Join WhatsApp

Join Now

ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਪ੍ਰਿੰਸੀਪਲ ਗ੍ਰਿਫ਼ਤਾਰ! ਫਰਜ਼ੀ PhD ਡਿਗਰੀ ਮਾਮਲੇ ‘ਚ ਹੋਈ ਕਾਰਵਾਈ

On: ਅਗਸਤ 23, 2026 8:41 ਪੂਃ ਦੁਃ

 

ਵੱਡੀ ਖ਼ਬਰ: ਪੰਜਾਬ ਪੁਲਿਸ ਵੱਲੋਂ ਪ੍ਰਿੰਸੀਪਲ ਗ੍ਰਿਫ਼ਤਾਰ! ਫਰਜ਼ੀ PhD ਡਿਗਰੀ ਮਾਮਲੇ ‘ਚ ਹੋਈ ਕਾਰਵਾਈ

ਸ਼੍ਰੀ ਦਸ਼ਮੇਸ਼ ਅਕੈਡਮੀ ਦੀ ਪ੍ਰਿੰਸੀਪਲ ਸੋਨੂੰ ਵਾਲੀਆ ਫਰਜ਼ੀ PhD ਡਿਗਰੀ ਮਾਮਲੇ ‘ਚ ਲੁਧਿਆਣਾ ਤੋਂ ਗ੍ਰਿਫ਼ਤਾਰ

ਆਨੰਦਪੁਰ ਸਾਹਿਬ, 23 ਅਗਸਤ 2026

ਆਨੰਦਪੁਰ ਸਾਹਿਬ ਪੁਲੀਸ ਨੇ ਸ਼੍ਰੀ ਦਸ਼ਮੇਸ਼ ਅਕੈਡਮੀ ਦੀ ਪ੍ਰਿੰਸੀਪਲ ਸੋਨੂੰ ਵਾਲੀਆ ਨੂੰ ਇੱਕ ਕਥਿਤ ਫਰਜ਼ੀ ਪੀ ਐੱਚ ਡੀ (PhD) ਡਿਗਰੀ ਵਰਤ ਕੇ ਅਹੁਦਾ ਹਾਸਲ ਕਰਨ ਅਤੇ ਵਿਦਿਅਕ ਯੋਗਤਾਵਾਂ ਬਾਰੇ ਗਲਤ ਜਾਣਕਾਰੀ ਦੇਣ ਦੇ ਗੰਭੀਰ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਹੈ। ਐੱਸ ਐੱਸ ਪੀ ਰੂਪਨਗਰ ਮਨਿੰਦਰ ਸਿੰਘ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਮੁਲਜ਼ਮ ਪ੍ਰਿੰਸੀਪਲ ਨੂੰ ਲੁਧਿਆਣਾ ਤੋਂ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਤੇਜ਼ੀ ਨਾਲ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਆਨੰਦਪੁਰ ਸਾਹਿਬ ਥਾਣੇ ਵਿੱਚ ਸੋਨੂੰ ਵਾਲੀਆ ਖ਼ਿਲਾਫ਼ ਆਈ ਪੀ ਸੀ ਦੀਆਂ ਧਾਰਾਵਾਂ 419 (ਧੋਖਾਧੜੀ) ਅਤੇ 420 (ਚਾਲਬਾਜ਼ੀ) ਤਹਿਤ ਐੱਫ ਆਈ ਆਰ (FIR) ਦਰਜ ਕੀਤੀ ਗਈ ਸੀ। ਦਰਜ ਮਾਮਲੇ ਅਨੁਸਾਰ ਇਹ ਗੜਬੜੀਆਂ 1 ਜਨਵਰੀ 2020 ਤੋਂ 30 ਜੂਨ 2024 ਦੇ ਸਮੇਂ ਦੌਰਾਨ ਹੋਈਆਂ। ਇਹ ਪੂਰਾ ਮਾਮਲਾ ਬਿੰਦੂ ਸ਼ਰਮਾ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ, ਜਿਸ ਵਿੱਚ ਪ੍ਰਿੰਸੀਪਲ ਦੀਆਂ ਅਕਾਦਮਿਕ ਯੋਗਤਾਵਾਂ ‘ਤੇ ਸਵਾਲ ਖੜ੍ਹੇ ਕੀਤੇ ਗਏ ਸਨ।

ਸ਼ਿਕਾਇਤ ਮਿਲਣ ਤੋਂ ਬਾਅਦ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਂਚ ਦੇ ਹੁਕਮ ਦਿੱਤੇ ਸਨ। ਇਨ੍ਹਾਂ ਨਿਰਦੇਸ਼ਾਂ ‘ਤੇ ਕਾਰਵਾਈ ਕਰਦਿਆਂ ਰੂਪਨਗਰ ਦੇ ਡੀ ਸੀ ਆਦਿਤਿਆ ਡਚਲਵਾਲ ਨੇ ਐੱਸ ਪੀ ਰੂਪਨਗਰ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਜਾਂਚ ਕਮੇਟੀ ਗਠਿਤ ਕੀਤੀ। ਇਸ ਕਮੇਟੀ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ), ਐੱਸ ਡੀ ਐੱਮ ਅਤੇ ਡੀ ਐੱਸ ਪੀ ਆਨੰਦਪੁਰ ਸਾਹਿਬ ਸ਼ਾਮਲ ਸਨ। ਕਮੇਟੀ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਹੀ ਐੱਸ ਐੱਸ ਪੀ ਨੇ ਪਰਚਾ ਦਰਜ ਕਰਨ ਦੀ ਮਨਜ਼ੂਰੀ ਦਿੱਤੀ ਸੀ।

ਜਾਂਚ ਦੌਰਾਨ ਸਾਹਮਣੇ ਆਇਆ ਕਿ ਸੋਨੂੰ ਵਾਲੀਆ ਨੇ ਆਪਣੇ ਰੈਜ਼ਿਊਮੇ (CV) ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ‘ਕੈਂਸਰ ਸਾਈਟੋਜੈਨੇਟਿਕਸ’ ਵਿੱਚ PhD ਹੋਣ ਦਾ ਦਾਅਵਾ ਕੀਤਾ ਸੀ। ਹਾਲਾਂਕਿ, ਕੁਝ ਸਰਕਾਰੀ ਦਸਤਾਵੇਜ਼ਾਂ ਵਿੱਚ ਇਸ ਨੂੰ ਪੂਰੀ ਹੋਈ ਡਿਗਰੀ ਅਤੇ ਹੋਰ ਰਿਕਾਰਡਾਂ ਵਿੱਚ ‘ਪਰਸੂਇੰਗ’ (ਜਾਰੀ) ਦਰਸਾਇਆ ਗਿਆ ਸੀ।

ਸਿੱਖਿਆ ਵਿਭਾਗ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਨਿਰਦੇਸ਼ ਅਤੇ ’ਕਾਰਨ ਦੱਸੋ ਨੋਟਿਸ’ ਜਾਰੀ ਕਰਨ ਦੇ ਬਾਵਜੂਦ ਵੀ ਪ੍ਰਿੰਸੀਪਲ ਅਤੇ ਸਕੂਲ ਪ੍ਰਬੰਧਕ ਲੋੜੀਂਦੇ ਅਸਲ ਦਸਤਾਵੇਜ਼ ਪੇਸ਼ ਕਰਨ ਵਿੱਚ ਅਸਮਰੱਥ ਰਹੇ।

ਫਰਜ਼ੀ ਡਿਗਰੀ ਤੋਂ ਇਲਾਵਾ ਸੰਸਥਾ ਦੇ ਕੰਮਕਾਜ ਵਿੱਚ ਵੀ ਵੱਡੀਆਂ ਪ੍ਰਬੰਧਕੀ ਖਾਮੀਆਂ ਦੇ ਦੋਸ਼ ਲੱਗੇ ਹਨ। ਸ਼ਿਕਾਇਤਕਰਤਾਵਾਂ ਨੇ ਮੰਗ ਕੀਤੀ ਹੈ ਕਿ ਸਬੂਤਾਂ ਨਾਲ ਛੇੜਛਾੜ ਰੋਕਣ ਲਈ ਸਾਰੇ ਅਸਲ ਸਰਟੀਫਿਕੇਟ, ਸੇਵਾ ਰਿਕਾਰਡ ਅਤੇ ਡਿਜੀਟਲ ਡੇਟਾ ਤੁਰੰਤ ਜ਼ਬਤ ਕੀਤਾ ਜਾਵੇ। ਪੁਲੀਸ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ ਅਤੇ ਜਲਦ ਹੋਰ ਖੁਲਾਸੇ ਹੋਣ ਦੀ ਉਮੀਦ ਹੈ।

Leave a Comment