ਵੱਡੀ ਖ਼ਬਰ: ਪੰਜਾਬੀ ਗਾਇਕ ਐਮੀ ਵਿਰਕ ਦੀ ਕਾਰ ’ਤੇ ਅੰਨ੍ਹੇਵਾਹ ਫਾਇਰਿੰਗ!
ਕੈਨੇਡਾ ਦੇ ਐਬਸਫੋਰਡ ’ਚ ਐਮੀ ਵਿਰਕ ਦੀ ਕਾਰ ’ਤੇ ਗੋਲੀਆਂ, ਚਾਰ ਸਵਾਰ ਵਾਲ-ਵਾਲ ਬਚੇ
ਐਬਸਫੋਰਡ (ਕੈਨੇਡਾ)
ਕੈਨੇਡਾ ਦੇ ਸ਼ਹਿਰ ਐਬਸਫੋਰਡ ਵਿੱਚ ਪੰਜਾਬੀ ਫ਼ਿਲਮ ਜਗਤ ਦੇ ਨਾਮਵਰ ਕਲਾਕਾਰ ਅਤੇ ਗਾਇਕ ਐਮੀ ਵਿਰਕ ਦੀ ਕਾਰ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਦੌਰਾਨ ਕਾਰ ਵਿੱਚ ਸਵਾਰ ਐਮੀ ਵਿਰਕ ਸਮੇਤ ਚਾਰ ਵਿਅਕਤੀ ਵਾਲ-ਵਾਲ ਬਚ ਗਏ। ਗੋਲੀਆਂ ਕਾਰ ਦੇ ਸ਼ੀਸ਼ਿਆਂ ਨਾਲ ਟਕਰਾਈਆਂ, ਜਿਨ੍ਹਾਂ ’ਤੇ ਨਿਸ਼ਾਨ ਸਪੱਸ਼ਟ ਦਿਖਾਈ ਦੇ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਐਮੀ ਵਿਰਕ ਐਬਸਫੋਰਡ ਵਿੱਚ ਆਪਣਾ ਪ੍ਰੋਗਰਾਮ ਪੇਸ਼ ਕਰਨ ਤੋਂ ਬਾਅਦ ਆਪਣੇ ਸਾਥੀਆਂ ਨਾਲ ਕਾਰ ਰਾਹੀਂ ਜਾ ਰਹੇ ਸਨ। ਇਸੇ ਦੌਰਾਨ ਅਣਪਛਾਤੇ ਵਿਅਕਤੀਆਂ ਵੱਲੋਂ ਉਨ੍ਹਾਂ ਦੀ ਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਗੋਲੀਆਂ ਚਲਾਈਆਂ ਗਈਆਂ। ਹਾਲਾਂਕਿ ਕਾਰ ਦੇ ਮਜ਼ਬੂਤ ਸੁਰੱਖਿਆ ਪ੍ਰਬੰਧਾਂ ਕਾਰਨ ਗੋਲੀਆਂ ਅੰਦਰ ਨਹੀਂ ਵੜ ਸਕੀਆਂ ਅਤੇ ਸਾਰੇ ਸਵਾਰ ਸੁਰੱਖਿਅਤ ਰਹੇ।
ਐਬਸਫੋਰਡ ਪੁਲੀਸ ਨੇ ਗੋਲੀਬਾਰੀ ਦੀ ਘਟਨਾ ਦੀ ਪੁਸ਼ਟੀ ਕੀਤੀ ਹੈ। ਪੁਲੀਸ ਵੱਲੋਂ ਇਹ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਕਿ ਹਮਲਾਵਰਾਂ ਦਾ ਨਿਸ਼ਾਨਾ ਕੌਣ ਸੀ ਅਤੇ ਇਸ ਘਟਨਾ ਪਿੱਛੇ ਕੀ ਕਾਰਨ ਹੋ ਸਕਦਾ ਹੈ। ਪੁਲੀਸ ਨੇ ਨਿੱਜਤਾ ਦਾ ਹਵਾਲਾ ਦਿੰਦਿਆਂ ਕਾਰ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਜਨਤਕ ਕਰਨ ਤੋਂ ਇਨਕਾਰ ਕੀਤਾ ਹੈ।
ਸੂਤਰਾਂ ਮੁਤਾਬਕ ਐਮੀ ਵਿਰਕ ਦੇ ਸਾਥੀਆਂ ਵਿੱਚੋਂ ਇੱਕ ਵਿਅਕਤੀ ’ਤੇ ਇਸ ਤੋਂ ਪਹਿਲਾਂ ਵੀ ਗੋਲੀਬਾਰੀ ਹੋ ਚੁੱਕੀ ਹੈ। ਉਸ ਘਟਨਾ ਵਿੱਚ ਵੀ ਉਹ ਵਿਅਕਤੀ ਬਚ ਗਿਆ ਸੀ। ਪੁਲੀਸ ਹੁਣ ਦੋਵਾਂ ਘਟਨਾਵਾਂ ਵਿਚਕਾਰ ਕਿਸੇ ਸੰਭਾਵਿਤ ਸਬੰਧ ਦੀ ਵੀ ਜਾਂਚ ਕਰ ਰਹੀ ਹੈ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਹੈ। ਪੁਲੀਸ ਵੱਲੋਂ ਹਮਲਾਵਰਾਂ ਦੀ ਪਛਾਣ ਅਤੇ ਗੋਲੀਬਾਰੀ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਜਾਰੀ ਹੈ।















