ਪਾਸ਼-ਹੰਸ ਰਾਜ ਯਾਦਗਾਰ ‘ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਨਾਕਾਮ ਕਰਨ ਦਾ ਸੱਦਾ
ਮੁੱਖ ਮੰਤਰੀ ਤੋਂ ਵਫ਼ਦ ਨੇ ਮੰਗਿਆ ਸਮਾਂ, ਪਾਸ਼ ਹੰਸ ਰਾਜ ਕੰਪਲੈਕਸ ਤੇ ਹੀ 9 ਸਤੰਬਰ ਨੂੰ- ਜਨਮ ਦਿਹਾੜਾ ਸਮਾਗਮ ਕਰਨ ਦਾ ਐਲਾਨ
ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ, ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਨਕੋਦਰ ਅਤੇ ਅਵਤਾਰ ਸਿੰਘ ਪਾਸ਼ ਟ੍ਰਸਟ ਵੱਲੋਂ ਹੈਏਗਾ ਸਮਾਗਮ
ਜਲੰਧਰ, 9 ਅਗਸਤ 2026- ਪੰਜਾਬ ਦੀਆਂ ਲੋਕ ਜਥੇਬੰਦੀਆਂ, ਲੋਕ ਪੱਖੀ ਸਾਹਿਤਕਾਰਾਂ ਕਲਾਕਾਰਾਂ ਤੇ ਸਾਹਿਤਕ ਸੰਸਥਾਵਾਂ ਨੇ ਪਾਸ਼ ਯਾਦਗਾਰੀ ਕੰਪਲੈਕਸ ‘ਤੇ ਸਰਕਾਰੀ ਸ਼ਹਿ ਨਾਲ ਨਜਾਇਜ਼ ਕਬਜ਼ੇ ਦੀਆਂ ਕੋਸ਼ਿਸ਼ਾਂ ਦੀ ਜੋਰਦਾਰ ਨਿੰਦਾ ਕਰਦਿਆਂ ਇਹਨਾਂ ਹੋਛੇ ਯਤਨਾਂ ਨੂੰ ਨਾਕਾਮ ਕਰਨ ਦਾ ਸੱਦਾ ਦਿੱਤਾ ਹੈ। ਪਾਸ਼ ਦਾ ਜਨਮ ਦਿਹਾੜਾ ਉਸਦੇ ਜੱਦੀ ਪਿੰਡ ਤਲਵੰਡੀ ਸਲੇਮ ਵਿਖੇ 9 ਸਤੰਬਰ ਦਿਨੇ 11 ਵਜੇ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਸਮਾਗਮ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ, ਸ਼ਹੀਦੀ ਯਾਦਗਾਰ ਕਮੇਟੀ ਇਲਾਕਾ ਨਕੋਦਰ ਅਤੇ ਅਵਤਾਰ ਸਿੰਘ ਪਾਸ਼ ਯਾਦਗਾਰੀ ਟ੍ਰਸਟ ਵੱਲੋਂ ਸਾਂਝੇ ਉੱਦਮ ਨਾਲ਼ ਕੀਤਾ ਜਾਏਗਾ।
ਅੱਜ ਦੀ ਮੀਟਿੰਗ ਨੇ ਕਿਹਾ ਕਿ 9 ਸਤੰਬਰ ਸਮਾਗਮ ਦੀ ਤਿਆਰੀ ਲਈ ਚਲਾਈ ਜਾਣ ਵਾਲੀ ਮੁਹਿੰਮ ਰਾਹੀਂ ਪਾਸ਼ ਦੀ ਯਾਦ ਮੇਸਣ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ ਅਤੇ ਦਹਾਕਿਆਂ ਤੋਂ ਬਣੇ ਹੋਏ ਇਸ ਯਾਦਗਰੀ ਕੰਪਲੈਕਸ ਨੂੰ ਯਾਦਗਾਰ ਵਜੋਂ ਮਾਨਤਾ ਦੇਣ ਦੀ ਮੰਗ ਲਈ ਆਵਾਜ਼ ਪੰਜਾਬ ਸਰਕਾਰ ਤੱਕ ਪਹੁੰਚਾਈ ਜਾਵੇਗੀ।
ਅੱਜ ਇਥੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਅਤੇ ਸਹੀਦੀ ਯਾਦਗਾਰ ਕਮੇਟੀ ਇਲਾਕਾ ਨਕੋਦਰ ਵੱਲੋਂ ਬੁਲਾਈ ਮੀਟਿੰਗ ‘ਚ ਪ੍ਰਗਤੀਸ਼ੀਲ ਲੇਖਕ ਸੰਘ, ਪਲਸ ਮੰਚ, ਤਰਕਸ਼ੀਲ ਸੁਸਾਇਟੀ ਪੰਜਾਬ, ਜਮਹੂਰੀ ਅਧਿਕਾਰ ਸਭਾ ਪੰਜਾਬ, ਅਵਤਾਰ ਸਿੰਘ ਪਾਸ਼ ਮੈਮੋਰੀਅਲ ਟ੍ਰਸਟ,ਦੇਸ਼ ਭਗਤ ਯਾਦਗਾਰ ਕਮੇਟੀ, ਪੰਜਾਬ ਦੇ ਮੰਨੇ ਪ੍ਰਮੰਨੇ ਬੁੱਧੀਜੀਵੀਆਂ ਅਤੇ ਜਮਹੂਰੀ ਸ਼ਖ਼ਸੀਅਤਾਂ ਸਮੇਤ ਕਿਰਤੀ ਕਿਸਾਨ ਸਮੂਹ ਮਿਹਨਤਕਸ਼ ਤਬਕਿਆਂ ਦੀਆਂ ਜੱਥੇਬੰਦੀਆਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਪਿੰਡ ਤਲਵੰਡੀ ਸਲੇਮ ‘ਚੋਂ ਆਏ ਵੱਡੀ ਗਿਣਤੀ ਲੋਕਾਂ ਦੀ ਸਾਂਝੀ ਮੀਟਿੰਗ, ਪ੍ਰਸਿੱਧ ਬੁੱਧੀਜੀਵੀ ਡਾਕਟਰ ਸਵਰਾਜਬੀਰ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਮੈਂਬਰ ਡਾਕਟਰ ਪਰਮਿੰਦਰ ਸਿੰਘ, ਪਾਸ਼ ਹੰਸਰਾਜ ਸ਼ਹੀਦੀ ਯਾਦਗਾਰ ਕਮੇਟੀ ਦੇ ਕਨਵੀਨਰ ਮੋਹਨ ਸਿੰਘ ਬੱਲ ਅਤੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ।
ਯਾਦ ਰਹੇ ਕਿ ਚੋਟੀ ਦੇ ਇਨਕਲਾਬੀ ਕਵੀ ਅਵਤਾਰ ਪਾਸ਼ ਅਤੇ ਉਸਦੇ ਦੋਸਤ ਹੰਸਰਾਜ ਦੀ 23 ਮਾਰਚ 1988 ਨੂੰ ਦਹਿਸ਼ਤਗਰਦਾਂ ਵਲੋਂ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਵੇਲੇ ਤੋਂ ਹੀ ਪਿੰਡ ਅੰਦਰ ਇਨਕਲਾਬੀ ਜਥੇਬੰਦੀਆਂ ਵੱਲੋਂ ਹਰ ਸਾਲ ਸ਼ਹੀਦੀ ਕਾਨਫਰੰਸ ਕੀਤੀ ਜਾਂਦੀ ਹੈ । ਪਿੰਡ ਅੰਦਰ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਵਲੋਂ ਪਾਸ਼ ਹੰਸ ਰਾਜ ਯਾਦਗਾਰੀ ਕੰਪਲੈਕਸ ਉਸਾਰਿਆ ਗਿਆ ਹੈ, ਜਿਥੇ ਹਰ ਸਾਲ ਸ਼ਹੀਦੀ ਸਮਾਗਮ ਕਰਵਾਇਆ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਿੰਡ ਦੇ ਮੌਜੂਦਾ ਸਰਪੰਚ ਨੇ ਯਾਦਗਾਰ ਦੇ ਤਾਲੇ ਤੋੜ ਕੇ ਅੰਦਰ ਝੂਲੇ ਅਤੇ ਪੀਂਘਾਂ ਝੂਟਣ ਲਈ ਪਾਈਪਾਂ ਗੱਡ ਕੇ, ਯਾਦਗਾਰ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸਥਾਨਕ ਜਥੇਬੰਦੀਆਂ ਵੱਲੋਂ ਸਰਪੰਚ ਦੇ ਇਸ ਕਦਮ ਦੀ ਲਿਖਤੀ ਸੂਚਨਾ ਐਸ ਡੀ ਐਮ ਨਕੋਦਰ ਸਿਮਰਨਜੀਤ ਸਿੰਘ ਨੂੰ ਵਫ਼ਦ ਨੇ ਮਿਲਕੇ ਦਿੱਤੀ ਪਰ ਪ੍ਰਸ਼ਾਸਨ ਵੱਲੋਂ ਇਸ ‘ਤੇ ਕੋਈ ਤਸੱਲੀਬਖ਼ਸ਼ ਕਾਰਵਾਈ ਨਹੀਂ ਕੀਤੀ। ਅੱਜ ਦੀ ਮੀਟਿੰਗ ਨੇ ਇਸਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਅਸਲ ਵਿਚ ਸਰਪੰਚ ਨੂੰ ਆਮ ਆਦਮੀ ਪਾਰਟੀ ਦਾ ਥਾਪੜਾ ਹੈ।
ਮੀਟਿੰਗ ਵਿੱਚ ਇਹ ਫੈਸਲਾ ਵੀ ਕੀਤਾ ਗਿਆ ਕਿ ਨਕੋਦਰ ਇਲਾਕੇ ਅਤੇ ਪੰਜਾਬ ਭਰ ‘ਚ ਲੇਖਕਾਂ, ਬੁੱਧੀਜੀਵੀਆਂ ਵਲੋਂ ਆਪਣੇ ਮੰਚਾਂ ਤੋਂ ਪ੍ਰਚਾਰ ਮੁਹਿੰਮ ਚਲਾਈ ਜਾਵੇਗੀ। ਅੱਜ ਦੀ ਮੀਟਿੰਗ ਨੇ ਸਰਵਸੰਮਤੀ ਨਾਲ ਹੱਥ ਖੜ੍ਹੇ ਕਰ ਕੇ ਜੋ ਫੈਸਲਾ ਕੀਤਾ ਉਸਦਾ ਪ੍ਰਧਾਨਗੀ ਮੰਡਲ ਦੀ ਤਰਫੋਂ ਐਲਾਨ ਕਰਦਿਆਂ ਡਾ.ਸਵਰਾਜਬੀਰ ਨੇ ਕਿਹਾ ਕਿ, 9 ਸਤੰਬਰ ਨੂੰ ਤਲਵੰਡੀ ਸਲੇਮ ਵਿਖੇ ਅਵਤਾਰ ਪਾਸ਼ ਦਾ ਜਨਮ ਦਿਹਾੜਾ ਸਮਾਗਮ ਲਾ-ਮਿਸਾਲ ਇਕੱਠ ਕਰਕੇ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਅਰਸੇ ਦੌਰਾਨ ਲੇਖਕਾਂ,ਬੁੱਧੀਜੀਵੀਆਂ, ਸਾਹਿਤਕ ਸੰਸਥਾਵਾਂ ਅਤੇ ਆਵਾਮੀ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਕੋਲ਼ੋਂ ਸਮਾਂ ਲੈਕੇ ਵਫਦ ਮਿਲੇਗਾ।
ਉਹਨਾਂ ਕਿਹਾ ਕਿ ਪੰਜਾਬ ਦੀਆਂ ਸਮੂਹ ਲੋਕ ਪੱਖੀ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਸਰਗਰਮੀਆਂ ਵਿਚ ਯਾਦਗਾਰੀ ਕੰਪਲੈਕਸ ਦੇ ਮੁੱਦੇ ਨੂੰ ਸ਼ਾਮਲ ਕਰਨ। ਇਹਨਾਂ ਫੈਸਲਿਆਂ ਦੀ ਪਾਸ਼ ਯਾਦਗਾਰ ਕੌਮਾਂਤਰੀ ਟ੍ਰਸਟ ਦੇ ਕਨਵੀਨਰ ਸੁਰਿੰਦਰ ਧੰਜਲ (ਡਾ.) ਨੇ ਮੀਟਿੰਗ ਵਿੱਚ ਸੁਨੇਹਾ ਭੇਜ ਕੇ ਪ੍ਰੋੜਤਾ ਕੀਤੀ।
ਅੱਜ ਦੀ ਮੀਟਿੰਗ ‘ਚ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ)ਦੇ ਸੂਬਾ ਪ੍ਰਧਾਨ ਅਮੋਲਕ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸੋਰ , ਭਾਰਤੀ ਕਿਸਾਨ ਯੂਨੀਅਨ( ਏਕਤਾ ਉਗਰਾਹਾਂ) ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਰੂਪ ਛੰਨਾ , ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ (ਮਨਜੀਤ ਧਨੇਰ) ਦੇ ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਰੇਲ ਕੋਚ ਫੈਕਟਰੀ ਕਪੂਰਥਲਾ ਅੰਦਰ ਕੰਮ ਕਰਦੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਆਗੂ ਅਮਰੀਕ ਸਿੰਘ, ਰੰਗਕਰਮੀ ਰਿੰਪਲ ਪ੍ਰੀਤ ਕੌਰ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੇ ਮੈਂਬਰ ਜਾਗੀਰ ਜੋਸਨ, ਅਵਤਾਰ ਸਿੰਘ ਪਾਸ਼ ਮੈਮੋਰੀਅਲ ਟ੍ਰਸਟ ਦੇ ਪਾਵੇਲ ਕੁੱਸਾ, ਜਮਹੂਰੀ ਲਹਿਰ ਦੇ ਆਗੂ ਬੂਟਾ ਸਿੰਘ ਮਹਿਮੂਦਪੁਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਸੁਖਵਿੰਦਰ ਬਾਗਪੁਰ, ਜੋਗਿੰਦਰ ਕੁੱਲੇਵਾਲ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਡਾਕਟਰ ਮੰਗਤ ਰਾਏ, ਜਸਵਿੰਦਰ ਭੋਗਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਟ੍ਰਸਟੀ ਸੁਰਿੰਦਰ ਕੁਮਾਰੀ ਕੋਛੜ, ਰਣਜੀਤ ਸਿੰਘ ਔਲਖ,ਐਡਵੋਕੇਟ ਸੁਰਿੰਦਰ ਖੀਵਾ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਪ੍ਰਗਤੀਸ਼ੀਲ ਲੇਖਕ ਸੰਘ ਦੇ ਆਗੂ ਕਵੀ ਸੁਰਜੀਤ ਜੱਜ, ਕਵੀ ਫਤਿਹਜੀਤ ਦੀ ਧੀ ਕਵਿੱਤਰੀ ਬਲਜੀਤ ਕੌਰ ਬੱਲ, ਪੰਜਾਬ ਖੇਤ ਮਜ਼ਦੂਰ ਸਭਾ ਦੇ ਗਿਆਨ ਸੈਦਪੁਰੀ, ਤਲਵੰਡੀ ਸਲੇਮ ਦੇ ਸਾਬਕਾ ਸਰਪੰਚ ਮਨਜਿੰਦਰ ਸਿੰਘ, ਪਾਸ਼ ਦੇ ਚਚੇਰੇ ਭਰਾ ਸੁਖਵਿੰਦਰ ਸਿੰਘ ਸੁੱਚਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਤਲਵੰਡੀ ਸਲੇਮ ਦੇ ਮਜ਼ਦੂਰ ਹਾਜ਼ਰ ਸਨ।
















