Join WhatsApp

Join Now

HP Rain Alert: ਭਾਰੀ ਮੀਂਹ ਕਾਰਨ 130 ਸੜਕਾਂ ਠੱਪ, 5 ਅਗਸਤ ਤੱਕ ‘ਯੈਲੋ ਅਲਰਟ’ ਜਾਰੀ

On: ਜੁਲਾਈ 30, 2026 8:51 ਬਾਃ ਦੁਃ

 

HP Rain Alert: ਭਾਰੀ ਮੀਂਹ ਕਾਰਨ 130 ਸੜਕਾਂ ਠੱਪ, 5 ਅਗਸਤ ਤੱਕ ‘ਯੈਲੋ ਅਲਰਟ’ ਜਾਰੀ

ਹਿਮਾਚਲ ਪ੍ਰਦੇਸ਼ ‘ਚ ਮੌਸਮ ਦਾ ਵਿਗਾੜ: ਮੰਡੀ ਅਤੇ ਕੁੱਲੂ ਸਮੇਤ ਕਈ ਜ਼ਿਲ੍ਹਿਆਂ ‘ਚ ਆਵਾਜਾਈ ਠੱਪ, ਪਾਣੀ ਤੇ ਬਿਜਲੀ ਸਪਲਾਈ ਪ੍ਰਭਾਵਿਤ

ਸ਼ਿਮਲਾ/ ਚੰਡੀਗੜ੍ਹ, 30 ਜੁਲਾਈ 2026-

ਪਹਾੜੀ ਰਾਜ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਲੈਂਡਸਲਾਈਡ ਕਾਰਨ ਆਮ ਜਨ-ਜੀਵਨ ਬੁਰ੍ਹੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਨੁਕਸਾਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ (State Emergency Operation Centre) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ, ਰਾਜ ਵਿੱਚ ਭਾਰੀ ਬਾਰਿਸ਼ ਕਾਰਨ ਨੁਕਸਾਨੀਆਂ ਗਈਆਂ ਕੁੱਲ 130 ਸੜਕਾਂ ਅਜੇ ਵੀ ਆਵਾਜਾਈ ਲਈ ਮੁਕੰਮਲ ਤੌਰ ‘ਤੇ ਬੰਦ ਪਈਆਂ ਹਨ, ਜਿਸ ਨਾਲ ਸਥਾਨਕ ਲੋਕਾਂ ਦੇ ਨਾਲ-ਨਾਲ ਪਹੁੰਚਣ ਵਾਲੇ ਸੈਲਾਨੀਆਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸਟੇਟ ਐਮਰਜੈਂਸੀ ਅਪਰੇਸ਼ਨ ਸੈਂਟਰ ਦੀ ਰਿਪੋਰਟ ਮੁਤਾਬਕ, ਸੜਕਾਂ ਦੇ ਨੁਕਸਾਨ ਦੇ ਮਾਮਲੇ ਵਿੱਚ ਮੰਡੀ ਅਤੇ ਕੁੱਲੂ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਬੰਦ ਪਈਆਂ 130 ਸੜਕਾਂ ਵਿੱਚੋਂ, ਮੰਡੀ: 48 ਸੜਕਾਂ, ਕੁੱਲੂ: 47 ਸੜਕਾਂ, ਸਿਰਮੌਰ: 9 ਸੜਕਾਂ, ਚੰਬਾ: 9 ਸੜਕਾਂ, ਕਾਂਗੜਾ: 8 ਸੜਕਾਂ, ਸ਼ਿਮਲਾ: 7 ਸੜਕਾਂ, ਊਨਾ: 2 ਸੜਕਾਂ….।  ਸੜਕੀ ਆਵਾਜਾਈ ਠੱਪ ਹੋਣ ਕਾਰਨ ਕਈ ਇਲਾਕਿਆਂ ਦਾ ਸੰਪਰਕ ਬਾਕੀ ਦੁਨੀਆ ਨਾਲੋਂ ਕੱਟਿਆ ਗਿਆ ਹੈ। ਪ੍ਰਸ਼ਾਸਨ ਵਲੋਂ ਸੜਕਾਂ ਨੂੰ ਦੁਬਾਰਾ ਖੋਲ੍ਹਣ ਲਈ ਜੇਸੀਬੀ ਅਤੇ ਹੋਰ ਮਸ਼ੀਨਰੀ ਦੀ ਮਦਦ ਲਈ ਜਾ ਰਹੀ ਹੈ, ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਰਾਹਤ ਕਾਰਜਾਂ ਵਿੱਚ ਵਿਘਨ ਪੈ ਰਿਹਾ ਹੈ।

ਮੀਂਹ ਦਾ ਅਸਰ ਸਿਰਫ਼ ਆਵਾਜਾਈ ਤੱਕ ਹੀ ਸੀਮਤ ਨਹੀਂ ਹੈ, ਸਗੋਂ ਬਿਜਲੀ ਅਤੇ ਪਾਣੀ ਦੀਆਂ ਜ਼ਰੂਰੀ ਸੇਵਾਵਾਂ ਵੀ ਬੁਰ੍ਹੀ ਤਰ੍ਹਾਂ ਠੱਪ ਹੋ ਗਈਆਂ ਹਨ। ਰਿਪੋਰਟ ਅਨੁਸਾਰ, ਸੂਬੇ ਵਿੱਚ 10 ਟ੍ਰਾਂਸਫਾਰਮਰ ਖਰਾਬ ਹੋਣ ਕਾਰਨ ਕਈ ਖੇਤਰਾਂ ਵਿੱਚ ਹਨ੍ਹੇਰਾ ਛਾਇਆ ਹੋਇਆ ਹੈ। ਇਸ ਤੋਂ ਇਲਾਵਾ, ਪਾਣੀ ਦੇ ਕੁਦਰਤੀ ਸਰੋਤਾਂ ਵਿੱਚ ਸਿਲਟ ਭਰਨ ਅਤੇ ਪਾਈਪਲਾਈਨਾਂ ਨੁਕਸਾਨੇ ਜਾਣ ਕਾਰਨ 19 ਪੀਣ ਵਾਲੇ ਪਾਣੀ ਦੀਆਂ ਸਪਲਾਈ ਸਕੀਮਾਂ ਪ੍ਰਭਾਵਿਤ ਚੱਲ ਰਹੀਆਂ ਹਨ। ਪ੍ਰਸ਼ਾਸਨ ਨੁਕਸਾਨੀਆਂ ਲਾਈਨਾਂ ਅਤੇ ਟ੍ਰਾਂਸਫਾਰਮਰਾਂ ਨੂੰ ਜਲਦ ਤੋਂ ਜਲਦ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਮੌਸਮ ਵਿਗਿਆਨ ਕੇਂਦਰ (IMD) ਸ਼ਿਮਲਾ ਅਨੁਸਾਰ, ਹਿਮਾਚਲ ਪ੍ਰਦੇਸ਼ ਵਿੱਚ ਮੌਸਮ ਦਾ ਇਹੋ ਜਿਹਾ ਰੂਪ ਅਜੇ ਕੁਝ ਦਿਨ ਹੋਰ ਬਣਿਆ ਰਹੇਗਾ। ਵਿਭਾਗ ਵੱਲੋਂ ਸੂਬੇ ਵਿੱਚ 5 ਅਗਸਤ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ, ਜਿਸ ਲਈ ਵੱਖ-ਵੱਖ ਜ਼ਿਲ੍ਹਿਆਂ ਵਿੱਚ ‘ਯੈਲੋ ਅਲਰਟ’ ਜਾਰੀ ਕੀਤਾ ਗਿਆ ਹੈ। 31 ਜੁਲਾਈ ਲਈ ਖਾਸ ਤੌਰ ‘ਤੇ ਕਾਂਗੜਾ, ਸੋਲਨ, ਬਿਲਾਸਪੁਰ ਅਤੇ ਸਿਰਮੌਰ ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸੂਬੇ ਦੇ ਬਾਕੀ ਹਿੱਸਿਆਂ ਵਿੱਚ ਵੀ ਹਲਕੇ ਤੋਂ ਮੱਧਮ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ।

ਨਦੀਆਂ-ਨਾਲਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਗਈ ਹੈ। ਮੀਂਹ ਦੇ ਬਾਵਜੂਦ ਸੂਬੇ ਦੇ ਤਾਪਮਾਨ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਮੰਡੀ ਵਿੱਚ 33.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਜਦੋਂ ਕਿ ਸਭ ਤੋਂ ਘੱਟ (ਘੱਟੋ-ਘੱਟ) ਤਾਪਮਾਨ ਚੰਬਾ ਦੇ ਭਰਮੌਰ ਵਿੱਚ 13 ਡਿਗਰੀ ਸੈਲਸੀਅਸ ਰਿਹਾ। ਪ੍ਰਸ਼ਾਸਨ ਨੇ ਸਥਾਨਕ ਨਿਵਾਸੀਆਂ ਅਤੇ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਮੌਸਮ ਦੀ ਜਾਣਕਾਰੀ ਲਏ ਬਿਨਾਂ ਅਨਾਵਸ਼ਕ ਯਾਤਰਾ ਕਰਨ ਤੋਂ ਗੁਰੇਜ਼ ਕਰਨ ਅਤੇ ਸੰਵੇਦਨਸ਼ੀਲ ਇਲਾਕਿਆਂ ਤੋਂ ਦੂਰ ਰਹਿਣ।

 

Leave a Comment