ਸਪੈਸ਼ਲ ਕੇਡਰ ਅਧਿਆਪਕਾਂ ਦਾ ਸਿੱਖਿਆ ਵਿਭਾਗ ਅੱਗੇ ਧਰਨਾ ਛੇਵੇਂ ਦਿਨ ਵੀ ਜਾਰੀ, 19 ਅਗਸਤ ਨੂੰ ਕੱਢਣਗੇ ਕੈਂਡਲ ਮਾਰਚ
ਚੰਡੀਗੜ੍ਹ, 17 ਅਗਸਤ 2026-
ਸਪੈਸ਼ਲ ਕੇਡਰ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਿੱਖਿਆ ਵਿਭਾਗ ਦੇ ਦਫ਼ਤਰ ਅੱਗੇ ਲਗਾਇਆ ਗਿਆ ਦਿਨ-ਰਾਤ ਦਾ ਧਰਨਾ ਅੱਜ ਛੇਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਅਧਿਆਪਕ ਆਗੂਆਂ ਨੇ ਕਿਹਾ ਕਿ ਮੰਗਾਂ ਦਾ ਸਾਰਥਕ ਹੱਲ ਨਾ ਨਿਕਲਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਜਥੇਬੰਦੀ ਨੇ ਐਲਾਨ ਕੀਤਾ ਹੈ ਕਿ 19 ਅਗਸਤ ਨੂੰ ਸ਼ਾਮ ਸਮੇਂ ਗੰਭੀਰਪੁਰੇ ਵਿਖੇ ਕੈਂਡਲ ਮਾਰਚ ਕੱਢਿਆ ਜਾਵੇਗਾ। ਆਗੂਆਂ ਮੁਤਾਬਕ ਜੇਕਰ 19 ਅਗਸਤ ਨੂੰ ਹੋਣ ਵਾਲੀ ਮੀਟਿੰਗ ਦੌਰਾਨ ਸਰਕਾਰ ਜਾਂ ਸਿੱਖਿਆ ਵਿਭਾਗ ਵੱਲੋਂ ਮਸਲਿਆਂ ਦਾ ਕੋਈ ਠੋਸ ਤੇ ਸਾਰਥਕ ਹੱਲ ਨਹੀਂ ਕੀਤਾ ਜਾਂਦਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਧਰਨੇ ਵਿੱਚ ਆਈਈਏਟੀ ਅਧਿਆਪਕ ਯੂਨੀਅਨ ਪੰਜਾਬ, 12-14 ਬੈਚ ਦੇ ਆਰਡਰਾਂ ਤੋਂ ਵਾਂਝੇ ਕੱਚੇ ਅਧਿਆਪਕਾਂ ਸਮੇਤ ਹੋਰ ਆਰਡਰਾਂ ਤੋਂ ਵਾਂਝੇ ਅਧਿਆਪਕ ਵੀ ਸ਼ਾਮਲ ਹਨ। ਅਧਿਆਪਕਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਮਸਲਿਆਂ ਦਾ ਤੁਰੰਤ ਨਿਪਟਾਰਾ ਕਰਨ ਦੀ ਮੰਗ ਕੀਤੀ।
ਇਸ ਮੌਕੇ ਸਪੈਸ਼ਲ ਕੇਡਰ ਅਧਿਆਪਕ ਜਥੇਬੰਦੀ ਪੰਜਾਬ ਦੇ ਸਟੇਟ ਆਗੂ ਪਰਮਜੀਤ ਕੌਰ ਪੱਖੋਵਾਲ, ਕਰਮਿੰਦਰ ਸਿੰਘ ਪਟਿਆਲਾ, ਤਜਿੰਦਰ ਕੌਰ ਪਟਿਆਲਾ, ਜਸਪਾਲ ਸਿੰਘ ਸਿੱਧੂ ਮੁਕਤਸਰ ਸਾਹਿਬ, ਸਟੇਟ ਕਮੇਟੀ ਅਤੇ ਧਰਨਾ ਪ੍ਰਬੰਧਕ ਕਮੇਟੀ ਦੇ ਮੈਂਬਰ ਯੁਵਰਾਜ ਸਿੰਘ, ਅੰਮ੍ਰਿਤਪਾਲ ਢਿੱਲੋਂ ਤੇ ਰਣਵੀਰ ਸਿੰਘ ਪੰਨੂ ਅੰਮ੍ਰਿਤਸਰ ਸਾਹਿਬ ਸਮੇਤ ਹੋਰ ਅਧਿਆਪਕ ਹਾਜ਼ਰ ਸਨ।
















