Punjab Weather Update: ਅੱਜ ਤੋਂ ਬਦਲੇਗਾ ਮੌਸਮ; ਅਗਲੇ 5 ਦਿਨ ਪਵੇਗਾ ਭਾਰੀ ਮੀਂਹ- ਅਲਰਟ ਜਾਰੀ
Punjab Weather Update! ਪੰਜਾਬ ‘ਚ 18 ਜੂਨ ਤੋਂ 22 ਜੂਨ ਤੱਕ ਮੀਂਹ ਪੈਣ ਦੀ ਸੰਭਾਵਨਾ; ਲੂ (Heat Wave) ਤੋਂ ਮਿਲੇਗੀ ਰਾਹਤ- 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਸਕਦੀਆਂ ਨੇ ਤੇਜ਼ ਹਵਾਵਾਂ; 30 ਜੂਨ ਹੈ ਮਾਨਸੂਨ ਦੀ ਤਰੀਕ
ਚੰਡੀਗੜ੍ਹ, 18 ਜੂਨ 2026-
Punjab Weather Update! ਉੱਤਰ-ਪੱਛਮੀ ਭਾਰਤ ਵਿੱਚ ਰਹਿ ਰਹੇ ਲੋਕਾਂ ਲਈ ਮੌਸਮ ਨਾਲ ਜੁੜੀ ਇੱਕ ਅਹਿਮ ਖ਼ਬਰ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਇੱਕ ਨਵੀਂ ਪੱਛਮੀ ਗੜਬੜੀ (Western Disturbance) ਸਰਗਰਮ ਹੋਣ ਜਾ ਰਹੀ ਹੈ। ਇਸ ਦੇ ਪ੍ਰਭਾਵ ਸਦਕਾ ਪੰਜਾਬ, ਹਰਿਆਣਾ ਅਤੇ ਰਾਜਧਾਨੀ ਚੰਡੀਗੜ੍ਹ ਵਿੱਚ 18 ਜੂਨ ਤੋਂ ਲੈ ਕੇ 22 ਜੂਨ ਤੱਕ ਰੁਕ-ਰੁਕ ਕੇ ਮੀਂਹ ਪੈਣ ਦੀ ਪ੍ਰਬਲ ਸੰਭਾਵਨਾ ਹੈ।
ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਸੁਰਿੰਦਰ ਪਾਲ ਨੇ ਦੱਸਿਆ ਕਿ ਪੱਛਮੀ ਗੜਬੜੀ ਦਾ ਇਹ ਨਵਾਂ ਦੌਰ ਹਲਕੇ ਤੋਂ ਦਰਮਿਆਨੇ ਪੱਧਰ ਦਾ ਹੋਵੇਗਾ। ਉਨ੍ਹਾਂ ਮੁਤਾਬਕ ਇਸ ਮੌਸਮੀ ਤਬਦੀਲੀ ਦਾ ਅਸਰ ਪੰਜਾਬ ਦੇ ਮੁਕਾਬਲੇ ਹਰਿਆਣਾ ਵਿੱਚ ਜ਼ਿਆਦਾ ਦੇਖਣ ਨੂੰ ਮਿਲੇਗਾ, ਪਰ ਪੂਰੇ ਖੇਤਰ ਵਿੱਚ 18 ਤੋਂ 22 ਜੂਨ ਤੱਕ ਖਿੰਡਵਾਂ ਮੀਂਹ ਪੈਂਦਾ ਰਹੇਗਾ।
ਰਾਹਤ ਦੀ ਗੱਲ ਇਹ ਹੈ ਕਿ ਇਸ ਦੌਰਾਨ ਖੇਤਰ ਵਿੱਚ ਲੂ (Heat wave) ਦੀ ਸਥਿਤੀ ਬਣਨ ਦੇ ਕੋਈ ਸੰਕੇਤ ਨਹੀਂ ਹਨ, ਜਿਸ ਨਾਲ ਲੋਕਾਂ ਨੂੰ ਚਲ ਰਹੀ ਭਿਆਨਕ ਗਰਮੀ ਤੋਂ ਨਿਜਾਤ ਮਿਲੇਗੀ।ਮੌਸਮ ਵਿਭਾਗ ਦੇ ਡਾਇਰੈਕਟਰ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਦਿਨ ਦਾ ਤਾਪਮਾਨ ਸਥਿਰ ਰਹਿਣ ਦੀ ਉਮੀਦ ਹੈ, ਹਾਲਾਂਕਿ ਪੰਜਾਬ ਵਿੱਚ ਹਰਿਆਣਾ ਨਾਲੋਂ ਤਾਪਮਾਨ ਥੋੜ੍ਹਾ ਵੱਧ ਦਰਜ ਕੀਤਾ ਜਾ ਸਕਦਾ ਹੈ।
ਮੌਸਮ ਵਿਭਾਗ ਦੇ ਅਧਿਕਾਰਤ ਬਿਆਨ ਮੁਤਾਬਕ ਇਸ ਪੱਛਮੀ ਗੜਬੜੀ ਦੇ ਚੱਲਦਿਆਂ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਰੁਕ-ਰੁਕ ਕੇ ਮੀਂਹ ਪੈਣ ਦੇ ਨਾਲ-ਨਾਲ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਅੰਧੜ ਚੱਲਣ ਦੇ ਵੀ ਆਸਾਰ ਹਨ।
Punjab Weather Update! 30 ਜੂਨ ਨੂੰ ਮਾਨਸੂਨ ਦੀ ਦਸਤਕ, ਹੁਣ ਤੱਕ ਪਿਆ ਘੱਟ ਮੀਂਹ
ਜ਼ਿਕਰਯੋਗ ਹੈ ਕਿ ਹਰਿਆਣਾ ਅਤੇ ਪੰਜਾਬ ਵਿੱਚ ਮਾਨਸੂਨ ਦੇ ਆਉਣ ਦੀ ਅਧਿਕਾਰਤ ਤਰੀਕ 30 ਜੂਨ ਨਿਰਧਾਰਿਤ ਹੈ। ਇਸ ਵਾਰ 1 ਜੂਨ ਤੋਂ 17 ਜੂਨ ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਆਮ ਨਾਲੋਂ ਕਾਫੀ ਘੱਟ ਮੀਂਹ ਰਿਕਾਰਡ ਕੀਤਾ ਗਿਆ ਹੈ। ਅਜਿਹੇ ਵਿੱਚ ਮਾਨਸੂਨ ਤੋਂ ਪਹਿਲਾਂ ਆ ਰਹੀ ਇਹ ਪੱਛਮੀ ਗੜਬੜੀ ਆਮ ਲੋਕਾਂ ਦੇ ਨਾਲ-ਨਾਲ ਖੇਤੀਬਾੜੀ ਅਤੇ ਕਿਸਾਨਾਂ ਲਈ ਵੀ ਫਾਇਦੇਮੰਦ ਸਾਬਤ ਹੋ ਸਕਦੀ ਹੈ।
















