ਵੱਡੀ ਖ਼ਬਰ: CM ਮਾਨ ਦੇ ਪਿੰਡ ਸਤੌਜ ‘ਚ ਅਧਿਆਪਕਾਂ ਅਤੇ ਮੁਲਾਜ਼ਮਾਂ ਦਾ ਲਾਠੀਆਂ-ਡੰਡਿਆਂ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਸਵਾਗਤ
ਚੰਡੀਗੜ੍ਹ, 23 ਅਗਸਤ 2026
ਪੁਰਾਣੀ ਪੈਨਸ਼ਨ ਬਾਹਲੀ ਦੀ ਮੁੱਖ ਮੰਗ ਨੂੰ ਲੈ ਕੇ ਪੁਰਾਣੀ ਪੈਨਸ਼ਨ ਬਹਾਲੀ ਮੰਚ ਵੱਲੋਂ ਅੱਜ 23 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸਤੌਜ ਵਿੱਚ ਅਧਿਆਪਕਾਂ ਅਤੇ ਮੁਲਾਜ਼ਮਾਂ ਨੇ ਵੱਡੀ ਰੈਲੀ ਕੀਤੀ। ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਲਾਜਮ ਅਤੇ ਅਧਿਆਪਕ ਸ਼ਾਮਲ।ਹੋਏ। ਹਾਲਾਂਕਿ ਇੱਥੇ ਸਭ ਤੋਂ ਅਹਿਮ ਗੱਲ ਇਹ ਵੇਖਣ ਵਾਲੀ ਸੀ ਕਿ CM ਮਾਨ ਦੇ ਪਿੰਡ ਸਤੌਜ ਵਿਖੇ ਅਧਿਆਪਕਾਂ ਅਤੇ ਮੁਲਾਜਮਾਂ ਦਾ ਲਾਠੀਆਂ ਡੰਡਿਆਂ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਸਵਾਗਤ ਕੀਤਾ ਗਿਆ।
ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ, ਫਤਹਿਗੜ ਸਾਹਿਬ, ਲੁਧਿਆਣਾ, ਮਲੇਰਕੋਟਲਾ, ਮੋਗਾ, ਫਿਰੋਜ਼ਪੁਰ, ਜਲੰਧਰ, ਕਪੂਰਥਲਾ, ਗੁਰਦਾਸਪੁਰ, ਅਤੇ ਪਠਾਨਕੋਟ ਜ਼ਿਲ੍ਹਿਆਂ ਤੋਂ ਵੱਡੇ ਪੱਧਰ ਤੇ ਮੁਲਾਜ਼ਮ ਅਤੇ ਅਧਿਆਪਕ ਰੈਲੀ ਦੇ ਵਿੱਚ ਸ਼ਾਮਲ ਹੋਏ।
ਅਧਿਆਪਕ ਆਗੂ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਤੋਂ ਪਹਿਲਾ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਆ ਕੇ ਮੁਲਾਜ਼ਮਾਂ ਦੀਆਂ ਸਾਰਿਆਂ ਜਾਇਜ਼ ਮੰਗਾਂ ਪੂਰੀਆਂ ਕਰਨ ਦੇ ਵਾਅਦੇ ਕਰਦੇ ਸਨ, ਪਰ ਹੁਣ ਸਾਢੇ ਚਾਰ ਬੀਤ ਜਾਣ ‘ਤੇ ਵੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਬਹਾਲ ਕਰਨੀ, 18% ਪੈਂਡਿੰਗ ਡੀ ਏ ਜਾਰੀ ਕਰਨਾ, 17-07-2020 ਅਤੇ 15-01-2015 ਦੇ ਮੁਲਾਜ਼ਮ ਮਾਰੂ ਪੱਤਰ ਰੱਦ ਕਰਨੇ, ਪੇਂਡੂ ਭੱਤੇ ਸਮੇਤ 37 ਤਰਾਂ ਦੇ ਭੱਤੇ ਬਹਾਲ ਕਰਨੇ, ਕੱਚੇ ਮੁਲਾਜ਼ਮ ਪੱਕੇ ਕਰਨੇ, ਪੇ ਕਮਿਸ਼ਨ ਦੇ ਬਕਾਏ ਜਾਰੀ ਕਰਨ ਵਰਗੀਆਂ ਮੰਗਾਂ ਜਿਉਂ ਦੀਆਂ ਤਿਉ ਪਈਆਂ ਹਨ।
ਆਗੂਆਂ ਨੇ ਕਿਹਾ ਕਿ ਅੱਜ 23 ਅਗਸਤ ਨੂੰ ਉਹ ਸਤੌਜ ਵਿਖੇ ਮੁੱਖ ਮੰਤਰੀ ਦੇ ਪਿੰਡ ਵਿੱਚ ਆਪਣੀਆਂ ਮੰਗਾਂ ਸੁਣਾਉਣ ਜਿਵੇਂ ਹੀ ਪਹੁੰਚੇ ਤਾਂ ਪੁਲਿਸ ਨੇ ਉਹਨਾਂ ਦਾ ਲਾਠੀ ਡੰਡਿਆਂ ਦੇ ਨਾਲ ਸਵਾਗਤ ਕੀਤਾ ਅਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ। ਹਾਲਾਂਕਿ ਪੁਲਸ ਦੀਆਂ ਰੋਕਾਂ ਦੇ ਬਾਵਜੂਦ ਸਤੌਜ ਵਿੱਚ ਲਾ-ਮਿਸਾਲ ਰੈਲੀ ਹੋਈ।
















