗਰਿਕ ਸੀ।
ਜਾਣਕਾਰੀ ਮੁਤਾਬਕ ਸੁਨੀਲ ਸ਼ਰਮਾ ਕੁਝ ਸਮਾਂ ਪਹਿਲਾਂ ਹੀ ਆਸਟ੍ਰੇਲੀਆ ਤੋਂ ਅੰਮ੍ਰਿਤਸਰ ਸਥਿਤ ਆਪਣੇ ਘਰ ਦੀ ਦੇਖਭਾਲ, ਦੰਦਾਂ ਦੇ ਇਲਾਜ ਅਤੇ ਘਰ ਦੀ ਪੇਂਟਿੰਗ ਆਦਿ ਦਾ ਕੰਮ ਕਰਵਾਉਣ ਲਈ ਭਾਰਤ ਆਇਆ ਸੀ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ 22 ਮਈ ਨੂੰ ਉਹ ਅਚਾਨਕ ਲਾਪਤਾ ਹੋ ਗਿਆ। ਉਸ ਦੇ ਲਾਪਤਾ ਹੋਣ ਤੋਂ ਬਾਅਦ ਆਸਟ੍ਰੇਲੀਆ ਰਹਿੰਦੀ ਉਸ ਦੀ ਧੀ ਨੇ ਇੱਕ ਵੀਡੀਓ ਜਾਰੀ ਕਰਕੇ ਮਦਦ ਦੀ ਗੁਹਾਰ ਲਗਾਈ ਸੀ। ਪੁਲਿਸ ਨੇ ਸ਼ੁਰੂਆਤ ਵਿੱਚ ਧਾਰਾ 364 ਦੇ ਤਹਿਤ ਅਗਵਾ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ।
ਅੰਮ੍ਰਿਤਸਰ ਦੇ ਐਸ.ਐਸ.ਪੀ. ਕੰਵਲਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਖ਼ੌਫਨਾਕ ਕਤਲਕਾਂਡ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਸੁਨੀਲ ਸ਼ਰਮਾ ਦੇ ਸਕੇ ਭਰਾ ਸਤੀਸ਼ ਸ਼ਰਮਾ ਨੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਮੁਲਜ਼ਮ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 22 ਮਈ ਨੂੰ ਸਤੀਸ਼ ਸ਼ਰਮਾ ਨੇ ਪਹਿਲਾਂ ਸੁਨੀਲ ਸ਼ਰਮਾ ਨੂੰ ਨੀਂਦ ਦੀਆਂ ਗੋਲੀਆਂ ਦਿੱਤੀਆਂ ਅਤੇ ਜਦੋਂ ਉਹ ਬੇਹੋਸ਼ ਹੋ ਗਿਆ ਤਾਂ ਬੇਸਬਾਲ ਬੈਟ ਨਾਲ ਉਸ ਦੇ ਸਿਰ ‘ਤੇ ਕਈ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ।
ਕਤਲ ਤੋਂ ਬਾਅਦ ਸਬੂਤ ਮਿਟਾਉਣ ਦੀ ਨੀਅਤ ਨਾਲ ਲਾਸ਼ ਨੂੰ ਹਰੀਕੇ ਪੱਤਣ ਨੇੜੇ ਇੱਕ ਨਹਿਰ ਵਿੱਚ ਸੁੱਟ ਦਿੱਤਾ ਗਿਆ, ਜਿੱਥੋਂ ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ। ਪੁਲਿਸ ਮੁਤਾਬਕ ਮੁਲਜ਼ਮ ਸਤੀਸ਼ ਸ਼ਰਮਾ ਆਪਣੇ ਭਰਾ ਸੁਨੀਲ ਸ਼ਰਮਾ ਨੂੰ ਜਾਇਦਾਦ ਵੇਚਣ ਦੇ ਬਹਾਨੇ ਹੀ ਭਾਰਤ ਲੈ ਕੇ ਆਇਆ ਸੀ।
ਜਾਂਚ ਦੌਰਾਨ ਪਤਾ ਲੱਗਿਆ ਕਿ ਸਤੀਸ਼ ਨੇ ਪਹਿਲਾਂ ਹੀ ਲੁਧਿਆਣਾ ਤੋਂ ਇੱਕ ਜਾਅਲੀ ‘ਪਾਵਰ ਆਫ਼ ਅਟਾਰਨੀ’ (ਮੁਖਤਿਆਰਨਾਮਾ) ਤਿਆਰ ਕਰਵਾਈ ਹੋਈ ਸੀ, ਜਿਸ ਦੀ ਵਰਤੋਂ ਕਰਕੇ ਉਸ ਨੇ ਸੁਨੀਲ ਸ਼ਰਮਾ ਦੀਆਂ ਕਈ ਜਾਇਦਾਦਾਂ ਵੇਚ ਦਿੱਤੀਆਂ ਸਨ। ਇਨ੍ਹਾਂ ਵਿੱਚ ਅੰਮ੍ਰਿਤਸਰ ਦੇ ਐਸ਼ਨਾ ਅਸਟੇਟ ਦੀ ਇੱਕ ਜਾਇਦਾਦ ਵੀ ਸ਼ਾਮਲ ਸੀ।
ਦੋਵਾਂ ਭਰਾਵਾਂ ਵਿਚਾਲੇ ਮੋਹਾਲੀ ਸਥਿਤ ਇੱਕ ਹੋਰ ਕੀਮਤੀ ਜਾਇਦਾਦ ਨੂੰ ਲੈ ਕੇ ਵੱਡਾ ਵਿਵਾਦ ਚੱਲ ਰਿਹਾ ਸੀ, ਜਿਸ ਦੀ ਬਾਜ਼ਾਰੀ ਕੀਮਤ 4 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਇਸੇ ਕਰੋੜਾਂ ਦੀ ਜਾਇਦਾਦ ਨੂੰ ਹੜੱਪਣ ਦੇ ਲਾਲਚ ਵਿੱਚ ਸਤੀਸ਼ ਨੇ ਆਪਣੇ ਸਕੇ ਭਰਾ ਦੇ ਖ਼ੂਨ ਨਾਲ ਹੱਥ ਰੰਗ ਲਏ। ਪੁਲਿਸ ਹੁਣ ਮੁਲਜ਼ਮ ਨੂੰ ਰਿਮਾਂਡ ‘ਤੇ ਲੈ ਕੇ ਅਗਲੇਰੀ ਪੁੱਛਗਿੱਛ ਕਰ ਰਹੀ ਹੈ।

















