Farmers Protest Punjab! SKM ਦਾ ਵੱਡਾ ਫੈਸਲਾ: ਪੰਜਾਬ ਦੇ ਪਾਣੀਆਂ ਤੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਜੁਲਾਈ ‘ਚ ਭਖੇਗੀ ਜਨਤਕ ਮੁਹਿੰਮ; ਗਵਰਨਰ ਨਾਲ ਹੋਵੇਗੀ ਮੀਟਿੰਗ

On: ਜੂਨ 14, 2026 8:54 ਬਾਃ ਦੁਃ
Farmers Protest Punjab

 

Farmers Protest Punjab! SKM ਦਾ ਵੱਡਾ ਫੈਸਲਾ: ਪੰਜਾਬ ਦੇ ਪਾਣੀਆਂ ਤੇ ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਖ਼ਿਲਾਫ਼ ਜੁਲਾਈ ‘ਚ ਭਖੇਗੀ ਜਨਤਕ ਮੁਹਿੰਮ; ਗਵਰਨਰ ਨਾਲ ਹੋਵੇਗੀ ਮੀਟਿੰਗ

ਲੁਧਿਆਣਾ ‘ਚ ਸੰਯੁਕਤ ਕਿਸਾਨ ਮੋਰਚਾ ਦੀ ਅਹਿਮ ਮੀਟਿੰਗ; ਮੰਗਾਂ ਨਾ ਮੰਨਣ ‘ਤੇ ਅਗਸਤ ਦੇ ਆਖ਼ੀਰ ਵਿੱਚ ਤਿੱਖੇ ਐਕਸ਼ਨ ਦੀ ਚੇਤਾਵਨੀ

ਲੁਧਿਆਣਾ, 14 ਜੂਨ 2026:

ਸੰਯੁਕਤ ਕਿਸਾਨ ਮੋਰਚਾ (SKM) ਪੰਜਾਬ ਚੈਪਟਰ ਦੀ ਇੱਕ ਅਹਿਮ ਮੀਟਿੰਗ ਅੱਜ ਲੁਧਿਆਣਾ ਵਿਖੇ ਡਾ. ਸਤਨਾਮ ਸਿੰਘ ਅਜਨਾਲਾ, ਬਲਕਰਨ ਸਿੰਘ ਬਰਾੜ ਅਤੇ ਹਰਜਿੰਦਰ ਸਿੰਘ ਟਾਂਡਾ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਪੰਜਾਬ ਅਤੇ ਕੇਂਦਰ ਸਰਕਾਰ ਨਾਲ ਸਬੰਧਤ ਭਖਦੇ ਮਸਲਿਆਂ ਅਤੇ ਕਿਸਾਨੀ ਮੰਗਾਂ ਨੂੰ ਲੈ ਕੇ ਭਵਿੱਖੀ ਰਣਨੀਤੀ ‘ਤੇ ਗੰਭੀਰ ਵਿਚਾਰ-ਵਟਾਂਦਰਾ ਕੀਤਾ ਗਿਆ। ਮੋਰਚੇ ਨੇ ਪੰਜਾਬ ਦੇ ਪਾਣੀਆਂ ਦੇ ਗੰਭੀਰ ਸੰਕਟ ਅਤੇ ਅਮਰੀਕਾ ਨਾਲ ਕੀਤੇ ਜਾ ਰਹੇ ਮੁਕਤ ਵਪਾਰ ਸਮਝੌਤੇ (Free Trade Agreement) ਦੇ ਵਿਰੁੱਧ ਜੁਲਾਈ ਮਹੀਨੇ ਤੋਂ ਇੱਕ ਵੱਡੀ ਜਨਤਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਜਲਦ ਹੀ ਪੰਜਾਬ ਦੇ ਗਵਰਨਰ (ਰਾਜਪਾਲ) ਨਾਲ ਮੁਲਾਕਾਤ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਚੰਡੀਗੜ੍ਹ ਵਿਖੇ ਗਵਰਨਰ ਭਵਨ ਵੱਲ ਮਾਰਚ ਕਰ ਰਹੇ ਕਿਸਾਨਾਂ ਉੱਤੇ ਪੁਲਿਸ ਵੱਲੋਂ ਪਾਣੀ ਦੀਆਂ ਬੁਛਾੜਾਂ ਅਤੇ ਹੰਝੂ ਗੈਸ ਦੇ ਗੋਲੇ ਛੱਡੇ ਗਏ ਸਨ। ਇਸ ਘਟਨਾ ਤੋਂ ਬਾਅਦ ਰਾਜਪਾਲ ਨੇ ਖੁਦ ਕਿਸਾਨ ਮੋਰਚੇ ਨੂੰ ਗੱਲਬਾਤ ਦਾ ਸੱਦਾ ਦਿੱਤਾ ਸੀ, ਪਰ ਆਗੂਆਂ ਦੇ ਜੇਰੇ-ਇਲਾਜ ਹੋਣ ਕਾਰਨ ਇਹ ਮੀਟਿੰਗ ਟਲ ਗਈ ਸੀ। ਹੁਣ ਮੋਰਚੇ ਵੱਲੋਂ ਗਵਰਨਰ ਹਾਊਸ ਕੋਲੋਂ ਮੀਟਿੰਗ ਲਈ ਸਮਾਂ ਮੰਗਿਆ ਗਿਆ ਹੈ। ਕਿਸਾਨ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰਾਂ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਤਾਂ ਅਗਸਤ ਦੇ ਆਖ਼ੀਰ ਵਿੱਚ ਸਖ਼ਤ ਕਦਮ ਚੁੱਕਦੇ ਹੋਏ ਪੱਕਾ ਮੋਰਚਾ ਲਾਇਆ ਜਾਵੇਗਾ।

ਮੀਟਿੰਗ ਦੌਰਾਨ ਪੰਜਾਬ ਭਰ ਵਿੱਚ ਬੇਰੁਜ਼ਗਾਰਾਂ ਅਤੇ ਵੱਖ-ਵੱਖ ਵਰਗਾਂ ਦੇ ਸ਼ਾਂਤਮਈ ਸੰਘਰਸ਼ਾਂ ਉੱਤੇ ਸਰਕਾਰ ਵੱਲੋਂ ਕੀਤੇ ਜਾ ਰਹੇ ਜਬਰ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੋਰਚੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਪ੍ਰਤੀ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸਰਕਾਰ ਜਬਰ ਦਾ ਰਸਤਾ ਛੱਡ ਕੇ ਸੰਘਰਸ਼ਸ਼ੀਲ ਜਥੇਬੰਦੀਆਂ ਨਾਲ ਮੇਜ਼ ‘ਤੇ ਬੈਠ ਕੇ ਗੱਲਬਾਤ ਕਰੇ ਅਤੇ ਉਨ੍ਹਾਂ ਦੇ ਵਾਜਬ ਮੁੱਦਿਆਂ ਨੂੰ ਹੱਲ ਕਰੇ।

ਕਿਸਾਨੀ ਲੋੜਾਂ ਦਾ ਜ਼ਿਕਰ ਕਰਦਿਆਂ ਐਸ.ਕੇ.ਐਮ. ਨੇ ਕਿਹਾ ਕਿ ਕਿਸਾਨਾਂ ਲਈ ਡੀਜ਼ਲ ਦੀ ਖ਼ਰੀਦ ‘ਤੇ ਲਾਈ ਗਈ ਲਿਮਟ ਨੂੰ ਤੁਰੰਤ ਖ਼ਤਮ ਕੀਤਾ ਜਾਵੇ। ਇਸ ਦੇ ਨਾਲ ਹੀ ਸੂਬੇ ਵਿੱਚ ਖਾਦਾਂ ਦੀ ਹੋ ਰਹੀ ਕਾਲਾਬਾਜ਼ਾਰੀ ਅਤੇ ਕਿੱਲਤ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ। ਪੰਜਾਬ ਸਰਕਾਰ ਦੇ ਨਹਿਰੀ ਪਾਣੀ ਦੇ ਦਾਅਵਿਆਂ ਨੂੰ ਸਿਰੇ ਤੋਂ ਨਕਾਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਪ੍ਰਚਾਰੇ ਜਾ ਰਹੇ ਤੱਥ ਹਕੀਕਤ ਤੋਂ ਕੋਹਾਂ ਦੂਰ ਹਨ, ਹਾਲੇ ਵੀ ਹਰ ਖੇਤ ਤੱਕ ਪਾਣੀ ਨਹੀਂ ਪਹੁੰਚ ਰਿਹਾ।

ਮੋਰਚੇ ਨੇ ਤਰਨਤਾਰਨ ਵਿਖੇ ਸ਼ੇਰੋਂ ਖੰਡ ਮਿੱਲ ਅਤੇ ਉਸ ਦੀ ਜ਼ਮੀਨ ਨੂੰ ਬਚਾਉਣ ਲਈ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਆਪਣੀ ਪੂਰਨ ਹਮਾਇਤ ਜਾਰੀ ਰੱਖਣ ਦਾ ਐਲਾਨ ਕੀਤਾ ਅਤੇ ਮੰਗ ਕੀਤੀ ਕਿ ਖੇਤੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਇਸ ਮਿੱਲ ਦਾ ਆਧੁਨਿਕੀਕਰਨ ਕਰਕੇ ਇਸ ਨੂੰ ਮੁੜ ਚਲਾਇਆ ਜਾਵੇ।

ਇਸ ਤੋਂ ਇਲਾਵਾ, ਪਾਕਿਸਤਾਨ ਸਰਹੱਦ ‘ਤੇ ਬਣਾਏ ਜਾ ਰਹੇ ‘ਡਿਫੈਂਸ ਬੰਨ੍ਹ’ ਦੀਆਂ ਰਿਪੋਰਟਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਮੋਰਚੇ ਨੇ ਕਿਹਾ ਕਿ ਪਹਿਲਾਂ ਵੀ ਨੈਸ਼ਨਲ ਹਾਈਵੇਅ ਕੁਦਰਤੀ ਪਾਣੀ ਦੇ ਵਹਾਅ ਵਿੱਚ ਰੁਕਾਵਟ ਬਣੇ ਸਨ, ਜਿਸ ਨਾਲ ਹੜ੍ਹ ਆਏ। ਹੁਣ ਇਹ ਡਿਫੈਂਸ ਬੰਨ੍ਹ ਵੀ ਨਵਾਂ ਸੰਕਟ ਖੜ੍ਹਾ ਕਰ ਸਕਦਾ ਹੈ, ਇਸ ਲਈ ਕੇਂਦਰ ਸਰਕਾਰ ਇਸ ਮਾਮਲੇ ‘ਤੇ ਆਪਣੀ ਸਥਿਤੀ ਤੁਰੰਤ ਸਪੱਸ਼ਟ ਕਰੇ।

ਇਸ ਉੱਚ ਪੱਧਰੀ ਮੀਟਿੰਗ ਵਿੱਚ ਦੇਸ਼ ਅਤੇ ਪੰਜਾਬ ਦੇ ਨਾਮਵਰ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ, ਹਰਿੰਦਰ ਸਿੰਘ ਲੱਖੋਵਾਲ, ਜੋਗਿੰਦਰ ਸਿੰਘ ਉਗਰਾਹਾਂ, ਬੂਟਾ ਸਿੰਘ ਬੁਰਜ ਗਿੱਲ, ਅੰਗਰੇਜ ਸਿੰਘ ਭਦੌੜ, ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਰੁਲਦੂ ਸਿੰਘ ਮਾਨਸਾ, ਕੈਪਟਨ ਮੇਜਰ ਸਿੰਘ, ਕੰਵਲਪ੍ਰੀਤ ਸਿੰਘ ਪੰਨੂ, ਜਗਮੋਹਨ ਸਿੰਘ ਪਟਿਆਲਾ, ਝੰਡਾ ਸਿੰਘ ਜੇਠੂਕੇ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।

 

Join WhatsApp

Join Now

Leave a Comment