Join WhatsApp

Join Now

Gen-Z ਦੀ ਤਾਕਤ ਨੇ ਤੋੜਿਆ ਭਾਜਪਾ ਦਾ ਲੱਕ; BJP ਪ੍ਰਧਾਨ ਨਿਤਿਨ ਨਬੀਨ ਦੇ ਹਲਕੇ ‘ਚ 30 ਸਾਲਾਂ ਬਾਅਦ ਪ੍ਰਸ਼ਾਂਤ ਕਿਸ਼ੋਰ ਦੀ ਵੱਡੀ ਜਿੱਤ

On: ਅਗਸਤ 3, 2026 9:45 ਬਾਃ ਦੁਃ

 

Gen-Z ਦੀ ਤਾਕਤ ਨੇ ਤੋੜਿਆ ਭਾਜਪਾ ਦਾ ਲੱਕ; BJP ਪ੍ਰਧਾਨ ਨਿਤਿਨ ਨਬੀਨ ਦੇ ਹਲਕੇ ‘ਚ 30 ਸਾਲਾਂ ਬਾਅਦ ਪ੍ਰਸ਼ਾਂਤ ਕਿਸ਼ੋਰ ਦੀ ਵੱਡੀ ਜਿੱਤ

ਪਟਨਾ, 3 ਅਗਸਤ 2026- ਤਿੰਨ ਦਹਾਕਿਆਂ ਬਾਅਦ ਇੱਕ ਬਹੁਤ ਵੱਡਾ ਸਿਆਸੀ ਫੇਰਬਦਲ ਬਿਹਾਰ ਦੀ ਰਾਜਨੀਤੀ ਵਿੱਚ ਦੇਖਣ ਨੂੰ ਮਿਲਿਆ ਹੈ। ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਮਜ਼ਬੂਤ ਗੜ੍ਹ ਮੰਨੀ ਜਾਂਦੀ ਪਟਨਾ ਦੇ ਸ਼ਹਿਰੀ ਖੇਤਰ ਦੀ ਬਾਂਕੀਪੁਰ ਵਿਧਾਨ ਸਭਾ ਸੀਟ ‘ਤੇ ਹੋਈ ਜ਼ਿਮਨੀ ਚੋਣ ‘ਚ ਭਾਜਪਾ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਬਦਲਾਅ ਦੀ ਇਸ ਲਹਿਰ ਵਿੱਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਦੀ ਪੁਰਾਣੀ ਸੀਟ ਉਨ੍ਹਾਂ ਦੇ ਹੱਥੋਂ ਨਿਕਲ ਗਈ ਹੈ।

ਇਸ ਹਾਈ-ਪ੍ਰੋਫਾਈਲ ਸੀਟ ‘ਤੇ ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ‘ਜਨ ਸੁਰਾਜ’ ਨੇ ਇਤਿਹਾਸਕ ਜਿੱਤ ਦਰਜ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਜ਼ਿਮਨੀ ਚੋਣ ਵਿੱਚ ਕੁੱਲ 25 ਉਮੀਦਵਾਰ ਮੈਦਾਨ ਵਿੱਚ ਸਨ। ਪ੍ਰਸ਼ਾਂਤ ਕਿਸ਼ੋਰ ਦੀ ਪਾਰਟੀ ਨੂੰ 63,203 ਵੋਟਾਂ ਮਿਲੀਆਂ, ਜਦੋਂ ਕਿ ਦੂਜੇ ਨੰਬਰ ‘ਤੇ ਰਹੇ ਭਾਜਪਾ ਉਮੀਦਵਾਰ ਨੀਰਜ ਕੁਮਾਰ ਨੂੰ 44,250 ਵੋਟਾਂ ਨਾਲ ਸੰਤੁਸ਼ਟ ਹੋਣਾ ਪਿਆ। ਰਾਸ਼ਟਰੀ ਜਨਤਾ ਦਲ (RJD) ਦੀ ਉਮੀਦਵਾਰ ਰੇਖਾ ਕੁਮਾਰੀ 14,085 ਵੋਟਾਂ ਲੈ ਕੇ ਤੀਜੇ ਸਥਾਨ ‘ਤੇ ਰਹੀ।

ਬਾਂਕੀਪੁਰ ਸੀਟ ਭਾਜਪਾ ਦਾ ਉਹ ਕਿਲ੍ਹਾ ਸੀ ਜਿੱਥੋਂ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ ਲਗਾਤਾਰ ਵਿਧਾਇਕ ਚੁਣੇ ਜਾਂਦੇ ਰਹੇ ਹਨ। ਰਾਸ਼ਟਰੀ ਪ੍ਰਧਾਨ ਬਣਨ ਅਤੇ ਰਾਜ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਇਹ ਸੀਟ ਛੱਡ ਦਿੱਤੀ ਸੀ, ਜਿਸ ਕਾਰਨ ਇੱਥੇ ਜ਼ਿਮਨੀ ਚੋਣ ਕਰਵਾਈ ਗਈ।

2025 ‘ਚ ਨਿਤਿਨ ਨਵੀਨ (ਭਾਜਪਾ) ਨੂੰ 98,299 ਵੋਟਾਂ ਮਿਲੀਆਂ ਸਨ ਅਤੇ ਆਰ.ਜੇ.ਡੀ. ਦੀ ਰੇਖਾ ਕੁਮਾਰੀ ਨੂੰ 46,363 ਵੋਟਾਂ ਮਿਲੀਆਂ ਸਨ। ਉਸ ਸਮੇਂ ‘ਜਨ ਸੁਰਾਜ’ ਦੀ ਉਮੀਦਵਾਰ ਵੰਦਨਾ ਕੁਮਾਰੀ ਨੂੰ ਮਹਿਜ਼ 7,717 ਵੋਟਾਂ ਹੀ ਪਈਆਂ ਸਨ। ਤਾਜ਼ਾ ਜ਼ਿਮਨੀ ਚੋਣ ਨਤੀਜੇ ‘ਚ ਪ੍ਰਸ਼ਾਂਤ ਕਿਸ਼ੋਰ (ਜਨ ਸੁਰਾਜ) ਨੂੰ 63,203 ਵੋਟਾਂ, ਨੀਰਜ ਕੁਮਾਰ (ਭਾਜਪਾ) ਨੂੰ 44,250 ਵੋਟਾਂ, ਰੇਖਾ ਕੁਮਾਰੀ (ਆਰ.ਜੇ.ਡੀ.) ਨੂੰ 14,085 ਵੋਟਾਂ ਮਿਲੀਆਂ।


ਕੇਂਦਰ ਅਤੇ ਬਿਹਾਰ ਦੋਵਾਂ ਥਾਵਾਂ ‘ਤੇ ਭਾਜਪਾ ਦੀਆਂ ਸਰਕਾਰਾਂ ਹੋਣ ਦੇ ਬਾਵਜੂਦ ਰਾਸ਼ਟਰੀ ਪ੍ਰਧਾਨ ਆਪਣਾ ਹੀ ਗੜ੍ਹ ਨਹੀਂ ਬਚਾ ਸਕੇ। ਇਸ ਵੱਡੀ ਹਾਰ ਪਿੱਛੇ ਪ੍ਰਮੁੱਖ ਕਾਰਨ ਸਾਹਮਣੇ ਆਏ ਹਨ।

ਨੀਟ (NEET) ਵਿਦਿਆਰਥੀ ਅੰਦੋਲਨ ਦਾ ਅਸਰ: ਨੀਟ ਯੂ.ਜੀ. ਪੇਪਰ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਤੋਂ ਸ਼ੁਰੂ ਹੋਇਆ ਵਿਦਿਆਰਥੀਆਂ ਦਾ ਪ੍ਰਦਰਸ਼ਨ ਬਿਹਾਰ ਤੱਕ ਫੈਲ ਗਿਆ ਸੀ। ਦਿੱਲੀ ਅਤੇ ਬਿਹਾਰ ਵਿੱਚ ਪੁਲਿਸ ਵੱਲੋਂ ਵਿਦਿਆਰਥੀਆਂ ‘ਤੇ ਕੀਤੇ ਲਾਠੀਚਾਰਜ ਕਾਰਨ ਨੌਜਵਾਨਾਂ ਵਿੱਚ ਭਾਰੀ ਰੋਸ ਸੀ। ਹਾਲਾਂਕਿ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਸਤੀਫ਼ਾ ਵੀ ਦੇਣਾ ਪਿਆ, ਪਰ ਵਿਦਿਆਰਥੀਆਂ ਦਾ ਗੁੱਸਾ ਵੋਟਾਂ ‘ਚ ਬਦਲ ਗਿਆ।

ਭਰਤ ਤਿਵਾੜੀ ਐਨਕਾਊਂਟਰ ਦਾ ਵਿਰੋਧ: 17 ਜੂਨ 2026 ਨੂੰ ਬਿਹਾਰ ਦੇ ਭੋਜਪੁਰ ਜ਼ਿਲ੍ਹੇ ਵਿੱਚ ਹੋਏ ਭਰਤ ਭੂਸ਼ਨ (ਭਰਤ ਤਿਵਾੜੀ) ਦੇ ਕਥਿਤ ਐਨਕਾਊਂਟਰ ਦਾ ਚੋਣਾਂ ਵਿੱਚ ਕਾਫ਼ੀ ਅਸਰ ਦੇਖਣ ਨੂੰ ਮਿਲਿਆ। ਇਸ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਗੁੱਸਾ ਸੀ ਅਤੇ ਪੁਲਿਸ ਦੀ ਕਾਰਜਪ੍ਰਣਾਲੀ ‘ਤੇ ਗੰਭੀਰ ਸਵਾਲ ਖੜ੍ਹੇ ਹੋਏ ਸਨ।

ਭਾਜਪਾ ਦਾ ਓਵਰ-ਕੌਨਫੀਡੈਂਸ: ਭਾਜਪਾ ਨੇ ਇਸ ਸੀਟ ਨੂੰ ਬਹੁਤ ਹਲਕੇ ਵਿੱਚ ਲਿਆ। ਰਾਸ਼ਟਰੀ ਪ੍ਰਧਾਨ ਨਿਤਿਨ ਨਵੀਨ, ਮੁੱਖ ਮੰਤਰੀ ਸਮਰਾਟ ਚੌਧਰੀ, ਕੇਂਦਰੀ ਮੰਤਰੀ ਅਤੇ ਪੂਰੀ ਬਿਹਾਰ ਕੈਬਨਿਟ ਨੇ ਇੱਥੇ ਡੇਰੇ ਲਾਏ ਹੋਏ ਸਨ, ਪਰ ਉਹ ਜਨਤਾ ਦੇ ਮੂਡ ਨੂੰ ਸਮਝਣ ਵਿੱਚ ਨਾਕਾਮ ਰਹੇ।

ਵਿਰੋਧੀ ਧਿਰ ਦੀ ਨਿਸ਼ਕ੍ਰਿਅਤਾ: ਕਾਂਗਰਸ ਚੋਣ ਦੌੜ ਤੋਂ ਬਾਹਰ ਸੀ ਅਤੇ ਰਾਸ਼ਟਰੀ ਜਨਤਾ ਦਲ (RJD) ਨੇ ਵੀ ਇਸ ਚੋਣ ਨੂੰ ਗੰਭੀਰਤਾ ਨਾਲ ਨਹੀਂ ਲੜਿਆ। ਆਰ.ਜੇ.ਡੀ. ਆਗੂ ਚੋਣ ਪ੍ਰਚਾਰ ਦੇ ਆਖ਼ਰੀ ਦੋ ਦਿਨ ਹੀ ਸਾਹਮਣੇ ਆਏ, ਜਿਸ ਦਾ ਸਿੱਧਾ ਫ਼ਾਇਦਾ ਇਹ ਹੋਇਆ ਕਿ ਵਿਰੋਧੀ ਧਿਰ ਦੀਆਂ ਸਾਰੀਆਂ ਵੋਟਾਂ ਪ੍ਰਸ਼ਾਂਤ ਕਿਸ਼ੋਰ ਦੇ ਪੱਖ ‘ਚ ਟ੍ਰਾਂਸਫਰ ਹੋ ਗਈਆਂ।

ਜਾਤੀਵਾਦ ਦਾ ਫੈਕਟਰ ਫੇਲ੍ਹ: ਬਿਹਾਰ ਦੀ ਰਾਜਨੀਤੀ ਵਿੱਚ ਪਹਿਲੀ ਵਾਰ ਜਾਤੀ ਸਮੀਕਰਨ ਪੂਰੀ ਤਰ੍ਹਾਂ ਨਕਾਰੇ ਗਏ। ਲੋਕਾਂ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਵਿਕਾਸ ਅਤੇ ਬਦਲਾਅ ਲਈ ਪ੍ਰਸ਼ਾਂਤ ਕਿਸ਼ੋਰ ਨੂੰ ਵੋਟਾਂ ਪਾਈਆਂ।

ਉਮੀਦਵਾਰ ਦੀ ਚੋਣ ‘ਚ ਉਲਝਣ: ਭਾਜਪਾ ਸ਼ੁਰੂ ਤੋਂ ਹੀ ਆਪਣੇ ਉਮੀਦਵਾਰ ਨੂੰ ਲੈ ਕੇ ਦੁਵਿਧਾ ਵਿੱਚ ਰਹੀ। ਪਹਿਲਾਂ ਅਭਿਸ਼ੇਕ ਬੰਟੀ ਨੂੰ ਟਿਕਟ ਦਿੱਤੀ ਗਈ ਅਤੇ ਬਾਅਦ ਵਿੱਚ ਬਦਲ ਕੇ ਨੀਰਜ ਕੁਮਾਰ ਨੂੰ ਮੈਦਾਨ ਵਿੱਚ ਉਤਾਰਿਆ ਗਿਆ। ਪ੍ਰਸ਼ਾਂਤ ਕਿਸ਼ੋਰ ਲੋਕਾਂ ਨੂੰ ਇਹ ਸਮਝਾਉਣ ਵਿੱਚ ਸਫ਼ਲ ਰਹੇ ਕਿ ਭਾਜਪਾ ਕਿਸੇ ਨੂੰ ਵੀ ਟਿਕਟ ਦੇ ਕੇ ਨਹੀਂ ਜਿੱਤਾ ਸਕਦੀ।

ਪ੍ਰਸ਼ਾਂਤ ਕਿਸ਼ੋਰ ਦੀ ਜ਼ਮੀਨੀ ਮਿਹਨਤ: ਪ੍ਰਸ਼ਾਂਤ ਕਿਸ਼ੋਰ ਪਿਛਲੇ ਲੰਮੇ ਸਮੇਂ ਤੋਂ ਬਿਹਾਰ ਦੇ ਕੋਨੇ-ਕੋਨੇ ‘ਚ ਘੁੰਮ ਕੇ ਆਮ ਜਨਤਾ ਦੇ ਅਸਲ ਮੁੱਦੇ ਚੁੱਕ ਰਹੇ ਹਨ। ਉਨ੍ਹਾਂ ਵੱਲੋਂ ਚੁੱਕੇ ਗਏ ਮੁੱਦਿਆਂ ਅਤੇ ਕੀਤੀ ਗਈ ਸਖ਼ਤ ਮਿਹਨਤ ਨੇ ਜਨਤਾ ਨੂੰ ਆਪਣੇ ਨਾਲ ਜੋੜ ਲਿਆ।

 

Leave a Comment