ਪੰਜਾਬ ‘ਚ ਵਾਪਰਿਆ ਵੱਡਾ ਸੜਕ ਹਾਦਸਾ; ਅੱਖ ਵਿੱਚ ਮਿੱਟੀ-ਘੱਟਾ ਪੈਣ ਜਾਂ ਨੀਂਦ ਦਾ ਝੋਕਾ ਆਉਣ ਕਾਰਨ ਵਿਗੜਿਆ ਮੋਟਰਸਾਈਕਲ ਦਾ ਸੰਤੁਲਨ- ਗੁਰਦਾਸਪੁਰ ਸਿਟੀ ਫੂਡ ਰੈਸਟੋਰੈਂਟ (ਜਾਪੂਵਾਲ) ਨੇੜੇ ਵਾਪਰਿਆ ਭਿਆਨਕ ਹਾਦਸਾ
ਗੁਰਦਾਸਪੁਰ, 9 ਜੂਨ 2026:
ਗੁਰਦਾਸਪੁਰ ਦੇ ਅਧੀਨ ਆਉਂਦੇ ਸਿਟੀ ਫੂਡ ਰੈਸਟੋਰੈਂਟ ਜਾਪੂਵਾਲ ਦੇ ਨਜ਼ਦੀਕ ਇੱਕ ਬੇਹੱਦ ਦਰਦਨਾਕ ਅਤੇ ਅਫ਼ਸੋਸਜਨਕ ਸੜਕ ਹਾਦਸਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇੱਥੇ ਇੱਕੋ ਮੋਟਰਸਾਈਕਲ ‘ਤੇ ਸਵਾਰ ਹੋ ਕੇ ਜਾ ਰਹੇ ਤਿੰਨ ਨੌਜਵਾਨਾਂ ਦੀ ਬਾਈਕ ਅਚਾਨਕ ਬੇਕਾਬੂ ਹੋ ਕੇ ਸੜਕ ਦੇ ਡਿਵਾਈਡਰ ਨਾਲ ਜਾ ਟਕਰਾਈ।
ਇਸ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਚਲਾ ਰਹੇ ਇੱਕ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਉਸ ਦੇ ਦੋ ਹੋਰ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਬੱਬਰੀ (ਗੁਰਦਾਸਪੁਰ) ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਹਾਦਸੇ ਵਿੱਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਵੰਸ਼ (ਉਮਰ ਕਰੀਬ 21-22 ਸਾਲ) ਨਿਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਵਿਸ਼ਾਲ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਦੋ ਬੇਟੇ ਹਨ, ਜਿਨ੍ਹਾਂ ਵਿੱਚੋਂ ਵੰਸ਼ ਛੋਟਾ ਸੀ। ਉਹ ਮੇਲਿਆਂ ਵਿੱਚ ਝੂਲਿਆਂ ਦਾ ਕੰਮ ਕਰਦਾ ਸੀ ਅਤੇ ਆਪਣੇ ਸਾਥੀਆਂ ਨਾਲ ਅੰਮ੍ਰਿਤਸਰ ਤੋਂ ਪਠਾਨਕੋਟ ਆਪਣੇ ਕੰਮ ‘ਤੇ ਜਾ ਰਿਹਾ ਸੀ।
ਪਿਤਾ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਸ਼ਾਇਦ ਦੇਰ ਰਾਤ ਜਾਂ ਸਵੇਰੇ ਸਫ਼ਰ ਦੌਰਾਨ ਨੀਂਦ ਦਾ ਝੋਕਾ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੋ ਸਕਦਾ ਹੈ। ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਅੰਮ੍ਰਿਤਸਰ ਵਿਖੇ ਹੀ ਉਸ ਦਾ ਸਸਕਾਰ ਕੀਤਾ ਜਾਵੇਗਾ।
ਹਸਪਤਾਲ ਵਿੱਚ ਇਲਾਜ ਅਧੀਨ ਜ਼ਖ਼ਮੀ ਨੌਜਵਾਨ ਸੰਨੀ ਨੇ ਘਟਨਾ ਬਾਰੇ ਦੱਸਿਆ ਕਿ ਉਹ ਤਿੰਨੋਂ ਜਣੇ ਇਕੱਠੇ ਮੇਲੇ ਵਿੱਚ ਕੰਮ ਕਰਦੇ ਸਨ ਅਤੇ ਬਾਈਕ ‘ਤੇ ਪਠਾਨਕੋਟ ਜਾ ਰਹੇ ਸਨ। ਰਸਤੇ ਵਿੱਚ ਅਚਾਨਕ ਬਾਈਕ ਚਲਾ ਰਹੇ ਵੰਸ਼ ਦੀ ਅੱਖ ਵਿੱਚ ਮਿੱਟੀ-ਘੱਟਾ ਜਾਂ ਕੋਈ ਚੀਜ਼ ਪੈ ਗਈ, ਜਿਸ ਕਾਰਨ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਬਾਈਕ ਸਿੱਧੀ ਡਿਵਾਈਡਰ ਨਾਲ ਜਾ ਟਕਰਾਈ।
ਸੰਨੀ ਮੁਤਾਬਕ ਉਹ ਖੁਦ ਸੜਕ ਕਿਨਾਰੇ ਝਾੜੀਆਂ ਵਿੱਚ ਜਾ ਡਿੱਗਿਆ, ਜਿਸ ਕਾਰਨ ਉਸ ਦਾ ਬਚਾਅ ਹੋ ਗਿਆ, ਪਰ ਵੰਸ਼ ਫੁੱਟਪਾਥ ਨਾਲ ਬੁਰੀ ਤਰ੍ਹਾਂ ਰਗੜਿਆ ਗਿਆ ਅਤੇ ਸਿਰ ‘ਤੇ ਗੰਭੀਰ ਸੱਟ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਤੁਰੰਤ ਬਾਅਦ ਰਾਹਗੀਰਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਐਂਬੂਲੈਂਸ ਨੂੰ ਫੋਨ ਕੀਤਾ ਅਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ।
ਸਿਵਲ ਹਸਪਤਾਲ ਬੱਬਰੀ ਦੇ ਐਮਰਜੈਂਸੀ ਮੈਡੀਕਲ ਅਫ਼ਸਰ ਡਾ. ਰਾਹੁਲ ਸਹੋਤਾ ਨੇ ਦੱਸਿਆ ਕਿ ਹਸਪਤਾਲ ਦੀ ਐਮਰਜੈਂਸੀ ਵਿੱਚ ਦੋ ਮਰੀਜ਼ਾਂ (ਸੰਨੀ ਅਤੇ ਉਸ ਦੇ ਦੋਸਤ) ਨੂੰ ਲਿਆਂਦਾ ਗਿਆ ਸੀ। ਦੋਵਾਂ ਦੇ ਸ਼ਰੀਰ ‘ਤੇ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਫਿਲਹਾਲ ਦੋਵਾਂ ਦੀ ਹਾਲਤ ਸਥਿਰ (Stable) ਹੈ। ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਵਾਰਡ ਵਿੱਚ ਦਾਖ਼ਲ ਕਰ ਲਿਆ ਗਿਆ ਹੈ।
ਡਾਕਟਰ ਨੇ ਦੱਸਿਆ ਕਿ ਮ੍ਰਿਤਕ ਦੀ ਦੇਹ ਅਜੇ ਹਸਪਤਾਲ ਨਹੀਂ ਪਹੁੰਚੀ ਹੈ, ਪੁਲਿਸ ਵੱਲੋਂ ਲਾਸ਼ ਲਿਆਂਦੇ ਜਾਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਤਾਂ ਜੋ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

















