Join WhatsApp

Join Now

ਵਿੱਤ ਮੰਤਰੀ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਨਸ਼ਿਆਂ ਬਾਰੇ ਸਵਾਲ ਪੁੱਛਣ ਵਾਲੇ ਵਿਅਕਤੀ ਨੇ ਕੀਤੀ ਖੁਦਕੁਸ਼ੀ; ਪੁਲਿਸ ਨੇ 5 ਲੋਕਾਂ ਵਿਰੁੱਧ ਦਰਜ ਕੀਤਾ ਮਾਮਲਾ

On: ਸਤੰਬਰ 8, 2026 7:50 ਬਾਃ ਦੁਃ

 

ਵਿੱਤ ਮੰਤਰੀ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਨਸ਼ਿਆਂ ਬਾਰੇ ਸਵਾਲ ਪੁੱਛਣ ਵਾਲੇ ਵਿਅਕਤੀ ਨੇ ਕੀਤੀ ਖੁਦਕੁਸ਼ੀ; ਪੁਲਿਸ ਨੇ 5 ਲੋਕਾਂ ਵਿਰੁੱਧ ਦਰਜ ਕੀਤਾ ਮਾਮਲਾ

ਜ਼ਹਿਰੀਲੀ ਚੀਜ਼ ਨਿਗਲਣ ਤੋਂ ਪਹਿਲਾਂ ਵੀਡੀਓ ਬਣਾਉਣ ਦਾ ਦਾਅਵਾ; ਪੁਲਿਸ ਨੇ BNS ਅਤੇ SC/ST ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤਾ ਮਾਮਲਾ

ਸੰਗਰੂਰ, 8 ਸਤੰਬਰ 2026: ਵਿੱਤ ਮੰਤਰੀ ਹਰਪਾਲ ਚੀਮਾ ਤੋਂ ਨਸ਼ੇ ਦੀ ਰੋਕਥਾਮ ਲਈ ਸਵਾਲ ਪੁੱਛਣ ਵਾਲੇ ਦਿਹਾੜੀ ਮਜ਼ਦੂਰ ਗੁਲਜ਼ਾਰ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਹੁਣ ਸੰਗਰੂਰ ਜ਼ਿਲ੍ਹੇ ਦੇ ਥਾਣਾ ਦਿੜ੍ਹਬਾ ਵਿੱਚ ਪੁਲਿਸ ਨੇ 5 ਲੋਕਾਂ (ਬਲਜੀਤ ਸਿੰਘ ਉਰਫ਼ ਰਾਜ ਪੁੱਤਰ ਜੋਗਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ ਕਡੰਕਟਰ ਪੁੱਤਰ ਮੁਕੰਦ ਸਿੰਘ, ਵਿੱਕੀ ਸਿੰਘ ਪੁੱਤਰ ਸੂਬਾ ਸਿੰਘ, ਗੋਨਾ ਸਿੰਘ ਪੁੱਤਰ ਬਾਬੂ ਸਿੰਘ ਅਤੇ ਬਲਜਿੰਦਰ ਕੌਰ ਪਤਨੀ ਬਲਜੀਤ ਸਿੰਘ ਉਰਫ਼ ਰਾਜ ਵਾਸੀਅਨ ਪਿੰਡ ਤੂਰ ਬਣਜਾਰਾ) ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (BNS), 2023 ਦੀ ਧਾਰਾ 108 ਦੇ ਨਾਲ-ਨਾਲ SC/ST (Prevention of Atrocities) Act ਦੀਆਂ ਧਾਰਾਵਾਂ 3(1)(r) ਅਤੇ 3(1)(s) ਤਹਿਤ FIR ਦਰਜ ਕੀਤੀ ਹੈ। ਹਾਲਾਂਕਿ ਬੀਬੀਸੀ ਦੀ ਰਿਪੋਰਟ ਮੁਤਾਬਿਕ, ਇਸ ਮਾਮਲੇ ਵਿੱਚ ਕਾਰਵਾਈ ਕਰਦਿਆਂ ਹੋਇਆ ਮਹਿਲਾ ਸਰਪੰਚ ਦੇ ਪਤੀ ਬਲਜੀਤ ਸਿੰਘ ਉਕਤ ਰਾਜ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲਖਵਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ, 6 ਸਤੰਬਰ 2026 ਨੂੰ ਸਾਡੇ ਪਿੰਡ ਦੀ ਪੰਚਾਇਤ ਵੱਲੋਂ ਸੜਕਾਂ ਅਤੇ ਹੋਰ ਵਿਕਾਸ ਕਾਰਜਾਂ ਦਾ ਕੰਮ ਕਰਵਾਇਆ ਸੀ, ਜਿਸ ਸਬੰਧੀ ਨੀਂਹ ਪੱਥਰ ਰੱਖਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੂੰ ਬੁਲਾਇਆ ਗਿਆ ਸੀ। ਜਿੱਥੇ ਮੇਰੇ ਪਿਤਾ (ਗੁਲਜਾਰ ਸਿੰਘ) ਨੇ ਨਸ਼ੇ ਸਬੰਧੀ ਸਵਾਲ ਕੀਤਾ ਸੀ, ਫਿਰ ਉਸ ਤੋਂ ਬਾਅਦ ਸ਼ਾਮ ਨੂੰ ਗੁਲਜਾਰ ਸਿੰਘ ਵੱਲੋਂ ਕੀਤੇ ਗਏ ਸਵਾਲ ਸਬੰਧੀ ਪੁਲਿਸ ਸਾਡੇ ਘਰ ਆਈ ਅਤੇ ਗੁਲਜਾਰ ਸਿੰਘ ਵੱਲੋਂ ਨਸ਼ੇ ਸਬੰਧੀ ਪੁੱਛਗਿੱਛ ਕੀਤੀ ਸੀ। ਜਿਸਨੂੰ ਪੰਚਾਇਤ ਨੇ ਆਪਣੀ ਹੇਠੀ ਸਮਝਿਆ। ਜਿਸ ਤੋਂ ਬਾਅਦ ਪਿੰਡ ਦੇ ਵਸਨੀਕ ਬਲਜੀਤ ਸਿੰਘ, ਸੁੱਖਾ ਕਡੰਕਟਰ, ਵਿੱਕੀ, ਗੋਨਾ ਅਤੇ ਬਲਜਿੰਦਰ ਕੌਰ ਵੱਲੋਂ ਗੁਲਜਾਰ ਸਿੰਘ ਨੂੰ ਕਾਫੀ ਜਲੀਲ ਕੀਤਾ ਗਿਆ ਅਤੇ ਕਾਫੀ ਡਰਾਇਆ ਧਮਕਾਇਆ ਗਿਆ। ਜਾਤੀ ਸਬੰਧੀ ਅਪਸ਼ਬਦ ਵੀ ਬੋਲੇ ਗਏ ਅਤੇ ਕਾਫ਼ੀ ਬੇਇਜਤੀ ਕੀਤੀ ਗਈ।

ਲਖਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ, ਉਸ ਦੇ ਪਿਤਾ ਗੁਲਜਾਰ ਸਿੰਘ ਨੂੰ 7 ਸਤੰਬਰ ਨੂੰ ਬਲਜੀਤ ਸਿੰਘ ਉਰਫ਼ ਰਾਜ ਨੇ ਆਪਣੇ ਘਰ ਪੰਚਾਇਤ ਦੀ ਹਾਜ਼ਰੀ ਵਿੱਚ ਮੁਆਫ਼ੀ ਮੰਗਣ ਲਈ ਬੁਲਾਇਆ, ਜਿਸ ਦੀ ਨਾਮੋਸ਼ੀ ਕਾਰਨ ਅਤੇ ਆਪਣੀ ਬੇਇਜਤੀ ਨੂੰ ਨਾ ਸਹਾਰਦੇ ਹੋਏ ਗੁਲਜਾਰ ਸਿੰਘ ਨੇ ਕੋਈ ਜ਼ਹਿਰੀਲੀ ਚੀਜ ਖਾ ਪੀ ਲਈ ਸੀ। ਹਾਲਾਂਕਿ ਉਕਤ ਸਭ ਦੀ ਗੱਲ ਮੇਰੇ ਪਿਤਾ (ਗੁਲਜਾਰ ਸਿੰਘ) ਨੇ ਮੈਨੂੰ ਦੁਪਹਿਰ ਕਰੀਬ 12 ਵਜੇ ਦੱਸੀ, ਜਿਸ ਤੋਂ ਬਾਅਦ ਅਸੀਂ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਸੰਗਰੂਰ ਲੈ ਗਏ, ਪਰ ਹਾਲਤ ਗੰਭੀਰ ਵੇਖਦਿਆਂ ਹੋਇਆ ਡਾਕਟਰਾਂ ਨੇ ਉਨ੍ਹਾਂ ਨੂੰ ਰਾਜਿਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ, ਜਿੱਥੇ ਆਈਸੀਯੂ ਵਿੱਚ ਬੈੱਡ ਨਾ ਮਿਲਣ ਕਾਰਨ ਗੁਲਜਾਰ ਸਿੰਘ ਨੂੰ ਫਿਰ ਹਸਪਤਾਲ ਸੰਗਰੂਰ ਲੈ ਆਏ, ਜਿੱਥੇ ਡਾਕਟਰਾਂ ਨੇ ਕੁੱਝ ਸਮਾਂ ਇਲਾਜ ਕਰਨ ਤੋਂ ਬਾਅਦ ਮੇਰੇ ਪਿਤਾ ਨੂੰ ਡੀਐਮਸੀ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ, ਜਿੱਥੇ ਦੌਰਾਨੇ ਇਲਾਜ ਗੁਲਜਾਰ ਸਿੰਘ (ਮੇਰਾ ਪਿਤਾ) ਦਮ ਤੋੜ ਗਿਆ।

ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਲਖਵਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਦੱਸਿਆ ਕਿ, ਉਸ ਦੇ ਪਿਤਾ ਗੁਲਜ਼ਾਰ ਸਿੰਘ ਨੇ ਕਥਿਤ ਤੌਰ ’ਤੇ ਕੁਝ ਵਿਅਕਤੀਆਂ ਵੱਲੋਂ ਕੀਤੀ ਜਾ ਰਹੀ ਪ੍ਰੇਸ਼ਾਨੀ ਅਤੇ ਦਬਾਅ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਕਾਰਨ ਉਸਦੀ ਮੌਤ ਹੋ ਗਈ। ਸ਼ਿਕਾਇਤਕਰਤਾ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਘਟਨਾ ਤੋਂ ਪਹਿਲਾਂ ਆਪਣੇ ਮੋਬਾਈਲ ਫੋਨ ’ਤੇ ਇੱਕ ਵੀਡੀਓ ਬਣਾਈ ਗਈ ਸੀ। ਬਿਆਨ ਮੁਤਾਬਕ ਇਸ ਵੀਡੀਓ ਨੂੰ ਪੁਲਿਸ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਗਈ।

ਦੂਜੇ ਪਾਸੇ ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਗੁਲਜਾਰ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਬਲਜੀਤ ਸਿੰਘ ਉਰਫ਼ ਰਾਜ ਪੁੱਤਰ ਜੋਗਿੰਦਰ ਸਿੰਘ, ਸੁਖਦੇਵ ਸਿੰਘ ਸੁੱਖਾ ਕਡੰਕਟਰ ਪੁੱਤਰ ਮੁਕੰਦ ਸਿੰਘ, ਵਿੱਕੀ ਸਿੰਘ ਪੁੱਤਰ ਸੂਬਾ ਸਿੰਘ, ਗੋਨਾ ਸਿੰਘ ਪੁੱਤਰ ਬਾਬੂ ਸਿੰਘ ਅਤੇ ਬਲਜਿੰਦਰ ਕੌਰ ਪਤਨੀ ਬਲਜੀਤ ਸਿੰਘ ਉਰਫ਼ ਰਾਜ ਵਾਸੀਅਨ ਤੂਰਬਣਜਾਰਾ (ਦ੍ਰਿੜਬਾ, ਸੰਗਰੂਰ) ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

 

Leave a Comment