ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਕਿਸੇ ਅੱਤਵਾਦੀ ਮਾਡਿਊਲ ਨਾਲ ਨਹੀਂ ਸੀ ਕੋਈ ਸਬੰਧ-ਪੰਜਾਬ ਪੁਲਿਸ ਨੇ ਖੋਲ੍ਹੀ ਭਾਜਪਾ ਦੀ ਪੋਲ, ਜਾਰੀ ਕੀਤਾ ਸਖ਼ਤ ਬਿਆਨ
ਕੁਝ ਸੋਸ਼ਲ ਮੀਡੀਆ ਹੈਂਡਲਾਂ ’ਤੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੁਆਰਾ ਦਿੱਤੇ ਬਿਆਨ ਨੂੰ ਤੋੜ-ਮਰੋੜ ਕੇ ਲੋਕਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼
ਵਿਰੋਧ ਪ੍ਰਦਰਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਵਿੱਚ ਸਨ ਗ੍ਰਿਫਤਾਰ ਕੀਤੇ ਵਿਅਕਤੀ, ਪਰ ਪ੍ਰਦਰਸ਼ਨ ਦਾ ਹਿੱਸਾ ਨਹੀਂ ਸਨ
ਗ੍ਰਿਫਤਾਰ ਕੀਤੇ ਵਿਅਕਤੀਆਂ ਨੂੰ ਜੰਤਰ-ਮੰਤਰ ਪ੍ਰਦਰਸ਼ਨ ਨਾਲ ਸਬੰਧਤ ਦਿਖਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼
ਚੰਡੀਗੜ੍ਹ/ਅੰਮ੍ਰਿਤਸਰ, 6 ਅਗਸਤ 2026-
ਕੁਝ ਸੋਸ਼ਲ ਮੀਡੀਆ ਹੈਂਡਲਾਂ ’ਤੇ URL https://www.instagram.com/bjp4india/reel/DbqvY3gAT_z ਅਤੇ ਹੋਰ ਅਜਿਹੇ ਯੂਆਰਐਲ ਅਪਲੋਡ ਕੀਤੇ ਹਨ, ਜਿਸ ਵਿੱਚ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਵੱਲੋਂ 4 ਅਗਸਤ, 2026 ਨੂੰ ਕੀਤੀ ਗਈ ਪ੍ਰੈਸ ਕਾਨਫਰੰਸ, ਜਿਸ ਰਾਹੀਂ ਪੰਜਾਬ ਪੁਲਿਸ ਦੁਆਰਾ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨ ਸਬੰਧੀ ਤੱਥਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ, ਦੇ ਕੁਝ ਹਿੱਸਿਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ ਤਾਂ ਕਿ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਹੋਏ ਪ੍ਰਦਰਸ਼ਨਾਂ ਨੂੰ ਪਾਕਿ ਆਈਐਸਆਈ ਸਮਰਥਿਤ ਅੱਤਵਾਦੀ ਮਾਡਿਊਲਾਂ ਨਾਲ ਜੋੜ ਕੇ ਦਿਖਾਇਆ ਜਾ ਸਕੇ।
ਪੰਜਾਬ ਪੁਲਿਸ ਦੇ ਬੁਲਾਰੇ ਨੇ ਇੱਥੇ ਦੱਸਿਆ ਕਿ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਦੀ 4 ਅਗਸਤ, 2026 ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਕਿਹਾ ਗਿਆ ਸੀ ਕਿ ਗ੍ਰਿਫਤਾਰ ਕੀਤੇ ਗਏ ਕੁਝ ਵਿਅਕਤੀਆਂ ਨੇ ਜੰਤਰ-ਮੰਤਰ ਵਿਖੇ ਜਾ ਕੇ ਰੇਕੀ ਕੀਤੀ ਅਤੇ ਪੈਟਰੋਲ ਬੰਬਾਂ ਨਾਲ ਪ੍ਰਦਰਸ਼ਨਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਕੋਈ ਵੀ ਅਜਿਹਾ ਬਿਆਨ ਨਹੀਂ ਦਿੱਤਾ ਗਿਆ ਸੀ ਜਿਸ ਤੋਂ ਪ੍ਰਤੀਤ ਹੋਵੇ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਨੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ ਜਾਂ ਜੰਤਰ-ਮੰਤਰ ਪ੍ਰਦਰਸ਼ਨਕਾਰੀਆਂ ਦਾ ਮਾਡਿਊਲ ਨਾਲ ਕੋਈ ਸਬੰਧ ਹੈ।
ਬੁਲਾਰੇ ਨੇ ਦੱਸਿਆ ਕਿ ਬਦਲੀ ਗਈ ਬੈਕਗ੍ਰਾਊਂਡ ਵਿਜ਼ੂਅਲ, ਵੀਡੀਓ ਦੀ ਚੋਣਵੇਂ ਢੰਗ ਨਾਲ ਕੀਤੀ ਅਡਿਟਿੰਗ ਅਤੇ ਨਾਲ ਦਿੱਤੇ ਕੈਪਸ਼ਨ/ਵਿਆਖਿਆ ਗਲਤ ਅਤੇ ਇਹ ਗੁਮਰਾਹਕੁੰਨ ਪ੍ਰਭਾਵ ਦਿੰਦੇ ਹਨ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਜੰਤਰ-ਮੰਤਰ ਵਿਰੋਧ ਪ੍ਰਦਰਸ਼ਨਾਂ ਨਾਲ ਸਬੰਧਤ ਸਨ। ਭਾਵੇਂ ,ਪ੍ਰੈਸ ਕਾਨਫਰੰਸ ਦੀ ਆਡੀਓ ਅਤੇ ਤੱਥਾਂ ਨੂੰ ਬਦਲਿਆ ਜਾਂ ਮੋਰਫ ਨਹੀਂ ਕੀਤਾ ਗਿਆ ਹੈ, ਪਰ https://www.instagram.com/bjp4india/reel/DbqvY3gAT_z ਅਤੇ ਹੋਰ ਯੂਆਰਐਲਜ਼ ’ਤੇ ਚੋਣਵੇਂ ਸੰਪਾਦਨ ਅਤੇ ਨਾਲ ਦਿੱਤੇ ਕੈਪਸ਼ਨ ਅਤੇ ਵੀਡੀਓ ਪ੍ਰੈਸ ਕਾਨਫਰੰਸ ਨੂੰ ਸਪੱਸ਼ਟ ਤੌਰ ’ਤੇ ਨਹੀਂ ਦਰਸਾਉਂਦੇ।
ਇਹ ਅਜਿਹੀ ਕੋਸ਼ਿਸ਼ ਲਗਦੇ ਹਨ ਕਿ 4 ਅਗਸਤ, 2026 ਨੂੰ ਹੋਈ ਪ੍ਰੈਸ ਕਾਨਫਰੰਸ ਵਿੱਚ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਵੱਲੋਂ ਦਿੱਤਾ ਗਿਆ ਬਿਆਨ ਲੋਕਾਂ ਤੱਕ ਗਲਤ ਤੇ ਗੁਮਰਾਹਕੁੰਨ ਢੰਗ ਨਾਲ ਪੇਸ਼ ਹੋਵੇ। ਬੁਲਾਰੇ ਨੇ ਅੱਗੇ ਕਿਹਾ ਕਿ ਇਸ ਮਾਮਲੇ ਵਿੱਚ ਸੂਚਨਾ ਤਕਨਾਲੋਜੀ ਐਕਟ ਦੇ ਉਪਬੰਧਾਂ ਅਨੁਸਾਰ ਢੁਕਵੀਂ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
















