ਭਗਵੰਤ ਮਾਨ ਸਰਕਾਰ ਨੂੰ ਲਲਕਾਰਿਆ! ਮੀਟਿੰਗਾਂ ਨਹੀਂ, ਹੁਣ ਫੈਸਲੇ ਚਾਹੀਦੇ; ਸਾਂਝੇ ਕਿਸਾਨ-ਮਜ਼ਦੂਰ ਅੰਦੋਲਨ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦਾ ਮਿਲਿਆ ਭਰਵਾਂ ਸਮਰਥਨ
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਆਂਗਨਵਾੜੀ ਵਰਕਰਾਂ-ਹੈਲਪਰਾਂ ਨੇ ਵੱਡੀ ਗਿਣਤੀ ਵਿੱਚ ਕੀਤੀ ਸ਼ਮੂਲੀਅਤ
ਸ਼ਹੀਦ ਭਗਤ ਸਿੰਘ ਨਗਰ, 10 ਅਗਸਤ 2026: ਦੇਸ਼ ਭਰ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਵਰਗਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ 10 ਅਗਸਤ ਨੂੰ ਕੀਤੇ ਗਏ ਸਾਂਝੇ ਅੰਦੋਲਨ ਨੂੰ ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (CITU), ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਭਰਵਾਂ ਸਮਰਥਨ ਦਿੱਤਾ ਗਿਆ। ਜ਼ਿਲ੍ਹਾ ਹੈੱਡਕੁਆਰਟਰ ’ਤੇ ਹੋਏ ਰੋਸ ਪ੍ਰਦਰਸ਼ਨ ਵਿੱਚ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਮਿਹਨਤਕਸ਼ ਵਰਗਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਜਿਲ੍ਹਾ ਜਨਰਲ ਸਕੱਤਰ ਲਖਵਿੰਦਰ ਕੌਰ ਦੀ ਅਗਵਾਈ ਵਿੱਚ ਹੋਇਆ ,ਜ਼ਿਲ੍ਹਾ ਕੈਸ਼ੀਅਰ ਜਸਬੀਰ ਕੌਰ ਯੂਨੀਅਨਨੇ ਕਿਹਾ ਕਿ 10 ਅਗਸਤ ਦਾ ਅੰਦੋਲਨ ਸਿਰਫ਼ ਕਿਸਾਨਾਂ ਅਤੇ ਮਜ਼ਦੂਰਾਂ ਦਾ ਸੰਘਰਸ਼ ਨਹੀਂ, ਸਗੋਂ ਹਰ ਉਸ ਮਿਹਨਤਕਸ਼ ਦੀ ਆਵਾਜ਼ ਹੈ ਜੋ ਸਰਕਾਰਾਂ ਦੀਆਂ ਨੀਤੀਆਂ ਕਾਰਨ ਆਪਣੇ ਹੱਕਾਂ ਤੋਂ ਵਾਂਝਾ ਹੈ। ਆਂਗਨਵਾੜੀ ਵਰਕਰ ਅਤੇ ਹੈਲਪਰ ਵੀ ਇਸ ਸਾਂਝੇ ਸੰਘਰਸ਼ ਦਾ ਅਹਿਮ ਹਿੱਸਾ ਹਨ।
ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (CITU) ਦੀ ਜ਼ਿਲ੍ਹਾ ਸਕੱਤਰ ਲਖਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਪੰਜਵਾਂ ਸਾਲ ਸ਼ੁਰੂ ਹੋ ਚੁੱਕਾ ਹੈ, ਪਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਸਲੇ ਅਜੇ ਵੀ ਲਟਕ ਰਹੇ ਹਨ। ਸਰਕਾਰ ਨਾਲ ਕਈ ਮੀਟਿੰਗਾਂ ਹੋਣ ਦੇ ਬਾਵਜੂਦ ਉਨ੍ਹਾਂ ਵਿੱਚ ਕੀਤੇ ਗਏ ਫੈਸਲੇ ਅਤੇ ਦਿੱਤੇ ਭਰੋਸੇ ਜ਼ਮੀਨੀ ਪੱਧਰ ’ਤੇ ਲਾਗੂ ਨਹੀਂ ਹੋਏ। ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਨਭੱਤੇ ਵਿੱਚ ਦੁੱਗਣਾ ਵਾਧਾ ਕਰਨ ਦਾ ਕੀਤਾ ਵਾਅਦਾ ਤੁਰੰਤ ਲਾਗੂ ਕੀਤਾ ਜਾਵੇ।
ਆਂਗਨਵਾੜੀ ਵਰਕਰਾਂ ਨੂੰ ਗਰੇਡ-3 ਅਤੇ ਹੈਲਪਰਾਂ ਨੂੰ ਗਰੇਡ-4 ਦਾ ਦਰਜਾ ਦਿੱਤਾ ਜਾਵੇ ਅਤੇ ਉਨ੍ਹਾਂ ਨੂੰ ਘੱਟੋ-ਘੱਟ ਤਨਖ਼ਾਹ ਦੇ ਘੇਰੇ ਵਿੱਚ ਲਿਆਂਦਾ ਜਾਵੇ।ਉਨ੍ਹਾਂ ਮੰਗ ਕੀਤੀ ਕਿ ਖਾਲੀ ਪਈਆਂ ਵਰਕਰਾਂ, ਹੈਲਪਰਾਂ ਅਤੇ ਸੁਪਰਵਾਈਜ਼ਰਾਂ ਦੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ, ਯੋਗ ਵਰਕਰਾਂ ਨੂੰ ਤਰੱਕੀ ਦਾ ਹੱਕ ਦਿੱਤਾ ਜਾਵੇ ਅਤੇ ਅਪ੍ਰੈਲ 2022 ਵਿੱਚ ਸੁਪਰੀਮ ਕੋਰਟ ਵੱਲੋਂ ਗ੍ਰੈਚੁਟੀ ਸਬੰਧੀ ਦਿੱਤੇ ਇਤਿਹਾਸਕ ਫੈਸਲੇ ਨੂੰ ਬਿਨਾਂ ਦੇਰੀ ਲਾਗੂ ਕੀਤਾ ਜਾਵੇ।
ਇਸ ਤੋਂ ਇਲਾਵਾ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਲਈ ਪੈਨਸ਼ਨ, ESI, EPF ਅਤੇ ਹੋਰ ਸਮਾਜਿਕ ਸੁਰੱਖਿਆ ਸਹੂਲਤਾਂ ਯਕੀਨੀ ਬਣਾਉਣ, ਵਿਭਾਗੀ ਕੰਮ ਤੋਂ ਇਲਾਵਾ ਵਾਧੂ ਕੰਮ ਲੈਣ ਦੀ ਪ੍ਰਥਾ ਬੰਦ ਕਰਨ ਅਤੇ ਆਂਗਨਵਾੜੀ ਕੇਂਦਰਾਂ ਵਿੱਚ ਲੋੜੀਂਦਾ ਬੁਨਿਆਦੀ ਢਾਂਚਾ, ਪੋਸ਼ਣ ਸਮੱਗਰੀ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣ ਦੀ ਮੰਗ ਵੀ ਕੀਤੀ ਗਈ।
ਯੂਨੀਅਨ ਆਗੂਆਂ ਨੇ ਕਿਹਾ ਕਿ “ਆਂਗਨਵਾੜੀ ਵਰਕਰ ਅਤੇ ਹੈਲਪਰ ਭੀਖ ਮੰਗਣ ਵਾਲਾ ਵਰਗ ਨਹੀਂ, ਸਗੋਂ ਬੱਚਿਆਂ, ਔਰਤਾਂ ਅਤੇ ਪਰਿਵਾਰਾਂ ਦੀ ਸੇਵਾ ਕਰਨ ਵਾਲੀ ਮਿਹਨਤਕਸ਼ ਤਾਕਤ ਹਨ। ਹੁਣ ਮੀਟਿੰਗਾਂ ਅਤੇ ਭਰੋਸਿਆਂ ਨਾਲ ਨਹੀਂ, ਸਗੋਂ ਸਰਕਾਰੀ ਹੁਕਮਾਂ ਅਤੇ ਅਮਲੀ ਫੈਸਲਿਆਂ ਨਾਲ ਗੱਲ ਬਣੇਗੀ।”
ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਆਂਗਨਵਾੜੀ ਵਰਕਰਾਂ ਅਤੇ ਹੈਲਪਰਾਂ ਦੀਆਂ ਮੰਗਾਂ ਨੂੰ ਹੋਰ ਲਟਕਾਇਆ ਗਿਆ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (CITU), ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਕਿਸਾਨਾਂ, ਮਜ਼ਦੂਰਾਂ ਅਤੇ ਸਮੂਹ ਮਿਹਨਤਕਸ਼ ਵਰਗਾਂ ਦੇ ਸਾਂਝੇ ਸੰਘਰਸ਼ ਨੂੰ ਮਜ਼ਬੂਤ ਕਰਦਿਆਂ ਹੱਕਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖੇਗੀ। ਇਸ ਮੌਕੇ ਜਿਲ੍ਹੇ ਦੀਆਂ ਵੱਖ-ਵੱਖ ਸਰਕਲ ਪ੍ਰਧਾਨਾਂ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ।
















