ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਵੱਡੀ ਰਾਹਤ: 8ਵੀਂ ਤੋਂ 12ਵੀਂ ਜਮਾਤ ਦੇ ਦਾਖਲੇ ਅਤੇ ਰਜਿਸਟ੍ਰੇਸ਼ਨ ਦੀ ਆਖਰੀ ਮਿਤੀ ਵਧਾਈ
ਐਸ.ਏ.ਐਸ. ਨਗਰ (ਮੋਹਾਲੀ), 7 ਜੁਲਾਈ 2026-

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅਕਾਦਮਿਕ ਸਾਲ 2026-27 ਲਈ ਸਕੂਲੀ ਵਿਦਿਆਰਥੀਆਂ ਨੂੰ ਇੱਕ ਵੱਡੀ ਰਾਹਤ ਦਿੱਤੀ ਗਈ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਵੱਲੋਂ ਜਾਰੀ ਅਹਿਮ ਸੂਚਨਾ ਅਨੁਸਾਰ, ਅੱਠਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਦੇ ਦਾਖਲੇ, ਰਜਿਸਟ੍ਰੇਸ਼ਨ ਅਤੇ ਕੰਟੀਨਿਊਏਸ਼ਨ ਦੀਆਂ ਤਰੀਕਾਂ ਵਿੱਚ ਵਾਧਾ ਕਰ ਦਿੱਤਾ ਗਿਆ ਹੈ।
ਬੋਰਡ ਦੇ ਆਦੇਸ਼ਾਂ ਮੁਤਾਬਕ, 8ਵੀਂ ਤੋਂ 12ਵੀਂ ਜਮਾਤ ਦੇ ਦਾਖਲੇ ਦੀ ਜਿਹੜੀ ਆਖਰੀ ਮਿਤੀ ਪਹਿਲਾਂ 15-07-2026 ਨਿਰਧਾਰਿਤ ਕੀਤੀ ਗਈ ਸੀ, ਉਸ ਵਿੱਚ ਵਾਧਾ ਕਰਕੇ ਹੁਣ 24-07-2026 ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਵਿਦਿਆਰਥੀਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਅਤੇ ਕੰਟੀਨਿਊਏਸ਼ਨ ਸੰਬੰਧੀ ਫੀਸ ਜਮ੍ਹਾਂ ਕਰਵਾਉਣ ਦੀ ਮਿਤੀ ਵਿੱਚ ਵੀ ਬਦਲਾਅ ਕੀਤਾ ਗਿਆ ਹੈ।
ਬੋਰਡ ਵੱਲੋਂ ਸਕੂਲ ਮੁਖੀਆਂ ਅਤੇ ਪ੍ਰਬੰਧਕਾਂ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ ਹਨ।ਪੋਰਟਲ ‘ਤੇ ‘Unified Student Registration Portal’ ਉੱਤੇ ਵਿਦਿਆਰਥੀਆਂ ਦਾ ਡਾਟਾ ਐਂਟਰ ਕਰਨ ਦੀ ਪ੍ਰਕਿਰਿਆ 24-07-2026 ਤੱਕ ਮੁਕੰਮਲ ਕੀਤੀ ਜਾ ਸਕਦੀ ਹੈ। ਜਿਨ੍ਹਾਂ ਸਕੂਲਾਂ ਨੇ ਪਹਿਲਾਂ ਹੀ ਚਲਾਨ ਜਨਰੇਟ (Challan Generate) ਕਰ ਲਿਆ ਹੈ, ਉਹ ਸਕੂਲ ਚਲਾਨ ਦੀ ਆਖਰੀ ਮਿਤੀ (Valid Date) ਤੱਕ ਫੀਸ ਜ਼ਰੂਰ ਜਮ੍ਹਾਂ ਕਰਵਾਉਣ।
ਇਸ ਤੋਂ ਇਲਾਵਾ ਰਜਿਸਟ੍ਰੇਸ਼ਨ ਡਾਟਾ ਐਂਟਰੀ, ਈ-ਸਾਈਨ (eSign) ਅਤੇ ਫਾਈਨਲ ਸਬਮਿਟ ਕਰਨ ਦੀ ਪ੍ਰਕਿਰਿਆ ਸਮੇਂ ਸਿਰ ਪੂਰੀ ਕਰਨ ਦੀ ਹਦਾਇਤ ਦਿੱਤੀ ਗਈ ਹੈ। ਪੰਜਾਬ ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਵਧੇਰੇ ਜਾਣਕਾਰੀ ਅਤੇ ਕਿਸੇ ਵੀ ਤਰ੍ਹਾਂ ਦੇ ਅਪਡੇਟ ਲਈ ਸਕੂਲ ਅਤੇ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾ ਕੇ ਚੈੱਕ ਕਰ ਸਕਦੇ ਹਨ।
















