ਸਪੈਸ਼ਲ ਰਿਪੋਰਟ: ਪੰਜਾਬ ਦੇ ਅਧਿਆਪਕਾਂ ਤੋਂ ਖੋਹਿਆ ‘ਐਤਵਾਰ ਦੀ ਛੁੱਟੀ’ ਦਾ ਅਧਿਕਾਰ!
ਸਰਕਾਰ ਅਤੇ ਚੋਣ ਕਮਿਸ਼ਨ ਦੇ ਫਰਮਾਨ ਖਿਲਾਫ਼ ਅਧਿਆਪਕਾਂ ‘ਚ ਭਾਰੀ ਰੋਹ
ਗੁਰਪ੍ਰੀਤ
ਚੰਡੀਗੜ੍ਹ, 11 ਜੁਲਾਈ 2026- ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਤਾਇਨਾਤ ਅਧਿਆਪਕਾਂ ਲਈ ਇਸ ਵਾਰ ਦੀਆਂ ਛੁੱਟੀਆਂ ਇੱਕ ਵੱਡੀ ਪ੍ਰੇਸ਼ਾਨੀ ਲੈ ਕੇ ਆਈਆਂ ਹਨ। ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਹੁਕਮ ਨੇ ਅਧਿਆਪਕਾਂ ਤੋਂ ਉਨ੍ਹਾਂ ਦੀਆਂ ਨਿਰਧਾਰਤ ਛੁੱਟੀਆਂ ਦਾ ਅਧਿਕਾਰ ਵੀ ਖੋਹ ਲਿਆ ਹੈ। ਸੂਬੇ ਵਿੱਚ ਚੱਲ ਰਹੀ ‘ਐਸ.ਆਈ.ਆਰ’ (SIR) ਪ੍ਰਕਿਰਿਆ ਦੇ ਮੱਦੇਨਜ਼ਰ, 11 ਅਤੇ 12 ਜੁਲਾਈ ਨੂੰ ਸਰਕਾਰੀ ਸਕੂਲਾਂ ਵਿੱਚ ਵਿਸ਼ੇਸ਼ ਕੈਂਪ ਲਗਾਉਣ ਦੇ ਹੁਕਮ ਦਿੱਤੇ ਗਏ ਸਨ। ਇਸੇ ਤਹਿਤ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (DEOs) ਅਤੇ ਸਕੂਲ ਮੁਖੀਆਂ ਨੂੰ ਆਦੇਸ਼ ਦਿੱਤਾ ਗਿਆ ਕਿ 11 ਜੁਲਾਈ (ਦੂਜਾ ਸ਼ਨੀਵਾਰ) ਅਤੇ 12 ਜੁਲਾਈ (ਐਤਵਾਰ) ਨੂੰ ਸਕੂਲ ਖੋਲ੍ਹੇ ਜਾਣ।
ਹਾਲਾਂਕਿ ਇਹ ਦਿਨ ਸਰਕਾਰੀ ਛੁੱਟੀ ਦੇ ਹੁੰਦੇ ਹਨ, ਪਰ ਸਰਕਾਰ ਦੇ ਨਾਦਰਸ਼ਾਹੀ ਫਰਮਾਨ ਕਾਰਨ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਹੋਣਾ ਪਿਆ। ਭਾਵੇਂ ਇਨ੍ਹਾਂ ਦਿਨਾਂ ਵਿੱਚ ਵਿਦਿਆਰਥੀਆਂ ਲਈ ਛੁੱਟੀ ਸੀ, ਪਰ ਅਧਿਆਪਕਾਂ ਨੂੰ ਸਕੂਲ ਬੁਲਾ ਕੇ ਵੱਖ-ਵੱਖ ਪ੍ਰਸ਼ਾਸਨਿਕ ਕੰਮਾਂ ਵਿੱਚ ਲਗਾ ਦਿੱਤਾ ਗਿਆ। ਜਿਨ੍ਹਾਂ ਅਧਿਆਪਕਾਂ ਨੇ ਆਪਣੇ ਪਰਿਵਾਰਾਂ ਨਾਲ ਸਮਾਂ ਬਿਤਾਉਣ ਜਾਂ ਆਪਣੇ ਘਰ ਜਾਣ ਦੀ ਯੋਜਨਾ ਬਣਾਈ ਸੀ, ਉਨ੍ਹਾਂ ਨੂੰ ਇਸ ਅਚਾਨਕ ਆਏ ਹੁਕਮ ਕਾਰਨ ਰਸਤੇ ਵਿੱਚੋਂ ਹੀ ਵਾਪਸ ਮੁੜਨਾ ਪਿਆ। ਦੂਰ-ਦਰਾਡੇ ਜ਼ਿਲ੍ਹਿਆਂ ਵਿੱਚ ਤਾਇਨਾਤ ਕਈ ਅਧਿਆਪਕ 300-300 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਘਰਾਂ ਵੱਲ ਨਿਕਲੇ ਸਨ, ਪਰ ਪ੍ਰਸ਼ਾਸਨ ਦੀ ਇਸ ਲਾਪਰਵਾਹੀ ਨੇ ਉਨ੍ਹਾਂ ਦੀਆਂ ਛੁੱਟੀਆਂ ਦਾ ਆਨੰਦ ਖੋਹ ਲਿਆ।

ਡੈਮੋਕ੍ਰੇਟਿਕ ਟੀਚਰਜ਼ ਫਰੰਟ (DTF) ਪੰਜਾਬ ਦੇ ਆਗੂਆਂ ਨੇ ਇਸ ਫੈਸਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਆਗੂਆਂ ਨੇ ਕਿਹਾ ਕਿ ਜੋ ਸਰਕਾਰ ‘ਸਿੱਖਿਆ ਕ੍ਰਾਂਤੀ’ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਉਸਦੀਆਂ ਨੀਤੀਆਂ ਅਸਲ ਵਿੱਚ ਜ਼ਮੀਨੀ ਪੱਧਰ ‘ਤੇ ਅਧਿਆਪਕਾਂ ਦਾ ਮਨੋਬਲ ਤੋੜ ਰਹੀਆਂ ਹਨ। ਵਰਤਮਾਨ ਸਮੇਂ ਵਿੱਚ ਤਕਰੀਬਨ 18,000 ਅਧਿਆਪਕ ਐਸ.ਆਈ.ਆਰ ਦੇ ਕੰਮ ਵਿੱਚ ਰੁੱਝੇ ਹੋਏ ਹਨ। ਇਸ ਤੋਂ ਇਲਾਵਾ ਹਜ਼ਾਰਾਂ ਅਧਿਆਪਕਾਂ ਦੀ ਡਿਊਟੀ ਡਰੱਗ ਸਰਵੇ, ਜਨਗਣਨਾ ਅਤੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਵਰਗੇ ਗੈਰ-ਸਿੱਖਿਆ ਕੰਮਾਂ ਵਿੱਚ ਲਗਾਈ ਗਈ ਹੈ। ਨਤੀਜਾ ਇਹ ਨਿਕਲ ਰਿਹਾ ਹੈ ਕਿ ਸਕੂਲਾਂ ਵਿੱਚ ਆਉਣ ਵਾਲੇ ਵਿਦਿਆਰਥੀ ਅਧਿਆਪਕਾਂ ਨੂੰ ਉਡੀਕ ਕੇ ਵਾਪਸ ਮੁੜਨ ਲਈ ਮਜਬੂਰ ਹਨ, ਕਿਉਂਕਿ ਅਧਿਆਪਕਾਂ ਦਾ ਮੁੱਖ ਕੰਮ ਯਾਨੀ ‘ਪੜ੍ਹਾਉਣਾ’ ਪਛੜ ਰਿਹਾ ਹੈ।
ਡੀ.ਟੀ.ਐੱਫ. ਆਗੂਆਂ ਲਖਵਿੰਦਰ ਮਾਨ, ਹੰਸਾ ਸਿੰਘ ਡੇਲੂਆਣਾ, ਹਰਜਿੰਦਰ ਅਨੂਪਗੜ੍ਹ, ਅਤੇ ਬੇਅੰਤ ਰੜ ਨੇ ਕਿਹਾ ਕਿ ਸਰਕਾਰ ਲਗਾਤਾਰ ਅਧਿਆਪਕਾਂ ਦੀਆਂ ਸਹੂਲਤਾਂ ‘ਤੇ ਕੱਟ ਲਗਾ ਰਹੀ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਕੀ ਅਧਿਆਪਕ ਕੋਈ ਮਸ਼ੀਨ ਹੈ, ਜਿਸ ਨੂੰ ਬਿਨਾਂ ਕਿਸੇ ਛੁੱਟੀ ਦੇ ਲਗਾਤਾਰ ਕੰਮ ‘ਤੇ ਲਗਾਇਆ ਜਾ ਰਿਹਾ ਹੈ? ਆਗੂਆਂ ਰਾਜਵਿੰਦਰ ਬੈਹਣੀਵਾਲ, ਮਨਮੋਹਨ ਸਿੰਘ, ਬਲਵਿੰਦਰ ਉੱਲਕ ਅਤੇ ਨਵੀਨ ਬੋਹਾ ਨੇ ਸਪੱਸ਼ਟ ਮੰਗ ਕੀਤੀ ਹੈ ਕਿ ਬੀ.ਐਲ.ਓ. (BLO) ਅਤੇ ਹੋਰ ਚੋਣ ਜਾਂ ਪ੍ਰਸ਼ਾਸਨਿਕ ਕੰਮਾਂ ਲਈ ਸਰਕਾਰ ਵੱਖਰੇ ਤੌਰ ‘ਤੇ ਸਟਾਫ ਦੀ ਭਰਤੀ ਕਰੇ।
ਅਧਿਆਪਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸਿਰਫ਼ ਪੜ੍ਹਾਉਣ ਦਾ ਕੰਮ ਹੀ ਦਿੱਤਾ ਜਾਣਾ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਮੁੱਢਲੀ ਜ਼ਿੰਮੇਵਾਰੀ ਦੇਸ਼ ਦੇ ਭਵਿੱਖ ਯਾਨੀ ਵਿਦਿਆਰਥੀਆਂ ਨੂੰ ਸਿੱਖਿਅਤ ਕਰਨਾ ਹੈ। ਜੇਕਰ ਸਰਕਾਰ ਨੇ ਅਧਿਆਪਕਾਂ ਤੋਂ ਉਨ੍ਹਾਂ ਦੇ ਮੌਲਿਕ ਅਧਿਕਾਰ ਅਤੇ ਛੁੱਟੀਆਂ ਖੋਹਣ ਦਾ ਇਹ ਸਿਲਸਿਲਾ ਬੰਦ ਨਾ ਕੀਤਾ, ਤਾਂ ਆਉਣ ਵਾਲੇ ਦਿਨਾਂ ਵਿੱਚ ਅਧਿਆਪਕ ਜਥੇਬੰਦੀਆਂ ਵੱਲੋਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।















