ਪੰਜਾਬ ‘ਚ SIR ਦੌਰਾਨ ਬੀ.ਐੱਲ.ਓ. ‘ਤੇ ਪਾਇਆ ਜਾ ਰਿਹੈ ਬੇਲੋੜਾ ਦਬਾਅ, ਅਧਿਆਪਕਾਂ ਕੀਤਾ ਵਿਰੋਧ
ਸੰਗਰੂਰ,6 ਜੁਲਾਈ 2026 –
ਭਾਰਤੀ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਤਹਿਤ ਪੰਜਾਬ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਰੀ ਸੁਧਾਈ (ਐੱਸ. ਆਈ. ਆਰ.) ਦੌਰਾਨ ਚੋਣ ਅਧਿਕਾਰੀਆਂ ਵੱਲੋਂ ਬੀ.ਐੱਲ.ਓਜ਼. ‘ਤੇ ਪਾਏ ਜਾ ਰਹੇ ਬੇਲੋੜੇ ਦਬਾਅ ਦੇ ਵਿਰੋਧ ਵਿੱਚ ਅੱਜ ਡੇਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਇਕਾਈ ਦਾ ਵਫ਼ਦ ਜ਼ਿਲ੍ਹਾ ਚੋਣ ਅਫ਼ਸਰ ਕਮ ਡੀਸੀ ਸੰਗਰੂਰ ਦੀ ਗ਼ੈਰ ਮੌਜੂਦਗੀ ਵਿੱਚ ਜ਼ਿਲ੍ਹਾ ਚੋਣ ਤਹਿਸੀਲਦਾਰ ਸ੍ਰੀਮਤੀ ਪਰਮਜੀਤ ਕੌਰ ਨੂੰ ਮਿਲਿਆ ਅਤੇ ਜ਼ਿਲ੍ਹਾ ਚੋਣ ਅਫ਼ਸਰ ਦੇ ਨਾਂ ਮੰਗ ਪੱਤਰ ਦਿੱਤਾ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੱਸਿਆ ਕਿ ਮੰਗ ਪੱਤਰ ਰਾਹੀਂ ਉਹਨਾਂ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਦੀਆਂ ਹਿਦਾਇਤਾਂ ਅਨੁਸਾਰ ਐੱਸ.ਆਈ.ਆਰ. ਦੇ ਇਸ ਪੜਾਅ ਦਾ ਕੰਮ 24 ਜੁਲਾਈ ਤੱਕ ਪੂਰਾ ਕਰਨਾ ਹੈ ਪ੍ਰੰਤੂ ਸੁਪਰਵਾਈਜ਼ਰਾਂ ਦੁਆਰਾ ਡੀਸੀ ਸੰਗਰੂਰ ਦੇ ਜ਼ੁਬਾਨੀ ਹੁਕਮਾਂ ਦਾ ਹਵਾਲਾ ਦੇ ਕੇ ਇਸ ਕੰਮ ਨੂੰ 10 ਜੁਲਾਈ ਤੱਕ ਪੂਰਾ ਕਰਨ ਦਾ ਦਬਾਅ ਬਣਾਇਆ ਜਾ ਰਿਹਾ ਹੈ ਜੋ ਕਿ ਬਿਲਕੁਲ ਗ਼ੈਰ ਕਾਨੂੰਨੀ ਅਤੇ ਸੰਵੇਦਨਹੀਣ ਕਾਰਵਾਈ ਹੈ।
ਇਸ ਦਬਾਅ ਕਾਰਨ ਬੀ.ਐੱਲ.ਓਜ਼. ਮਾਨਸਿਕ ਦਬਾਅ ਹੇਠ ਹਨ। ਇਹ ਕੰਮ ਕਾਫੀ ਲੰਮਾ ਚੌੜਾ ਹੈ ਅਤੇ ਕਮਿਸ਼ਨ ਨੇ ਕੁਝ ਸੋਚ ਕੇ ਮਹੀਨੇ ਦਾ ਸਮਾਂ ਦਿੱਤਾ ਹੈ ਪ੍ਰੰਤੂ ਲੋਕਲ ਅਧਿਕਾਰੀਆਂ ਦੁਆਰਾ ਕਮਿਸ਼ਨ ਦੀਆਂ ਹਿਦਾਇਤਾਂ ਨੂੰ ਨਜ਼ਰਅੰਦਾਜ਼ ਕਰਕੇ ਆਪਣੀ ਹੀ ਸਮਾਂ ਸੀਮਾ ਜ਼ੁਬਾਨੀ ਹੁਕਮਾਂ ਤਹਿਤ ਬੀ. ਐੱਲ. ਓਜ਼. ‘ਤੇ ਲੱਦੀ ਜਾ ਰਹੀ ਹੈ।

ਜਥੇਬੰਦੀ ਦੇ ਸੀਨੀਅਰ ਆਗੂ ਬਲਬੀਰ ਲੌਂਗੋਵਾਲ ਅਤੇ ਜ਼ਮਹੂਰੀ ਅਧਿਕਾਰ ਸਭਾ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ ਨੇ ਕਿਹਾ ਕਿ ਅਧਿਕਾਰੀਆਂ ਦੇ ਅਜਿਹੇ ਰਵੱਈਏ ਦੇ ਚਲਦੇ ਹੀ ਬਿਹਾਰ ਅਤੇ ਪੱਛਮੀ ਬੰਗਾਲ ਵਿੱਚ ਬਹੁਤ ਸਾਰੇ ਬੀ.ਐੱਲ.ਓਜ਼. ਮਾਨਸਿਕ ਦਬਾਅ ਨਾ ਝੱਲਦੇ ਹੋਏ ਆਤਮ ਹੱਤਿਆ ਤੱਕ ਕਰ ਗਏ। ਉਹਨਾਂ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਬੀ.ਐੱਲ.ਓਜ਼. ਪ੍ਰਤੀ ਸੰਵੇਦਨਸ਼ੀਲ ਰਵੱਈਆ ਅਪਣਾਇਆ ਜਾਵੇ ਅਤੇ ਕਿਸੇ ਵੀ ਕਰਮਚਾਰੀ ਨੂੰ ਨਾਜਾਇਜ਼ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ ਅਤੇ ਭਾਰਤੀ ਚੋਣ ਕਮਿਸ਼ਨ ਦੁਆਰਾ ਤੈਅ ਕੀਤੀ ਅਧਿਕਾਰਤ ਸਮਾਂ ਸੀਮਾ ਅਨੁਸਾਰ ਕੰਮ ਕਰਨ ਦਿੱਤਾ ਜਾਵੇ।
ਆਗੂਆਂ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਉਕਤ ਅਨੁਸਾਰ ਦਬਾਅ ਪਾਉਣਾ ਬੰਦ ਨਾ ਕੀਤਾ ਗਿਆ ਤਾਂ ਜਥੇਬੰਦੀਆਂ ਦੁਆਰਾ ਇਸ ਮਸਲੇ ਵਿੱਚ ਸੰਘਰਸ਼ ਦਾ ਰਸਤਾ ਅਖ਼ਤਿਆਰ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਹੋਵੇਗੀ। ਵਫ਼ਦ ਵਿੱਚ ਉਕਤ ਤੋਂ ਇਲਾਵਾ ਬਲਾਕਾਂ ਦੇ ਆਗੂ ਚੰਦਰ ਸ਼ੇਖਰ,ਜਗਤਾਰ ਲੌਂਗੋਵਾਲ,ਰਾਮ ਕ੍ਰਿਸ਼ਨ,ਰੇਸ਼ਮ ਪਾਲ,ਜਗਸੀਰ ਸਿੰਘ,ਗੁਰਜੀਤ ਸਿੰਘ,ਤਰਸੇਮ ਸਿੰਘ,ਅਮਨਦੀਪ ਸਿੰਘ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਲਖਵੀਰ ਲੱਖੀ ਸ਼ਾਮਿਲ ਸਨ।
















