Join WhatsApp

Join Now

ਸਰਕਾਰੀ ਗਲਤੀਆਂ ਦੀ ਸਜ਼ਾ ਸਾਨੂੰ ਕਿਉਂ? 250 ਤੋਂ ਵੱਧ ਅਧਿਆਪਕਾਂ ਨੂੰ ਟਰਮੀਨੇਸ਼ਨ ਨੋਟਿਸ; ਸੜਕਾਂ ‘ਤੇ ਉੱਤਰ ਕੇ ਮੰਗਿਆ ਇਨਸਾਫ਼

On: ਸਤੰਬਰ 6, 2026 7:44 ਬਾਃ ਦੁਃ

 

ਸਰਕਾਰੀ ਗਲਤੀਆਂ ਦੀ ਸਜ਼ਾ ਸਾਨੂੰ ਕਿਉਂ? 250 ਤੋਂ ਵੱਧ ਅਧਿਆਪਕਾਂ ਨੂੰ ਟਰਮੀਨੇਸ਼ਨ ਨੋਟਿਸ; ਸੜਕਾਂ ‘ਤੇ ਉੱਤਰ ਕੇ ਮੰਗਿਆ ਇਨਸਾਫ਼

ਅਧਿਆਪਕ ਦਿਵਸ ‘ਤੇ ਖੁੱਲ੍ਹੀ ਸਰਕਾਰੀ ਦਾਅਵਿਆਂ ਦੀ ਪੋਲ: ਸੰਗਰੂਰ ‘ਚ ਟਰਮੀਨੇਸ਼ਨ ਦਾ ਸੰਤਾਪ ਹੰਢਾ ਰਹੇ ਬੇਕਸੂਰ ਅਧਿਆਪਕਾਂ ਨੇ ਮੰਗਿਆ ਇਨਸਾਫ਼

ਸੰਗਰੂਰ, 6 ਸਤੰਬਰ 2026: ਇੱਕ ਪਾਸੇ ਜਿੱਥੇ ਪੂਰੇ ਦੇਸ਼ ਅਤੇ ਸੂਬੇ ਵਿੱਚ ‘ਅਧਿਆਪਕ ਦਿਵਸ’ ਮੌਕੇ ਸਰਕਾਰ ਵੱਲੋਂ ਵੱਡੇ-ਵੱਡੇ ਸਮਾਗਮ ਕਰਵਾ ਕੇ ਅਧਿਆਪਕਾਂ ਨੂੰ ਰਾਜ ਪੁਰਸਕਾਰਾਂ ਨਾਲ ਨਵਾਜ਼ਣ ਅਤੇ ਸਤਿਕਾਰ ਦੇਣ ਦੇ ਦਾਅਵੇ ਕੀਤੇ ਜਾ ਰਹੇ ਸਨ, ਉੱਥੇ ਹੀ ਸੰਗਰੂਰ ਦੀਆਂ ਸੜਕਾਂ ‘ਤੇ ਜ਼ਮੀਨੀ ਹਕੀਕਤ ਦੀ ਇੱਕ ਬਹੁਤ ਹੀ ਦਰਦਨਾਕ ਅਤੇ ਚਿੰਤਾਜਨਕ ਤਸਵੀਰ ਦੇਖਣ ਨੂੰ ਮਿਲੀ। ਰੀਕਾਸਟ ਸੂਚੀਆਂ ਤੋਂ ਪ੍ਰਭਾਵਿਤ ਫਰੰਟ (ਪੰਜਾਬ) ਦੇ ਸੱਦੇ ‘ਤੇ ਸਿੱਖਿਆ ਵਿਭਾਗ ਦੀਆਂ ਕਥਿਤ ਨਲਾਇਕੀਆਂ ਅਤੇ ਦਫ਼ਤਰੀ ਗਲਤੀਆਂ ਦਾ ਸ਼ਿਕਾਰ ਹੋਏ 253 ਪੀੜਤ ਅਧਿਆਪਕਾਂ ਨੇ ਅਧਿਆਪਕ ਦਿਵਸ ‘ਤੇ ਖੁਸ਼ੀਆਂ ਮਨਾਉਣ ਦੀ ਬਜਾਏ ਕਾਲੀਆਂ ਪੱਟੀਆਂ ਬੰਨ੍ਹ ਕੇ ਅਤੇ ਸ਼ਾਂਤਮਈ ਤਰੀਕੇ ਨਾਲ ਮਨੁੱਖੀ ਚੇਨ ਬਣਾ ਕੇ ਆਪਣੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕੀਤਾ।

ਸੰਗਰੂਰ ਵਿਖੇ ਸੜਕ ਦੇ ਕਿਨਾਰੇ ਬਣੇ ਫੁੱਟਪਾਥ ‘ਤੇ ਕਲ੍ਹ ਅਧਿਆਪਕ ਦਿਵਸ ਮੌਕੇ ਸੈਂਕੜੇ ਅਧਿਆਪਕਾਂ ਨੇ ਕਲ੍ਹ ਤਪਦੀ ਧੁੱਪ ਵਿੱਚ ਖੜ੍ਹ ਕੇ ਹੱਥਾਂ ਵਿੱਚ ਇਨਸਾਫ਼ ਦੀਆਂ ਮੰਗਾਂ ਵਾਲੀਆਂ ਤਖ਼ਤੀਆਂ ਫੜ ਕੇ ਵਿਭਾਗ ਅਤੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਅਧਿਆਪਕਾਂ ਦਾ ਕਹਿਣਾ ਸੀ ਕਿ ਜਿਨ੍ਹਾਂ ਹੱਥਾਂ ਵਿੱਚ ਅੱਜ ਚਾਕ ਅਤੇ ਕਲਾਸਰੂਮ ਦੀ ਜ਼ਿੰਮੇਵਾਰੀ ਹੋਣੀ ਚਾਹੀਦੀ ਸੀ, ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਹੱਥਾਂ ਵਿੱਚ ਅੱਜ ਇਨਸਾਫ਼ ਦੀ ਮੰਗ ਕਰਨ ਵਾਲੀਆਂ ਤਖ਼ਤੀਆਂ ਹਨ।

ਤਿੰਨ-ਚਾਰ ਸਾਲਾਂ ਦੀ ਸੇਵਾ ਤੋਂ ਬਾਅਦ ਟਰਮੀਨੇਸ਼ਨ ਦੇ ‘ਸ਼ੋਅ ਕਾਜ਼ ਨੋਟਿਸ’

ਫ਼ਰੰਟ ਦੇ ਪ੍ਰਮੁੱਖ ਆਗੂਆਂ ਬਲਕਾਰ ਸਿੰਘ ਮਘਾਣੀਆ, ਹਰਪਾਲ ਸਿੰਘ ਅਤੇ ਗੁਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਉਨ੍ਹਾਂ ਦੱਸਿਆ ਕਿ ਉਹ ਸਿੱਖਿਆ ਵਿਭਾਗ ਦੇ ਸਰਕਾਰੀ ਸਕੂਲਾਂ ਵਿੱਚ ਪਿਛਲੇ ਲਗਭਗ 3 ਤੋਂ 4 ਸਾਲਾਂ ਤੋਂ ਪੂਰੀ ਤਨਦੇਹੀ, ਲਗਨ ਅਤੇ ਇਮਾਨਦਾਰੀ ਨਾਲ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਪ੍ਰੰਤੂ, ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਭਰਤੀ ਸੈੱਲ ਦੀਆਂ ਦਫ਼ਤਰੀ ਗਲਤੀਆਂ, ਕਲੈਰੀਕਲ ਖਾਮੀਆਂ ਅਤੇ ਨਲਾਇਕੀਆਂ ਕਾਰਨ ਵੱਖ-ਵੱਖ ਭਰਤੀਆਂ ਦੇ ਬੇਕਸੂਰ ਅਤੇ ਪੂਰੀ ਤਰ੍ਹਾਂ ਯੋਗ ਅਧਿਆਪਕਾਂ ਨੂੰ ਨੌਕਰੀ ਤੋਂ ਟਰਮੀਨੇਟ (ਖਾਰਜ) ਕਰਨ ਦੇ ‘ਸ਼ੋਅ ਕਾਜ਼ ਨੋਟਿਸ’ (Show Cause Notices) ਭੇਜ ਦਿੱਤੇ ਗਏ ਹਨ।

ਆਗੂਆਂ ਨੇ ਦੱਸਿਆ ਕਿ ਇਸ ਕਾਰਵਾਈ ਨਾਲ, ਮਾਸਟਰ ਕਾਡਰ (4161 ਭਰਤੀ) ਦੇ 253 ਅਧਿਆਪਕ, 2392 ਭਰਤੀ ਦੇ 40 ਅਧਿਆਪਕ, ਈ.ਟੀ.ਟੀ. ਕਾਡਰ (6635 ਭਰਤੀ) ਦੇ 108 ਅਧਿਆਪਕ ਪ੍ਰਭਾਵਿਤ ਹੋਣਗੇ। ਆਗੂਆਂ ਨੇ ਦੱਸਿਆ ਕਿ ਇਹ ਸਾਰੇ ਅਧਿਆਪਕ ਆਪਣੀ ਪੱਕੀ ਨੌਕਰੀ ਖੁੱਸ ਜਾਣ ਦੇ ਡਰ ਦੀ ਮਾਨਸਿਕ ਪੀੜਾ ਵਿੱਚੋਂ ਲੰਘ ਰਹੇ ਹਨ। ਨੌਕਰੀ ‘ਤੇ ਲਟਕ ਰਹੀ ਟਰਮੀਨੇਸ਼ਨ ਦੀ ਤਲਵਾਰ ਕਾਰਨ ਇਹ ਅਧਿਆਪਕ ਅਤੇ ਉਨ੍ਹਾਂ ਦੇ ਪਰਿਵਾਰ ਸਮਾਜਿਕ, ਮਾਨਸਿਕ ਅਤੇ ਆਰਥਿਕ ਤੌਰ ‘ਤੇ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ।

ਦਫ਼ਤਰੀ ਗਲਤੀਆਂ ਦੀ ਸਜ਼ਾ ਬੇਕਸੂਰਾਂ ਨੂੰ ਕਿਉਂ?

ਅਧਿਆਪਕ ਨੇਤਾਵਾਂ ਨੇ ਸਪੱਸ਼ਟ ਕੀਤਾ ਕਿ ਵਿਭਾਗ ਵੱਲੋਂ ਟਰਮੀਨੇਸ਼ਨ ਨੋਟਿਸ ਜਾਰੀ ਕਰਨ ਦਾ ਮੁੱਖ ਆਧਾਰ ਜਾਂ ਤਾਂ ਆਂਸਰ ਕੀ (Answer Key / ਉੱਤਰ ਕੁੰਜੀ) ਵਿੱਚ ਕੀਤੀ ਗਈ ਤਬਦੀਲੀ ਨੂੰ ਬਣਾਇਆ ਜਾ ਰਿਹਾ ਹੈ ਜਾਂ ਫਿਰ ਸਿਲੈਕਸ਼ਨ ਸੂਚੀਆਂ (Selection Lists) ਦੇ ਸਹੀ ਨਾ ਬਣਨ ਦਾ ਬਹਾਨਾ ਘੜਿਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਉੱਤਰ ਕੁੰਜੀ ਤਿਆਰ ਕਰਨਾ, ਨੰਬਰਾਂ ਦੀ ਗਣਨਾ ਕਰਨਾ ਅਤੇ ਸਿਲੈਕਸ਼ਨ ਲਿਸਟਾਂ ਬਣਾਉਣਾ ਪੂਰੀ ਤਰ੍ਹਾਂ ਨਾਲ ਸਿੱਖਿਆ ਵਿਭਾਗ ਅਤੇ ਭਰਤੀ ਸੈੱਲ ਦੇ ਦਫ਼ਤਰੀ ਅਧਿਕਾਰੀਆਂ ਦੀ ਜ਼ਿੰਮੇਵਾਰੀ ਸੀ, ਤਾਂ ਫਿਰ ਉਨ੍ਹਾਂ ਦੀਆਂ ਗਲਤੀਆਂ ਦਾ ਖਮਿਆਜ਼ਾ 3-4 ਸਾਲਾਂ ਤੋਂ ਨੌਕਰੀ ਕਰ ਰਹੇ ਬੇਕਸੂਰ ਅਧਿਆਪਕ ਕਿਉਂ ਭੁਗਤਣ?

ਰੋਸ ਪ੍ਰਦਰਸ਼ਨ ਕਰ ਰਹੇ ਆਗੂ ਗੁਰਿੰਦਰ ਸਿੰਘ ਨੇ ਦੱਸਿਆ ਕਿ ਆਪਣੀਆਂ ਜਾਇਜ਼ ਮੰਗਾਂ ਲਈ ਉਹ ਲਗਾਤਾਰ ਸਰਕਾਰ ਤੱਕ ਪਹੁੰਚ ਕਰ ਰਹੇ ਹਨ, ਧਰਨੇ-ਮੁਜ਼ਾਹਰੇ ਕਰ ਰਹੇ ਹਨ। ਪ੍ਰੰਤੂ ਸਰਕਾਰ ਦਾ ਰਵੱਈਆ ਬੇਹੱਦ ਉਦਾਸੀਨ ਹੈ। ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਦਿੱਤਾ ਜਾਂਦਾ ਹੈ, ਜੋ ਬਾਅਦ ਵਿੱਚ ਜਾਂ ਤਾਂ ਮੁਲਤਵੀ (Postpone) ਕਰ ਦਿੱਤੀ ਜਾਂਦੀ ਹੈ ਜਾਂ ਰੱਦ (Cancel) ਕਰ ਦਿੱਤੀ ਜਾਂਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਜੇਕਰ ਕਿਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੀਟਿੰਗ ਹੋ ਵੀ ਜਾਂਦੀ ਹੈ, ਤਾਂ ਉਹ ਮਹਿਜ਼ ਇੱਕ ਮਿੰਟ ਵਿੱਚ ਖ਼ਤਮ ਕਰ ਦਿੱਤੀ ਜਾਂਦੀ ਹੈ। ਮੀਟਿੰਗਾਂ ਵਿੱਚ ਸਿਰਫ਼ ਮਿੱਠੇ ਲਾਰੇ ਦਿੱਤੇ ਜਾਂਦੇ ਹਨ, ਜਦਕਿ ਕੋਈ ਸਾਰਥਕ ਜਾਂ ਪੱਕਾ ਹੱਲ ਨਹੀਂ ਕੱਢਿਆ ਜਾਂਦਾ। ਪਿਛਲੇ 4-5 ਸਾਲਾਂ ਤੋਂ ਅਧਿਆਪਕ ਇਸੇ ਅਨਿਸ਼ਚਿਤਤਾ ਅਤੇ ਸੰਤਾਪ ਨੂੰ ਹੰਢਾਉਣ ਲਈ ਮਜ਼ਬੂਰ ਹਨ।

ਪੀੜਤ ਅਧਿਆਪਕਾਂ ਦੀਆਂ ਮੰਗਾਂ ਹਨ ਕਿ, ਵਿਭਾਗ ਦੀਆਂ ਦਫ਼ਤਰੀ ਗਲਤੀਆਂ ਕਾਰਨ ਨਜਾਇਜ਼ ਰੂਪ ਵਿੱਚ ਜਾਰੀ ਕੀਤੇ ਗਏ ਸਾਰੇ ‘ਸ਼ੋਅ ਕਾਜ਼ ਟਰਮੀਨੇਸ਼ਨ ਨੋਟਿਸ’ ਤੁਰੰਤ ਪ੍ਰਭਾਵ ਨਾਲ ਰੱਦ ਕੀਤੇ ਜਾਣ। ਸ਼ੋਅ ਕਾਜ਼ ਨੋਟਿਸਾਂ ਦੇ ਬਹਾਨੇ ਜਿਨ੍ਹਾਂ ਅਧਿਆਪਕਾਂ ਦਾ ਰੋਕਿਆ ਗਿਆ ਪ੍ਰੋਬੇਸ਼ਨ ਪੀਰੀਅਡ (Probation Period) ਤੁਰੰਤ ਪਾਸ/ਕਲੀਅਰ ਕੀਤਾ ਜਾਵੇ। ਪ੍ਰਭਾਵਿਤ ਸਾਰੇ ਅਧਿਆਪਕਾਂ ਦੀ ਨੌਕਰੀ ਨੂੰ ਭਵਿੱਖ ਲਈ ਨਿਰੰਤਰ ਅਤੇ ਪੂਰੀ ਤਰ੍ਹਾਂ ਸੁਰੱਖਿਅਤ ਕੀਤਾ ਜਾਵੇ। ਸਰਕਾਰ ਵੱਲੋਂ ਇੱਕ ਅਜਿਹੀ ਪੁਖਤਾ ਨੀਤੀ ਬਣਾਈ ਜਾਵੇ ਤਾਂ ਜੋ ਦਫ਼ਤਰੀ ਜਾਂ ਕਲੈਰੀਕਲ ਸਟਾਫ਼ ਦੀ ਕਿਸੇ ਗਲਤੀ ਕਾਰਨ ਨੌਕਰੀ ‘ਚ ਆਏ ਕਿਸੇ ਵੀ ਬੇਕਸੂਰ ਉਮੀਦਵਾਰ ਨੂੰ ਭਵਿੱਖ ‘ਚ ਕੋਈ ਖਮਿਆਜ਼ਾ ਨਾ ਭੁਗਤਣਾ ਪਵੇ।

ਸੜਕ ਤੋਂ ਲੰਘ ਰਹੇ ਆਮ ਰਾਹਗੀਰਾਂ ਅਤੇ ਸਥਾਨਕ ਲੋਕਾਂ ਨੇ ਵੀ ਪ੍ਰਦਰਸ਼ਨਕਾਰੀ ਅਧਿਆਪਕਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਆਮ ਲੋਕਾਂ ਦਾ ਕਹਿਣਾ ਸੀ ਕਿ ਇੱਕ ਪਾਸੇ ਸਰਕਾਰ ਅਧਿਆਪਕ ਦਿਵਸ ‘ਤੇ ਰਾਜ ਪੁਰਸਕਾਰ ਵੰਡ ਕੇ ਵੱਡੇ-ਵੱਡੇ ਅਡੰਬਰ ਰਚ ਰਹੀ ਹੈ, ਜਦਕਿ ਦੂਜੇ ਪਾਸੇ ਪਰਦੇ ਪਿੱਛੇ ਦੀ ਕੜਵੀ ਸੱਚਾਈ ਇਹ ਹੈ ਕਿ ਆਪਣੇ ਹੱਕਾਂ ਲਈ ਅਧਿਆਪਕ ਧੁੱਪੇ ਫੁੱਟਪਾਥਾਂ ‘ਤੇ ਰੁਲ ਰਹੇ ਹਨ। ਲੋਕਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਅਡੰਬਰ ਛੱਡ ਕੇ ਪਹਿਲ ਦੇ ਆਧਾਰ ‘ਤੇ ਇਨ੍ਹਾਂ ਯੋਗ ਅਤੇ ਬੇਕਸੂਰ ਅਧਿਆਪਕਾਂ ਦਾ ਮਸਲਾ ਹੱਲ ਕਰਨਾ ਚਾਹੀਦਾ ਹੈ। ਇਸ ਮੌਕੇ 4161 ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਆਗੂ ਸੰਦੀਪ ਸਿੰਘ ਗਿੱਲ ਅਤੇ ਡੈਮੋਕਰੇਟਿਕ ਟੀਚਰ ਫਰੰਟ ਵੱਲੋਂ ਸੁਖਪ੍ਰੀਤ ਸਿੰਘ ਨੇ ਵੀ ਸ਼ਮੂਲੀਅਤ ਕੀਤੀ ਇਸ ਤੋਂ ਬਿਨ੍ਹਾਂ ਬਲਜਿੰਦਰ ਸਿੰਘ, ਮੈਡਮ ਗਜ਼ਲ ਪ੍ਰੀਤ ਕੌਰ, ਮੈਡਮ ਨਰਿੰਦਰ ਕੌਰ, ਮਨਪ੍ਰੀਤ ਕੌਰ, ਹਰਪਾਲ ਸਿੰਘ, ਬਲਵਿੰਦਰ ਸਿੰਘ, ਸਤਪਾਲ ਸਿੰਘ, ਗੁਰਦੀਪ ਸਿੰਘ, ਲਵਪ੍ਰੀਤ ਸਿੰਘ, ਸੰਗੀਤਾ ਰਾਣੀ, ਸ਼ਿੰਗਾਰਾ ਸਿੰਘ ਵੀ ਸ਼ਾਮਿਲ ਰਹੇ।

 

Leave a Comment