Punjab Assembly Elections 2027! ਵੱਡੀ ਖ਼ਬਰ: ਅੰਮ੍ਰਿਤਪਾਲ ਦੀ ਪਾਰਟੀ ਨੇ ਇੰਦਰਾ ਗਾਂਧੀ ਦੇ ਕਾਤਲ ਕੇਹਰ ਸਿੰਘ ਦੇ ਪੁੱਤਰ ਨੂੰ ਦਿੱਤੀ ਟਿਕਟ, ਇਸ ਹਲਕੇ ਤੋਂ ਬਣਾਇਆ ਉਮੀਦਵਾਰ
‘ਅਕਾਲੀ ਦਲ ਵਾਰਿਸ ਪੰਜਾਬ’ ਵੱਲੋਂ ਪਹਿਲੇ ਉਮੀਦਵਾਰ ਦਾ ਐਲਾਨ, ਬੱਸੀ ਪਠਾਣਾਂ ਤੋਂ ਕੇਹਰ ਸਿੰਘ ਦੇ ਸਪੁੱਤਰ ਭਾਈ ਸਤਵੰਤ ਸਿੰਘ ਹੋਣਗੇ ਉਮੀਦਵਾਰ
Punjab Assembly Elections 2027! ਅੰਮ੍ਰਿਤਸਰ, 11 ਅਗਸਤ 2026- ਸਾਲ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੀ ਸਰਗਰਮੀ ਹੁਣ ਤੋਂ ਹੀ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਅੰਮ੍ਰਿਤਸਰ ਪ੍ਰੈਸ ਕਲੱਬ ਵਿਖੇ ‘ਅਕਾਲੀ ਦਲ ਵਾਰਿਸ ਪੰਜਾਬ’ ਵੱਲੋਂ ਇੱਕ ਮਹੱਤਵਪੂਰਨ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਪ੍ਰੈਸ ਕਾਨਫਰੰਸ ਦੀ ਅਗਵਾਈ ਮੈਂਬਰ ਪਾਰਲੀਮੈਂਟ ਅੰਮ੍ਰਿਤਪਾਲ ਸਿੰਘ ਦੇ ਪਿਤਾ ਅਤੇ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਦੇ ਨਾਲ-ਨਾਲ ਫਰੀਦਕੋਟ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਵੱਲੋਂ ਕੀਤੀ ਗਈ। ਇਸ ਮੌਕੇ ਪਾਰਟੀ ਵੱਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਪਣੀ ਪਹਿਲੀ ਟਿਕਟ ਦਾ ਰਸਮੀ ਐਲਾਨ ਕੀਤਾ ਗਿਆ। ਪਾਰਟੀ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਦੇ ਦੋਸ਼ ਹੇਠ ਫਾਂਸੀ ਚੜ੍ਹਾਏ ਗਏ ਕੇਹਰ ਸਿੰਘ ਦੇ ਸਪੁੱਤਰ ਸਤਵੰਤ ਸਿੰਘ ਨੂੰ ਬੱਸੀ ਪਠਾਣਾਂ ਵਿਧਾਨ ਸਭਾ ਹਲਕੇ ਤੋਂ ਆਪਣਾ ਪਹਿਲਾ ਉਮੀਦਵਾਰ ਐਲਾਨਿਆ ਹੈ।
ਇਸ ਪ੍ਰੈਸ ਕਾਨਫਰੰਸ ਦੌਰਾਨ ਪੰਥਕ ਅਤੇ ਸ਼ਹੀਦੀ ਪਰਿਵਾਰਾਂ ਦੀਆਂ ਵੱਡੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਮੁੱਖ ਤੌਰ ‘ਤੇ ਕੇਹਰ ਸਿੰਘ ਦੇ ਵੱਡੇ ਸਪੁੱਤਰ ਰਜਿੰਦਰ ਸਿੰਘ, ਉਨ੍ਹਾਂ ਦੇ ਪੋਤਰੇ ਪੁਰੂ ਰਾਜ ਸਿੰਘ, ਸੁਖਵਿੰਦਰ ਸਿੰਘ ਅਗਵਾਨ, ਪ੍ਰਗਟ ਸਿੰਘ ਅਤੇ ਅਮਰਜੀਤ ਸਿੰਘ ਵੰਨਚਿੜੀ ਵੀ ਮੌਜੂਦ ਸਨ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤਰਸੇਮ ਸਿੰਘ ਨੇ ਪਾਰਟੀ ਦੇ ਸਿਆਸੀ ਨਜ਼ਰੀਏ ਨੂੰ ਸਪੱਸ਼ਟ ਕੀਤਾ। ਉਨ੍ਹਾਂ ਕਿਹਾ ਕਿ ‘ਅਕਾਲੀ ਦਲ ਵਾਰਿਸ ਪੰਜਾਬ’ ਦੀ ਰਾਜਨੀਤੀ ਮਹਿਜ਼ ਸੱਤਾ ਪ੍ਰਾਪਤ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਪੰਥਕ ਸਿਧਾਂਤਾਂ, ਪੰਜਾਬ ਦੇ ਹੱਕਾਂ-ਹਕੂਕਾਂ ਅਤੇ ਕੌਮ ਲਈ ਲਾਸਾਨੀ ਕੁਰਬਾਨੀਆਂ ਦੇਣ ਵਾਲੇ ਸ਼ਹੀਦੀ ਪਰਿਵਾਰਾਂ ਦੇ ਮਾਣ-ਸਤਿਕਾਰ ਨੂੰ ਅੱਗੇ ਲੈ ਕੇ ਚੱਲਣਾ ਇਸ ਦਾ ਮੁੱਖ ਮਨੋਰਥ ਹੈ।
ਉਨ੍ਹਾਂ ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਕੁੱਝ ਹਲਕਿਆਂ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਸੀ ਕਿ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਪੰਥ ਅਤੇ ਕੌਮ ਲਈ ਕੁਰਬਾਨੀਆਂ ਕਰਨ ਵਾਲੇ ਪਰਿਵਾਰਾਂ ਨੂੰ ਦਰਕਿਨਾਰ ਕੀਤਾ ਜਾ ਰਿਹਾ ਹੈ। ਅੱਜ ਸ਼ਹੀਦ ਪਰਿਵਾਰ ਵਿੱਚੋਂ ਪਹਿਲੇ ਉਮੀਦਵਾਰ ਦਾ ਐਲਾਨ ਕਰਕੇ ਪਾਰਟੀ ਨੇ ਇਸ ਗਲਤ ਧਾਰਨਾ ਅਤੇ ਅਫਵਾਹਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਤਰਸੇਮ ਨੇ ਜ਼ੋਰ ਦੇ ਕੇ ਕਿਹਾ ਕਿ ਸ਼ਹੀਦ ਪਰਿਵਾਰਾਂ ਦਾ ਸਤਿਕਾਰ ਕੇਵਲ ਖਾਲੀ ਬਿਆਨਬਾਜ਼ੀ ਤੱਕ ਹੀ ਸੀਮਤ ਨਹੀਂ ਰਹੇਗਾ, ਸਗੋਂ ਪਾਰਟੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਵਿੱਚ ਵੀ ਉਨ੍ਹਾਂ ਨੂੰ ਬਣਦਾ ਸਥਾਨ ਦਿੱਤਾ ਜਾ ਰਿਹਾ ਹੈ।
ਇਸੇ ਲੜੀ ਦੇ ਤਹਿਤ ਉਨ੍ਹਾਂ ਜਾਣਕਾਰੀ ਦਿੱਤੀ ਕਿ ਸ਼ਹੀਦ ਸਤਵੰਤ ਸਿੰਘ ਦੇ ਪਰਿਵਾਰ ਵਿੱਚੋਂ ਉਨ੍ਹਾਂ ਦੇ ਭਤੀਜੇ ਭਾਈ ਸੁਖਵਿੰਦਰ ਸਿੰਘ ਅਗਵਾਨ ਨੂੰ ਪਾਰਟੀ ਦੇ ਪਾਰਲੀਮਾਨੀ ਬੋਰਡ ਦਾ ਮੈਂਬਰ ਬਣਾ ਕੇ ਇੱਕ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਪਾਰਟੀ ਆਗੂਆਂ ਨੇ ਦੁਹਰਾਇਆ ਕਿ ‘ਅਕਾਲੀ ਦਲ ਵਾਰਿਸ ਪੰਜਾਬ’ ਪੰਜਾਬ ਦੀ ਸਿਆਸਤ ਵਿੱਚ ਪੰਥਕ ਸਿਧਾਂਤਾਂ, ਪੰਜਾਬ ਦੇ ਭਵਿੱਖ, ਸ਼ਹੀਦਾਂ ਦੇ ਸਨਮਾਨ ਅਤੇ ਸੂਬੇ ਦੇ ਹੱਕਾਂ ਨੂੰ ਕੇਂਦਰ ਵਿੱਚ ਰੱਖ ਕੇ ਆਪਣੀ ਸਿਆਸੀ ਲੜਾਈ ਨੂੰ ਹੋਰ ਮਜ਼ਬੂਤੀ ਨਾਲ ਜਾਰੀ ਰੱਖੇਗਾ।
ਇਸ ਮੌਕੇ ਪੰਥਕ ਹਲਕਿਆਂ ਨਾਲ ਜੁੜੀਆਂ ਕਈ ਹੋਰ ਮੁੱਖ ਸ਼ਖਸੀਅਤਾਂ ਵੀ ਹਾਜ਼ਰ ਸਨ, ਜਿਨ੍ਹਾਂ ਵਿੱਚ ਗੁਰਸ਼ਰਨ ਸਿੰਘ ਬਾਜਵਾ, ਪਲਵਿੰਦਰ ਸਿੰਘ, ਮਹਾਂਵੀਰ ਸਿੰਘ, ਜਸਕਰਨ ਸਿੰਘ ਰਿਆੜ, ਅਮਨਦੀਪ ਡੱਡੂਆਣਾਂ, ਸ਼ਮਸ਼ੇਰ ਸਿੰਘ ਪੱਧਰੀ, ਸੁਖਬੀਰ ਸਿੰਘ ਚੀਮਾਂ, ਦਲਜੀਤ ਸਿੰਘ ਮਿਆਦੀਆਂ, ਰਜਿੰਦਰ ਸਿੰਘ ਧਾਲੀਵਾਲ, ਜਰਮਨਦੀਪ ਸਿੰਘ, ਜਰਮਨਜੀਤ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਮੈੜਾ ਆਦਿ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਸ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਐਮ.ਪੀ. ਸਰਬਜੀਤ ਸਿੰਘ ਖਾਲਸਾ ਦੀ ਭੈਣ ਅੰਮ੍ਰਿਤ ਕੌਰ ਮਲੋਆ ਪਹਿਲਾਂ ਹੀ ਬੱਸੀ ਪਠਾਣਾਂ ਹਲਕੇ ਤੋਂ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਬੱਸੀ ਪਠਾਣਾਂ ਹਲਕੇ ਦੀ ਰਾਜਨੀਤੀ ਕਾਫੀ ਰੋਚਕ ਹੋਣ ਦੀ ਸੰਭਾਵਨਾ ਹੈ।
















