ਡੀ.ਟੀ.ਐੱਫ. ਦੀ 37ਵੀਂ ਵਜ਼ੀਫ਼ਾ ਪ੍ਰੀਖਿਆ 12 ਦਸੰਬਰ ਨੂੰ
ਨੌਜਵਾਨ ਭਾਰਤ ਸਭਾ ਦੀ ਸਥਾਪਨਾ ਸ਼ਤਾਬਦੀ ਨੂੰ ਹੋਵੇਗੀ ਸਮਰਪਿਤ
ਸੰਗਰੂਰ, 5 ਨਵੰਬਰ – ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਦੀ ਜ਼ਿਲ੍ਹਾ ਸੰਗਰੂਰ ਇਕਾਈ ਦੀ ਮੀਟਿੰਗ ਅੱਜ ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਦੀ ਪ੍ਰਧਾਨਗੀ ਹੇਠ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਜਥੇਬੰਦੀ ਵੱਲੋਂ ਇਸ ਸਾਲ ਕਰਵਾਈ ਜਾਣ ਵਾਲੀ 37ਵੀਂ ਸਲਾਨਾ ਵਜ਼ੀਫ਼ਾ ਪ੍ਰੀਖਿਆ 12 ਦਸੰਬਰ ਨੂੰ ਕਰਵਾਈ ਜਾਵੇਗੀ ਤੇ ਇਹ ਮਹਾਨ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੁਆਰਾ ਮਾਰਚ 1926 ਵਿੱਚ ਸਥਾਪਿਤ ਕੀਤੀ ਗਈ ‘ਨੌਜਵਾਨ ਭਾਰਤ ਸਭਾ’ ਦੀ ਸਥਾਪਨਾ ਸ਼ਤਾਬਦੀ ਨੂੰ ਸਮਰਪਿਤ ਹੋਵੇਗੀ।
ਮੀਟਿੰਗ ਵਿੱਚ ਇਸ ਪ੍ਰੀਖਿਆ ਦੀਆਂ ਤਿਆਰੀਆਂ ਲਈ ਯੋਜਨਾਬੰਦੀ ਵੀ ਉਲੀਕੀ ਗਈ ਅਤੇ ਪ੍ਰੀਖਿਆ ਦਾ ਰਜਿਸਟਰੇਸ਼ਨ ਫਾਰਮ ਵੀ ਜਾਰੀ ਕੀਤਾ ਗਿਆ। ਆਗੂਆਂ ਨੇ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਪ੍ਰੀਖਿਆ ਵਿੱਚ ਆਪਣੇ ਸਕੂਲਾਂ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਸ਼ਮੂਲੀਅਤ ਕਰਵਾਈ ਜਾਵੇ। ਮੀਟਿੰਗ ਵਿੱਚ ਉਕਤ ਤੋਂ ਇਲਾਵਾ ਜਥੇਬੰਦਕ ਸਕੱਤਰ ਪਵਨ ਕੁਮਾਰ, ਸੀਨੀਅਰ ਆਗੂ ਬਲਬੀਰ ਲੌਂਗੋਵਾਲ, ਜਗਦੇਵ ਵਰਮਾ ,ਵਿਸ਼ਵ ਕਾਂਤ ਤੇ ਬਲਾਕਾਂ ਦੇ ਆਗੂ ਰਵਿੰਦਰ ਸੁਨਾਮ, ਸਰਬਜੀਤ ਕਿਸ਼ਨਗੜ੍ਹ ਤੇ ਸਤਵੀਰ ਭੁਪਾਲ ਵੀ ਸ਼ਾਮਿਲ ਹੋਏ।
















