ਪੰਜਾਬ ਵਿੱਚ ਵਿਦੇਸ਼ੀ ਵਿਦਿਆਰਥਣ ਨਾਲ ਬਲਾਤਕਾਰ; 2 ਸਟੂਡੈਂਟਸ ਵਿਰੁੱਧ FIR ਦਰਜ
ਪ੍ਰਾਈਵੇਟ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਉਸ ਦੇ ਹੀ ਦੋਸਤਾਂ ਵੱਲੋਂ ਜ਼ਬਰਦਸਤੀ- ਪੁਲਿਸ ਨੇ ਮੁਸਤੈਦੀ ਦਿਖਾਉਂਦੇ ਹੋਏ ਮੌਕੇ ਤੋਂ ਇਕੱਠੇ ਕੀਤੇ ਅਹਿਮ ਸਬੂਤ; ਜਾਂਚ ਜਾਰੀ
ਖਰੜ, 4 ਜੁਲਾਈ 2026: ਖਰੜ ਇਲਾਕੇ ਤੋਂ ਇੱਕ ਬੇਹੱਦ ਸ਼ਰਮਨਾਕ ਅਤੇ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਿੱਜੀ ਯੂਨੀਵਰਸਿਟੀ ਵਿੱਚ ਪੜ੍ਹਦੀ ਵਿਦੇਸ਼ੀ ਵਿਦਿਆਰਥਣ ਨਾਲ ਉਸ ਦੇ ਹੀ ਸਾਥੀ ਵਿਦਿਆਰਥੀਆਂ ਵੱਲੋਂ ਬਲਾਤਕਾਰ ਕੀਤੇ ਜਾਣ ਦੀ ਖ਼ਬਰ ਹੈ। ਖਰੜ ਪੁਲਿਸ ਨੇ ਪੀੜਤਾ ਦੇ ਬਿਆਨਾਂ ਦੇ ਆਧਾਰ ‘ਤੇ ਤੁਰੰਤ ਕਾਰਵਾਈ ਕਰਦਿਆਂ ਦੋ ਨੌਜਵਾਨਾਂ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।
ਮੁਲਜ਼ਮ ਵਿਦਿਆਰਥੀ ਅਫ਼ਰੀਕੀ ਦੇਸ਼ ਲਾਇਬੇਰੀਆ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮੀਡੀਆ ਰਿਪੋਰਟਾਂ ਦੇ ਮੁਤਾਬਿਕ, ਇਹ ਸਾਰੀ ਘਟਨਾ 29 ਜੂਨ ਦੀ ਰਾਤ ਨੂੰ ਖਰੜ ਸਥਿਤ ਇੱਕ ਕਿਰਾਏ ਦੇ ਮਕਾਨ ਵਿੱਚ ਵਾਪਰੀ। ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਉੱਥੇ ਰੱਖੀ ਇੱਕ ਜਨਮ-ਦਿਨ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਆਪਣੇ ਦੋਸਤਾਂ ਕੋਲ ਆਈ ਹੋਈ ਸੀ।
ਦੇਰ ਰਾਤ ਪਾਰਟੀ ਖ਼ਤਮ ਹੋਣ ਤੋਂ ਬਾਅਦ ਜਦੋਂ ਉਹ ਖਾਣਾ ਖਾ ਕੇ ਮਕਾਨ ਦੀ ਉਪਰਲੀ ਮੰਜ਼ਿਲ ‘ਤੇ ਬਣੇ ਕਮਰੇ ਵਿੱਚ ਸੌਣ ਲਈ ਚਲੀ ਗਈ, ਤਾਂ ਉਸ ਦੇ ਦੋ ਦੋਸਤਾਂ ਨੇ ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦਿੱਤਾ। ਪੀੜਤ ਵਿਦਿਆਰਥਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਕਮਰੇ ਵਿੱਚ ਸੌਂ ਰਹੀ ਸੀ, ਤਾਂ ਦੋਵਾਂ ਮੁਲਜ਼ਮਾਂ ਨੇ ਜ਼ਬਰਦਸਤੀ ਉਸ ਦੇ ਕਮਰੇ ਦਾ ਕੁੰਡਾ ਖੁੱਲ੍ਹਵਾਇਆ ਅਤੇ ਅੰਦਰ ਵੜ ਕੇ ਉਸ ਨਾਲ ਜਬਰ-ਜਨਾਹ ਕੀਤਾ।
ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਪਛਾਣ ਫ਼ਰੈਂਕ ਅਤੇ ਅਜੀਕਾਈਲ ਵਜੋਂ ਹੋਈ ਹੈ, ਜੋ ਕਿ ਖਰੜ ਦੀ ਇਕ ਕਲੋਨੀ ਵਿੱਚ ਰਹਿ ਰਹੇ ਹਨ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਖਰੜ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਤੁਰੰਤ ਮੌਕੇ ਦਾ ਜਾਇਜ਼ਾ ਲਿਆ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਸਥਾਨ ਤੋਂ ਫੋਰੈਂਸਿਕ ਅਤੇ ਹੋਰ ਲੋੜੀਂਦੇ ਵਿਗਿਆਨਕ ਸਬੂਤ ਇਕੱਠੇ ਕਰ ਲਏ ਗਏ ਹਨ। ਪੀੜਤਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਅਤੇ ਮੁਲਜ਼ਮਾਂ ਖ਼ਿਲਾਫ਼ ਕਾਨੂੰਨ ਮੁਤਾਬਕ ਅਗਲੇਰੀ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

















