ਪੰਜਾਬ ‘ਚ ਖਾਲੀ ਪਈਆਂ BEO ਦੀਆਂ ਅਸਾਮੀਆਂ ਭਰਨ ਲਈ ਸਰਗਰਮ ਹੋਏ ਅਧਿਆਪਕ!
ਸੈਂਟਰ ਹੈਡ ਟੀਚਰਾਂ ਦੀ ਸੀਨੀਆਰਤਾ ਸੂਚੀ ਠੀਕ ਕਰਕੇ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ

ਸੀਨੀਆਰਤਾ ਸੂਚੀ ਠੀਕ ਕਰਕੇ ਤੁਰੰਤ ਕੀਤੀਆਂ ਜਾਣ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ: ਅਮਨਦੀਪ ਸ਼ਰਮਾ ਅਤੇ ਰਾਕੇਸ਼ ਗੋਇਲ ਬਰੇਟਾ
ਸੰਗਰੂਰ/ਮਲੇਰਕੋਟਲਾ, 07 ਜੁਲਾਈ 2026-
ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਬਲਾਕ ਸਿੱਖਿਆ ਅਫਸਰਾਂ (BEO) ਦੀਆਂ ਵੱਡੇ ਪੱਧਰ ‘ਤੇ ਖਾਲੀ ਪਈਆਂ ਅਸਾਮੀਆਂ ਨੂੰ ਸੀਨੀਆਰਤਾ ਸੂਚੀਆਂ ਦਰੁਸਤ ਕਰਕੇ ਤੁਰੰਤ ਭਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ। ਇਸ ਸਬੰਧੀ ‘ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ’ ਵੱਲੋਂ ਸੂਬੇ ਭਰ ਦੇ ਜ਼ਿਲ੍ਹਾ ਸਿੱਖਿਆ ਅਫਸਰਾਂ (DEO) ਨਾਲ ਮੁਲਾਕਾਤਾਂ ਅਤੇ ਮੀਟਿੰਗਾਂ ਕਰਨ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ।
ਇਸੇ ਲੜੀ ਤਹਿਤ ਜਥੇਬੰਦੀ ਪੰਜਾਬ ਦੇ ਜੁਆਇੰਟ ਸਕੱਤਰ ਰਾਕੇਸ਼ ਗੋਇਲ ਬਰੇਟਾ ਦੀ ਅਗਵਾਈ ਹੇਠ ਇੱਕ ਵਫ਼ਦ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਮਲੇਰਕੋਟਲਾ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਸੰਗਰੂਰ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਸੈਂਟਰ ਹੈਡ ਟੀਚਰਾਂ (CHT) ਦੀ ਸੀਨੀਆਰਤਾ ਸੂਚੀ ਨੂੰ ਤੁਰੰਤ ਠੀਕ ਕਰਕੇ ਬਲਾਕ ਸਿੱਖਿਆ ਅਫਸਰਾਂ ਦੀਆਂ ਪ੍ਰਮੋਸ਼ਨਾਂ ਕਰਨ ਸਬੰਧੀ ਮੰਗ ਪੱਤਰ ਸੌਂਪੇ।
ਰਾਕੇਸ਼ ਗੋਇਲ ਬਰੇਟਾ ਨੇ ਜ਼ੋਰ ਦੇ ਕੇ ਕਿਹਾ ਕਿ ਖਾਲੀ ਅਸਾਮੀਆਂ ਕਾਰਨ ਪ੍ਰਸ਼ਾਸਨਿਕ ਕੰਮਾਂ ਵਿੱਚ ਦਿੱਕਤਾਂ ਆ ਰਹੀਆਂ ਹਨ, ਇਸ ਲਈ ਇਹ ਭਰਤੀਆਂ ਜਲਦ ਹੋਣੀਆਂ ਚਾਹੀਦੀਆਂ ਹਨ। ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ ਸਿੱਖਿਆ ਵਿਭਾਗ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਉਦਾਹਰਨ ਦਿੰਦਿਆਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ 5 ਦੀਆਂ 5 ਅਤੇ ਰੋਪੜ ਜ਼ਿਲ੍ਹੇ ਵਿੱਚ 10 ਦੀਆਂ 10 ਬਲਾਕ ਸਿੱਖਿਆ ਅਫਸਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਵਿੱਚ ਵੀ ਅਜਿਹੇ ਹੀ ਹਾਲਾਤ ਹਨ।
ਸੂਬਾ ਪ੍ਰਧਾਨ ਨੇ ਵਿਸ਼ਵਾਸ ਦਿਵਾਇਆ ਕਿ ਜਥੇਬੰਦੀ ਦੇ ਯਤਨਾਂ ਸਦਕਾ ਪੰਜਾਬ ਭਰ ਵਿੱਚ ਜਲਦ ਹੀ ਬਲਾਕ ਸਿੱਖਿਆ ਅਫਸਰਾਂ ਦੀਆਂ ਤਰੱਕੀਆਂ ਕਰਵਾਈਆਂ ਜਾਣਗੀਆਂ। ਉਨ੍ਹਾਂ ਮੰਗ ਕੀਤੀ ਕਿ ਜ਼ਿਲ੍ਹਾ ਪੱਧਰੀ ਸੀਨੀਆਰਤਾ ਸੂਚੀਆਂ ਦੇ ਆਧਾਰ ‘ਤੇ ਬਿਨਾਂ ਕਿਸੇ ਦੇਰੀ ਦੇ ਇਹ ਪ੍ਰਮੋਸ਼ਨਾਂ ਕੀਤੀਆਂ ਜਾਣ। ਇਸ ਮੌਕੇ ਵਫ਼ਦ ਵਿੱਚ ਜਥੇਬੰਦੀ ਦੇ ਆਗੂ ਪੰਕਜ ਬਰੇਟਾ, ਕੁਲਦੀਪ ਸਿੰਘ ਕਣਕਵਾਲ, ਅਮਿਤ ਕੁਮਾਰ ਭਾਈ ਕੀ ਪਿਸ਼ੋਰ ਸਮੇਤ ਹੋਰ ਕਈ ਅਧਿਆਪਕ ਆਗੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

















