ਮਾਸਟਰ ਕੇਡਰ ਯੂਨੀਅਨ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਭਗਵੰਤ ਮਾਨ ਸਰਕਾਰ ਦਾ ਕਰਨਗੇ ਪਿੱਟ ਸਿਆਪਾ
ਮਾਸਟਰ ਕੇਡਰ ਯੂਨੀਅਨ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਦਾ ਕਰੇਗੀ ਪਿੱਟ ਸਿਆਪਾ; ਸਮੂਹਿਕ ਛੁੱਟੀ ਲੈ ਕੇ ਬੈਠੇਗੀ ਜ਼ਿਲ੍ਹਾ ਹੈਡ ਕੁਆਰਟਰਾਂ ਤੇ
ਨਵਾਂਸ਼ਹਿਰ 24 ਅਗਸਤ 2026- ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ ਬਲਜਿੰਦਰ ਧਾਲੀਵਾਲ ਸੂਬਾ ਜਰਨਲ ਸਕੱਤਰ ਗੁਰਮੀਤ ਸਿੰਘ ਭੁੱਲਰ ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ ਜੁਆਇੰਟ ਸਕੱਤਰ ਦਲਜੀਤ ਸਿੰਘ ਸਬਰਵਾਲ ਸੀਨੀਅਰ ਮੀਤ ਪ੍ਰਧਾਨ ਅਮਰਬੀਰ ਸਿੰਘ ਧਰਮਿੰਦਰ ਸਿੰਘ ਫਰੀਦਕੋਟ ਹਰਮਿੰਦਰ ਸਿੰਘ ਉਪਲ, ਜਤਿੰਦਰ ਸਿੰਘ ਮੀਤ ਪ੍ਰਧਾਨ ਇੰਦਰਪਾਲ ਸਿੰਘ ਗੁਰਦਾਸਪੁਰ, ਸ਼ਮਸ਼ੀਰ ਸਿੰਘ ਮੋਗਾ, ਬਲਵਿੰਦਰ ਸਿੰਘ ਫਾਜ਼ਿਲਕਾ, ਸੁਖਰਾਜ ਸਿੰਘ ਬੁੱਟਰ, ਹਰਸੇਵਕ ਸਿੰਘ ਸਾਧੂਵਾਲਾ, ਦਿਲ ਰਾਜਜੀਤ ਸਿੰਘ ਜੌਹਲ ਕਪੂਰਥਲਾ ਨੇ ਸਾਂਝੇ ਤੌਰ ‘ਤੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ 23 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲੀ ਸਬੰਧੀ ਜਿਹੜੀ ਰੈਲੀ ਪਿੰਡ ਸਤੌਜ ਵਿਖੇ ਰੱਖੀ ਗਈ ਸੀ, ਉਸ ਵਿੱਚ ਭਰਵੀਂ ਸ਼ਮੂਲੀਅਤ ਕਰਨ ਤੋਂ ਬਾਅਦ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ ਸੰਘਰਸ਼ ਦੀ ਲੜੀ ਤਹਿਤ 27 ਅਗਸਤ ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸਕੂਲਾਂ ਵਿੱਚੋਂ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਹੈਡ ਕੁਆਰਟਰਾਂ ਤੇ 9.00 ਤੋਂ 2.00 ਵਜੇ ਤੱਕ ਇਕੱਠੇ ਹੋ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਆਗੂਆਂ ਨੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਤੇ ਅਧਿਆਪਕਾਂ ਦਾ 18 ਪ੍ਰਤੀਸ਼ਤ ਡੀਏ ਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ DA ਦੇਣ ਦੇ ਮਸਲੇ ‘ਤੇ ਹਾਈਕੋਰਟ ਦੇ ਆਦੇਸ਼ ਮੰਨਣ ਤੋਂ ਵੀ ਪੰਜਾਬ ਸਰਕਾਰ ਭੱਜ ਰਹੀ ਹੈ। ਸਰਕਾਰ ਵੱਲੋਂ ਪੇਂਡੂ ਭੱਤਾ, ਪੁਰਾਣੀ ਪੈਨਸ਼ਨ, ਏਸੀਪੀ ਅਤੇ ਮੁਲਾਜ਼ਮਾਂ ਦੀਆਂ ਆਰਥਿਕ ਮੰਗਾਂ ਤੇ ਵੀ ਡਾਕਾ ਮਾਰਿਆ ਜਾ ਰਿਹਾ ਹੈ।
ਜਿਸ ਦੇ ਵਿਰੋਧ ਵਿੱਚ ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝਾ ਮੁਲਾਜ਼ਮ ਫਰੰਟ ਦੇ ਦਿੱਤੇ ਗਏ ਐਕਸ਼ਨਾ ਨੂੰ ਅੱਗੇ ਤੋਰਦੇ ਹੋਏ 27 ਅਗਸਤ ਨੂੰ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ ਹੈਡਕੁਆਟਰਾਂ ‘ਤੇ ਭਰਮਾ ਇਕੱਠ ਕਰਕੇ AAP ਸਰਕਾਰ ਦਾ ਪਿੱਟ ਸਿਆਪਾ ਅਤੇ ਜਲੂਸ ਕੱਢਿਆ ਜਾਵੇਗਾ। ਮਾਸਟਰ ਕੇਡਰ ਯੂਨੀਅਨ ਪੰਜਾਬ ਵੱਲੋਂ ਸਮੁੱਚੇ ਅਧਿਆਪਕ ਵਰਗ ਨੂੰ 27 ਅਗਸਤ ਦੇ ਐਕਸ਼ਨ ਨੂੰ ਕਾਮਯਾਬ ਬਣਾਉਣ ਵਾਸਤੇ ਸਮੂਹਿਕ ਛੁੱਟੀ ਲੈਣ ਦੀ ਅਪੀਲ ਕੀਤੀ ਗਈ ਹੈ।
















