ਵੱਡੀ ਖ਼ਬਰ: ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦਿਪਕੇ ‘ਤੇ ਔਰਤ ਨੇ ਸਿਆਹੀ ਸੁੱਟ ਕੇ ਕੀਤਾ ਹਮਲਾ, ਲਗਾਏ ‘ਜੈ ਸ੍ਰੀ ਰਾਮ’ ਦੇ ਨਾਅਰੇ
ਨਵੀਂ ਦਿੱਲੀ, 18 ਜੁਲਾਈ 2026- NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ‘ਤੇ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਅੱਜ ਉਸ ਵੇਲੇ ਹਿੰਸਕ ਰੂਪ ਧਾਰਨ ਕਰ ਗਿਆ, ਜਦੋਂ ‘ਕਾਕਰੋਚ ਜਨਤਾ ਪਾਰਟੀ’ (CJP) ਦੇ ਸੰਸਥਾਪਕ ਅਭਿਜੀਤ ਦਿਪਕੇ ‘ਤੇ ਜਨਤਕ ਤੌਰ ‘ਤੇ ਹਮਲਾ ਹੋਇਆ। ਮਿਲੀ ਜਾਣਕਾਰੀ ਮੁਤਾਬਿਕ, ਇੱਕ ਮਹਿਲਾ ਭੀੜ ਨੂੰ ਚੀਰਦੀ ਹੋਈ ਮੰਚ ਤੱਕ ਪਹੁੰਚੀ ਅਤੇ ਉਸ ਨੇ ਅਭਿਜੀਤ ਦੇ ਮੂੰਹ ਅਤੇ ਕੱਪੜਿਆਂ ‘ਤੇ ਕਾਲੀ ਸਿਆਹੀ ਸੁੱਟ ਦਿੱਤੀ।
ਸਿਆਹੀ ਸੁੱਟਣ ਤੋਂ ਬਾਅਦ ਔਰਤ ਨੇ ਉੱਥੇ ‘ਜੈ ਸ੍ਰੀ ਰਾਮ’ ਦੇ ਨਾਅਰੇ ਵੀ ਲਗਾਏ। ਮੌਕੇ ‘ਤੇ ਮੌਜੂਦ ਅਭਿਜੀਤ ਦੇ ਸਮਰਥਕਾਂ ਨੇ ਤੁਰੰਤ ਉਸ ਮਹਿਲਾ ਨੂੰ ਦਬੋਚ ਲਿਆ ਅਤੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਘਟਨਾ ਤੋਂ ਬਾਅਦ ਜੰਤਰ-ਮੰਤਰ ‘ਤੇ ਜ਼ਬਰਦਸਤ ਹੰਗਾਮਾ ਅਤੇ ਤਣਾਅ ਵਾਲਾ ਮਾਹੌਲ ਬਣ ਗਿਆ।
VIDEO | Delhi: A woman throws ink at Cockroach Janata Party (CJP) founder Abhijeet Dipke at Jantar Mantar leading to chaos at the protest site. More details are awaited.#JantarMantar #Delhi #CJP
(Full video available on PTI Videos – https://t.co/n147TvrpG7) pic.twitter.com/VF5sG18fC2
— Press Trust of India (@PTI_News) July 18, 2026
ਅਭਿਜੀਤ ਦੀਪਕੇ ਨੇ ਮੋਰਚਾ ਸਾਂਭਦਿਆਂ ਖੁਦ ਭੁੱਖ ਹੜਤਾਲ ‘ਤੇ ਬੈਠਣ ਦਾ ਵੱਡਾ ਐਲਾਨ ਕਰ ਦਿੱਤਾ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, “ਮੈਂ ਹੁਣੇ ਤੋਂ ਹੀ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕਰ ਰਿਹਾ ਹਾਂ।” ਵਾਂਗਚੁਕ ‘ਤੇ ਹੋਈ ਕਾਰਵਾਈ ਅਤੇ ਦੀਪਕੇ ‘ਤੇ ਹੋਏ ਸਿਆਹੀ ਹਮਲੇ ਤੋਂ ਬਾਅਦ ਜੰਤਰ-ਮੰਤਰ ‘ਤੇ ਸੁਰੱਖਿਆ ਪ੍ਰਬੰਧ ਬੇਹੱਦ ਸਖ਼ਤ ਕਰ ਦਿੱਤੇ ਗਏ ਹਨ ਅਤੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਭਖ ਗਿਆ ਹੈ।
ਇਸ ਤੋਂ ਪਹਿਲਾਂ, NEET ਮੁੱਦੇ ‘ਤੇ 28 ਜੂਨ ਤੋਂ ਅਨਿਸ਼ਚਿਤਕਾਲੀ ਭੁੱਖ ਹੜਤਾਲ ‘ਤੇ ਬੈਠੇ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਐਕਟਿਵਿਸਟ ਸੋਨਮ ਵਾਂਗਚੁਕ ‘ਤੇ ਵੀ ਹਮਲੇ ਦੀ ਕੋਸ਼ਿਸ਼ ਕੀਤੀ ਗਈ ਸੀ। 20 ਦਿਨਾਂ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ ‘ਤੇ ਬੈਠੇ ਵਾਂਗਚੁਕ ਦੀ ਸਿਹਤ ਲਗਾਤਾਰ ਵਿਗੜ ਰਹੀ ਸੀ ਅਤੇ ਉਨ੍ਹਾਂ ਦਾ ਵਜ਼ਨ ਕਾਫ਼ੀ ਘਟ ਗਿਆ ਸੀ।
ਡਾਕਟਰਾਂ ਵੱਲੋਂ ਅੰਗ ਫੇਲ੍ਹ ਹੋਣ ਦੇ ਖ਼ਦਸ਼ੇ ਅਤੇ ਦਿੱਲੀ ਹਾਈ ਕੋਰਟ ਵੱਲੋਂ ਵਾਂਗਚੁਕ ਦੀ ਜਾਨ ਬਚਾਉਣ ਲਈ ‘ਹਰ ਸੰਭਵ ਕਦਮ’ ਚੁੱਕਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ, ਪੁਲਿਸ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਹਸਪਤਾਲ ਲੈ ਗਈ।
ਸੋਨਮ ਵਾਂਗਚੁਕ ਨੂੰ ਹਟਾਏ ਜਾਣ ਤੋਂ ਤੁਰੰਤ ਬਾਅਦ ਅਭਿਜੀਤ ਦਿਪਕੇ ਨੇ ਟਵਿੱਟਰ (X) ‘ਤੇ ਅਨਿਸ਼ਚਿਤਕਾਲੀ ਭੁੱਖ ਹੜਤਾਲ ਦਾ ਐਲਾਨ ਕਰ ਦਿੱਤਾ ਸੀ, ਜਿਸ ਦੌਰਾਨ ਉਨ੍ਹਾਂ ‘ਤੇ ਇਹ ਹਮਲਾ ਹੋਇਆ। ਕਾਕਰੋਚ ਜਨਤਾ ਪਾਰਟੀ ਨੇ ਸਿੱਧਾ ਦੋਸ਼ ਲਗਾਇਆ ਹੈ ਕਿ ਭਾਰਤੀ ਜਨਤਾ ਪਾਰਟੀ (BJP) ਨੇ ਇਹ ਹਮਲਾ ਕਰਵਾਉਣ ਲਈ ਗੁੰਡੇ ਭੇਜੇ ਸਨ।
ਪਾਰਟੀ ਆਗੂਆਂ ਨੇ ਕਿਹਾ ਕਿ ਦੇਸ਼ ਦੀ ਸੱਤਾਧਾਰੀ ਧਿਰ ਪੇਪਰ ਲੀਕ ਮਾਮਲੇ ਵਿੱਚ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਉਨ੍ਹਾਂ ਦੇ ਸ਼ਾਂਤਮਈ ਪ੍ਰਦਰਸ਼ਨ ਨੂੰ ਦਬਾਉਣਾ ਚਾਹੁੰਦੀ ਹੈ। ਪ੍ਰਦਰਸ਼ਨਕਾਰੀ ਲਗਾਤਾਰ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰ ਰਹੇ ਹਨ ਅਤੇ ਦੇਸ਼ ਦੇ ਲੱਖਾਂ ਪੀੜਤ ਵਿਦਿਆਰਥੀਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਦੇਸ਼ ਦੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਸੀ.ਜੇ.ਪੀ. ਵੱਲੋਂ ਪਿਛਲੇ ਕਈ ਦਿਨਾਂ ਤੋਂ ਜੰਤਰ-ਮੰਤਰ ‘ਤੇ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
















