ਪੰਜਾਬ ‘ਚ ਤੇਜ਼ ਰਫ਼ਤਾਰ ਕਾਰ ਨੇ ਕਾਂਵੜੀਆਂ ਨੂੰ ਦਰੜਿਆ, 3 ਸ਼ਰਧਾਲੂਆਂ ਦੀ ਮੌਕੇ ‘ਤੇ ਮੌਤ
ਕੋਟਕਪੂਰਾ ਪਰਤ ਰਹੇ ਕਾਂਵੜੀਆਂ ਨਾਲ ਵਾਪਰਿਆ ਵੱਡਾ ਭਾਣਾ: ਸਰਹਿੰਦ-ਮੰਡੀ ਗੋਬਿੰਦਗੜ੍ਹ ਹਾਈਵੇਅ ‘ਤੇ 3 ਸ਼ਰਧਾਲੂਆਂ ਦੀ ਜਾਨ ਗਈ
ਫ਼ਤਹਿਗੜ੍ਹ ਸਾਹਿਬ / ਫਰੀਦਕੋਟ, 9 ਅਗਸਤ 2026- ਪੰਜਾਬ ਦੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਤੋਂ ਇੱਕ ਬਹੁਤ ਹੀ ਦਰਦਨਾਕ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਸਰਹਿੰਦ ਅਤੇ ਮੰਡੀ ਗੋਬਿੰਦਗੜ੍ਹ ਵਿਚਕਾਰ ਰਾਸ਼ਟਰੀ ਰਾਜਮਾਰਗ ‘ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਤੇਜ਼ ਰਫ਼ਤਾਰ ਕਾਰ ਨੇ ਪੈਦਲ ਜਾ ਰਹੇ ਕਾਂਵੜੀਆਂ ਨੂੰ ਬੁਰੇ ਤਰੀਕੇ ਨਾਲ ਕੁਚਲ ਦਿੱਤਾ। ਇਸ ਹਾਦਸੇ ਵਿੱਚ ਤਿੰਨ ਕਾਂਵੜ ਸ਼ਰਧਾਲੂਆਂ ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਜਦੋਂ ਕਿ ਉਨ੍ਹਾਂ ਦਾ ਇੱਕ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। ਇਸ ਹਾਦਸੇ ਵਿੱਚ ਜ਼ਖ਼ਮੀ ਦੀ ਪਹਿਚਾਨ ਮੁਕੇਸ਼ ਕੁਮਾਰ ਵਜੋਂ ਹੋਈ ਹੈ, ਜਦੋਂਕਿ ਮ੍ਰਿਤਕਾਂ ਦੀ ਪਹਿਚਾਣ ਮਹਿੰਦਰਪਾਲ, ਦੀਪਕ ਅਤੇ ਜਗਦੀਸ਼ ਮਿੱਤਲ ਸਾਰੇ ਜ਼ਿਲ੍ਹਾ ਫਰੀਦਕੋਟ ਵਜੋਂ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਸਾਰੇ ਸ਼ਰਧਾਲੂ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਸਬੰਧ ਵਿੱਚ ਉੱਤਰਾਖੰਡ ਦੇ ਗੰਗੋਤਰੀ ਤੋਂ ਪਵਿੱਤਰ ਗੰਗਾ ਜਲ ਲੈ ਕੇ ਆ ਰਹੇ ਸਨ। ਉਹ ਪੈਦਲ ਯਾਤਰਾ ਕਰਦੇ ਹੋਏ ਆਪਣੇ ਗ੍ਰਹਿ ਨਗਰ ਕੋਟਕਪੂਰਾ (ਜ਼ਿਲ੍ਹਾ ਫਰੀਦਕੋਟ) ਵਾਪਸ ਪਰਤ ਰਹੇ ਸਨ। ਜਿਵੇਂ ਹੀ ਉਹ ਸਰਹਿੰਦ-ਮੰਡੀ ਗੋਬਿੰਦਗੜ੍ਹ ਹਾਈਵੇਅ ‘ਤੇ ਪਹੁੰਚੇ, ਤਾਂ ਪਿੱਛੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੀ ਲਪੇਟ ‘ਚ ਆਉਣ ਨਾਲ ਤਿੰਨ ਸ਼ਰਧਾਲੂਆਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।
ਘਟਨਾ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਰਾਹਤ ਕਾਰਜ ਸ਼ੁਰੂ ਕੀਤੇ। ਪੁਲਿਸ ਨੇ ਮੌਕੇ ‘ਤੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖ਼ਮੀ ਸ਼ਰਧਾਲੂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀਆਂ ਦੇਹਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰੀਚਰੀ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਨੇ ਹਾਦਸਾਗ੍ਰਸਤ ਵਾਹਨ ਨੂੰ ਕਬਜ਼ੇ ਵਿੱਚ ਲੈ ਕੇ ਕਾਰ ਚਾਲਕ ਵਿਰੁੱਧ ਬਣਦੀਆਂ ਕਾਨੂੰਨੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਜਾਂਚ ਆਰੰਭ ਦਿੱਤੀ ਹੈ।
ਇਸ ਮੰਦਭਾਗੀ ਘਟਨਾ ਦੀ ਖ਼ਬਰ ਜਿਵੇਂ ਹੀ ਫਰੀਦਕੋਟ ਅਤੇ ਕੋਟਕਪੂਰਾ ਇਲਾਕੇ ਵਿੱਚ ਫੈਲੀ, ਉੱਥੇ ਸ਼ੋਕ ਦੀ ਲਹਿਰ ਦੌੜ ਗਈ। ਜਿਹੜੇ ਘਰਾਂ ਵਿੱਚ ਧਾਰਮਿਕ ਉਤਸ਼ਾਹ ਅਤੇ ਸ਼ਿਵਰਾਤਰੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ, ਉੱਥੇ ਹੁਣ ਮਾਤਮ ਛਾ ਗਿਆ ਹੈ। ਸਥਾਨਕ ਲੋਕਾਂ ਅਤੇ ਧਾਰਮਿਕ ਸੰਸਥਾਵਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕਾਂਵੜ ਯਾਤਰਾ ਦੌਰਾਨ ਹਾਈਵੇਅ ‘ਤੇ ਸ਼ਰਧਾਲੂਆਂ ਦੀ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ ਕੀਤੇ ਜਾਣ ਅਤੇ ਦੋਸ਼ੀ ਕਾਰ ਚਾਲਕ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
















