ਹਾਲ-ਏ-ਬਦਲਾਅ ਹਕੂਮਤ! ਬੇਰੁਜ਼ਗਾਰ ETT ਅਧਿਆਪਕਾਂ ਦਾ ਪੱਕਾ ਧਰਨਾ ਪੁਲਿਸ ਨੇ ਖਦੇੜਿਆ; 12 ਟੀਚਰ ਜੇਲ੍ਹ ਭੇਜੇ

On: ਜੁਲਾਈ 6, 2026 11:04 ਪੂਃ ਦੁਃ

 

ਹਾਲ-ਏ-ਬਦਲਾਅ ਹਕੂਮਤ! ਬੇਰੁਜ਼ਗਾਰ ETT ਅਧਿਆਪਕਾਂ ਦਾ ਪੱਕਾ ਧਰਨਾ ਪੁਲਿਸ ਨੇ ਖਦੇੜਿਆ; 12 ਟੀਚਰ ਜੇਲ੍ਹ ਭੇਜੇ

ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਪੁਲਿਸ ਨੇ ਟੈਲੀਫੋਨ ਐਕਸਚੇਂਜ ਕੋਲੋਂ ਖ਼ਾਲੀ ਕਰਵਾਈ ਸੜਕ- CM ਭਗਵੰਤ ਮਾਨ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਅਧਿਆਪਕਾਂ ਵਿੱਚ ਸੀ ਭਾਰੀ ਰੋਸ

ਧੂਰੀ, 06 ਜੁਲਾਈ 2026-

ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਈ.ਟੀ.ਟੀ. (ETT) ਬੇਰੁਜ਼ਗਾਰ ਅਧਿਆਪਕਾਂ ਖ਼ਿਲਾਫ਼ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਧੂਰੀ ਦੀ ਟੈਲੀਫੋਨ ਐਕਸਚੇਂਜ ਕੋਲ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਲਾਇਆ ਗਿਆ ਪੱਕਾ ਧਰਨਾ ਪੁਲਿਸ ਨੇ ਭਾਰੀ ਫੋਰਸ ਦੀ ਮਦਦ ਨਾਲ ਚੁਕਵਾ ਦਿੱਤਾ ਹੈ ਅਤੇ ਰਸਤਾ ਸਾਫ਼ ਕਰਵਾ ਕੇ ਆਵਾਜਾਈ (ਰਾਹਦਾਰੀ) ਨੂੰ ਦੁਬਾਰਾ ਸ਼ੁਰੂ ਕਰਵਾ ਦਿੱਤਾ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪੱਕੇ ਧਰਨੇ ਕਾਰਨ ਆਸ-ਪਾਸ ਰਹਿਣ ਵਾਲੇ ਸਥਾਨਕ ਲੋਕਾਂ ਨੂੰ ਲੰਮੇ ਸਮੇਂ ਤੋਂ ਕਈ ਤਰ੍ਹਾਂ ਦੀਆਂ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੁਹੱਲਾ ਨਿਵਾਸੀਆਂ ਨੂੰ ਆਪਣੇ ਹੀ ਘਰਾਂ ਵਿੱਚ ਆਉਣ-ਜਾਣ ਸਮੇਂ ਪੁਲਿਸ ਦੀ ਸਖ਼ਤ ਪੁੱਛਗਿੱਛ ‘ਚੋਂ ਲੰਘਣਾ ਪੈਂਦਾ ਸੀ ਅਤੇ ਉਹ ਰੋਜ਼ਾਨਾ ਦੇ ਸ਼ੋਰ-ਸ਼ਰਾਬੇ ਤੇ ਲਾਊਡਸਪੀਕਰਾਂ ਦੀ ਆਵਾਜ਼ ਤੋਂ ਵੀ ਬੇਹੱਦ ਪਰੇਸ਼ਾਨ ਸਨ।

ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਪੁਲਿਸ ਅਤੇ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ 12 ETT ਬੇਰੁਜ਼ਗਾਰ ਅਧਿਆਪਕਾਂ ਵਿਰੁੱਧ ਪਰਚਾ (ਮਾਮਲਾ) ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ।

ਦੂਜੇ ਪਾਸੇ, ਮੁਜ਼ਾਹਰਾਕਾਰੀ ਹਰਜੀਤ ਸਿੰਘ ਅਜੇ ਵੀ ਟੈਲੀਫੋਨ ਐਕਸਚੇਂਜ ਦੇ ਟਾਵਰ ’ਤੇ ਡਟਿਆ ਹੋਇਆ ਹੈ। ਉਸ ਨੂੰ ਟਾਵਰ ’ਤੇ ਚੜ੍ਹੇ ਨੂੰ ਕਰੀਬ 22-23 ਦਿਨ ਹੋ ਚੁੱਕੇ ਹਨ ਅਤੇ ਪ੍ਰਸ਼ਾਸਨ ਲਈ ਉਸ ਨੂੰ ਹੇਠਾਂ ਉਤਾਰਨਾ ਹਾਲੇ ਵੀ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਈ.ਟੀ.ਟੀ. ਬੇਰੁਜ਼ਗਾਰ ਅਧਿਆਪਕਾਂ ਦੀ ਇੱਕ ਉੱਚ ਪੱਧਰੀ ਮੀਟਿੰਗ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਸੀ।

ਅਧਿਆਪਕਾਂ ਮੁਤਾਬਕ ਭਾਲੇ ਹੀ ਇਹ ਮੀਟਿੰਗ ਸੁਖਾਵੇਂ ਮਾਹੌਲ ਵਿੱਚ ਹੋਈ, ਪਰ ਇਹ ਬਿਲਕੁਲ ਬੇਸਿੱਟਾ ਰਹੀ। ਅਧਿਆਪਕਾਂ ਵਿੱਚ ਭਾਰੀ ਰੋਸ ਸੀ ਕਿ ਮੀਟਿੰਗ ਤੋਂ ਬਾਅਦ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ, ਜਿਸ ਕਾਰਨ ਉਨ੍ਹਾਂ ਦਾ ਗੁੱਸਾ ਹੋਰ ਵਧ ਗਿਆ।

ਈ.ਟੀ.ਟੀ. ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਸ਼ੋਕ ਕੁਮਾਰ ਬਾਵਾ ਨੇ ਪੁਲਿਸ ਕਾਰਵਾਈ ਦੀ ਨਿਖੇਧੀ ਕਰਦਿਆਂ ਕਿਹਾ ਕਿ ਸਵੇਰੇ ਕਰੀਬ 8 ਵਜੇ ਪੁਲਿਸ ਅਚਾਨਕ ਆਈ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜ਼ਬਰਦਸਤੀ ਚੁੱਕ ਕੇ ਲੈ ਗਈ।

ਉਨ੍ਹਾਂ ਇਲਜ਼ਾਮ ਲਾਇਆ ਕਿ ਪੁਲਿਸ ਵੱਲੋਂ ਧਰਨਾ ਸਮਾਪਤ ਕਰਨ ਸਬੰਧੀ ਉਨ੍ਹਾਂ ਨੂੰ ਪਹਿਲਾਂ ਕੋਈ ਵੀ ਸੂਚਨਾ ਜਾਂ ਨੋਟਿਸ ਨਹੀਂ ਦਿੱਤਾ ਗਿਆ ਸੀ। ਉਨ੍ਹਾਂ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਹਿਰਾਸਤ ਵਿੱਚ ਲਏ ਗਏ ਉਨ੍ਹਾਂ ਦੇ ਸਾਥੀਆਂ ਨੂੰ ਤੁਰੰਤ ਰਿਹਾਅ ਨਾ ਕੀਤਾ ਗਿਆ, ਤਾਂ ਉਹ ਹੋਰਨਾਂ ਸਾਥੀਆਂ ਨੂੰ ਨਾਲ ਲੈ ਕੇ ਮੁੜ ਤਿੱਖਾ ਧਰਨਾ ਪ੍ਰਦਰਸ਼ਨ ਸ਼ੁਰੂ ਕਰਨਗੇ।

 

Join WhatsApp

Join Now

Leave a Comment