ਅਕਾਲੀ-ਭਾਜਪਾ (Akali-BJP) ਗਠਜੋੜ ਸਮੇਂ ਹੀ ਪੰਜਾਬ ‘ਚ ਆਇਆ ‘ਚਿੱਟਾ’: ਅਮਨ ਅਰੋੜਾ ਨੇ ਸਬੂਤਾਂ ਸਮੇਤ ਕੀਤੇ ਵੱਡੇ ਖ਼ੁਲਾਸੇ
ਪੰਜਾਬ ਨੈੱਟਵਰਕ
ਚੰਡੀਗੜ੍ਹ, 30 ਸਤੰਬਰ 2026- ਆਮ ਆਦਮੀ ਪਾਰਟੀ (AAP) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੰਡੀਗੜ੍ਹ ਵਿਖੇ ਇੱਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਾਰਤੀ ਜਨਤਾ ਪਾਰਟੀ (BJP) ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ‘ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਅਮਨ ਅਰੋੜਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਨਸ਼ਿਆਂ ਦਾ ਜਾਲ ਅਕਾਲੀ-ਭਾਜਪਾ (Akali-BJP) ਸਰਕਾਰ ਦੇ ਸਮੇਂ ਹੀ ਵਿਛਾਇਆ ਗਿਆ ਸੀ ਅਤੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਆ ਕੇ ਸਿਰਫ਼ ‘ਡਰਾਮੇਬਾਜ਼ੀ’ ਕਰ ਰਹੇ ਹਨ।
ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਮੁੱਖ ਤੌਰ ‘ਤੇ ਉਨ੍ਹਾਂ ਰਾਜਾਂ ਤੋਂ ਹੋ ਰਹੀ ਹੈ ਜਿੱਥੇ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹਨ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ, ਪਰ ਕੇਂਦਰ ਸਰਕਾਰ ਅਤੇ ਭਾਜਪਾ ਲੀਡਰਸ਼ਿਪ ਨੂੰ ਆਪਣੀ ਜਵਾਬਦੇਹੀ ਤੋਂ ਭੱਜਣਾ ਨਹੀਂ ਚਾਹੀਦਾ।
ਅਮਨ ਅਰੋੜਾ ਨੇ ਕਿਹਾ ਕਿ ਸਾਲ 2007 ਤੋਂ 2017 ਦੇ ਵਿਚਕਾਰ, ਜਦੋਂ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਦੀ ਗਠਜੋੜ ਸਰਕਾਰ ਚੱਲ ਰਹੀ ਸੀ, ਉਦੋਂ ਪਹਿਲੀ ਵਾਰ ਪੰਜਾਬ ਦੇ ਲੋਕਾਂ ਨੇ ‘ਚਿੱਟੇ’ ਅਤੇ ਸਿੰਥੈਟਿਕ ਨਸ਼ਿਆਂ ਦਾ ਨਾਮ ਸੁਣਿਆ। ਉਸ ਦੌਰ ਵਿੱਚ ਨਸ਼ਾ ਘਰ-ਘਰ ਤੱਕ ਪਹੁੰਚ ਗਿਆ। ਅਰੋੜਾ ਨੇ ਸਵਾਲ ਕੀਤਾ ਕਿ ਉਸ ਸਮੇਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਕਿੱਥੇ ਸੀ? ਜਿਸ ਅਕਾਲੀ ਦਲ ਦੇ ਸਹਾਰੇ ਭਾਜਪਾ ਸਰਕਾਰ ਵਿੱਚ ਸੀ, ਜੇਕਰ ਉਦੋਂ ਹੀ ਨਸ਼ਿਆਂ ਖਿਲਾਫ਼ ਆਵਾਜ਼ ਉਠਾਈ ਹੁੰਦੀ ਤਾਂ ਅੱਜ ਭਾਜਪਾ ਨੇਤਾਵਾਂ ਨੂੰ ਪੰਜਾਬ ਵਿੱਚ ਯਾਤਰਾਵਾਂ ਕਰਨ ਦੀ ਨੌਬਤ ਨਾ ਆਉਂਦੀ। ਉਨ੍ਹਾਂ ਪੁੱਛਿਆ ਕਿ ਉਸ ਸਮੇਂ ਵੱਡੇ ਨਸ਼ਾ ਤਸਕਰਾਂ ਨੂੰ ਖੁੱਲ੍ਹਾ ਕਿਉਂ ਛੱਡਿਆ ਗਿਆ ਅਤੇ ਉਨ੍ਹਾਂ ‘ਤੇ ਸ਼ਿਕੰਜਾ ਕਿਉਂ ਨਹੀਂ ਕੱਸਿਆ ਗਿਆ?
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਵਚਨਬੱਧਤਾ ਦੋਹਰਾਉਂਦਿਆਂ ਮੰਤਰੀ ਅਰੋੜਾ ਨੇ ਸਪੱਸ਼ਟ ਕੀਤਾ ਕਿ ਪੁਲਿਸ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਨੂੰ ਬਹੁਤ ਹੀ ਸਪੱਸ਼ਟ ਅਤੇ ਨਿਰਪੱਖ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਿਸ ਵੀ ਵਿਅਕਤੀ ਨੇ ਪੰਜਾਬ ਵਿੱਚ ਨਸ਼ੇ ਜਾਂ ਚਿੱਟੇ ਦੀ ਪੁਸ਼ਤਪਨਾਹੀ ਕੀਤੀ ਹੈ, ਚਾਹੇ ਉਹ ਕੋਈ ਕਿੰਨਾ ਵੀ ਵੱਡਾ ਜਾਂ ਛੋਟਾ ਆਹੁਦੇਦਾਰ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਦੱਸਿਆ ਕਿ ਜਾਂਚ ਨੂੰ ਪੂਰੀ ਇਮਾਨਦਾਰੀ ਅਤੇ ਸਿਰੇ ਤੱਕ ਪਹੁੰਚਾਇਆ ਜਾਵੇਗਾ ਤਾਂ ਜੋ ਅਸਲ ਗੁਨਾਹਗਾਰਾਂ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਇਆ ਜਾ ਸਕੇ।
ਪ੍ਰੈੱਸ ਕਾਨਫਰੰਸ ਦੌਰਾਨ ਜਦੋਂ ਵਿਰੋਧੀ ਧਿਰਾਂ ਦੇ ਦੋਸ਼ਾਂ ਅਤੇ ਸੁਰੱਖਿਆ ਨਾਲ ਜੁੜੇ ਹੋਰ ਮੁੱਦਿਆਂ ‘ਤੇ ਸਵਾਲ ਪੁੱਛੇ ਗਏ ਤਾਂ ਅਮਨ ਅਰੋੜਾ ਨੇ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਆਪਣੀ ਜਾਨ ਦਾ ਖ਼ਤਰਾ ਲੱਗਦਾ ਹੈ ਜਾਂ ਕੋਈ ਅਹਿਮ ਖ਼ੁਲਾਸੇ ਕਰਨੇ ਚਾਹੁੰਦਾ ਹੈ, ਤਾਂ ਉਹ ਆਮ ਪਬਲਿਕ ਪਲੇਟਫਾਰਮ ‘ਤੇ ਆ ਕੇ ਬੇਝਿਜਕ ਆਪਣੀ ਗੱਲ ਰੱਖੇ। ਪੰਜਾਬ ਸਰਕਾਰ ਸੁਰੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਅੰਤ ਵਿੱਚ ਕਿਹਾ ਕਿ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਖੁਦ ਨਸ਼ਿਆਂ ਅਤੇ ਸੂਬੇ ਦੇ ਗੰਭੀਰ ਮੁੱਦਿਆਂ ਨੂੰ ਬੜੀ ਗੰਭੀਰਤਾ ਨਾਲ ਵਾਚ ਰਹੇ ਹਨ।















